ਪੰਜਾਬ ਵਿੱਚੋਂ ਪਹਿਲਾ ਖਿਡਾਰੀ ਤਰਨਵੀਰ ਸਿੰਘ ਹੈ, ਜਿਸ ਨੇ ਪ੍ਰੀ-ਨੈਸ਼ਨਲ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਨੈਸ਼ਨਲ ਲਈ ਕੁਆਲੀਫਾਈ ਕੀਤਾ
ਦੇਹਰਾਦੂਨ /
ਬਠਿੰਡਾ ਗੁਰਭਿੰਦਰ ਗੁਰੀ
ਦੇਹਰਾਦੂਨ ਦੇ ਤ੍ਰਿਸ਼ੂਲ ਸ਼ੂਟਿੰਗ ਰੇਂਜ ਵਿਖੇ 45ਵੀਂ ਨਾਰਥ ਜ਼ੋਨ ਸ਼ੂਟਿੰਗ ਚੈਂਪੀਅਨਸ਼ਿਪ 2026 ਦਾ ਆਯੋਜਨ ਕੀਤਾ ਜਾ ਰਿਹਾ ਹੈ। ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ਼ ਇੰਡੀਆ (NRAI) ਦੀ ਅਗਵਾਈ ਹੇਠ ਹੋ ਰਹੀ ਇਸ ਮਹੱਤਵਪੂਰਨ ਚੈਂਪੀਅਨਸ਼ਿਪ ਦੇ ਪਿਸਟਲ ਮੁਕਾਬਲੇ 17 ਅਗਸਤ ਤੋਂ 2 ਸਤੰਬਰ 2026 ਤੱਕ ਚੱਲ ਰਹੇ ਹਨ। NRAI ਵੱਲੋਂ ਜਾਰੀ ਜਾਣਕਾਰੀ ਅਨੁਸਾਰ ਪਿਸਟਲ ਮੁਕਾਬਲਿਆਂ ਦੀ ਮੇਜ਼ਬਾਨੀ ਪੰਜਾਬ ਰਾਈਫਲ ਸ਼ੂਟਿੰਗ ਐਸੋਸੀਏਸ਼ਨ ਕਰ ਰਹੀ ਹੈ।
ਚੈਂਪੀਅਨਸ਼ਿਪ ਲਈ ਨਾਰਥ ਜ਼ੋਨ ਨਾਲ ਸਬੰਧਤ ਵੱਖ-ਵੱਖ ਰਾਜਾਂ ਤੋਂ ਖਿਡਾਰੀ, ਟੀਮ ਮੈਨੇਜਰ, ਡੈਲੀਗੇਟ, ਕੋਚ, ਅਧਿਕਾਰੀ ਅਤੇ ਸਹਾਇਕ ਟੀਮਾਂ ਦੇਹਰਾਦੂਨ ਪਹੁੰਚ ਰਹੀਆਂ ਹਨ। ਤ੍ਰਿਸ਼ੂਲ ਸ਼ੂਟਿੰਗ ਰੇਂਜ, ਮਹਾਰਾਣਾ ਪ੍ਰਤਾਪ ਸਪੋਰਟਸ ਕਾਲਜ, ਰਾਏਪੁਰ, ਦੇਹਰਾਦੂਨ ਨੂੰ ਇਨ੍ਹਾਂ ਮੁਕਾਬਲਿਆਂ ਲਈ ਤਿਆਰ ਕੀਤਾ ਗਿਆ ਹੈ।
ਚੈਂਪੀਅਨਸ਼ਿਪ ਦੇ ਸਵਾਗਤੀ ਬੋਰਡ ’ਤੇ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ਼ ਇੰਡੀਆ ਅਤੇ ਪੰਜਾਬ ਰਾਈਫਲ ਸ਼ੂਟਿੰਗ ਐਸੋਸੀਏਸ਼ਨ ਵੱਲੋਂ ਸਾਰੇ ਖਿਡਾਰੀਆਂ ਅਤੇ ਅਧਿਕਾਰੀਆਂ ਦਾ ਸਵਾਗਤ ਕੀਤਾ ਗਿਆ ਹੈ। ਖਿਡਾਰੀਆਂ ਨੂੰ ਚੈਂਪੀਅਨਸ਼ਿਪ ਲਈ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੀ ਸਫਲਤਾ ਦੀ ਕਾਮਨਾ ਕੀਤੀ ਗਈ ਹੈ।
