August 24, 2026

Justice News

ਅਵਾਮ ਦੀ ਆਵਾਜ਼

ਅੰਮ੍ਰਿਤਸਰ ‘ਚ ਨਸ਼ਾ ਤੇ ਹਥਿਆਰ ਤਸਕਰੀ ਦੇ 3 ਨੈੱਟਵਰਕਾਂ ਦਾ ਪਰਦਾਫਾਸ਼: ਨਾਬਾਲਗ ਸਮੇਤ 5 ਗ੍ਰਿਫ਼ਤਾਰ, 9 ਪਿਸਤੌਲ ਅਤੇ 6.311 ਕਿਲੋ ਹੈਰੋਇਨ ਬਰਾਮਦ

 

ਅੰਮ੍ਰਿਤਸਰ/ਚੰਡੀਗੜ੍ਹ, 
(ਰਣਜੀਤ ਸਿੰਘ ਮਸੌਣ/ ਰਾਘਵ ਅਰੋੜਾ/ ਸੁਰਿੰਦਰ ਸੋਨੂੰ)-
ਪੰਜਾਬ ਵਿੱਚ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ਾ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੌਰਾਨ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ 3 ਵੱਖ-ਵੱਖ ਤਸਕਰੀ ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇੱਕ ਨਾਬਾਲਗ ਸਮੇਤ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 9 ਗੈਰ-ਕਾਨੂੰਨੀ ਪਿਸਤੌਲ, 6.311 ਕਿਲੋਗ੍ਰਾਮ ਹੈਰੋਇਨ ਅਤੇ ਤਸਕਰੀ ਲਈ ਵਰਤੇ ਜਾਂਦੇ 3 ਮੋਟਰਸਾਈਕਲ ਜ਼ਬਤ ਕੀਤੇ ਹਨ।
ਇਸ ਸਬੰਧੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਅਰਮਾਨਦੀਪ ਸਿੰਘ (20) ਅਤੇ ਤੀਰਥ ਸਿੰਘ (20) ਦੋਵੇਂ ਵਾਸੀ ਪਿੰਡ ਸ਼ੇਖਮੰਗਾ (ਸੁਲਤਾਨਪੁਰ ਲੋਧੀ, ਕਪੂਰਥਲਾ); ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ (21) ਵਾਸੀ ਪਿੰਡ ਹੇਤਮਪੁਰਾ (ਅੰਮ੍ਰਿਤਸਰ ਦਿਹਾਤੀ); ਕਮਲੇਸ਼ ਰਾਣੀ (65) ਵਾਸੀ ਇੰਦਰਾ ਕਲੋਨੀ (ਅੰਮ੍ਰਿਤਸਰ) ਅਤੇ ਇੱਕ ਨਾਬਾਲਗ ਵਜੋਂ ਹੋਈ ਹੈ।

 

ਬਰਾਮਦ ਕੀਤੇ ਹਥਿਆਰ ਅਤੇ ਨਸ਼ੀਲੇ ਪਦਾਰਥ
ਬਰਾਮਦ ਕੀਤੇ ਹਥਿਆਰਾਂ ਵਿੱਚ ਤੁਰਕੀ ਦੇ ਬਣੇ ਤਿੰਨ .30 ਬੋਰ ਜ਼ਿਗਾਨਾ ਅਤੇ ਇੱਕ 9 ਐਮਐਮ ਜ਼ਿਗਾਨਾ ਪਿਸਤੌਲ, ਚੀਨ ਦੇ ਬਣੇ ਤਿੰਨ .30 ਬੋਰ ਪਿਸਤੌਲ, ਆਸਟ੍ਰੀਆ ਦਾ ਬਣਿਆ ਇੱਕ 9 ਐਮਐਮ ਗਲੌਕ ਅਤੇ ਇਟਲੀ ਦਾ ਬਣਿਆ ਇੱਕ 9 ਐਮਐਮ ਬੇਰੇਟਾ ਪਿਸਤੌਲ ਸ਼ਾਮਲ ਹੈ।
ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਹਰਮਨਬੀਰ ਸਿੰਘ ਗਿੱਲ ਨੇ ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ:
ਪਹਿਲੀ ਕਾਰਵਾਈ: ਗੁਪਤ ਇਤਲਾਹ ‘ਤੇ ਕਾਰਵਾਈ ਕਰਦਿਆਂ ਅਰਮਾਨਦੀਪ ਸਿੰਘ ਅਤੇ ਤੀਰਥ ਸਿੰਘ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 6 ਗੈਰ-ਕਾਨੂੰਨੀ ਪਿਸਤੌਲ ਬਰਾਮਦ ਕੀਤੇ ਗਏ।
ਦੂਜੀ ਕਾਰਵਾਈ: ਇੱਕ ਨਾਬਾਲਗ ਨੂੰ 6.090 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਉਸ ਦੀ ਸ਼ਰੀਕ ਕਮਲੇਸ਼ ਰਾਣੀ ਨੂੰ 211 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਇਹ ਦੋਵੇਂ ਨਾਬਾਲਗ ਦੇ ਚਚੇਰੇ ਭਰਾ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੇ ਸਨ। ਕਮਲੇਸ਼ ਰਾਣੀ ‘ਤੇ ਪਹਿਲਾਂ ਵੀ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਹੈ।
ਤੀਜੀ ਕਾਰਵਾਈ: ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ 3 ਗ਼ੈਰ-ਕਾਨੂੰਨੀ ਪਿਸਤੌਲ ਬਰਾਮਦ ਕੀਤੇ ਗਏ।
 
ਵਿਦੇਸ਼ੀ ਹੈਂਡਲਰਾਂ ਨਾਲ ਸਬੰਧ
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਸਰਹੱਦ ਪਾਰ ਅਤੇ ਵਿਦੇਸ਼ੀ ਹੈਂਡਲਰਾਂ ਦੇ ਸੰਪਰਕ ਵਿੱਚ ਸਨ ਅਤੇ ਉਨ੍ਹਾਂ ਦੇ ਇਸ਼ਾਰੇ ‘ਤੇ ਹੀ ਹਥਿਆਰਾਂ ਤੇ ਨਸ਼ਿਆਂ ਦੀ ਖੇਪ ਪ੍ਰਾਪਤ ਕਰਕੇ ਅੱਗੇ ਸਪਲਾਈ ਕਰਦੇ ਸਨ।
ਇਸ ਸਬੰਧ ਵਿੱਚ ਅੰਮ੍ਰਿਤਸਰ ਦੇ ਥਾਣਾ ਛਾਉਣੀ ਵਿਖੇ ਅਸਲਾ ਐਕਟ ( ਮੁਕੱਦਮਾਂ ਨੰ. 151 ਅਤੇ 154) ਅਤੇ ਥਾਣਾ ਛੇਹਰਟਾ ਵਿਖੇ ਐਨ.ਡੀ.ਪੀ.ਐਸ. ਐਕਟ (ਮੁਕੱਦਮਾਂ ਨੰ. 194) ਤਹਿਤ ਤਿੰਨ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ। ਪੁਲਿਸ ਅਨੁਸਾਰ ਮਾਮਲੇ ਦੇ ਅਗਲੇ-ਪਿਛਲੇ ਸਬੰਧਾਂ ਦੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.