August 25, 2026

Justice News

ਅਵਾਮ ਦੀ ਆਵਾਜ਼

ਹਰਿਆਣਾ ਖ਼ਬਰਾਂ

ਪੀਣ ਵਾਲੇ ਪਾਣੀ ਦੀ ਸ਼ੁੱਧਤਾ ਲਈ ਸਾਰੇ ਪੁਰਾਣੇ ਵਾਟਰ-ਵਰਕਸਾਂ ਨੂੰ ਆਰ.ਸੀ.ਸੀ. ਅਧਾਰਤ ਬਣਾਇਆ ਜਾਵੇ : ਮੁੱਖ ਮੰਤਰੀ

ਚੰਡੀਗੜ੍ਹ,

(  ਜਸਟਿਸ ਨਿਊਜ਼  )

– ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਵਿੱਚ ਉਨ੍ਹਾਂ ਸਾਰੇ ਪੁਰਾਣੇ ਵਾਟਰ ਵਰਕਸ ਨੂੰ ਆਰ.ਸੀ.ਸੀ. (ਸੀਮੈਂਟ-ਕੰਕਰੀਟ) ਅਧਾਰਤ ਬਣਾਇਆ ਜਾਵੇ ਜਿੱਥੇ ਧਰਤੀ ਹੇਠਲੇ ਪਾਣੀ ਨਾਲ ਮਿਲ ਕੇ ਪਾਣੀ ਦੀ ਸ਼ੁੱਧਤਾ ਪ੍ਰਭਾਵਿਤ ਹੋ ਰਹੀ ਹੈ। ਇਸ ਤੋਂ ਇਲਾਵਾ ਜਿੱਥੇ-ਜਿੱਥੇ ਸੰਭਵ ਹੋਵੇ, ਉੱਥੇ ਟਿਊਬਵੈੱਲ ਅਧਾਰਤ ਵਾਟਰ ਵਰਕਸ ਨੂੰ ਪਹਿਲ ਦੇ ਆਧਾਰ ‘ਤੇ ਨਹਿਰੀ ਪਾਣੀ ਅਧਾਰਤ ਬਣਾਇਆ ਜਾਵੇ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਹ ਨਿਰਦੇਸ਼ ਮੰਗਲਵਾਰ ਨੂੰ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਸੂਬੇ ਵਿੱਚ ਜਲਘਰਾਂ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਸਥਿਤੀ ਦੀ ਸਮੀਖਿਆ ਲਈ ਆਯੋਜਿਤ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੇ। ਮੀਟਿੰਗ ਵਿੱਚ ਜਨ ਸਿਹਤ ਇੰਜੀਨੀਅਰਿੰਗ ਮੰਤਰੀ ਸ੍ਰੀ ਰਣਬੀਰ ਸਿੰਘ ਗੰਗਵਾ ਵੀ ਮੌਜੂਦ ਸਨ।

ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਪੰਕਜ ਯਾਦਵ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਸੂਬੇ ਵਿੱਚ 1888 ਨਹਿਰੀ ਪਾਣੀ ਅਧਾਰਤ ਵਾਟਰ ਵਰਕਸ ਅਤੇ 4199 ਬੂਸਟਿੰਗ ਸਟੇਸ਼ਨ ਸੰਚਾਲਿਤ ਹਨ। ਇਨ੍ਹਾਂ ਤੋਂ ਇਲਾਵਾ 12404 ਟਿਊਬਵੈੱਲ ਅਤੇ 5 ਰੇਨੀ ਵੈੱਲ ਸਕੀਮਾਂ ਵੀ ਪਾਣੀ ਦੀ ਸਪਲਾਈ ਲਈ ਵਰਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ 3674 ਟਿਊਬਵੈੱਲ ਸਬੰਧਤ ਗ੍ਰਾਮ ਪੰਚਾਇਤਾਂ ਨੂੰ ਸੌਂਪੇ ਜਾ ਚੁੱਕੇ ਹਨ।

ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਲੋੜ ਅਨੁਸਾਰ 103 ਨਵੇਂ ਨਹਿਰੀ ਅਧਾਰਤ ਵਾਟਰ ਵਰਕਸ, 1065 ਨਵੇਂ ਟਿਊਬਵੈੱਲ, 369 ਨਵੇਂ ਬੂਸਟਿੰਗ ਸਟੇਸ਼ਨ ਅਤੇ 2 ਨਵੇਂ ਰੇਨੀ ਵੈੱਲ ਲਗਾਉਣ ਦੀ ਪ੍ਰਕਿਰਿਆ ਪ੍ਰਗਤੀ ਵਿੱਚ ਹੈ। ਉਨ੍ਹਾਂ ਦੱਸਿਆ ਕਿ 7005 ਕਿਲੋਮੀਟਰ ਵੰਡ ਨੈੱਟਵਰਕ ਵਿੱਚੋਂ 1525 ਕਿਲੋਮੀਟਰ ਲੰਬੀਆਂ ਲਾਈਨਾਂ ਬਦਲੀਆਂ ਜਾਣਗੀਆਂ, ਜਿਨ੍ਹਾਂ ਵਿੱਚੋਂ ਮਾਰਚ 2027 ਤੱਕ 837 ਕਿਲੋਮੀਟਰ ਵੰਡ ਨੈੱਟਵਰਕ ਨੂੰ ਬਦਲ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇੱਟਾਂ ਨਾਲ ਬਣੇ 466 ਵਾਟਰ ਵਰਕਸ ਨੂੰ ਆਰ.ਸੀ.ਸੀ. ਅਧਾਰਤ ਵਾਟਰ ਵਰਕਸ ਵਿੱਚ ਬਦਲਿਆ ਜਾ ਰਿਹਾ ਹੈ। ਇਸ ਕੰਮ ‘ਤੇ ਲਗਭਗ 1000 ਕਰੋੜ ਰੁਪਏ ਦੀ ਲਾਗਤ ਆਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਦੇਸ਼ ਵਾਸੀਆਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਉਪਲਬਧ ਕਰਵਾਉਣਾ ਹਰਿਆਣਾ ਸਰਕਾਰ ਦੀ ਪਹਿਲ ਹੈ। ਸ਼ੁੱਧ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਪੈਸੇ ਦੀ ਕਮੀ ਨੂੰ ਅੜਿੱਕਾ ਨਹੀਂ ਬਣਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਸਾਰੇ ਵਾਟਰ ਵਰਕਸ ਨੂੰ ਆਰ.ਸੀ.ਸੀ. ਅਧਾਰਤ ਬਣਾਇਆ ਜਾਵੇ ਜਿੱਥੇ ਧਰਤੀ ਹੇਠਲਾ ਪਾਣੀ, ਵਾਟਰ ਵਰਕਸ ਦੇ ਪਾਣੀ ਨਾਲ ਮਿਕਸ ਹੋਣ ਨਾਲ ਪਾਣੀ ਦੀ ਟੀ.ਡੀ.ਐੱਸ. (TDS), ਹਾਰਡਨੈੱਸ (Hardness) ਅਤੇ ਫਲੋਰਾਇਡ ਦੀ ਮਾਤਰਾ ਵਧ ਰਹੀ ਹੈ। ਅਜਿਹੇ ਪਾਣੀ ਨੂੰ ਪੂਰੀ ਤਰ੍ਹਾਂ ਪੀਣ ਯੋਗ ਬਣਾਉਣ ਲਈ ਵਾਟਰ ਵਰਕਸ ਦੀ ਮਸ਼ੀਨਰੀ ‘ਤੇ ਦਬਾਅ ਵਧਦਾ ਹੈ। ਇਸ ਲਈ ਅਜਿਹੇ ਸਾਰੇ ਵਾਟਰ ਵਰਕਸ ਨੂੰ ਆਰ.ਸੀ.ਸੀ. ਅਧਾਰਤ ਬਣਵਾਇਆ ਜਾਵੇ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਵੱਲੋਂ ਮੌਜੂਦਾ ਸਮੇਂ ਵਿੱਚ ਕੀਤੇ ਜਾ ਰਹੇ ਯਤਨਾਂ ਨਾਲ ਆਉਣ ਵਾਲੇ ਸਾਲਾਂ ਵਿੱਚ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਸੁਧਾਰ ਨਜ਼ਰ ਆਵੇਗਾ। ਇਸ ਨਾਲ ਨਾ ਸਿਰਫ਼ ਡਿੱਗ ਰਹੇ ਭੂ-ਜਲ ਪੱਧਰ ‘ਤੇ ਰੋਕ ਲੱਗੇਗੀ ਸਗੋਂ ਪਾਣੀ ਦੀ ਗੁਣਵੱਤਾ ਵਿੱਚ ਵੀ ਸੁਧਾਰ ਹੋਵੇਗਾ। ਉਨ੍ਹਾਂ ਦੱਸਿਆ ਕਿ ਟ੍ਰੀਟਮੈਂਟ ਪਲਾਂਟਾਂ ਦੀ ਸਥਾਪਨਾ ਕਾਰਨ ਯਮੁਨਾ ਦਾ ਜੋ ਪਾਣੀ ਹਰਿਆਣਾ ਤੋਂ ਦਿੱਲੀ ਜਾ ਰਿਹਾ ਹੈ, ਉਸਦੀ ਗੁਣਵੱਤਾ ਵਿੱਚ ਵੀ ਸੁਧਾਰ ਹੋਇਆ ਹੈ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਿਹੜੇ ਨਵੇਂ ਵਾਟਰ ਵਰਕਸ ਬਣਾਏ ਜਾ ਰਹੇ ਹਨ, ਉਨ੍ਹਾਂ ਦੀ ਸਮਰੱਥਾ ਵਧਦੀ ਆਬਾਦੀ ਦੇ ਅਨੁਸਾਰ ਵਧਾਈ ਜਾਵੇ।

