September 5, 2026

Justice News

ਅਵਾਮ ਦੀ ਆਵਾਜ਼

ਸਿਆਸੀ ਘਮਾਸਾਨ ਅਤੇ ਜਨਤਾ ਦੇ ਆਕਰੋਸ਼ ਅੱਗੇ ਝੁਕੀ ਆਪ ਸਰਕਾਰ: ਪਿੰਡ ਸ਼ੇਰੋਂ ਤਸ਼ੱਦਦ ਕਾਂਡ ‘ਚ ਡੀਐਸਪੀ ਸਮੇਤ 4 ਪੁਲਿਸ ਵਾਲਿਆਂ ‘ਤੇ ਡਿੱਗੀ ਗਾਜ!

ਚੰਡੀਗੜ੍ਹ/ਅੰਮ੍ਰਿਤਸਰ
( ਜਸਟਿਸ ਨਿਊਜ਼  )
 ਜ਼ਿਲ੍ਹਾ ਸੰਗਰੂਰ ਦੇ ਪਿੰਡ ਸ਼ੇਰੋਂ ਦੇ ਨਿਵਾਸੀ ਮੋਹਨਜੀਤ ਸਿੰਘ ਨਾਲ ਪੁਲਿਸ ਵੱਲੋਂ ਕੀਤੀ ਗਈ ਬੇਰਹਿਮ ਕੁੱਟਮਾਰ ਦੇ ਚਰਚਿਤ ਮਾਮਲੇ ‘ਚ ਆਖਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਪਿਛਾਂਹ ਹਟਣਾ ਪਿਆ ਹੈ। ਵਿਰੋਧੀ ਸਿਆਸੀ ਪਾਰਟੀਆਂ ਦੇ ਤਿੱਖੇ ਹਮਲਿਆਂ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸਮੇਤ ਹੋਰਨਾਂ ਆਗੂਆਂ ਦੇ ਵਿਰੋਧ ਅਤੇ ਆਮ ਲੋਕਾਂ ਦੇ ਭਾਰੀ ਦਬਾਅ ਅੱਗੇ ਗੋਡੇ ਟੇਕਦਿਆਂ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕਰਦਿਆਂ ਡੀ.ਐੱਸ.ਪੀ. ਸਮੇਤ 4 ਉੱਚ ਪੁਲਿਸ ਅਧਿਕਾਰੀਆਂ ‘ਤੇ ਸ਼ਿਕੰਜਾ ਕੱਸ ਦਿੱਤਾ ਹੈ।
ਪੁਲਿਸ ਦੀ ਧੱਕੇਸ਼ਾਹੀ ‘ਤੇ ਚੱਲਿਆ ਜਨਤਾ ਦਾ ਡੰਡਾ: ਜਾਣੋ ਕੌਣ-ਕੌਣ ਨਪਿਆ ਗਿਆ
ਸੰਗਰੂਰ ਪੁਲਿਸ ਵੱਲੋਂ ਨਸ਼ੇ ਦੇ ਮੁੱਦੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪਿੰਡ ਸੇ਼ੇਰੋਂ ਵਿੱਚ ਕਾਲਾ ਝੰਡਾ ਦਿਖਾਉਣ ਤੇ ਇੱਕ ਨਿਰਦੋਸ਼ ਨੌਜਵਾਨ ਮੋਹਨਜੀਤ ਸਿੰਘ ‘ਤੇ ਢਾਹੇ ਗਏ ਪੁਲਿਆਣਾ ਤਸ਼ੱਦਦ ਤੋਂ ਬਾਅਦ ਉੱਠੇ ਭਾਰੀ ਬਵਾਂਡਰ ਨੂੰ ਦੇਖਦਿਆਂ ਸਰਕਾਰ ਨੇ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਲਈ ਇਹ ਕਾਰਵਾਈ ਕੀਤੀ ਹੈ।
 
ਡੀਐਸਪੀ ਹਰਵਿੰਦਰ ਸਿੰਘ ‘ਤੇ ਗਾਜ: ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਡੀ.ਐੱਸ.ਪੀ. ਹਰਵਿੰਦਰ ਸਿੰਘ ਦਾ ਤੁਰੰਤ ਪ੍ਰਭਾਵ ਨਾਲ ਤਬਾਦਲਾ ਕਰ ਦਿੱਤਾ ਗਿਆ ਹੈ।
 
