ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਬੰਸਪੁਰ ਦੇ ਖਿਡਾਰੀਆਂ ਨੇ ਜੋਨਲ ਖੇਡਾਂ ’ਚ ਗੱਡੇ ਜਿੱਤ ਦੇ ਝੰਡੇ
ਫਗਵਾੜਾ
(ਸ਼ਿਵ ਕੌੜਾ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਬੰਸਪੁਰ ਦੇ ਖਿਡਾਰੀਆਂ ਨੇ 70ਵੀਆਂ ਪੰਜਾਬ ਰਾਜ ਜੋਨਲ ਪੱਧਰੀ ਸਕੂਲ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ, ਮਾਪਿਆਂ, ਪਿੰਡ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਇੰਚਾਰਜ ਮੈਡਮ ਰਾਜਪ੍ਰੀਤ ਕੌਰ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖਪੁਰ ਵਿਖੇ ਆਯੋਜਿਤ ਜੋਨਲ ਪੱਧਰੀ ਖੇਡਾਂ ਵਿੱਚ ਸਕੂਲ ਰ ਦੇ ਖਿਡਾਰੀਆਂ ਨੇ ਅੰਡਰ-14 ਅਤੇ ਅੰਡਰ-17 ਵਰਗਾਂ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਪੂਰੇ ਜੋਸ਼, ਮਿਹਨਤ ਅਤੇ ਆਤਮ-ਵਿਸ਼ਵਾਸ ਨਾਲ ਹਿੱਸਾ ਲਿਆ। ਸਕੂਲ ਦੇ ਖਿਡਾਰੀਆਂ ਨੇ ਖੋ-ਖੋ ਅਤੇ ਬੈਡਮਿੰਟਨ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਕਈ ਅਹਿਮ ਪੁਜ਼ੀਸ਼ਨਾਂ ਹਾਸਲ ਕੀਤੀਆਂ। ਖੋ-ਖੋ ਦੇ ਅੰਡਰ-17 ਅਤੇ ਅੰਡਰ-14 ਲੜਕਿਆਂ ਦੀਆਂ ਟੀਮਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਮਗੇ ਆਪਣੇ ਨਾਮ ਕੀਤੇ। ਇਸੇ ਤਰ੍ਹਾਂ ਖੋ-ਖੋ ਅੰਡਰ-14 ਲੜਕੀਆਂ ਦੀ ਸਕੂਲ ਟੀਮ ਨੇ ਵੀ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਹਾਸਲ ਕਰਕੇ ਕਾਂਸੇ ਦਾ ਤਮਗਾ ਜਿੱਤਿਆ। ਬੈਡਮਿੰਟਨ ਅੰਡਰ-17 ਲੜਕਿਆਂ ਦੀ ਟੀਮ ਨੇ ਵੀ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦਾ ਤਮਗਾ ਪ੍ਰਾਪਤ ਕੀਤਾ ਹੈ। ਜੇਤੂ ਖਿਡਾਰੀਆਂ ਨੂੰ ਪੰਜਾਬ ਸਰਕਾਰ ਅਤੇ ਜੋਨਲ ਪੱਧਰੀ ਸਕੂਲ ਖੇਡਾਂ ਦੀ ਕਮੇਟੀ ਵੱਲੋਂ ਤਮਗੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਖਿਡਾਰੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਵਿੱਚ ਮੈਥ ਮਾਸਟਰ ਸਤਨਾਮ ਸਿੰਘ, ਕੋਚ ਗੁਰਦੀਪ ਸਿੰਘ ਡੁਮੇਲੀ, ਕੁਲਵੀਰ ਸਿੰਘ ਅਤੇ ਪਵਨ ਕੁਮਾਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਉਨ੍ਹਾਂ ਨੇ ਖਿਡਾਰੀਆਂ ਨੂੰ ਮੁਕਾਬਲਿਆਂ ਲਈ ਤਿਆਰ ਕਰਨ ਵਿੱਚ ਪੂਰੀ ਮਿਹਨਤ ਅਤੇ ਲਗਨ ਨਾਲ ਸਿਖਲਾਈ ਦਿੱਤੀ। ਸਕੂਲ ਵਾਪਸੀ ’ਤੇ ਜੇਤੂ ਖਿਡਾਰੀਆਂ ਅਤੇ ਕੋਚਿੰਗ ਟੀਮ ਦਾ ਵਿਸ਼ੇਸ਼ ਸਵਾਗਤ ਕੀਤਾ ਗਿਆ। ਸਕੂਲ ਇੰਚਾਰਜ ਰਾਜਪ੍ਰੀਤ ਕੌਰ ਨੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਵੱਧ ਤੋਂ ਵੱਧ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਅਤੇ ਆਪਣੇ ਸਕੂਲ, ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਲੈਕਚਰਾਰ ਮੈਡਮ ਕੁਸੁਮ, ਮੈਡਮ ਉਪਾਸਨਾ ਮਦਾਨ, ਮੈਡਮ ਸੁਮੀਤ ਕੌਰ ਸਮੇਤ ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜਰ ਸਨ।