ਮਿਸ਼ਨ ਸੇਵਾ ਫਾਊਂਡੇਸ਼ਨ ਵੱਲੋਂ ਲੁਧਿਆਣਾ ਵਿੱਚ “13–13 ਐਂਬੂਲੈਂਸ ਸੇਵਾ” ਦੀ ਸ਼ੁਰੂਆਤਸਿਰਫ਼ 13 ਰੁਪਏ ਵਿੱਚ ਮੈਡੀਕਲ ਸਹਾਇਤਾ — ਗਰਭਵਤੀ ਮਹਿਲਾਵਾਂ ਅਤੇ ਹਾਦਸਾਗ੍ਰਸਤ ਮਰੀਜ਼ਾਂ ਲਈ ਮੁਫ਼ਤ ਘਰ ਤੋਂ ਹਸਪਤਾਲ ਤੱਕ ਐਂਬੂਲੈਂਸ ਸੇਵਾ
ਲੁਧਿਆਣਾ
( ਜਸਟਿਸ ਨਿਊਜ਼ )
ਮਿਸ਼ਨ ਸੇਵਾ ਫਾਊਂਡੇਸ਼ਨ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 13–13 ਸੰਕਲਪ ਤੋਂ ਪ੍ਰੇਰਿਤ ਹੋ ਕੇ ਲੁਧਿਆਣਾ ਵਾਸੀਆਂ ਲਈ “13–13 ਐਂਬੂਲੈਂਸ ਸੇਵਾ” ਦੀ ਸ਼ੁਰੂਆਤ ਕੀਤੀ ਗਈ। ਇਸ ਸੇਵਾ ਦਾ ਮੁੱਖ ਉਦੇਸ਼ ਲੋੜਵੰਦ ਮਰੀਜ਼ਾਂ ਨੂੰ ਕਿਫ਼ਾਇਤੀ ਦਰ ’ਤੇ ਐਂਬੂਲੈਂਸ ਅਤੇ ਐਮਰਜੈਂਸੀ ਮੈਡੀਕਲ ਸਹਾਇਤਾ ਪ੍ਰਦਾਨ ਕਰਨਾ ਹੈ।
“13–13 ਐਂਬੂਲੈਂਸ ਸੇਵਾ” ਦਾ ਰਸਮੀ ਉਦਘਾਟਨ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਹਿਮਾਂਸ਼ੂ ਜੈਨ ਜੀ ਵੱਲੋਂ ਸਰਕਟ ਹਾਊਸ, ਲੁਧਿਆਣਾ ਵਿਖੇ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਜੈਨ ਨੇ ਮਿਸ਼ਨ ਸੇਵਾ ਫਾਊਂਡੇਸ਼ਨ ਵੱਲੋਂ ਸ਼ੁਰੂ ਕੀਤੇ ਇਸ ਮਨੁੱਖਤਾ ਭਲਾਈ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਮਾਜ ਸੇਵਾ ਦਾ ਸਭ ਤੋਂ ਵੱਡਾ ਮਕਸਦ ਲੋੜਵੰਦ ਵਿਅਕਤੀ ਤੱਕ ਸਮੇਂ ਸਿਰ ਮਦਦ ਪਹੁੰਚਾਉਣਾ ਹੈ ਅਤੇ ਐਮਰਜੈਂਸੀ ਦੇ ਸਮੇਂ ਐਂਬੂਲੈਂਸ ਸੇਵਾ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ।
ਉਨ੍ਹਾਂ ਕਿਹਾ ਕਿ 13 ਰੁਪਏ ਵਿੱਚ ਐਂਬੂਲੈਂਸ ਸੇਵਾ ਦੇਣ ਦਾ ਸੰਕਲਪ ਇੱਕ ਸਰਾਹਣਯੋਗ ਅਤੇ ਲੋਕ-ਹਿਤੈਸ਼ੀ ਉਪਰਾਲਾ ਹੈ। ਇਸ ਤਰ੍ਹਾਂ ਦੀ ਪਹਿਲ ਨਾਲ ਆਰਥਿਕ ਤੌਰ ’ਤੇ ਕਮਜ਼ੋਰ ਅਤੇ ਲੋੜਵੰਦ ਪਰਿਵਾਰਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ।
ਸ੍ਰੀ ਹਿਮਾਂਸ਼ੂ ਜੈਨ ਨੇ ਮਿਸ਼ਨ ਸੇਵਾ ਫਾਊਂਡੇਸ਼ਨ ਦੇ ਸਮੂਹ ਮੈਂਬਰਾਂ ਅਤੇ ਸੇਵਾਦਾਰਾਂ ਨੂੰ ਇਸ ਪ੍ਰੋਜੈਕਟ ਦੀ ਸ਼ੁਰੂਆਤ ਲਈ ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਸੇਵਾਵਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਸਮਾਜ ਦੇ ਹਰ ਵਰਗ ਨੂੰ ਸਹਿਯੋਗ ਦੇਣਾ ਚਾਹੀਦਾ ਹੈ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਨੁੱਖਤਾ ਭਲਾਈ ਦੇ ਅਜਿਹੇ ਉਪਰਾਲਿਆਂ ਵਿੱਚ ਆਪਣਾ ਯੋਗਦਾਨ ਪਾਉਣ ਅਤੇ “ਸਰਬੱਤ ਦਾ ਭਲਾ” ਦੇ ਸੰਦੇਸ਼ ਨੂੰ ਅੱਗੇ ਵਧਾਉਣ।
