ਦਿੱਲੀ ‘ਚ ਪ੍ਰੈੱਸ ਦੀ ਅਜ਼ਾਦੀ ਦਾ ਸ਼ਰੇਆਮ ਕਤਲ: ਮੁੱਖ ਮੰਤਰੀ ਨੂੰ ਤਿੱਖੇ ਸਵਾਲ ਪੁੱਛਣ ‘ਤੇ 2 ਮਹਿਲਾ ਪੱਤਰਕਾਰਾਂ ਨਾਲ ਬਰਬਰਤਾ ਦੀਆਂ ਹੱਦਾਂ ਪਾਰ, ਪੁਲਿਸ ਵੱਲੋਂ ਦੇਰ ਰਾਤ ‘ਗੁੰਡਾਗਰਦੀ’!
ਦੇਸ਼ ਦੀ ਰਾਜਧਾਨੀ ਵਿੱਚ ਲੋਕਤੰਤਰ ਦਾ ਚੌਥਾ ਥੰਮ੍ਹ ਜ਼ਖ਼ਮੀ! ਦਿੱਲੀ ਮੁੱਖ ਮੰਤਰੀ ਨੂੰ ਸਵਾਲ ਪੁੱਛਣ ਦੀ ਮਹਿਲਾ ਪੱਤਰਕਾਰਾਂ ਨੂੰ ਮਿਲੀ ਰੂਹ ਕੰਬਾਊ ਸਜ਼ਾ: ਖਾਕੀ ਦੀ ਆੜ ‘ਚ ਗੁੰਡਾਗਰਦੀ ਅਤੇ ਧਰਮ ਦੇ ਨਾਂ ‘ਤੇ ਬਰਬਰਤਾ ਦਾ ਬੋਲਬਾਲਾ!
ਨਵੀਂ ਦਿੱਲੀ/ਅੰਮ੍ਰਿਤਸਰ
(ਰਣਜੀਤ ਸਿੰਘ ਮਸੌਣ/ ਰਾਘਵ ਅਰੋੜਾ)-
ਦੇਸ਼ ਦੀ ਰਾਜਧਾਨੀ ਵਿੱਚ ਲੋਕਤੰਤਰ ਦੇ ਚੌਥੇ ਥੰਮ੍ਹ ਨੂੰ ਸ਼ਰੇਆਮ ਲਤਾੜਿਆ ਗਿਆ ਹੈ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਸਵਾਲ ਪੁੱਛਣ ਬਦਲੇ ਦੋ ਮਹਿਲਾ ਪੱਤਰਕਾਰਾਂ ਨੂੰ ਜਿਹੜੀ ਰੂਹ ਕੰਬਾਊ ਸਜ਼ਾ ਦਿੱਤੀ ਗਈ ਹੈ, ਉਸ ਨੇ ਖਾਕੀ ਦੀ ਆੜ ‘ਚ ਚੱਲ ਰਹੀ ਗੁੰਡਾਗਰਦੀ ਅਤੇ ਧਰਮ ਦੇ ਨਾਂ ‘ਤੇ ਕੀਤੀ ਜਾਂਦੀ ਵਹਿਸ਼ੀਆਨਾ ਬਰਬਰਤਾ ਦਾ ਨੰਗਾ ਨਾਚ ਜਗ-ਜ਼ਾਹਰ ਕਰ ਦਿੱਤਾ ਹੈ। ਇਸ ਸ਼ਰਮਨਾਕ ਅਤੇ ਵਹਿਸ਼ੀਆਨਾ ਘਟਨਾ ਦੀ ‘ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ (ਰਜਿ.)’ ਵੱਲੋਂ ਕੜੇ ਤੋਂ ਕੜੇ ਸ਼ਬਦਾਂ ਵਿੱਚ ਘੋਰ ਨਿਖੇਧੀ ਕੀਤੀ ਗਈ ਹੈ।
ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਦੋ ਮੁਸਲਿਮ ਮਹਿਲਾ ਪੱਤਰਕਾਰਾਂ ਦਾ ਕਸੂਰ ਸਿਰਫ਼ ਏਨਾ ਸੀ ਕਿ ਉਹ ਆਪਣਾ ਪੱਤਰਕਾਰੀ ਦਾ ਫ਼ਰਜ਼ ਨਿਭਾਉਂਦਿਆਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਤੋਂ ਜਨਤਾ ਦੇ ਹੱਕ-ਸੱਚ ਨਾਲ ਜੁੜੇ ਤਿੱਖੇ ਸਵਾਲ ਪੁੱਛ ਬੈਠੀਆਂ। ਪਰ ਜਿਵੇਂ ਹੀ ਮੁੱਖ ਮੰਤਰੀ ਉੱਥੋਂ ਰਵਾਨਾ ਹੋਈ, ਦਿੱਲੀ ਪੁਲਿਸ ਦੇ ਕੁੱਝ ਮੁਲਾਜ਼ਮਾਂ ਨੇ ਕਾਨੂੰਨ ਸ਼ਰੇਆਮ ਛਿੱਕੇ ਟੰਗ ਕੇ ਇਨ੍ਹਾਂ ਮਹਿਲਾ ਪੱਤਰਕਾਰਾਂ ‘ਤੇ ਅਣਮਨੁੱਖੀ ਢੰਗ ਨਾਲ ਤਸ਼ੱਦਦ ਢਾਹੁਣਾ ਸ਼ੁਰੂ ਕਰ ਦਿੱਤਾ।
ਸੰਵਿਧਾਨ ਅਤੇ ਕਾਨੂੰਨ ਦੀਆਂ ਸ਼ਰੇਆਮ ਉੱਡੀਆਂ ਧੱਜੀਆਂ
ਐਸੋਸੀਏਸ਼ਨ ਦੇ ਚੇਅਰਮੈਨ ਰਮੇਸ਼ ਰਾਮਪੁਰਾ ਜੀ ਨੇ ਬੋਲਦਿਆਂ ਕਿਹਾ ਕਿ ਸਾਡੇ ਦੇਸ਼ ਦਾ ਸੰਵਿਧਾਨ ਅਤੇ ਕਾਨੂੰਨ ਸਾਫ਼ ਆਖਦਾ ਹੈ ਕਿ ਜੇਕਰ ਕਿਸੇ ਔਰਤ ਨੂੰ ਗ੍ਰਿਫ਼ਤਾਰ ਕਰਨਾ ਹੋਵੇ ਜਾਂ ਰਾਤ ਵੇਲੇ ਥਾਣੇ ‘ਚ ਰੱਖਣਾ ਹੋਵੇ, ਤਾਂ ਉੱਥੇ ਮਹਿਲਾ ਪੁਲਿਸ ਮੁਲਾਜ਼ਮ ਦਾ ਹੋਣਾ ਅਤੀ ਜ਼ਰੂਰੀ ਹੈ। ਪਰ ਇਸ ਵਾਰਦਾਤ ਵਿੱਚ ਕਾਨੂੰਨ ਦੀ ਇੱਕ ਵੀ ਪਰਵਾਹ ਨਹੀਂ ਕੀਤੀ ਗਈ। ਦੋਸ਼ ਹਨ ਕਿ ਦਿੱਲੀ ਪੁਲਿਸ ਦੇ ਪੁਰਸ਼ ਕਰਮਚਾਰੀਆਂ ਵੱਲੋਂ ਇਨ੍ਹਾਂ ਦੋਵੇਂ ਮਹਿਲਾ ਪੱਤਰਕਾਰਾਂ ਨੂੰ ਧੂਹ-ਧੂਹ ਕੇ ਬੇਰਹਿਮੀ ਨਾਲ ਕੁੱਟਿਆ-ਮਾਰਿਆ ਗਿਆ ਅਤੇ ਅਤਿ ਦਾ ਵਹਿਸ਼ੀਆਨਾ ਵਰਤਾਓ ਕੀਤਾ ਗਿਆ।
ਅੱਧੀ ਰਾਤ 2:30 ਵਜੇ ਥਾਣੇ ਤੇ ਹਸਪਤਾਲ ਬਾਹਰ ਫੁੱਟਿਆ ਗੁੱਸਾ
