September 1, 2026

Justice News

ਅਵਾਮ ਦੀ ਆਵਾਜ਼

ਵਿਰਾਸਤੀ ਪਕਵਾਨ ਸਾਡੀ ਸੱਭਿਆਚਾਰਕ ਪਹਿਚਾਣ, ਇਨ੍ਹਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਸਾਡੀ ਜ਼ਿੰਮੇਵਾਰੀ: ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ

ਲੁਧਿਆਣਾ
:(ਜਸਟਿਸ ਨਿਊਜ਼)
ਭਾਰਤ ਦੀ ਅਮੀਰ ਅਤੇ ਵਿਭਿੰਨ ਰਸੋਈ ਵਿਰਾਸਤ ਨੂੰ ਸੰਭਾਲਣ ਅਤੇ ਰਵਾਇਤੀ ਪਕਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਕਰਵਾਇਆ ਜਾ ਰਿਹਾ ਰਾਸ਼ਟਰੀ ਕੁੱਕਰੀ ਮੁਕਾਬਲਾ “ਕਹੀ ਗੁੰਮ ਨਾ ਹੋ ਜਾਏਂ–ਸੀਜ਼ਨ 9” ਦਾ ਪੰਜਾਬ ਰਾਜ ਪੱਧਰੀ ਫਾਈਨਲ ਮੰਗਲਵਾਰ ਨੂੰ ਸੀ.ਟੀ. ਯੂਨੀਵਰਸਿਟੀ, ਲੁਧਿਆਣਾ ਵਿਖੇ ਸ਼ਾਨਦਾਰ ਢੰਗ ਨਾਲ ਸੰਪੰਨ ਹੋਇਆ। ਮੁਕਾਬਲੇ ਵਿੱਚ ਪੰਜਾਬ ਭਰ ਤੋਂ 35 ਪ੍ਰਤੀਯੋਗੀਆਂ ਨੇ ਭਾਗ ਲੈ ਕੇ ਆਪਣੀ ਰਸੋਈ ਕਲਾ ਅਤੇ ਵਿਰਾਸਤੀ ਪਕਵਾਨਾਂ ਦਾ ਪ੍ਰਦਰਸ਼ਨ ਕੀਤਾ।
ਫਾਈਨਲ ਵਿੱਚ ਜ਼ੈਨਬ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜਾਬ ਰਾਜ ਜੇਤੂ ਦਾ ਖਿਤਾਬ ਹਾਸਲ ਕੀਤਾ। ਪੂਜਾ ਨਾਗਪਾਲ ਪਹਿਲੀ ਰਨਰ-ਅੱਪ ਅਤੇ ਪੋਨਮ ਮੱਕੜ ਦੂਜੀ ਰਨਰ-ਅੱਪ ਰਹੀ। ਪੰਜਾਬ ਦੇ ਚੋਟੀ ਦੇ ਦੋ ਜੇਤੂ ਹੁਣ ਐਨ.ਸੀ.ਆਰ. ਵਿੱਚ ਹੋਣ ਵਾਲੇ ਗ੍ਰੈਂਡ ਫਿਨਾਲੇ ਵਿੱਚ ਰਾਜ ਦੀ ਨੁਮਾਇੰਦਗੀ ਕਰਨਗੇ।
ਸਮਾਗਮ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਹਿਮਾਂਸ਼ੂ ਜੈਨ, ਆਈ.ਏ.ਐਸ. ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਪ੍ਰਤੀਯੋਗੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ “ਕਹੀ ਗੁੰਮ ਨਾ ਹੋ ਜਾਏਂ” ਸਿਰਫ਼ ਇੱਕ ਕੁੱਕਰੀ ਮੁਕਾਬਲਾ ਨਹੀਂ, ਬਲਕਿ ਭਾਰਤ ਦੀਆਂ ਰਵਾਇਤੀ ਅਤੇ ਵਿਰਾਸਤੀ ਪਕਵਾਨ ਪਰੰਪਰਾਵਾਂ ਨੂੰ ਸੰਭਾਲਣ ਦਾ ਇੱਕ ਮਹੱਤਵਪੂਰਨ ਮੰਚ ਹੈ।
ਉਨ੍ਹਾਂ ਕਿਹਾ ਕਿ ਮੁਕਾਬਲੇ ਦੌਰਾਨ ਵੱਖ-ਵੱਖ ਸਟਾਲਾਂ ’ਤੇ ਪੰਜ ਤੋਂ ਸੱਤ ਤੱਕ ਪਕਵਾਨ ਤਿਆਰ ਕੀਤੇ ਗਏ ਸਨ। ਕਣਕ ਅਤੇ ਮੱਕੀ ਦੀ ਰੋਟੀ, ਸਰੋਂ ਦਾ ਸਾਗ, ਐਲੋਵੇਰਾ ਦੀ ਸਬਜ਼ੀ, ਰਾਗੀ ਦੀ ਲੱਸੀ, ਹਲਵਾ, ਪੰਜੀਰੀ ਸਮੇਤ ਕਈ ਰਵਾਇਤੀ ਪਕਵਾਨਾਂ ਨੇ ਪੰਜਾਬ ਦੀ ਅਮੀਰ ਰਸੋਈ ਵਿਰਾਸਤ ਦੀ ਝਲਕ ਪੇਸ਼ ਕੀਤੀ। ਉਨ੍ਹਾਂ ਲੁਧਿਆਣਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਉਪਰਾਲਿਆਂ ਨਾਲ ਜੁੜ ਕੇ ਭਾਗੀਦਾਰਾਂ ਦਾ ਹੌਸਲਾ ਵਧਾਉਣ ਅਤੇ ਆਪਣੀ ਵਿਰਾਸਤੀ ਰਸੋਈ ਨੂੰ ਅੱਗੇ ਲਿਜਾਣ ਵਿੱਚ ਸਹਿਯੋਗ ਦੇਣ।
ਲੈਟਸ ਗਿਵ ਬੈਕ, ਇੱਕ ਰਜਿਸਟਰਡ ਐਨ.ਜੀ.ਓ., ਵੱਲੋਂ ਆਯੋਜਿਤ ਇਸ ਰਾਸ਼ਟਰੀ ਮੁਕਾਬਲੇ ਦਾ ਉਦੇਸ਼ ਦੇਸ਼ ਦੇ ਵੱਖ-ਵੱਖ ਖੇਤਰਾਂ ਦੇ ਰਵਾਇਤੀ ਪਕਵਾਨਾਂ ਨੂੰ ਮੁੜ ਸੁਰਜੀਤ ਕਰਨਾ ਅਤੇ ਉਨ੍ਹਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਹੈ। ਇਸ ਪਹਿਲਕਦਮੀ ਦੀ ਸਥਾਪਨਾ ਸਵਰਗੀ ਸ੍ਰੀਮਤੀ ਬਾਬੇਟਾ ਸਕਸੈਨਾ ਨੇ 2016 ਵਿੱਚ ਕੀਤੀ ਸੀ। 16 ਮਈ 2021 ਨੂੰ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਸਹਿ-ਸੰਸਥਾਪਕ ਰਿਟਾਇਰਡ ਕਰਨਲ ਅਤੁਲ ਸਕਸੈਨਾ ਦੀ ਅਗਵਾਈ ਹੇਠ ਇਹ ਮੁਹਿੰਮ ਲਗਾਤਾਰ ਅੱਗੇ ਵੱਧ ਰਹੀ ਹੈ।