ਮੀਟਿੰਗ ਵਿੱਚ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਅਰੁਣ ਕੁਮਾਰ ਗੁਪਤਾ, ਮੁੱਖ ਮੰਤਰੀ ਦੇ ਉਪ-ਪ੍ਰਧਾਨ ਸਕੱਤਰ ਸ੍ਰੀ ਯਸ਼ਪਾਲ ਯਾਦਵ ਅਤੇ ਇੰਜੀਨੀਅਰ-ਇਨ-ਚੀਫ ਸ੍ਰੀ ਦੇਵੇਂਦਰ ਦਹੀਆ ਸਮੇਤ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਦੀ ਕਿਰਮਚ ਕੋ-ਆਪ੍ਰੇਟਿਵ ਸੁਸਾਇਟੀ ਦਾ ਭਰਤੀ ਪ੍ਰਸਤਾਵ ਰੱਦ ਕੀਤਾ ਜਾਵੇ ਅਤੇ ਦਿੱਤੀ ਗਈ ਤਨਖਾਹ ਦੀ ਕੀਤੀ ਜਾਵੇ ਰਿਕਵਰੀ: ਕ੍ਰਿਸ਼ਨ ਲਾਲ ਪੰਵਾਰ

ਚੰਡੀਗੜ੍ਹ,

(   ਜਸਟਿਸ ਨਿਊਜ਼ )

– ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਨ ਲਾਲ ਪੰਵਾਰ ਨੇ ਦੀ ਕਿਰਮਚ ਕੋ-ਆਪ੍ਰੇਟਿਵ ਸੁਸਾਇਟੀ ਵਿੱਚ ਨਿਯਮਾਂ ਨੂੰ ਛਿੱਕੇ ਟੰਗ ਕੇ ਕੀਤੇ ਗਏ ਪੰਜ ਕਰਮਚਾਰੀਆਂ ਦੀ ਭਰਤੀ ਦੇ ਮਾਮਲੇ ਵਿੱਚ ਸਖ਼ਤ ਨੋਟਿਸ ਲੈਂਦਿਆਂ ਭਰਤੀ ਪ੍ਰਕਿਰਿਆ ਨੂੰ ਰੱਦ ਕਰਨ ਅਤੇ ਕਰਮਚਾਰੀਆਂ ਨੂੰ ਦਿੱਤੇ ਗਈ ਤਨਖਾਹ ਦੀ ਰਿਕਵਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਉਪ ਰਜਿਸਟਰਾਰ, ਸਹਿਕਾਰੀ ਸੁਸਾਇਟੀਆਂ ਨੂੰ ਨਿਰਦੇਸ਼ ਦਿੱਤੇ ਕਿ ਭਰਤੀ ਦੇ ਪ੍ਰਸਤਾਵ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਨਿਯਮਾਂ ਅਨੁਸਾਰ ਕਰਮਚਾਰੀਆਂ ਨੂੰ ਕੀਤੇ ਗਏ ਵੇਤਨ ਭੁਗਤਾਨ ਦੀ ਵਸੂਲੀ ਯਕੀਨੀ ਬਣਾਈ ਜਾਵੇ। ਇਹ ਮਾਮਲਾ ਪਿੰਡ ਕਿਰਮਚ ਨਿਵਾਸੀ ਵੱਲੋਂ ਕਮੇਟੀ ਦੇ ਸਾਹਮਣੇ ਦਿੱਤੀ ਗਈ ਸ਼ਿਕਾਇਤ ਵਿੱਚ ਉਠਾਇਆ ਗਿਆ ਸੀ, ਜਿਸ ਵਿੱਚ ਪੰਜ ਕਰਮਚਾਰੀਆਂ ਦੀ ਭਰਤੀ ਗ਼ੈਰ-ਕਾਨੂੰਨੀ ਤਰੀਕੇ ਨਾਲ ਕੀਤੇ ਜਾਣ ਦਾ ਦੋਸ਼ ਲਗਾਇਆ ਗਿਆ ਸੀ।

ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਨ ਲਾਲ ਪੰਵਾਰ ਮੰਗਲਵਾਰ ਨੂੰ ਕੁਰੂਕਸ਼ੇਤਰ ਵਿੱਚ ਆਯੋਜਿਤ ਜ਼ਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਮੰਤਰੀ ਸ੍ਰੀ ਕ੍ਰਿਸ਼ਨ ਲਾਲ ਪੰਵਾਰ ਨੇ ਮੀਟਿੰਗ ਦੇ ਏਜੰਡੇ ਵਿੱਚ ਸ਼ਾਮਲ 11 ਸ਼ਿਕਾਇਤਾਂ ਦੀ ਸੁਣਵਾਈ ਕਰਦਿਆਂ ਸਾਰੀਆਂ 11 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ।

