ਅੰਮ੍ਰਿਤਸਰ ਸ਼ਹਿਰੀ ਤੇ ਦਿਹਾਤੀ ਪੁਲਿਸ ਦੀ ਵੱਡੀ ਸਾਂਝੀ ਕਾਰਵਾਈ: ਰਮਦਾਸ ਗ੍ਰਨੇਡ ਹਮਲੇ ਦੇ 2 ਮੁਲਜ਼ਮ ਹਥਿਆਰਾਂ ਸਮੇਤ ਗ੍ਰਿਫ਼ਤਾਰ-ਗੈਂਗਸਟਰ ਹੈਪੀ ਪਸ਼ੀਆ ਦੇ ਇਸ਼ਾਰੇ ‘ਤੇ ਹੋਇਆ ਸੀ ਹਮਲਾ; ਪੰਚਾਇਤੀ ਚੋਣਾਂ ਦੀ ਰੰਜਿਸ਼ ਅਤੇ ਬਦਲੇ ਦੀ ਭਾਵਨਾ ਨਿਕਲੀ ਵਜ੍ਹਾ
ਅੰਮ੍ਰਿਤਸਰ,
(ਰਣਜੀਤ ਸਿੰਘ ਮਸੌਣ/ ਜੋਗਾ ਸਿੰਘ ਰਾਜਪੂਤ)-
ਅੰਮ੍ਰਿਤਸਰ ਸ਼ਹਿਰੀ ਅਤੇ ਦਿਹਾਤੀ ਪੁਲਿਸ ਨੇ ਇੱਕ ਵੱਡੀ ਸਾਂਝੀ ਕਾਰਵਾਈ ਕਰਦਿਆਂ ਰਾਮਦਾਸ ਤਹਿਸੀਲ ਦੇ ਪਿੰਡ ਜੱਟਾ ਪਾਸੀਆ ਵਿੱਚ ਹੋਏ ਚਰਚਿਤ ਗ੍ਰਨੇਡ ਹਮਲੇ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਸ਼ਾਮਲ ਦੋ ਮੁੱਖ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਡੀ.ਆਈ.ਜੀ. ਬਾਰਡਰ ਰੇਂਜ ਸ਼੍ਰੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ 20 ਅਗਸਤ ਦੀ ਰਾਤ ਲਗਭਗ 8:30 ਵਜੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਅਪਰਾਧਿਕ ਪਿਛੋਕੜ ਵਾਲੇ ਦਲਜੀਤ ਸਿੰਘ ਦੇ ਘਰ ’ਤੇ ਦੋ ਗ੍ਰਨੇਡ ਸੁੱਟੇ ਸਨ। ਇਸ ਧਮਾਕੇ ਵਿੱਚ ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਦੋ ਮਹਿਲਾਵਾਂ ਸਮੇਤ ਤਿੰਨ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ।
ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਦੋਵਾਂ ਦੋਸ਼ੀਆਂ ਦੀ ਪਛਾਣ ਜਗਰੂਪ ਸਿੰਘ ਵਾਸੀ ਪਿੰਡ ਗਾਜ਼ੀ ਨਾਨਕ, ਥਾਣਾ ਡੇਰਾ ਬਾਬਾ ਨਾਨਕ, ਜਿਲਾ ਗੁਰਦਾਸਪੁਰ ਅਤੇ ਵਿਸ਼ਵਪ੍ਰੀਤ ਸਿੰਘ ਵਾਸੀ ਪਿੰਡ ਕੋਟਲੀ ਸੂਰਤ, ਜਿਲਾ ਗੁਰਦਾਸਪੁਰ ਵਜੋਂ ਹੋਈ ਹੈ।
ਵਿਦੇਸ਼ੀ ਗੈਂਗਸਟਰ ਅਤੇ ਪੰਚਾਇਤੀ ਚੋਣਾਂ ਦੀ ਰੰਜਿਸ਼