ਮਿਸ਼ਨ ਸੇਵਾ ਫਾਊਂਡੇਸ਼ਨ ਵੱਲੋਂ ਇਸ ਪ੍ਰੋਜੈਕਟ ਅਧੀਨ ਗਰਭਵਤੀ ਮਹਿਲਾਵਾਂ ਅਤੇ ਹਾਦਸਿਆਂ ਵਿੱਚ ਜ਼ਖ਼ਮੀ ਵਿਅਕਤੀਆਂ ਲਈ ਘਰ ਤੋਂ ਹਸਪਤਾਲ ਤੱਕ ਮੁਫ਼ਤ ਐਂਬੂਲੈਂਸ ਸੇਵਾ ਪ੍ਰਦਾਨ ਕਰਨ ਦਾ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ।
ਫਾਊਂਡੇਸ਼ਨ ਅਨੁਸਾਰ, ਗਰਭਵਤੀ ਮਹਿਲਾਵਾਂ ਨੂੰ ਜਣੇਪੇ ਜਾਂ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਘਰ ਤੋਂ ਹਸਪਤਾਲ ਤੱਕ ਪਹੁੰਚਾਉਣ ਲਈ ਅਤੇ ਸੜਕ ਹਾਦਸਿਆਂ ਵਿੱਚ ਜ਼ਖ਼ਮੀ ਵਿਅਕਤੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਉਣ ਲਈ ਇਹ ਸੇਵਾ ਮੁਫ਼ਤ ਉਪਲਬਧ ਕਰਵਾਈ ਜਾਵੇਗੀ। ਇਸ ਦਾ ਉਦੇਸ਼ ਐਮਰਜੈਂਸੀ ਸਮੇਂ ਕੀਮਤੀ ਸਮਾਂ ਬਚਾਉਣਾ ਅਤੇ ਲੋੜਵੰਦ ਵਿਅਕਤੀਆਂ ਨੂੰ ਸਮੇਂ ਸਿਰ ਹਸਪਤਾਲ ਤੱਕ ਪਹੁੰਚਾਉਣ ਵਿੱਚ ਮਦਦ ਕਰਨਾ ਹੈ।
ਲੋੜ ਪੈਣ ’ਤੇ ਲੋਕ ਇਸ 13–13 ਐਂਬੂਲੈਂਸ ਸੇਵਾ ਹੈਲਪਲਾਈਨ 95176-61984 ਨੰਬਰ ’ਤੇ ਸੰਪਰਕ ਕਰਕੇ ਐਂਬੂਲੈਂਸ ਸੇਵਾ ਲਈ ਸਹਾਇਤਾ ਲੈ ਸਕਦੇ ਹਨ।
ਮਿਸ਼ਨ ਸੇਵਾ ਫਾਊਂਡੇਸ਼ਨ ਵੱਲੋਂ ਦੱਸਿਆ ਗਿਆ ਕਿ 13–13 ਐਂਬੂਲੈਂਸ ਸੇਵਾ ਦਾ ਉਦੇਸ਼ ਆਮ ਲੋਕਾਂ ਨੂੰ ਕਿਫ਼ਾਇਤੀ ਦਰ ’ਤੇ ਐਂਬੂਲੈਂਸ ਸਹਾਇਤਾ ਪ੍ਰਦਾਨ ਕਰਨਾ ਹੈ। ਇਹ ਸੇਵਾ, ਸਮਾਨਤਾ, ਦਇਆ ਅਤੇ ਸਰਬੱਤ ਦਾ ਭਲਾ ਦੇ ਸਿਧਾਂਤਾਂ ਨੂੰ ਸਮਰਪਿਤ ਹੈ।
ਇਸ ਮੌਕੇ ਫਾਊਂਡਰ ਸ. ਇਸ਼ਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਵਰਿੰਦਰਪਾਲ ਸਿੰਘ, ਜੱਥੇਦਾਰ ਬਲਜੀਤ ਸਿੰਘ ਕਾਲਾਨੰਗਲ, ਮਹਿਕਪ੍ਰੀਤ ਸਿੰਘ, ਨਿਹੰਗ ਗੁਰਵਿੰਦਰ ਸਿੰਘ, ਨਿਹੰਗ ਪਰਮਜੀਤ ਸਿੰਘ , ਸੰਦੀਪ ਸਿੰਘ ਬੈਂਸ, ਕਵਲਪ੍ਰੀਤ ਸਿੰਘ ਜੱਗੀ, ਗੁਰਪ੍ਰੀਤ ਕੌਰ, ਪ੍ਰੀਤੀ ਅਰੋੜਾ, ਪਰਮਦੀਪ ਸਿੰਘ ਖ਼ਾਲਸਾ, ਤਰਨਜੋਤ ਸਿੰਘ ਅਤੇ ਹੋਰ ਸਮਾਜ ਸੇਵੀ ਤੇ ਸੇਵਾਦਾਰ ਮੌਜੂਦ ਰਹੇ।