ਮੰਤਰੀ ਨੇ ਪਾਣੀਪਤ ਨਿਵਾਸੀ ਰਾਜਪਾਲ ਖੁਰਾਣਾ ਦੀ ਸ਼ਿਕਾਇਤ ‘ਤੇ ਸੁਣਵਾਈ ਕਰਦਿਆਂ ਪੁਲਿਸ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਪੁਲਿਸ ਆਪਣੀ ਜਾਂਚ ਜਾਰੀ ਰੱਖੇ ਅਤੇ ਸ਼ਿਕਾਇਤਕਰਤਾ ਨੂੰ ਕੇਸ ਨਾਲ ਸੰਬੰਧਿਤ ਦਸਤਾਵੇਜ਼ ਉਪਲਬਧ ਕਰਵਾਏ। ਇਸ ਦੇ ਨਾਲ ਹੀ ਹਸਪਤਾਲ ਵਿੱਚੋਂ ਆਪਣਾ ਸਾਮਾਨ ਕੱਢਣ ਲਈ ਐੱਸ.ਡੀ.ਐੱਮ. ਨੂੰ ਸ਼ਿਕਾਇਤ ਦਿੱਤੀ ਜਾਵੇ, ਤਾਂ ਜੋ ਪੁਲਿਸ ਸਹਾਇਤਾ ਨਾਲ ਸਾਮਾਨ ਦਿਵਾਇਆ ਜਾ ਸਕੇ। ਉਨ੍ਹਾਂ ਵਾਰਡ ਨੰਬਰ 32 ਨਿਵਾਸੀ ਮਹਾਜਨ ਸਿੰਘ ਦੀ ਸ਼ਿਕਾਇਤ ‘ਤੇ ਸੁਣਵਾਈ ਕਰਦਿਆਂ ਨਗਰ ਪ੍ਰੀਸ਼ਦ ਦੇ ਅਧਿਕਾਰੀ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਇੱਕ ਹਫ਼ਤੇ ਵਿੱਚ ਪਿੰਡ ਬਹੁਰੀ ਵਾਲੀ ਸੜਕ ‘ਤੇ ਬਰਸਾਤੀ ਪਾਣੀ ਦੇ ਨਾਲੇ ਦਾ ਬੰਦ ਨਿਰਮਾਣ ਕੰਮ ਸ਼ੁਰੂ ਕਰਵਾਇਆ ਜਾਵੇ ਅਤੇ ਨਿਰਮਾਣ ਕੰਮ ਨੂੰ ਜਲਦੀ ਪੂਰਾ ਕੀਤਾ ਜਾਵੇ।

ਵਿਕਾਸ ਅਤੇ ਪੰਚਾਇਤ ਮੰਤਰੀ ਨੇ ਇੱਕ ਹੋਰ ਸ਼ਿਕਾਇਤਕਰਤਾ ਦੀ ਸ਼ਿਕਾਇਤ ‘ਤੇ ਨਗਰ ਪ੍ਰੀਸ਼ਦ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਇਸ ਮਾਮਲੇ ਵਿੱਚ ਨੋਟਿਸ ਦੇਣ ਦੇ ਨਾਲ ਨਿਯਮਾਂ ਅਨੁਸਾਰ ਕਾਰਵਾਈ ਨੂੰ ਅਮਲ ਵਿੱਚ ਲਿਆਉਣ ਅਤੇ ਰਸਤੇ ਨੂੰ ਖੁਲ੍ਹਵਾਇਆ ਜਾਵੇ। ਸ਼ਿਕਾਇਤਕਰਤਾ ਨੇ ਦੱਸਿਆ ਕਿ ਦਰਰਾ ਖੁਰਦ ਵਿੱਚ ਟਾਊਨ ਪਲਾਨਿੰਗ ਸਕੀਮ 8-ਏ ਦੀ ਉਲੰਘਣਾ ਕੀਤੀ ਜਾ ਰਹੀ ਹੈ। ਯੋਜਨਾ ਤਹਿਤ ਪਾਰਕਿੰਗ ਅਤੇ ਸਰਵਿਸ ਰੋਡ ਲਈ ਛੱਡੀ ਗਈ ਜਗ੍ਹਾ ‘ਤੇ ਹੋਟਲ ਅਤੇ ਦੁਕਾਨਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਇੱਕ ਹੋਰ ਮਾਮਲੇ ਦੀ ਸੁਣਵਾਈ ਦੌਰਾਨ ਰੋਡਵੇਜ਼ ਜੀ.ਐੱਮ. ਨੂੰ ਨਿਰਦੇਸ਼ ਦਿੱਤੇ ਕਿ ਧਨੌਰਾ ਜਾਟਾਨ ਮਾਰਗ ‘ਤੇ ਵਿਦਿਆਰਥੀਆਂ ਲਈ ਵਿਸ਼ੇਸ਼ ਇਲੈਕਟ੍ਰਿਕ ਬੱਸ ਚਲਾਈ ਜਾਵੇ।