NRAI ਦੀ ਅਧਿਕਾਰਤ ਜਾਣਕਾਰੀ ਮੁਤਾਬਕ 45ਵੀਂ ਨਾਰਥ ਜ਼ੋਨ ਸ਼ੂਟਿੰਗ ਚੈਂਪੀਅਨਸ਼ਿਪ ਦੇ ਰਾਈਫਲ ਮੁਕਾਬਲੇ ਵੀ ਇਸੇ ਤ੍ਰਿਸ਼ੂਲ ਸ਼ੂਟਿੰਗ ਰੇਂਜ ਵਿਖੇ 3 ਤੋਂ 8 ਸਤੰਬਰ 2026 ਤੱਕ ਕਰਵਾਏ ਜਾਣੇ ਹਨ। ਇਨ੍ਹਾਂ ਰਾਈਫਲ ਮੁਕਾਬਲਿਆਂ ਦੀ ਮੇਜ਼ਬਾਨੀ ਉੱਤਰਾਖੰਡ ਰਾਈਫਲ ਐਸੋਸੀਏਸ਼ਨ ਕਰੇਗੀ।
ਸ਼ੂਟਿੰਗ ਖੇਡ ਵਿੱਚ ਪੰਜਾਬ ਦਾ ਵੀ ਮਹੱਤਵਪੂਰਨ ਸਥਾਨ ਹੈ। ਪੰਜਾਬ ਰਾਈਫਲ ਸ਼ੂਟਿੰਗ ਐਸੋਸੀਏਸ਼ਨ ਵੱਲੋਂ ਪੰਜਾਬ ਦੇ ਖਿਡਾਰੀਆਂ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਆਪਣੀ ਪ੍ਰਤਿਭਾ ਦਿਖਾਉਣ ਲਈ ਮੰਚ ਪ੍ਰਦਾਨ ਕੀਤਾ ਜਾ ਰਿਹਾ ਹੈ। ਦੇਹਰਾਦੂਨ ਵਿੱਚ ਚੱਲ ਰਹੀ ਇਹ ਚੈਂਪੀਅਨਸ਼ਿਪ ਨੌਜਵਾਨ ਅਤੇ ਉਭਰਦੇ ਸ਼ੂਟਰਾਂ ਲਈ ਵੀ ਅਹਿਮ ਮੰਚ ਬਣੀ ਹੋਈ ਹੈ, ਜਿੱਥੇ ਖਿਡਾਰੀਆਂ ਨੂੰ ਉੱਚ ਪੱਧਰੀ ਮੁਕਾਬਲੇਬਾਜ਼ੀ ਦਾ ਤਜਰਬਾ ਹਾਸਲ ਕਰਨ ਅਤੇ ਆਪਣੀ ਖੇਡ ਪ੍ਰਤਿਭਾ ਨੂੰ ਪਰਖਣ ਦਾ ਮੌਕਾ ਮਿਲ ਰਿਹਾ ਹੈ।
ਤਲਵੰਡੀ ਸਾਬੋ ਦੇ ਦੋ ਸ਼ੂਟਰਾਂ ਨੇ ਰਚਿਆ ਇਤਿਹਾਸ, 10 ਮੀਟਰ ਸ਼ੂਟਿੰਗ ਵਿੱਚ ਪੰਜਾਬ ਦਾ ਨਾਮ ਕੀਤਾ ਰੌਸ਼ਨ
ਇਸੇ ਚੈਂਪੀਅਨਸ਼ਿਪ ਦੌਰਾਨ ਤਲਵੰਡੀ ਸਾਬੋ, ਜ਼ਿਲ੍ਹਾ ਬਠਿੰਡਾ ਨਾਲ ਸਬੰਧਤ ਦੋ ਸ਼ੂਟਿੰਗ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 25 ਅਗਸਤ 2026 ਨੂੰ 10 ਮੀਟਰ ਸ਼ੂਟਿੰਗ ਮੁਕਾਬਲੇ ਵਿੱਚ ਪ੍ਰੀ-ਨੈਸ਼ਨਲ ਪੱਧਰ ’ਤੇ ਪਹਿਲਾ ਸਥਾਨ ਹਾਸਲ ਕਰਦਿਆਂ ਤਰਨਵੀਰ ਸਿੰਘ ਨੇ ਨੈਸ਼ਨਲ ਚੈਂਪੀਅਨਸ਼ਿਪ ਲਈ ਆਪਣੀ ਜਗ੍ਹਾ ਪੱਕੀ ਕੀਤੀ ਹੈ।
ਦੱਸਿਆ ਗਿਆ ਹੈ ਕਿ ਪਰਿ ਪੰਜਾਬ ਵਿੱਚੋਂ ਇਸ ਉਪਲਬਧੀ ਨੂੰ ਹਾਸਲ ਕਰਨ ਵਾਲਾ ਪਹਿਲਾ ਖਿਡਾਰੀ ਤਰਨਵੀਰ ਸਿੰਘ ਹੈ, ਜਿਸ ਨੇ ਪ੍ਰੀ-ਨੈਸ਼ਨਲ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਨੈਸ਼ਨਲ ਲਈ ਕੁਆਲੀਫਾਈ ਕੀਤਾ ਹੈ। ਇਸ ਦੇ ਨਾਲ ਹੀ ਹਰਮਨਪ੍ਰੀਤ ਸਿੰਘ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨੈਸ਼ਨਲ ਪੱਧਰ ਲਈ ਆਪਣੀ ਜਗ੍ਹਾ ਬਣਾਈ ਹੈ।
ਖਾਸ ਗੱਲ ਇਹ ਹੈ ਕਿ ਤਰਨਵੀਰ ਸਿੰਘ ,ਹਰਮਨਪ੍ਰੀਤ ਸਿੰਘ ਦੋਵੇਂ ਹੀ ਤਲਵੰਡੀ ਸਾਬੋ (ਬਠਿੰਡਾ) ਨਾਲ ਸਬੰਧਤ ਹਨ। ਦੋਵੇਂ ਖਿਡਾਰੀਆਂ ਦੀ ਇਸ ਪ੍ਰਾਪਤੀ ਨਾਲ ਤਲਵੰਡੀ ਸਾਬੋ ਦੇ ਖੇਡ ਪ੍ਰੇਮੀਆਂ ਅਤੇ ਇਲਾਕਾ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ।
ਸ਼ੂਟਿੰਗ ਖੇਡ ਵਿੱਚ ਉਭਰ ਰਹੀਆਂ ਇਨ੍ਹਾਂ ਪ੍ਰਤਿਭਾਵਾਂ ਦੀ ਸਫਲਤਾ ਇਹ ਦਰਸਾਉਂਦੀ ਹੈ ਕਿ ਪੰਜਾਬ ਦੇ ਛੋਟੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਵੀ ਨੌਜਵਾਨ ਖਿਡਾਰੀ ਕੌਮੀ ਪੱਧਰ ’ਤੇ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਰਹੇ ਹਨ। ਤਲਵੰਡੀ ਸਾਬੋ ਦੇ ਇਨ੍ਹਾਂ ਦੋਵੇਂ ਸ਼ੂਟਰਾਂ ਤੋਂ ਭਵਿੱਖ ਵਿੱਚ ਵੀ ਵੱਡੀਆਂ ਉਮੀਦਾਂ ਜੁੜ ਗਈਆਂ ਹਨ।
ਤਲਵੰਡੀ ਸਾਬੋ ਦੇ ਤਰਨਵੀਰ ਸਿੰਘ ਅਤੇ ਹਰਮਨਪ੍ਰੀਤ ਸਿੰਘ ਦੀ ਇਹ ਉਪਲਬਧੀ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰਾਂ ਲਈ ਮਾਣ ਵਾਲੀ ਗੱਲ ਹੈ, ਸਗੋਂ ਪੂਰੇ ਬਠਿੰਡਾ ਜ਼ਿਲ੍ਹੇ ਅਤੇ ਪੰਜਾਬ ਲਈ ਵੀ ਮਾਣ ਦਾ ਵਿਸ਼ਾ ਬਣੀ ਹੈ।