ਜਰਨਲ ਸਕੱਤਰ ਜੋਗਾ ਸਿੰਘ ਰਾਜਪੂਤ ਨੇ ਦੱਸਿਆ ਕਿ ਜਿਵੇਂ ਹੀ ਇਸ ਖ਼ੂਨੀ ਵਾਰਦਾਤ ਦੀ ਖ਼ਬਰ ਫੈਲੀ, ਦੇਰ ਰਾਤ ਕਰੀਬ 2:30 ਵਜੇ ਪੀੜਤ ਪਰਿਵਾਰਕ ਮੈਂਬਰ ਅਤੇ ਸਥਾਨਕ ਪੱਤਰਕਾਰ ਭਾਈਚਾਰਾ ਥਾਣੇ ਅਤੇ ਹਸਪਤਾਲ ਦੇ ਬਾਹਰ ਡਟ ਗਏ। ਪੂਰਾ ਇਲਾਕਾ “ਇਨਸਾਫ਼ ਦਿਓ” ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਮੌਕੇ ‘ਤੇ ਪਹੁੰਚੇ ਪੱਤਰਕਾਰਾਂ ਨੇ ਪੁਲਿਸ ਪ੍ਰਸ਼ਾਸਨ ‘ਤੇ ਸਿੱਧੇ ਸਵਾਲ ਦਾਗੇ ਕਿ ਏਨੀ ਵੱਡੀ ਜ਼ੁਲਮ-ਜ਼ਿਆਦਤੀ ਹੋਣ ਦੇ ਬਾਵਜੂਦ ਵੀ ਹੁਣ ਤੱਕ ਦੋਸ਼ੀ ਪੁਲਿਸ ਵਾਲਿਆਂ ‘ਤੇ ਐਫ.ਆਈ.ਆਰ ਦਰਜ ਕਿਉਂ ਨਹੀਂ ਕੀਤੀ ਗਈ?
ਕੈਮਰੇ ਸਾਹਮਣੇ ਧਾਹਾਂ ਮਾਰ ਰੋਈਆਂ ਪੱਤਰਕਾਰ: “ਸੱਚ ਬੋਲਣ ਦੀ ਏਨੀ ਖ਼ੌਫ਼ਨਾਕ ਸਜ਼ਾ?”
ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਮਸੌਣ ਆਖਿਆਂ ਕਿ ਮੌਕੇ ‘ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੀੜਤ ਮਹਿਲਾ ਪੱਤਰਕਾਰ ਧਾਹਾਂ ਮਾਰ-ਮਾਰ ਕੇ ਰੋ ਪਈਆਂ। ਉਨ੍ਹਾਂ ਨੇ ਨਮ ਅੱਖਾਂ ਨਾਲ ਆਪਣਾ ਦਰਦ ਬਿਆਨ ਕਰਦਿਆਂ ਕਿਹਾ, “ਅਸੀਂ ਹਮੇਸ਼ਾ ਨਿਰਪੱਖ ਹੋ ਕੇ ਸੱਚੀ ਪੱਤਰਕਾਰੀ ਕੀਤੀ ਹੈ ਅਤੇ ਜਨਤਾ ਦੀ ਅਵਾਜ਼ ਬਣ ਕੇ ਸਵਾਲ ਪੁੱਛੇ ਹਨ। ਕੀ ਸਾਡਾ ਮੁਸਲਿਮ ਹੋਣਾ ਜਾਂ ਮੁੱਖ ਮੰਤਰੀ ਨੂੰ ਸਵਾਲ ਪੁੱਛਣਾ ਕੋਈ ਗੁਨਾਹ ਹੈ, ਜਿਸ ਦੀ ਸਾਨੂੰ ਇਹ ਖ਼ੂਨੀ ਸਜ਼ਾ ਦਿੱਤੀ ਗਈ?”
ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਵੱਲੋਂ ਦਿੱਲੀ ਮਹਿਲਾ ਕਮਿਸ਼ਨ ਤੋਂ ਮੰਗਿਆ ਜਵਾਬ
ਇਸ ਘਟਨਾ ਤੋਂ ਬਾਅਦ ਪੂਰੇ ਪੰਜਾਬ ਅਤੇ ਦੇਸ਼ ਦੇ ਪੱਤਰਕਾਰ ਭਾਈਚਾਰੇ ਵਿੱਚ ਭਾਰੀ ਰੋਸ ਦੀ ਲਹਿਰ ਦੌੜ ਗਈ ਹੈ। ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਦੇ ਸਮੂਹ ਆਗੂਆਂ ਵੱਲੋਂ ਸਾਂਝੇ ਤੌਰ ਤੇ ਦੋਸ਼ੀਆਂ ਖ਼ਿਲਾਫ਼ ਤੁਰੰਤ ਮਾਮਲਾ ਦਰਜ ਕਰਨ, ਉਨ੍ਹਾਂ ਨੂੰ ਮੁਅੱਤਲ ਕਰਨ ਅਤੇ ਉੱਚ ਪੱਧਰੀ ਨਿਰਪੱਖ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਔਰਤਾਂ ਦੇ ਹੱਕਾਂ ਦਾ ਢੋਲ ਵਜਾਉਣ ਵਾਲਾ ਦਿੱਲੀ ਮਹਿਲਾ ਕਮਿਸ਼ਨ ਇਸ ਖ਼ੌਫ਼ਨਾਕ ਮਾਮਲੇ ‘ਤੇ ਕੀ ਕਾਰਵਾਈ ਕਰਦਾ ਹੈ? ਕੀ ਪੀੜਤ ਧੀਆਂ ਨੂੰ ਇਨਸਾਫ਼ ਮਿਲੇਗਾ ਜਾਂ ਇਹ ਮਾਮਲਾ ਵੀ ਸਿਆਸਤ ਦੀ ਭੇਂਟ ਚੜ੍ਹ ਕੇ ਰਹਿ ਜਾਵੇਗਾ?
ਇਹ ਆਗੂ ਰਹੇ ਹਾਜ਼ਰ:- ਇਸ ਮੌਕੇ ਐਸੋਸੀਏਸ਼ਨ ਦੇ ਸਰਪ੍ਰਸਤ ਹਰੀਸ਼ ਸੂਰੀ, ਚੇਅਰਮੈਨ ਰਮੇਸ਼ ਰਾਮਪੁਰਾ, ਮੀਤ ਚੇਅਰਮੈਨ ਵਿਨੇ ਕੌਚਰ, ਮੀਤ ਪ੍ਰਧਾਨ ਰਾਘਵ ਅਰੋੜਾ, ਰਜਨੀਸ਼ ਕੌਂਸਲ, ਪ੍ਰਗਟ ਸਿੰਘ, ਗੁਰਪ੍ਰੀਤ ਸਿੰਘ ਜੰਡਿਆਲਾ, ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸੋਨੂੰ, ਜਰਨਲ ਸਕੱਤਰ ਜੋਗਾ ਸਿੰਘ ਰਾਜਪੂਤ, ਹਰਪ੍ਰੀਤ ਸਿੰਘ ਜੱਸੋਵਾਲ, ਜ਼ਿਲ੍ਹਾ ਮੀਤ ਪ੍ਰਧਾਨ ਕੁਸ਼ਾਲ ਸ਼ਰਮਾ, ਅਜੇ ਪੰਡਤ, ਲੋਕੇਸ਼ ਕੁਮਾਰ ਅਤੇ ਕੁਲਵੰਤ ਸਿੰਘ ਸਮੇਤ ਵੱਡੀ ਗਿਣਤੀ ‘ਚ ਪੱਤਰਕਾਰ ਆਗੂ ਹਾਜ਼ਰ ਸਨ।