ਮੰਤਰੀ ਸ੍ਰੀ ਕ੍ਰਿਸ਼ਨ ਲਾਲ ਪੰਵਾਰ ਨੇ ਸ਼ਾਂਤੀ ਨਗਰ ਨਿਵਾਸੀ ਦੀ ਸ਼ਿਕਾਇਤ ‘ਤੇ ਜਨ ਸਿਹਤ ਵਿਭਾਗ ਦੇ ਅਧਿਕਾਰੀ ਨੂੰ ਨਿਰਦੇਸ਼ ਦਿੱਤੇ ਕਿ ਪਾਣੀ ਦੀ ਦਿੱਕਤ ਨੂੰ ਦੂਰ ਕਰਨ ਲਈ ਇੱਕ ਨਵੇਂ ਟਿਊਬਵੈੱਲ ਦਾ ਪ੍ਰਸਤਾਵ (ਪ੍ਰਪੋਜ਼ਲ) ਤਿਆਰ ਕਰਕੇ ਭੇਜਿਆ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਪਿੰਡ ਨਰਕਾਤਾਰੀ ਸਰਪੰਚ ਦੀ ਸ਼ਿਕਾਇਤ ‘ਤੇ ਡਿਪਟੀ ਕਮਿਸ਼ਨਰ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਵਾਟਰ ਟ੍ਰੀਟਮੈਂਟ ਪਲਾਂਟ ਲਈ ਐਕੁਆਇਰ ਕੀਤੀ ਗਈ ਜ਼ਮੀਨ ‘ਤੇ ਕੀਤੇ ਗਏ ਨਾਜਾਇਜ਼ ਕਬਜ਼ੇ ਨੂੰ ਛੁਡਵਾਇਆ ਜਾਵੇ। ਇਸ ਲਈ ਡਿਊਟੀ ਮਜਿਸਟਰੇਟ ਨਿਯੁਕਤ ਕੀਤੇ ਜਾਣ ਅਤੇ ਪੁਲਿਸ ਬਲ ਨਾਲ ਕਬਜ਼ਾ ਛੁਡਵਾਇਆ ਜਾਵੇ।

ਮੰਤਰੀ ਨੇ ਦਿਆਨੰਦ ਕਲੋਨੀ ਨਿਵਾਸੀ ਦੀ ਸ਼ਿਕਾਇਤ ‘ਤੇ ਜ਼ਿਲ੍ਹਾ ਸ਼ਹਿਰੀ ਕਮਿਸ਼ਨਰ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਪੂਰੀ ਕਰਕੇ ਲੋਕਾਯੁਕਤ ਨੂੰ ਰਿਪੋਰਟ ਭੇਜੀ ਜਾਵੇ ਅਤੇ ਜਦੋਂ ਤੱਕ ਲੋਕਾਯੁਕਤ ਦਾ ਫ਼ੈਸਲਾ ਨਹੀਂ ਆਉਂਦਾ ਉਦੋਂ ਤੱਕ ਨਿਰਮਾਣ ਕੰਮ ਅਤੇ ਹੋਰ ਗ਼ੈਰ-ਕਾਨੂੰਨੀ ਢੰਗ ਨਾਲ ਕੀਤੇ ਜਾਣ ਵਾਲੇ ਕੰਮਾਂ ਨੂੰ ਰੋਕਿਆ ਜਾਵੇ।

Leave a Reply

Your email address will not be published. Required fields are marked *

Copyright © All rights reserved. | Newsphere by AF themes.