ਇਸ ਸੀਜ਼ਨ ਦਾ ਥੀਮ “ਮੇਰਾ ਰਾਜ, ਮੇਰੀ ਪਲੇਟ” ਹੈ, ਜਿਸ ਰਾਹੀਂ ਭਾਰਤ ਦੇ ਵੱਖ-ਵੱਖ ਰਾਜਾਂ ਦੀਆਂ ਖੇਤਰੀ ਰਸੋਈ ਪਰੰਪਰਾਵਾਂ ਨੂੰ ਸੰਭਾਲਣ ਅਤੇ ਮਨਾਉਣ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ। ਇਸ ਮੁਹਿੰਮ ਨੂੰ ਪਦਮ ਸ੍ਰੀ ਪੁਰਸਕਾਰ ਜੇਤੂ ਸੇਲਿਬ੍ਰਿਟੀ ਸ਼ੈੱਫ ਸੰਜੀਵ ਕਪੂਰ, ਸ਼ੈੱਫ ਰਣਵੀਰ ਬਰਾੜ, ਸ਼ੈੱਫ ਵਿਕਾਸ ਖੰਨਾ ਅਤੇ ਪ੍ਰਸਿੱਧ ਬਾਲੀਵੁੱਡ ਅਦਾਕਾਰਾ ਸ੍ਰੀਮਤੀ ਸੁਚਿੱਤਰਾ ਪਿੱਲਈ ਦਾ ਸਮਰਥਨ ਪ੍ਰਾਪਤ ਹੈ।
ਰਾਸ਼ਟਰੀ ਪੱਧਰ ’ਤੇ ਇਹ ਮੁਕਾਬਲਾ ਭਾਰਤ ਦੇ 25 ਤੋਂ ਵੱਧ ਸਥਾਨਾਂ ਤੋਂ ਇਲਾਵਾ ਕੈਨੇਡਾ, ਨਿਊਜ਼ੀਲੈਂਡ ਅਤੇ ਅਮਰੀਕਾ ਵਿੱਚ ਵੀ ਕਰਵਾਇਆ ਜਾ ਰਿਹਾ ਹੈ। ਗ੍ਰੈਂਡ ਫਿਨਾਲੇ ਵਿੱਚ ਚੋਟੀ ਦੇ ਤਿੰਨ ਰਾਸ਼ਟਰੀ ਜੇਤੂਆਂ ਲਈ ਕੁੱਲ 1.50 ਲੱਖ ਰੁਪਏ ਦਾ ਇਨਾਮੀ ਪੂਲ ਰੱਖਿਆ ਗਿਆ ਹੈ।
ਪ੍ਰਬੰਧਕਾਂ ਨੇ ਪੰਜਾਬ ਸਟੇਟ ਫਿਨਾਲੇ ਦੀ ਮੇਜ਼ਬਾਨੀ ਲਈ ਸੀ.ਟੀ. ਯੂਨੀਵਰਸਿਟੀ ਦਾ ਧੰਨਵਾਦ ਕੀਤਾ। ਇਸ ਮੌਕੇ ਜਿਊਰੀ ਮੈਂਬਰ ਸ਼ੈੱਫ ਵਿਸ਼ਵਦੀਪ ਬਾਲੀ ਅਤੇ ਕਰਨਲ ਅਤੁਲ ਸਕਸੈਨਾ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ ਗਈ। ਸਟੇਟ ਕੋਆਰਡੀਨੇਟਰ ਸ੍ਰੀਮਤੀ ਮੁਸਕਾਨ ਜੈਨ ਅਤੇ ਪ੍ਰਿਯੰਕਾ ਜੈਨ ਨੇ ਸਮਾਗਮ ਦੇ ਸਫਲ ਆਯੋਜਨ ਦੀ ਅਗਵਾਈ ਕੀਤੀ, ਜਦਕਿ ਨੈਸ਼ਨਲ ਈਵੈਂਟ ਦੀ ਮੁੱਖ ਕੋਆਰਡੀਨੇਟਰ ਸ੍ਰੀਮਤੀ ਰੀਨਾ ਮੁਖਰਜੀ ਵੱਲੋਂ ਦਿੱਤੀ ਅਗਵਾਈ ਅਤੇ ਮਾਰਗਦਰਸ਼ਨ ਲਈ ਵੀ ਧੰਨਵਾਦ ਪ੍ਰਗਟ ਕੀਤਾ ਗਿਆ।

Leave a Reply

Your email address will not be published. Required fields are marked *

Copyright © All rights reserved. | Newsphere by AF themes.