ਰਾਜ ਸੂਚਨਾ ਕਮਿਸ਼ਨਰ ਨੇ ਡਿਪਟੀ ਕਮਿਸ਼ਨਰ ਦੇ ਨਾਲ ਅਧਿਆਪਕ ਦਿਵਸ ਮੌਕੇ ਸਕੂਲ ਆਫ਼ ਐਮੀਨੈਂਸ ਕਿਦਵਈ ਨਗਰ ਨੂੰ ਵਿਸ਼ੇਸ਼ ਕਲਾ ਪੋਰਟਰੇਟ ਅਤੇ ‘ਪੰਜਾਬ ਦੇ ਕਣਕ ਦੇ ਖੇਤ’ ਕਿਤਾਬ ਭੇਟ ਕੀਤੀ
ਲੁਧਿਆਣਾ,
( ਵਿਜੇ ਭਾਂਬਰੀ)–
ਅਧਿਆਪਕ ਦਿਵਸ-2026 ਦੇ ਮੌਕੇ ’ਤੇ ਅਧਿਆਪਕ ਭਾਈਚਾਰੇ ਦੇ ਅਨਮੋਲ ਯੋਗਦਾਨ ਨੂੰ ਸਮਰਪਿਤ ਇੱਕ ਵਿਸ਼ੇਸ਼ ਕਲਾ ਪੋਰਟਰੇਟ ਅਤੇ ਕਿਤਾਬਚੇ ਦਾ ਉਦਘਾਟਨ ਸਕੂਲ ਆਫ਼ ਐਮੀਨੈਂਸ, ਕਿਦਵਈ ਨਗਰ, ਲੁਧਿਆਣਾ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਹਿਮਾਂਸ਼ੂ ਜੈਨ, ਆਈ.ਏ.ਐਸ. ਅਤੇ ਪੰਜਾਬ ਦੇ ਰਾਜ ਸੂਚਨਾ ਕਮਿਸ਼ਨਰ ਸ੍ਰੀ ਹਰਪ੍ਰੀਤ ਸੰਧੂ ਵੱਲੋਂ ਕੀਤਾ ਗਿਆ। ਇਹ ਕਲਾਤਮਕ ਰਚਨਾ ਅਧਿਆਪਕਾਂ ਦੀ ਨਿਰਸਵਾਰਥ ਸੇਵਾ, ਸਮਰਪਣ ਅਤੇ ਗਿਆਨ ਦੀ ਰੌਸ਼ਨੀ ਫੈਲਾਉਣ ਵਾਲੀ ਭੂਮਿਕਾ ਨੂੰ ਦਰਸਾਉਂਦੀ ਹੈ। ਇਸ ਮੌਕੇ “ਇੱਕ ਅਧਿਆਪਕ ਇੱਕ ਮੋਮਬੱਤੀ ਵਾਂਗ ਹੁੰਦਾ ਹੈ, ਜੋ ਦੂਜਿਆਂ ਲਈ ਰਾਹ ਰੌਸ਼ਨ ਕਰਨ ਲਈ ਆਪਣੇ ਆਪ ਨੂੰ ਖਪਾ ਦਿੰਦਾ ਹੈ” ਦਾ ਸੰਦੇਸ਼ ਵਿਸ਼ੇਸ਼ ਤੌਰ ’ਤੇ ਉਜਾਗਰ ਕੀਤਾ ਗਿਆ।
ਇਸ ਮੌਕੇ ਸ੍ਰੀ ਹਰਪ੍ਰੀਤ ਸੰਧੂ ਵੱਲੋਂ ਉਨ੍ਹਾਂ ਦੀ ਲਿਖੀ ਕਿਤਾਬ “ਪੰਜਾਬ ਦੇ ਕਣਕ ਦੇ ਖੇਤ” ਦੀਆਂ ਕਾਪੀਆਂ ਸਕੂਲ ਲਾਇਬ੍ਰੇਰੀ ਲਈ ਸਕੂਲ ਆਫ਼ ਐਮੀਨੈਂਸ, ਕਿਦਵਈ ਨਗਰ ਦੀ ਪ੍ਰਿੰਸੀਪਲ ਸ੍ਰੀਮਤੀ ਰਾਜਿੰਦਰ ਕੌਰ ਨੂੰ ਭੇਟ ਕੀਤੀਆਂ ਗਈਆਂ। ਇਸ ਉਪਰਾਲੇ ਦਾ ਉਦੇਸ਼ ਵਿਦਿਆਰਥੀਆਂ ਵਿੱਚ ਪੜ੍ਹਨ ਦੀ ਰੁਚੀ, ਸਾਹਿਤਕ ਚੇਤਨਾ ਅਤੇ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਪ੍ਰਤੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ ਹੈ।
ਸ੍ਰੀ ਹਰਪ੍ਰੀਤ ਸੰਧੂ ਨੇ ਅਧਿਆਪਕਾਂ ਦੀ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ, ਨੈਤਿਕ ਕਦਰਾਂ-ਕੀਮਤਾਂ, ਅਨੁਸ਼ਾਸਨ ਅਤੇ ਜ਼ਿੰਮੇਵਾਰ ਨਾਗਰਿਕਤਾ ਦੇ ਵਿਕਾਸ ਵਿੱਚ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਧਿਆਪਕ ਸਿਰਫ਼ ਗਿਆਨ ਦੇਣ ਵਾਲੇ ਨਹੀਂ, ਸਗੋਂ ਸਮਾਜ ਅਤੇ ਰਾਸ਼ਟਰ ਨਿਰਮਾਣ ਦੇ ਅਹਿਮ ਮਾਰਗਦਰਸ਼ਕ ਹਨ।
ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਜੈਨ ਨੇ ਇਸ ਸਾਹਿਤਕ ਅਤੇ ਕਲਾਤਮਕ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਧਿਆਪਕਾਂ ਦਾ ਸਨਮਾਨ ਕਰਨਾ ਅਸਲ ਵਿੱਚ ਗਿਆਨ, ਸਿੱਖਿਆ ਅਤੇ ਭਵਿੱਖ ਦੀਆਂ ਪੀੜ੍ਹੀਆਂ ਨੂੰ ਸਨਮਾਨਿਤ ਕਰਨਾ ਹੈ।