3 ਪੁਲਿਸ ਅਧਿਕਾਰੀ ਲਾਈਨ ਹਾਜ਼ਰ: ਘਟਨਾ ਵਿੱਚ ਸ਼ਾਮਲ ਇੰਸਪੈਕਟਰ ਪਰਤੀਕ ਜਿੰਦਲ, ਐੱਸ.ਆਈ. ਬਲਜੀਤ ਸਿੰਘ ਅਤੇ ਏ.ਐੱਸ.ਆਈ. ਹਰਪ੍ਰੀਤ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਕੇ ਪੁਲਿਸ ਲਾਈਨ ਸੰਗਰੂਰ ਭੇਜ ਦਿੱਤਾ ਗਿਆ ਹੈ।
  • ‘ਬਦਲਾਅ’ ਦੀ ਸਰਕਾਰ ‘ਚ ਬੇਲਗਾਮ ਹੋਈ ਖਾਕੀ: ਵਿਰੋਧੀਆਂ ਦੇ ਤਿੱਖੇ ਤੀਰ
ਮੋਹਨਜੀਤ ਸਿੰਘ ‘ਤੇ ਹੋਏ ਅੰਨ੍ਹੇ ਤਸ਼ੱਦਦ ਨੇ ‘ਆਪ’ ਸਰਕਾਰ ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। ਸਿਆਸੀ ਗਲਿਆਰਿਆਂ ‘ਚ ਚਰਚਾ ਹੈ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਲੀਹੋਂ ਲਹਿ ਚੁੱਕੀ ਹੈ ਅਤੇ ਪੁਲਿਸ ਪ੍ਰਸ਼ਾਸਨ ਆਮ ਲੋਕਾਂ ਦੀ ਸੁਰੱਖਿਆ ਕਰਨ ਦੀ ਬਜਾਏ ਉਨ੍ਹਾਂ ‘ਤੇ ਹੀ ਜ਼ੁਲਮ ਢਾਹ ਰਿਹਾ ਹੈ। ਵਿਰੋਧੀ ਧਿਰਾਂ ਦਾ ਦੋਸ਼ ਹੈ ਕਿ ਜੇਕਰ ਸਿਆਸੀ ਪਾਰਟੀਆਂ ਅਤੇ ਪਿੰਡ ਵਾਸੀਆਂ ਵੱਲੋਂ ਮੋਰਚਾ ਨਾ ਖੋਲ੍ਹਿਆ ਜਾਂਦਾ, ਤਾਂ ਸਰਕਾਰ ਨੇ ਇਸ ਮਾਮਲੇ ਨੂੰ ਵੀ ਦੱਬ ਦੇਣਾ ਸੀ।
ਕਾਰਵਾਈ ਸਿਰਫ਼ ਡਰਾਮਾ, ਪੂਰੇ ਇਨਸਾਫ਼ ਤੱਕ ਜਾਰੀ ਰਹੇਗੀ ਲੜਾਈ
ਲੋਕਾਂ ਅਤੇ ਅਕਾਲੀ ਦਲ ਸਮੇਤ ਹੋਰਨਾਂ ਸਿਆਸੀ ਆਗੂਆਂ ਦਾ ਕਹਿਣਾ ਹੈ ਕਿ ਮਹਿਜ਼ ‘ਤਬਾਦਲੇ’ ਅਤੇ ‘ਪੁਲਿਸ ਲਾਈਨ ਭੇਜਣਾ’ ਕੋਈ ਇਨਸਾਫ਼ ਨਹੀਂ ਹੈ। ਇਹ ਸਿਰਫ਼ ਜਨਤਾ ਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਆਪ ਸਰਕਾਰ ਦਾ ਇੱਕ ਖੇਡਿਆ ਗਿਆ ਸਿਆਸੀ ਸਟੰਟ ਹੈ। ਮੰਗ ਕੀਤੀ ਜਾ ਰਹੀ ਹੈ ਕਿ ਦੋਸ਼ੀ ਪੁਲਿਸ ਵਾਲਿਆਂ ਖ਼ਿਲਾਫ਼ ਤੁਰੰਤ ਪਰਚਾ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜਿਆ ਜਾਵੇ।

Leave a Reply

Your email address will not be published. Required fields are marked *

Copyright © All rights reserved. | Newsphere by AF themes.