ਸੰਗਰੂਰ ਘਟਨਾ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਵੱਡਾ ਐਕਸ਼ਨ: ਸਿੱਖ ਨੌਜਵਾਨ ’ਤੇ ਪੁਲਿਸ ਤਸ਼ੱਦਦ ਤੇ ਕਕਾਰਾਂ ਦੀ ਬੇਅਦਬੀ ਮਾਮਲੇ ‘ਚ ਜਥੇਦਾਰ ਗੜਗੱਜ ਦਾ ਅਲਟੀਮੇਟਮ; ਦੋਸ਼ੀ ਅਧਿਕਾਰੀ ਤੁਰੰਤ ਬਰਖਾਸਤ ਕਰਨ ਦੀ ਮੰਗ
ਅੰਮ੍ਰਿਤਸਰ,
(ਰਣਜੀਤ ਸਿੰਘ ਮਸੌਣ)–
ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਵਿਖੇ ਨਸ਼ਿਆਂ ਵਿਰੁੱਧ ਅਵਾਜ਼ ਉਠਾਉਣ ਵਾਲੇ ਸਿੱਖ ਨੌਜਵਾਨ ਸ. ਮੋਹਣਜੀਤ ਸਿੰਘ ਉੱਤੇ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਅਣਮਨੁੱਖੀ ਤਸ਼ੱਦਦ ਅਤੇ ਕਕਾਰਾਂ ਦੀ ਬੇਅਦਬੀ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਅਤਿ ਗੰਭੀਰ ਨੋਟਿਸ ਲਿਆ ਹੈ। ਜਥੇਦਾਰ ਨੇ ਚੇਤਾਵਨੀ ਦਿੰਦਿਆਂ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਬਰਖਾਸਤ ਕਰਨ ਅਤੇ ਉਨ੍ਹਾਂ ਖ਼ਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ।
ਰੋਪੜ ਦੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ‘ਮੀਰੀ ਪੀਰੀ ਖ਼ਾਲਸਾ ਮਾਰਚ’ ਦੀ ਸ਼ੁਰੂਆਤ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਸਿੰਘ ਸਾਹਿਬ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਘੇਰਿਆ।
ਮੁੱਖ ਮੰਤਰੀ ਦੇ ਦੌਰੇ ਦੌਰਾਨ ਕੀਤਾ ਸੀ ਸ਼ਾਂਤਮਈ ਵਿਰੋਧ
ਜਥੇਦਾਰ ਗੜਗੱਜ ਨੇ ਦੱਸਿਆ ਕਿ ਪਿੰਡ ਸ਼ੇਰੋਂ ਦੇ ਨੌਜਵਾਨ ਮੋਹਣਜੀਤ ਸਿੰਘ ਨੇ ਨਸ਼ਿਆਂ ਦੀ ਸਮੱਗਲਿੰਗ ਖ਼ਿਲਾਫ਼ ਅਵਾਜ਼ ਉਠਾਉਂਦਿਆਂ ਮੁੱਖ ਮੰਤਰੀ ਦੇ ਪਿੰਡ ਦੌਰੇ ਸਮੇਂ ਗੁਆਂਢ ਦੀ ਛੱਤ ਤੋਂ ਸ਼ਾਂਤਮਈ ਢੰਗ ਨਾਲ ਕਾਲਾ ਝੰਡਾ ਦਿਖਾਇਆ ਸੀ। ਲੋਕਤੰਤਰ ਵਿੱਚ ਵਿਰੋਧ ਪ੍ਰਗਟਾਉਣਾ ਹਰ ਨਾਗਰਿਕ ਦਾ ਜਮਹੂਰੀ ਹੱਕ ਹੈ, ਪਰ ਸਥਾਨਕ ਡੀ.ਐੱਸ.ਪੀ. ਹਰਵਿੰਦਰ ਸਿੰਘ ਖਹਿਰਾ ਨੇ ਨੌਜਵਾਨ ਦੇ ਗਲ ਵਿੱਚ ਹੀ ਝੰਡਾ ਪਾ ਕੇ ਉਸ ਨੂੰ ਧੂਹਿਆ ਅਤੇ ਬਾਅਦ ਵਿੱਚ ਗੈਰ-ਕਾਨੂੰਨੀ ਢੰਗ ਨਾਲ ਹਿਰਾਸਤ ਵਿੱਚ ਲੈ ਕੇ ਭਾਰੀ ਤਸ਼ੱਦਦ ਕੀਤਾ।
ਝੰਜੋੜ ਦੇਣ ਵਾਲਾ ਪੁਲਿਸ ਜੁਲਮ
ਨੌਜਵਾਨ ਵੱਲੋਂ ਸਾਹਮਣੇ ਲਿਆਂਦੇ ਤੱਥਾਂ ਦਾ ਹਵਾਲਾ ਦਿੰਦਿਆਂ ਜਥੇਦਾਰ ਨੇ ਪੁਲਿਸ ਦੀ ਦਰਿੰਦਗੀ ਦਾ ਪਰਦਾਫਾਸ਼ ਕੀਤਾ:
ਤਾਰਾਂ ਵਾਲਾ ਬੁਰਸ਼ ਤੇ ਲੂਣ: ਪੁਲਿਸ ਨੇ ਨੌਜਵਾਨ ਦੇ ਲੱਕ ’ਤੇ ਤਾਰਾਂ ਵਾਲਾ ਬੁਰਸ਼ ਮਾਰ ਕੇ ਉੱਪਰ ਲੂਣ ਪਾਇਆ।
ਧਾਰਮਿਕ ਬੇਅਦਬੀ: ਸਿਰ ਵਿੱਚ ਜੁੱਤੀਆਂ ਮਾਰੀਆਂ ਗਈਆਂ, ਦਾੜ੍ਹੇ ਤੇ ਕੇਸਾਂ ਦੀ ਘੋਰ ਬੇਅਦਬੀ ਕੀਤੀ ਗਈ ਅਤੇ ਕਛਹਿਰਾ ਲਾਹ ਕੇ ਪਾੜ ਦਿੱਤਾ ਗਿਆ।
ਐੱਸ.ਐੱਸ.ਪੀ. ਸੰਗਰੂਰ ਨਾਲ ਕੀਤੀ ਗੱਲਬਾਤ; ਅਕਾਲ ਤਖ਼ਤ ਸਾਹਿਬ ਡਟ ਕੇ ਖੜ੍ਹੇਗਾ
ਜਥੇਦਾਰ ਗਿਆਨੀ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਜ਼ਿਲ੍ਹਾ ਸੰਗਰੂਰ ਦੇ ਐੱਸ.ਐੱਸ.ਪੀ. ਨਾਲ ਗੱਲਬਾਤ ਕਰਕੇ ਤੁਰੰਤ ਕਾਰਵਾਈ ਦੀ ਹਦਾਇਤ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀ ਡੀ.ਐੱਸ.ਪੀ. ਅਤੇ ਥਾਣਾ ਮੁੱਖੀ ਨੂੰ ਬਰਖਾਸਤ ਕਰਕੇ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦਾ ਮੁਕੱਦਮਾ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕਾਰਵਾਈ ਨਾ ਕੀਤੀ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਪੀੜਤ ਨੌਜਵਾਨ ਦੇ ਨਾਲ ਚੱਟਾਨ ਵਾਂਗ ਖੜ੍ਹੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਅਗਲੇਰਾ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
‘ਜ਼ਕਰੀਆ ਖ਼ਾਨ’ ਦੇ ਰਾਜ ਨਾਲ ਕੀਤੀ ਤੁਲਨਾ
ਮੌਜੂਦਾ ਹਾਲਾਤਾਂ ‘ਤੇ ਚਿੰਤਾ ਪ੍ਰਗਟਾਉਂਦਿਆਂ ਜਥੇਦਾਰ ਨੇ ਕਿਹਾ ਕਿ ਸਰਕਾਰ ‘ਜ਼ਕਰੀਆ ਖ਼ਾਨ’ ਦੇ ਰਾਹ ਤੁਰ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਪੰਜਾਬ ਵਿੱਚ ਨਸ਼ਾ ਸਰਕਾਰ ਦੀ ਨੱਕ ਹੇਠ ਵਿਕ ਰਿਹਾ ਹੈ ਅਤੇ ਜਦੋਂ ਕੋਈ ਨੌਜਵਾਨ ਇਸ ਦਾ ਵਿਰੋਧ ਕਰਦਾ ਹੈ ਤਾਂ ਪੁਲਿਸ ਨੂੰ ਜੁਲਮ ਕਰਨ ਦੀ ਖੁੱਲ੍ਹ ਦੇ ਦਿੱਤੀ ਜਾਂਦੀ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦਾ ਤਿਆਗ ਕਰਕੇ ਸ੍ਰੀ ਅਨੰਦਪੁਰ ਸਾਹਿਬ ਵੱਲ ਘਰ ਵਾਪਸੀ ਕਰਨ, ਕੇਸ ਰੱਖਣ ਅਤੇ ਗੁਰੂ ਦੀ ਸਿੱਖੀ ਨਾਲ ਜੁੜਨ।