ਲੁਧਿਆਣਾ ਵਾਸੀਆਂ ਨੂੰ ਨਵੇਂ ਵਰ੍ਹੇ ਦੀ ਸੌਗਾਤ, ਨਗਰ ਨਿਗਮ ਲਈ 19 ਕਰੋੜ ਰੁਪਏ ਦੀ ਲਾਗਤ ਵਾਲੀ ਮਸ਼ੀਨਰੀ ਨੂੰ ਹਰੀ ਝੰਡੀ ਦਿਖਾਈ

ਲੁਧਿਆਣਾ ਨੂੰ ਸਾਫ-ਸੁਥਰਾ, ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਵੱਡਾ ਉਪਰਾਲਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਨਗਰ ਨਿਗਮ, ਲੁਧਿਆਣਾ ਲਈ 19 ਕਰੋੜ ਰੁਪਏ ਦੀ ਲਾਗਤ ਵਾਲੀ ਮਸ਼ੀਨਰੀ ਨੂੰ ਹਰੀ ਝੰਡੀ ਵਿਖਾਈ।
ਇਸ ਮੌਕੇ ਮੁੱਖ ਮੰਤਰੀ ਨੇ ਅੱਜ ਦੇ ਦਿਨ ਨੂੰ ਲੁਧਿਆਣਾ ਸ਼ਹਿਰ ਲਈ ਇਤਿਹਾਸਕ ਦਿਨ ਕਰਾਰ ਦਿੱਤਾ ਕਿਉਂਕਿ ਇਹ ਮਸ਼ੀਨਰੀ ਲੁਧਿਆਣਾ ਸ਼ਹਿਰ ਦੀ ਸਫਾਈ ਨੂੰ ਯਕੀਨੀ ਬਣਾਉਣ ਵਿੱਚ ਸਹਾਈ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਸ਼ਹਿਰ ਨੂੰ ਸਾਫ-ਸੁਥਰਾ, ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਇਆ ਜਾਵੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਸ਼ਹਿਰ ਦਾ ਮੁਹਾਂਦਰਾ ਸੰਵਾਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ 4.75 ਕਰੋੜ ਰੁਪਏ ਦੀ ਲਾਗਤ ਨਾਲ ਅੱਠ ਜੈਟਿੰਗ ਮਸ਼ੀਨਾਂ, 0.6 ਕਰੋੜ ਦੀ ਲਾਗਤ ਨਾਲ ਇਕ ਪੋਕਲੇਨ ਮਸ਼ੀਨ, 4 ਕਰੋੜ ਰੁਪਏ ਦੀ ਲਾਗਤ ਨਾਲ ਦੋ ਇਨਫਰਾ ਰੈੱਡ ਹੋਲ ਰਿਪੇਅਰ ਮਸ਼ੀਨਾਂ,  9 ਕਰੋੜ ਰੁਪਏ ਦੀ ਲਾਗਤ ਵਿਸ਼ੇਸ਼ ਪੌੜੀ ਵਾਲੀ ਇਕ ਫਾਇਰ ਬਿਗ੍ਰੇਡ ਤੇ ਹੋਰ ਮਸ਼ੀਨਾਂ ਨੂੰ ਹਰੀ ਝੰਡੀ ਵਿਖਾਈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਸ਼ੀਨਾਂ ਨਾਲ ਨਗਰ ਨਿਗਮ ਦਾ ਕੰਮਕਾਜ ਹੋਰ ਸੁਚਾਰੂ ਹੋਵੇਗਾ ਜਿਸ ਨਾਲ ਸਨਅਤੀ ਸ਼ਹਿਰ ਨੂੰ ਨਵੀਂ ਦਿੱਖ ਮਿਲੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਕੋਲ ਸ਼ਹਿਰ ਦੇ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ ਅਤੇ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਸ਼ਹਿਰ ਦੇ ਬੁਨਿਆਦੀ ਢਾਂਚੇ ਲਈ ਨਗਰ ਨਿਗਮ ਨੂੰ ਹੋਰ ਫੰਡਾਂ ਦੀ ਲੋੜ ਪਈ ਤਾਂ ਸੂਬਾ ਸਰਕਾਰ ਪਹਿਲ ਦੇ ਆਧਾਰ ਉਤੇ ਫੰਡ ਦੇਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸ਼ਹਿਰ ਦੇ ਲੋਕਾਂ ਨੂੰ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੁਧਿਆਣਾ ਵਾਸੀਆਂ ਲਈ ਇਹ ਪ੍ਰਾਜੈਕਟ ਨਵੇਂ ਸਾਲ ਦਾ ਤੋਹਫਾ ਹੈ ਅਤੇ ਆਉਂਦੇ ਦਿਨਾਂ ਵਿੱਚ ਸਮੁੱਚੇ ਪੰਜਾਬ ਨੂੰ ਅਜਿਹੀਆਂ ਹੋਰ ਸੌਗਾਤਾਂ ਦਿੱਤੀਆਂ ਜਾਣਗੀਆਂ।

Leave a Reply

Your email address will not be published.


*