ਡੀ.ਆਈ.ਜੀ. ਗਿੱਲ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਹਮਲਾ ਵਿਦੇਸ਼ ਵਿੱਚ ਬੈਠੇ ਬਦਨਾਮ ਗੈਂਗਸਟਰ ਹੈਪੀ ਪਸ਼ੀਆ ਦੇ ਇਸ਼ਾਰੇ ‘ਤੇ ਕੀਤਾ ਗਿਆ ਸੀ। ਇਸ ਘਟਨਾ ਪਿੱਛੇ ਸਥਾਨਕ ਪੰਚਾਇਤੀ ਚੋਣਾਂ ਦੀ ਪੁਰਾਣੀ ਰਾਜਨੀਤਿਕ ਅਤੇ ਨਿੱਜੀ ਰੰਜਿਸ਼ ਸੀ, ਕਿਉਂਕਿ ਦੋਵੇਂ ਧਿਰਾਂ ਆਪਣੇ-ਆਪਣੇ ਗਰੁੱਪ ਦਾ ਸਰਪੰਚ ਬਣਾਉਣਾ ਚਾਹੁੰਦੀਆਂ ਸਨ।
ਇਸ ਜਾਂਚ ਵਿੱਚ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਗ੍ਰਨੇਡ ਹਮਲੇ ਤੋਂ ਦੋ ਦਿਨ ਪਹਿਲਾਂ ਦਲਜੀਤ ਸਿੰਘ (ਜਿਸ ਦੇ ਘਰ ਹਮਲਾ ਹੋਇਆ) ਨੇ ਗੈਂਗਸਟਰ ਹੈਪੀ ਪਸ਼ੀਆ ਦੀ ਮਾਂ ਦੇ ਘਰ ਦੇ ਬਾਹਰ ਹਵਾਈ ਫਾਇਰਿੰਗ ਕੀਤੀ ਸੀ। ਇਸੇ ਗੱਲ ਦਾ ਬਦਲਾ ਲੈਣ ਲਈ ਪਸ਼ੀਆ ਨੇ ਆਪਣੇ ਗੁਰਗਿਆਂ ਨੂੰ ਦਲਜੀਤ ਦੇ ਘਰ ‘ਤੇ ਗ੍ਰਨੇਡ ਨਾਲ ਅਟੈਕ ਕਰਨ ਦੇ ਹੁਕਮ ਦਿੱਤੇ ਸਨ।
ਅੱਗੇ ਦੀ ਕਾਨੂੰਨੀ ਕਾਰਵਾਈ ਅਤੇ ਪੁੱਛਗਿੱਛ
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਮਾਮਲਾ ਬਹੁਤ ਸੰਵੇਦਨਸ਼ੀਲ ਹੈ, ਕਿਉਂਕਿ ਇਹ ਸਥਾਨਕ ਰੰਜਿਸ਼ਾਂ ਲਈ ਵਿਦੇਸ਼ੀ ਗੈਂਗਸਟਰ ਨੈੱਟਵਰਕ ਅਤੇ ਵਿਸਫੋਟਕ ਸਮੱਗਰੀ ਦੀ ਵਰਤੋਂ ਵੱਲ ਇਸ਼ਾਰਾ ਕਰਦਾ ਹੈ। ਗ੍ਰਿਫ਼ਤਾਰ ਦੋਸ਼ੀਆਂ ਤੋਂ ਤਿੱਖੀ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਗ੍ਰਨੇਡ ਉਨ੍ਹਾਂ ਨੂੰ ਕਿੱਥੋਂ ਅਤੇ ਕਿਸ ਰਾਹੀਂ ਸਪਲਾਈ ਹੋਏ ਸਨ।ਇਸ ਪੂਰੀ ਸਾਜ਼ਿਸ਼ ਵਿੱਚ ਹੋਰ ਕਿਹੜੇ-ਕਿਹੜੇ ਸਥਾਨਕ ਜਾਂ ਵਿਦੇਸ਼ੀ ਮਦਦਗਾਰ ਸ਼ਾਮਲ ਹਨ।
ਇਸ ਪ੍ਰੈੱਸ ਕਾਨਫ਼ਰੰਸ ਦੌਰਾਨ ਐੱਸ.ਐੱਸ.ਪੀ. ਦਿਹਾਤੀ ਅੰਮ੍ਰਿਤਸਰ ਸ. ਕੰਵਲਪ੍ਰੀਤ ਸਿੰਘ ਚਾਹਲ, ਡੀ.ਸੀ.ਪੀ. ਇਨਵੈਸਟੀਗੇਸ਼ਨ ਅੰਮ੍ਰਿਤਸਰ ਸ. ਪ੍ਰਭਜੋਤ ਸਿੰਘ ਵਿਰਕ ਸਮੇਤ ਹੋਰ ਸੀਨੀਅਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ।