August 24, 2026

Justice News

ਅਵਾਮ ਦੀ ਆਵਾਜ਼

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਚੰਡੀਗੜ੍ਹ ਵਿੱਚ ‘ਜੈਮਸ ਆਫ ਇੰਡੀਆ’ ਦਾ ਪਾਇਲਟ ਫੇਜ ਸ਼ੁਰੂ ਕੀਤਾ

ਚੰਡੀਗੜ੍ਹ

, ( ਜਸਟਿਸ ਨਿਊਜ਼  )

ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਦੇਸ਼ ਦੇ ਹਰੇਕ ਜ਼ਿਲ੍ਹੇ ਵਿੱਚ ਉੱਭਰ ਰਹੇ ਰਚਨਾਕਾਰਾਂ ਦੀ ਪਛਾਣ, ਪ੍ਰੋਤਸਾਹਨ ਅਤੇ ਉਨ੍ਹਾਂ ਨੂੰ ਨੈਸ਼ਨਲ ਡਿਜੀਟਲ ਪਲੈਟਫਾਰਮ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ‘ਜੈਮਸ ਆਫ ਇੰਡੀਆ’ ਨਾਮ ਦੀ ਇੱਕ ਰਾਸ਼ਟਰੀ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਹੈ। ਇਸ ਪਹਿਲਕਦਮੀ ਦਾ ਉਦੇਸ਼ ਨਾਗਰਿਕਾਂ, ਨੌਜਵਾਨਾਂ ਅਤੇ ਡਿਜੀਟਲ ਰਚਨਾਕਾਰਾਂ ਨੂੰ ਆਪਣੇ ਜ਼ਿਲ੍ਹਿਆਂ ਦੀ ਵਿਲੱਖਣ ਪਛਾਣ, ਕਹਾਣੀਆਂ, ਪਰੰਪਰਾਵਾਂ, ਪ੍ਰਾਪਤੀਆਂ ਅਤੇ ਹੋਰ ਵਿਸ਼ੇਸ਼ਤਾਵਾਂ ਨੂੰ ਮੌਲਿਕ ਡਿਜੀਟਲ ਸਟੋਰੀ-ਟੈਲਿੰਗ ਰਾਹੀਂ ਪੇਸ਼ ਕਰਨ ਲਈ ਉਤਸ਼ਾਹਿਤ ਕਰਨਾ ਹੈ। ਇਹ ਪਹਿਲ ਮੰਤਰਾਲੇ ਦੁਆਰਾ ਪ੍ਰਸਾਰ ਭਾਰਤੀ ਰਾਹੀਂ ਲਾਗੂ ਕੀਤੀ ਜਾ ਰਹੀ ਹੈ। ਇਸ ਦੇ ਤਹਿਤ WAVES OTT ਦੇ MyWAVES ਸੈਕਸ਼ਨ ਨੂੰ ਰਚਨਾਕਾਰਾਂ ਦੇ ਰਜਿਸਟ੍ਰੇਸ਼ਨ ਅਤੇ ਐਂਟਰੀਆਂ ਨੂੰ ਜਮ੍ਹਾਂ ਕਰਨ ਲਈ ਨੈਸ਼ਨਲ ਡਿਜੀਟਲ ਪਲੈਟਫਾਰਮ ਦੇ ਰੂਪ ਵਿੱਚ ਵਰਤਿਆ ਜਾਵੇਗਾ। WAVES OTT ਐਪਲੀਕੇਸ਼ਨ ਨੂੰ Google Play Store ਅਤੇ Apple App Store ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।

‘ਜੈਮਸ ਆਫ ਇੰਡੀਆ’ ਦਾ ਪਾਇਲਟ ਫੇਜ 21 ਜੁਲਾਈ 2026 ਨੂੰ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ, ਅਰੁਣਾਚਲ ਪ੍ਰਦੇਸ਼, ਚੰਡੀਗੜ੍ਹ, ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦਿਉ, ਗੋਆ ਅਤੇ ਲੱਦਾਖ ਸਮੇਤ ਚੁਣੇ ਹੋਏ ਪਾਇਲਟ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸ਼ੁਰੂ ਕੀਤਾ ਗਿਆ। ਪਾਇਲਟ ਫੇਜ ਲਈ ਐਂਟਰੀਆਂ ਜਮ੍ਹਾਂ ਕਰਨ ਦੀ ਮਿਆਦ 1 ਅਗਸਤ ਤੋਂ 31 ਅਗਸਤ 2026 ਤੱਕ ਹੈ। ਇਸ ਮਿਆਦ ਦੌਰਾਨ ਯੋਗ ਉਮੀਦਵਾਰ ਆਪਣਾ original content ਜਮ੍ਹਾਂ ਕਰ ਸਕਦੇ ਹਨ। ਇਸ ਪਹਿਲ ਨੂੰ ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਸ਼ਾਮਲ ਕਰਦੇ ਹੋਏ ਰਾਸ਼ਟਰੀ ਪੱਧਰ ‘ਤੇ ਲਾਗੂ ਕਰਨ ਦੀ ਕਲਪਨਾ ਕੀਤੀ ਗਈ ਹੈ। ਇਸ ਅਧੀਨ ਲਗਭਗ 50 ਲੱਖ ਨਾਗਰਿਕਾਂ ਅਤੇ ਉੱਭਰਦੇ ਰਚਨਾਕਾਰਾਂ ਦੀ ਭਾਗੀਦਾਰੀ ਅਤੇ ਜਨਸੰਖਿਆ ਦੇ ਅਧਾਰ ‘ਤੇ ਹਰੇਕ ਜ਼ਿਲ੍ਹੇ ਤੋਂ ਲਗਭਗ 500 ਤੋਂ 15,000 ਤੋਂ ਵੱਧ ਐਂਟਰੀਆਂ ਪ੍ਰਾਪਤ ਹੋਣ ਦਾ ਅਨੁਮਾਨ ਹੈ। ਵੱਖ-ਵੱਖ ਪੱਧਰਾਂ ‘ਤੇ ਲਗਭਗ 15,000 ਪੁਰਸਕਾਰ ਪ੍ਰਦਾਨ ਕੀਤੇ ਜਾਣ ਦੀ ਵੀ ਉਮੀਦ ਹੈ।

ਨਾਗਰਿਕ, ਯੁਵਾ ਅਤੇ ਉੱਭਰ ਰਹੇ ਡਿਜੀਟਲ ਰਚਨਾਕਾਰ WAVES OTT ਐਪਲੀਕੇਸ਼ਨ ਡਾਊਨਲੋਡ ਕਰਕੇ ਮੋਬਾਈਲ ਨੰਬਰ ਰਾਹੀਂ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਤੋਂ ਬਾਅਦ MyWAVES ਸੈਕਸ਼ਨ ਵਿੱਚ Creator Profile ਬਣਾ ਕੇ ‘Gems of India’ ਪ੍ਰੋਗਰਾਮ ਦੀ ਚੋਣ ਕਰਦੇ ਹੋਏ ਨਿਰਧਾਰਿਤ ਵੇਰਵੇ ਦੇ ਨਾਲ ਆਪਣੇ orginal content ਨੂੰ ਅਪਲੋਡ ਕੀਤਾ ਜਾ ਸਕਦਾ ਹੈ। ਭਾਗੀਦਾਰ ਆਪਣੇ ਜ਼ਿਲ੍ਹੇ ਦੀ ਕਿਸੇ ਵੀ ਖਾਸ ਵਿਸ਼ੇਸ਼ਤਾ, ਕਹਾਣੀ ਜਾਂ ਪ੍ਰਾਪਤੀ ਨੂੰ ਰਚਨਾਤਮਕ ਰੂਪ ਵਿੱਚ ਪੇਸ਼ ਕਰ ਸਕਦੇ ਹਨ। ਇਨ੍ਹਾਂ ਵਿੱਚ ਸਥਾਨਕ ਸੱਭਿਆਚਾਰ ਅਤੇ ਵਿਰਾਸਤ, ਸੈਰ-ਸਪਾਟੇ ਦੇ ਸਥਾਨ, ਲੋਕ ਪਰੰਪਰਾਵਾਂ ਅਤੇ ਪ੍ਰਦਰਸ਼ਨ ਕਲਾਵਾਂ, ਦਸਤਕਾਰੀ ਅਤੇ ਹੱਥਖੱਡੀਆਂ (ਹੈਂਡੀਕ੍ਰਾਫਟ ਅਤੇ ਹੈਂਡਲੂਮ), ਸਥਾਨਕ ਪਕਵਾਨ, ਤਿਉਹਾਰ, ਮੌਖਿਕ ਪਰੰਪਰਾਵਾਂ, ਕੁਦਰਤ ਅਤੇ ਈਕੋ-ਟੂਰਿਜ਼ਮ, ਇਤਿਹਾਸਕ ਸਥਾਨ ਅਤੇ ਸਮਾਰਕ, ਪ੍ਰੇਰਨਾਦਾਇਕ ਸਥਾਨਕ ਸ਼ਖਸੀਅਤਾਂ, ਨਵੀਨਤਾਵਾਂ ਅਤੇ ਜ਼ਿਲ੍ਹੇ ਦੀਆਂ ਹੋਰ ਵਿਲੱਖਣ ਵਿਸ਼ੇਸ਼ਤਾਵਾਂ ਸ਼ਾਮਲ ਹਨ। ਇਸ ਪਹਿਲਕਦਮੀ ਰਾਹੀਂ ਵਿਸ਼ੇਸ਼ ਤੌਰ ‘ਤੇ ਪ੍ਰਮਾਣਿਕ ਅਤੇ ਪ੍ਰਭਾਵਸ਼ਾਲੀ ਕਹਾਣੀ-ਸੁਣਾਉਣ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਤਾਂ ਜੋ ਘੱਟ ਚਰਚਿਤ ਥਾਵਾਂ, ਲੋਕਾਂ ਅਤੇ ਪਰੰਪਰਾਵਾਂ ਨੂੰ ਵਿਆਪਕ ਦਰਸ਼ਕਾਂ ਤੱਕ ਪਹੁੰਚਾਇਆ ਜਾ ਸਕੇ। ਸਮੱਗਰੀ ਸ਼ੌਰਟ ਵੀਡੀਓ, ਰੀਲ, ਡਾਕਿਊਮੈਂਟਰੀ, ਪੌਡਕਾਸਟ ਅਤੇ ਬਲੌਗ ਜਿਹੇ ਫਾਰਮੈੱਟਾਂ ਵਿੱਚ 1 ਤੋਂ 3 ਮਿੰਟ ਦੀ ਮਿਆਦ ਵਿੱਚ ਪੇਸ਼ ਕੀਤੀ ਜਾ ਸਕਦੀ ਹੈ। ਫਾਈਲ ਦਾ ਅਕਾਰ 2 MB ਤੋਂ 6 GB ਤੱਕ ਨਿਰਧਾਰਿਤ ਕੀਤਾ ਗਿਆ ਹੈ।

ਸ਼ਾਨਦਾਰ ਐਂਟਰੀਆਂ ਨੂੰ ਜ਼ਿਲ੍ਹਾ, ਰਾਜ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਰਾਸ਼ਟਰੀ ਪੱਧਰ ‘ਤੇ ਸਨਮਾਨਿਤ ਕੀਤਾ ਜਾਵੇਗਾ ਅਤੇ ਕੁੱਲ ਪੁਰਸਕਾਰ ਰਾਸ਼ੀ 5 ਲੱਖ ਰੁਪਏ ਤੱਕ ਹੋਵੇਗੀ। ਜ਼ਿਲ੍ਹਾ ਪੱਧਰ ‘ਤੇ ਭਾਗੀਦਾਰੀ ਦੇ ਅਧਾਰ ‘ਤੇ ਹਰੇਕ ਜ਼ਿਲ੍ਹੇ ਵਿੱਚ ਵੱਧ ਤੋਂ  ਵੱਧ 20 ਪੁਰਸਕਾਰ ਦਿੱਤੇ ਜਾਣਗੇ, ਜਿਨ੍ਹਾਂ ਵਿੱਚ ਹਰੇਕ ਪੁਰਸਕਾਰ ਦੀ ਰਾਸ਼ੀ 50,000 ਰੁਪਏ ਹੋਵੇਗੀ। ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੱਧਰ ‘ਤੇ ਜ਼ਿਲ੍ਹਿਆਂ ਤੋਂ ਚੁਣੀਆਂ ਗਈਆਂ ਸਭ ਤੋਂ ਵਧੀਆਂ ਐਂਟਰੀਆਂ ਵਿੱਚ ਮੁਕਾਬਲਾ ਹੋਵੇਗਾ ਅਤੇ ਹਰੇਕ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲਈ 2 ਲੱਖ ਰੁਪਏ ਦਾ ਪੁਰਸਕਾਰ ਨਿਰਧਾਰਿਤ ਹੈ। ਰਾਸ਼ਟਰੀ ਪੱਧਰ ‘ਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਚੁਣੀਆਂ ਗਈਆਂ ਸਰਬੋਤਮ ਐਂਟਰੀਆਂ 5 ਲੱਖ ਰੁਪਏ ਤੱਕ ਦੇ ਪੁਰਸਕਾਰ ਦੇ ਯੋਗ ਹੋਣਗੀਆਂ, ਜਿਸ ਵਿੱਚ ਹਰੇਕ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਵੱਧ ਤੋਂ ਵੱਧ ਚਾਰ ਰਾਸ਼ਟਰੀ ਪੁਰਸਕਾਰ ਦਿੱਤੇ ਜਾਣਗੇ।

ਪੁਰਸਕਾਰ ਰਾਸ਼ੀ ਤੋਂ ਇਲਾਵਾ ਚੁਣੇ ਹੋਏ ਰਚਨਾਕਾਰਾਂ ਨੂੰ ਵਿਸ਼ਵਵਿਆਪੀ ਪਛਾਣ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ। ਸ਼ਾਨਦਾਰ ਸਮੱਗਰੀ ਨੂੰ MyWAVES, WAVES OTT, ਦੂਰਦਰਸ਼ਨ, ਆਕਾਸ਼ਵਾਣੀ ਅਤੇ ਪ੍ਰਸਾਰ ਭਾਰਤੀ ਦੇ ਹੋਰ ਡਿਜੀਟਲ ਪਲੈਟਫਾਰਮਾਂ ‘ਤੇ ਪ੍ਰਦਰਸ਼ਿਤ ਕੀਤਾ ਜਾਵੇਗਾ।

ਇਸ ਪਹਿਲਕਦਮੀ ਲਈ ਬਹੁ-ਪੱਧਰੀ ਲਾਗੂਕਰਨ ਅਤੇ ਮੁਲਾਂਕਣ ਵਿਵਸਥਾ ਬਣਾਈ ਗਈ ਹੈ। ਰਾਸ਼ਟਰੀ ਪੱਧਰ ‘ਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੀਤੀ ਸਬੰਧੀ ਮਾਰਗਦਰਸ਼ਨ ਅਤੇ ਨਿਗਰਾਨੀ ਪ੍ਰਦਾਨ ਕਰੇਗਾ, ਜਦਕਿ ਪ੍ਰਸਾਰ ਭਾਰਤੀ ਸੰਪੂਰਨ ਲਾਗੂਕਰਨ ਅਤੇ ਸਮੱਗਰੀ ਦੇ ਕਿਊਰੇਸ਼ਨ ਦੀ ਜ਼ਿੰਮੇਵਾਰੀ ਸੰਭਾਲੇਗਾ। ਰਾਜ ਸਰਕਾਰਾਂ ਰਾਜ ਨੋਡਲ ਅਧਿਕਾਰੀਆਂ ਨੂੰ ਨਾਮਜ਼ਦ ਕਰਨਗੀਆਂ ਅਤੇ ਰਾਜ-ਪੱਧਰੀ ਜਿਊਰੀ ਕਮੇਟੀਆਂ ਦਾ ਗਠਨ ਕਰਨਗੀਆਂ। ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹਾ ਪੱਧਰ ‘ਤੇ ਨੋਡਲ ਅਥਾਰਿਟੀ ਵਜੋਂ ਕੰਮ ਕਰਦੇ ਹੋਏ ਜ਼ਿਲ੍ਹਾ ਪੱਧਰੀ ਜਿਊਰੀ ਕਮੇਟੀਆਂ ਦਾ ਗਠਨ ਕਰੇਗਾ। My Bharat ਨੌਜਵਾਨਾਂ ਦੇ ਵਲੰਟੀਅਰਾਂ (ਸਵੈ-ਸੇਵਕਾਂ) ਅਤੇ ਰਚਨਾਕਾਰ ਭਾਈਚਾਰਿਆਂ ਨੂੰ ਇਸ ਪਹਿਲਕਦਮੀ ਨਾਲ ਜੋੜਨ ਵਿੱਚ ਸਹਿਯੋਗ ਕਰੇਗਾ। ਨਿਰਧਾਰਿਤ ਸਮਾਂ-ਸਾਰਣੀ ਦੇ ਅਨੁਸਾਰ ਜ਼ਿਲ੍ਹਾ ਜਿਊਰੀ ਦੁਆਰਾ ਮੁਲਾਂਕਣ ਸਤੰਬਰ 2026 ਵਿੱਚ, ਰਾਜ ਜਿਊਰੀ ਦੁਆਰਾ ਮੁਲਾਂਕਣ ਅਕਤੂਬਰ 2026 ਦੇ ਮੱਧ ਤੱਕ ਅਤੇ ਪੁਰਸਕਾਰ ਅਤੇ ਰਾਸ਼ਟਰੀ ਪ੍ਰਦਰਸ਼ਨ ਅਕਤੂਬਰ 2026 ਵਿੱਚ ਆਯੋਜਿਤ ਕੀਤੇ ਜਾਣਗੇ। ਇਸ ਤੋਂ ਬਾਅਦ ਇਸ ਪਹਿਲਕਦਮੀ ਨੂੰ ਰਾਸ਼ਟਰੀ ਪੱਧਰ ‘ਤੇ ਲਾਗੂ ਕੀਤਾ ਜਾਵੇਗਾ।

‘ਜੈਮਸ ਆਫ ਇੰਡੀਆ’ ਨੂੰ ਸਿਰਫ਼ ਇੱਕ content ਮੁਕਾਬਲੇ ਵਜੋਂ ਨਹੀਂ, ਸਗੋਂ ਜ਼ਿਲ੍ਹਾ ਪੱਧਰ ‘ਤੇ ਇੱਕ ਵਿਆਪਕ ਅਤੇ ਵਿਸਥਾਰ ਯੋਗ ਰਚਨਾਕਾਰ ਈਕੋਸਿਸਟਮ ਦੇ ਰੂਪ ਵਿੱਚ ਵਿਕਸਿਤ ਕਰਨ ਦੀ ਕਲਪਨਾ ਕੀਤੀ ਗਈ ਹੈ। ਇਸ ਦਾ ਉਦੇਸ਼ ਭਾਰਤ ਦੇ ਹਰੇਕ ਜ਼ਿਲ੍ਹੇ ਦੀ ਪ੍ਰਮਾਣਿਕ ਡਿਜੀਟਲ ਸਮੱਗਰੀ ਦਾ ਇੱਕ ਵਿਆਪਕ ਰਾਸ਼ਟਰੀ ਭੰਡਾਰ ਤਿਆਰ ਕਰਨਾ ਹੈ। ਉੱਭਰ ਰਹੇ ਰਚਨਾਕਾਰਾਂ ਨੂੰ ਰਾਸ਼ਟਰੀ ਪਲੈਟਫਾਰਮ ਪ੍ਰਦਾਨ ਕਰਕੇ ਇਹ ਪਹਿਲ ਸਥਾਨਕ ਸੈਰ-ਸਪਾਟਾ, ਰਵਾਇਤੀ ਸ਼ਿਲਪਕਾਰੀ, ਕਲਾ ਰੂਪਾਂ, ਪਕਵਾਨਾਂ, ਸੱਭਿਆਚਾਰਕ ਪਰੰਪਰਾਵਾਂ ਅਤੇ ਘੱਟ ਜਾਣੇ-ਪਛਾਣੇ ਸੈਰ-ਸਪਾਟਾ ਸਥਾਨਾਂ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਭਾਰਤ ਦੀ ਵਿਭਿੰਨ ਸਥਾਨਕ ਪਛਾਣ ਦੇ ਡਿਜੀਟਲ ਦਸਤਾਵੇਜ਼ੀਕਰਣ ਨੂੰ ਮਜ਼ਬੂਤ ਕਰੇਗੀ।

ਪਾਇਲਟ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਜਿਸ ਵਿੱਚ ਚੰਡੀਗੜ੍ਹ ਵੀ ਸ਼ਾਮਲ ਹੈ, ਦੇ ਨਾਗਰਿਕਾਂ, ਨੌਜਵਾਨਾਂ ਅਤੇ ਉੱਭਰ ਰਹੇ ਰਚਨਾਕਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ 31 ਅਗਸਤ ਤੱਕ ਉਪਲਬਧ ਬਾਕੀ ਸਮੇਂ ਦੀ ਵਰਤੋਂ ਕਰਦੇ ਹੋਏ ਇਸ ਪਹਿਲਕਦਮੀ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਆਪਣੀ ਰਚਨਾਤਮਕਤਾ ਰਾਹੀਂ ਉਨ੍ਹਾਂ ਕਹਾਣੀਆਂ ਨੂੰ ਦੇਸ਼ ਦੇ ਸਾਹਮਣੇ ਲਿਆਉਣ, ਜੋ ਉਨ੍ਹਾਂ ਦੇ ਜ਼ਿਲ੍ਹੇ ਨੂੰ ਵਿਸ਼ੇਸ਼ ਬਣਾਉਂਦੀਆਂ ਹਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.