ਬੇਰੁਜ਼ਗਾਰੀ ਇਸ ਸਮੇਂ ਸਭ ਤੋਂ ਅਹਿਮ ਮੱੁਦਾ ਹੈ, ਜਿਸ ਦੇ ਕਾਰਨ ਮੌਜੂਦਾ ਸਮੇਂ ਨੌਜੁਆਨ ਮਾਨਿਸਕਤਾ ਬਹੁਤ ਹੀ ਨਿਰਾਸ਼ਾ ਦੇ ਆਲਮ ਵਿੱਚ ਹੈ। ਦੇਸ਼ ਦਾ ਨੌਜਆਨ ਇਸ ਸਮੇਂ ਹਰ ਉਸ ਨੌਕਰੀ ਨੂੰ ਅਪਨਾਉਣ ਲਈ ਤਿਆਰ ਹੈ ਚਾਹੇ ਉਹ ਕਿੰਨੀ ਹੀ ਜੋਖਮ ਭਰੇ ਕੰਮ ਦੀ ਪ੍ਰਤੀਕ ਕਿਉਂ ਨਾ ਹੋੇਵੇ? ਦੇਸ਼ ਦੇ ਸਰਕਾਰੀ ਵਿਭਾਗਾਂ ਵਿਚ ਉਸ ਸਮੇਂ ਤੋਂ ਹੀ ਭਰਤੀਆਂ ਬੰਦ ਹਨ ਜਿਸ ਦਿਨ ਤੋਂ ਕਰੋਨਾ ਮਹਾਂਮਾਰੀ ਦੀ ਤਹਿਤ ਲਾਕਡਾਊਨ ਲੱਗਾ ਸੀ, ਪਰ ਅਸਲ ਵਿਚ ਹਰ ਇੱਕ ਵਿਭਾਗ ਤੇ ਨੌਕਰੀਆਂ ਪ੍ਰਤੀ ਤਾਲਾਬੰਦੀ ਤਾਂ ੳੇੁਸ ਸਮੇਂ ਤੋਂ ਹੀ ਲੱਗੀ ਹੋਈ ਹੈ ਜਦੋਂ ਤੋਂ ਸਰਕਾਰ ਦੀਆਂ ਸਕੀਮਾਂ ਦੇਸ਼ ਨੂੰ ਧਰਮ ਹਿੱਤਕਾਰੀ ਰਾਮ ਰਾਜ ਬਨਾਉਣ ਪ੍ਰਤੀ ਜਾਰੀ ਹਨ। ਕਿਉਂਕਿ ਸਰਕਾਰ ਦਾ ਚਲਨ ਇਹ ਹੈ ਮਹਿਲ ਬਹੁਤ ਹੀ ਉੱਚਾ ਤੇ ਆਲੀਸ਼ਾਨ ਹੋਣਾ ਚਾਹੀਦਾ ਹੈ ਭਾਵੇਂ ਉਸ ਵਿਚ ਰਹਿਣ ਵਾਲੇ ਨਰਕ ਦੀ ਜਿੰਦਗੀ ਕਿੳਂ ਨਾ ਜੀਣ ? ਇਸ ਸਮੇਂ ਸਮਾਰਕਾਂ ਅਤੇ ਮੂਰਤੀਆਂ ਦੇ ਉੱਤੇ ਪੈਸਾ ਖਰਚਨ ਲਈ ਤਾਂ ਖਜ਼ਾਨਾ ਭਰਪੂਰ ਹੈ ਪਰ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਖਜ਼ਾਨਾ ਖਾਲੀ ਹੈ।
ਕੋਈ ਸਮਾਂ ਸੀ ਕਿ ਲੋਕ ਫੌਜ ਵਿਚ ਭਰਤੀ ਨੂੰ ਲੈਕੇ ਬਹੁਤ ਹੀ ਜ਼ੋਖਮ ਭਰਿਆ ਕਾਰਜ ਮੰਨਦੇ ਸਨ । ਜਦਕਿ ਹੁਣ ਦਾ ਸਮਾਂ ਇਹ ਹੈ ਕਿ ਅਗਰ ਫੌਜ ਦੀਆਂ 20 ਨੌਕਰੀਆਂ ਹਨ ਤਾਂ ਨੌਕਰੀ ਹਾਸਲ ਕਰਨ ਵਾਲਿਆਂ ਉਮੀਦਵਾਰਾਂ ਦੀ ਗਿਣਤੀ ਇੱਕ ਲੱਖ ਤੱਕ ਪਹੁੰਚ ਜਾਂਦੀ ਹੈ। ਫੌਜ ਦੀ ਨੌਕਰੀ ਦੇ ਚੱਕਰ ਵਿਚ ਭਾਰਤ ਦੇ ਵਿੱਚ 3-4 ਸਾਲ ਤੋਂ ਨੌਜੁਆਨ ਟਰੇਨਿੰਗ ਹਾਸਲਕਰ ਰਹੇ ਹਨ ਆਪਣੇ ਸਰੀਰਾਂ ਨੂੰ ਕਾਇਮ ਕਰ ਰਹੇ ਹਨ ਕਿ ਕਿਵੇਂ ਨਾ ਕਿਵੇਂ ਭਰਤੀ ਖੁੱਲ੍ਹੇ ਤੇ ਉਹਨਾਂ ਨੂੰ ਨੌਕਰੀ ਮਿਲ ਜਾਵੇ। ਪਰ ਹੁਣ ਜਦੋਂ 2024 ਦੀਆਂ ਚੋਣਾਂ ਸਿਰ ਤੇ ਹਨ ਅਤੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ ਕਿ ਦੇਸ਼ ਦੋ ਲੋਕਾਂ ਨੂੰ ਕਿਵੇਂ ਭਰਮਾਉਣਾ ਹੈ ਤੇ ਦੁਬਾਰਾ ਰਾਜ ਕਿਵੇਂ ਹਾਸਲ ਕਰਨਾ ਹੈ। ਇਸੇ ਦੀ ਤਹਿਤ ਹੀ ਉਹਨਾਂ ਨੇ ਫੌਜ ਦੀ ਭਰਤੀ ਲਈ ਇੱਕ ਨਵੀਂ ਸਕੀਮ ਲਾਗੂ ਕੀਤੀ ਹੈ । ਕੇਂਦਰ ਸਰਕਾਰ ਦੀ ਫ਼ੌਜ ਵਿਚ ਭਰਤੀ ਲਈ ਲਿਆਂਦੀ ਗਈ ਨਵੀਂ ਸਕੀਮ ਜਿਸ ਦਾ ਨਾਂ ਅਗਨੀਪਥ ਹੈ,ਕੇਂਦਰ ਸਰਕਾਰ ਵੱਲੋਂ ਜੋ ਇਹ ਯੋਜਨਾ ਬਣਾਈ ਗਈ ਹੈ ਇਸ ਵਿੱਚ ਭਰਤੀ ਹੋਣ ਵਾਲੇ ਜਵਾਨਾਂ ਨੂੰ ਜਲ ਸੈਨਾ, ਥੱਲ ਸੈਨਾ ਅਤੇ ਵਾਜੂ ਸੈਨਾ ਵਿੱਚ ਕੋਈ ਜ਼ਿਆਦਾ ਬੈਨੀਫਿਟ ਮਿਲ਼ਣ ਵਾਲੀ ਯੋਜਨਾ ਨਹੀਂ ਹੈ। ਭਰਤੀ ਹੋਣ ਵਾਲੇ ਜਵਾਨਾਂ ਨੂੰ ਪਹਿਲੇ ਸਾਲ 30,000 ਮਹੀਨਾ, ਦੂਜੇ ਸਾਲ 33,000, ਤੀਜੇ ਸਾਲ 36,500 , ਚੌਥੇ ਸਾਲ 40,000 ਮਹੀਨਾ ਤਨਖ਼ਾਹ ਮਿਲੇਗੀ। ਇਸ ਵਿਚੋਂ ਹਰ ਮਹੀਨੇ 9,000 ਰੁਪਏ ਸਰਕਾਰ ਦੇ ਸਮਾਨ ਯੋਗਦਾਨ ਇੱਕ ਫੰਡ ਵਿੱਚ ਜਾਣਗੇ।
4 ਸਾਲ ਪੂਰੇ ਹੋਣ ਤੇ 11 ਲੱਖ 71 ਹਜ਼ਾਰ ਰੁਪਏ ਸੈਨਾ ਫੰਡ ਪੈਕੇਜ ਦੇ ਰੂਪ ਵਿੱਚ ਮਿਲਣਗੇ। ਡਿਊਟੀ ਦੌਰਾਨ ਕੰਟੀਨ ਅਤੇ ਮੈਡੀਕਲ ਸਹੂਲਤ ਮਿਲੇਗੀ। ਘਰ ਆਉਣ ਤੋਂ ਬਾਅਦ ਇਹ ਸਹੂਲਤਾਂ ਬੰਦ ਕਰ ਦਿੱਤੀਆਂ ਜਾਣਗੀਆਂ। ਜਦਕਿ 4 ਸਾਲ ਵਿੱਚ ਕੋਈ ਵੀ ਸੈਨਿਕ ਇੱਕ ਵਧੀਆ ਤਜਰਬੇਕਾਰ ਅਤੇ ਹਰ ਹੱਥਿਆਰ ਚਲਾਉਣ ਦਾ ਮਾਗਰ ਨਹੀਂ ਹੋ ਸਕਦਾ। ਇਸ ਸਕੀਮ ਦਾ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ ਤੇ ਹਰਿਆਣਾ ਸਮੇਤ ਦੇਸ਼ ਦੇ ਹੋਰਨਾਂ ਰਾਜਾਂ ‘ਚ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ ।ਖ਼ਾਸ ਕਰਕੇ ਨੌਜਵਾਨਾਂ ਵਲੋਂ ਇਸ ਦੇ ਵਿਰੋਧ ਵਿਚ ਧਰਨੇ ਅਤੇ ਸੜਕਾਂ ਜਾਮ ਕਰਕੇ ਆਪਣੀ ਨਾਰਾਗਜ਼ੀ ਪ੍ਰਗਟਾਈ ਜਾ ਰਹੀ ਹੈ । ਰੇਲਵੇ ਨੇ ਮੁਤਬਕ ਵਿਰੋਧ ਪ੍ਰਦਰਸ਼ਨਾਂ ਦੇ ਚਲਦਿਆਂ ਲਗਪਗ 34 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ । ਬਿਹਾਰ ਵਿਚ ‘ਅਗਨੀਪਥ’ ਖ਼ਿਲਾਫ਼ ਲਗਾਤਾਰ ਦੂਸਰੇ ਦਿਨ ਵੀਰਵਾਰ ਨੂੰ ਵੀ ਵਿਰੋਧ ਪ੍ਰਦਰਸ਼ਨ ਜਾਰੀ ਰਿਹਾ । ਇਸ ਦੌਰਾਨ ਕਈ ਪ੍ਰਦਰਸ਼ਨਕਾਰੀਆਂ ਨੇ ਰੇਲ ਗੱਡੀਆਂ ਵਿਚ ਅੱਗ ਲਗਾ ਦਿੱਤੀ ਅਤੇ ਪਥਰਾਅ ਵੀ ਕੀਤਾ । ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਦਾਗੇ ਅਤੇ ਰੇਲਵੇ ਪਟੜੀਆਂ ‘ਤੇ ਧਰਨਾ ਦੇਣ ਵਾਲੇ ਨੌਜਵਾਨਾਂ ਨੂੰ ਤਿਤਰ-ਬਿਤਰ ਕਰਨ ਲਈ ਲਾਠੀਚਾਰਜ ਕੀਤਾ । ਉਥੇ ਹੀ ਨਵਾਦਾ ਵਿਚ ਜਦੋਂ ਭਾਜਪਾ ਦੀ ਵਿਧਾਇਕਾ ਅਰੁਣਾ ਦੇਵੀ ਇਕ ਅਦਾਲਤ ਜਾ ਰਹੀ ਸੀ ਅਤੇ ਉਸ ਸਮੇਂ ਉਨ੍ਹਾਂ ਦੇ ਵਾਹਨ ‘ਤੇ ਪ੍ਰਦਰਸ਼ਨਕਾਰੀਆਂ ਨੇ ਪਥਰਾਅ ਕਰ ਦਿੱਤਾ, ਜਿਸ ਵਿਚ ਵਿਧਾਇਕਾ ਸਮੇਤ ਪੰਜ ਲੋਕ ਜ਼ਖ਼ਮੀ ਹੋ ਗਏ । ਫ਼ੌਜ ਵਿਚ ਭਰਤੀ ਦੀ ਨਵੀਂ ਪ੍ਰਣਾਲੀ ਤੋਂ ਨਾਰਾਜ਼ ਪ੍ਰਦਰਸ਼ਨਕਾਰੀਆਂ ਨੇ ਰੇਲਵੇ ਜਾਇਦਾਦ ਨੂੰ ਵੀ ਨੁਕਸਾਨ ਪਹੁੰਚਾਇਆ । ਪ੍ਰਦਰਸ਼ਨਕਾਰੀਆਂ ਨੇ ਭਭੁਆ ਅਤੇ ਛਪਰਾ ਸਟੇਸ਼ਨ ‘ਤੇ ਬੋਗੀਆਂ ਵਿਚ ਅੱਗ ਲਗਾ ਦਿੱਤੀ ਅਤੇ ਕਈ ਸਥਾਨਾਂ ‘ਤੇ ਡੱਬਿਆਂ ਦੇ ਸ਼ੀਸ਼ੇ ਤੋੜ ਦਿੱਤੇ । ਭੋਜਪੁਰ ਜ਼ਿਲ੍ਹਾ ਹੈੈੱਡਕੁਆਰਟਰ ਆਰਾ ਵਿਚ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀਆਂ ਨੇ ਰੇਲਵੇ ਸਟੇਸ਼ਨ ਨੂੰ ਘੇਰ ਲਿਆ, ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਹਟਾਉਣ ਲਈ ਹੰਝੂ ਗੈਸ ਦੇ ਗੋਲੇ ਦਾਗੇ । ਹਾਜੀਪੁਰ ਵਿਚ ਪੂਰਬ ਮੱਧ ਰੇਲਵੇ ਦੇ ਮੁੱਖ ਦਫ਼ਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਖੇਤਰ ਵਿਚ ਵੱਡੇ ਪੈਮਾਨੇ ‘ਤੇ ਰੇਲ ਸੇਵਾਵਾਂ ਵਿਚ ਰੁਕਾਵਟ ਆਈ । ਬਕਸਰ ਸਟੇਸ਼ਨ ਦੇ ਪ੍ਰਬੰਧਕ ਰਾਜਨ ਕੁਮਾਰ ਨੇ ਦੱਸਿਆ ਕਿ ਕਈ ਰੇਲ ਗੱਡੀਆਂ ਬਾਹਰੀ ਸਿਗਨਲ ‘ਤੇ ਫਸੀਆਂ ਹੋਈਆਂ ਹਨ ਕਿਉਂਕਿ ਅੰਦੋਲਨਕਾਰੀਆਂ ਨੇ ਪਟੜੀਆਂ ਨੂੰ ਜਾਮ ਕਰ ਦਿੱਤਾ ਹੈ । ਪ੍ਰਦਰਸ਼ਨਕਾਰੀਆਂ ਵਲੋਂ ਕੀਤੇ ਗਏ ਪ੍ਰਦਰਸ਼ਨਾਂ ਕਾਰਨ ਜਹਾਨਾਬਾਦ, ਬਕਸਰ, ਕਟਿਆਰ, ਸਾਰਨ, ਭੋਜਪੁਰ ਅਤੇ ਕੈਮੂਰ ਵਰਗੇ ਜ਼ਿਿਲ੍ਹਆਂ ਵਿਚ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਈ, ਜਿਥੇ ਪਥਰਾਅ ਦੀਆਂ ਘਟਨਾਵਾਂ ਵਿਚ ਕਈ ਲੋਕ ਜ਼ਖ਼ਮੀ ਹੋਏ । ਪੁਲਿਸ ਵਲੋਂ ਇਸ ਸੰਬੰਧ ਵਿਚ ਦਰਜ ਐਫ.ਆਈ.ਆਰ. ਅਤੇ ਗ੍ਰਿਫ਼ਤਾਰੀਆਂ ਬਾਰੇ ਤੁਰੰਤ ਕੋਈ ਜਾਣਕਾਰੀ ਨਹੀਂ ਦਿੱਤੀ ਗਈ ।
ਇਸ ਸਮੇਂ ਇਸ ਤੋਂ ਪਹਿਲਾਂ ਇੱਕ ਅਹਿਮ ਮੱੁਦਾ ਜੋ ਕਿ ਇੱਕ ਧਾਰਮਿਕ ਕੁਬੋਲਾਂ ਦਾ ਮੱੁਦਾ ਹੈ ਉਸ ਪ੍ਰਤੀ ਪੂਰੀ ਤਰ੍ਹਾਂ ਵਿਰੋਧ ਹੋ ਰਿਹਾ ਹੈ ਅਤੇ ਦੇਸ਼ ਦੇ ਕਈ ਹਿੱਸੇ ਵੀ ਅਗਜ਼ਨੀ ਤੇ ਤੋੜ-ਫੋੜ ਦੀ ਲਪੇਟ ਵਿੱਚ ਆਏ ਹੋੇਏ ਹਨ ਜਿਸ ਦੀ ਤਹਿਤ ਤੁਰੰਤ ਕਾਰਵਾਈ ਕਰਦਿਆਂ ਮੁਸਲਮਾਨ ਭਾਈਚਾਰੇ ਦੇ ਲੋਕਾਂ ਦੇ ਘਰ ਢਾਹੇ ਜਾ ਰਹੇ, ਮੁਸਲਮਾਨ ਨੌਜੁਆਨ ਸ਼ਰੇਆਮ ਥਾਣਿਆਂ ਵਿਚ ਕੁੱਟੇ ਜਾ ਰਹੇ ਹਨ ਜਦਕਿ ਮਾਮਲਾ ਸੁਪਰੀਮ ਕੋਰਟ ਤੱਕ ਪੁੱਜ ਗਿਆ ਹੈ ਕਿਉਂਕਿ ਯੂ.ਪੀ. ਪੁਲਿਸ ਦਾ ਸਿੱਧਾ ਐਲਾਨ ਹੈ ਕਿ ਹੋ ਰਹੇ ਨੁਕਸਾਨ ਦੀ ਭਰਪਾਈ ਤੁਰੰਤ ਕੀਤੀ ਜਾਵੇ। ਜਿਸ ਨੂੰ ਕਿ ਹੁਣ ਸਿੱਧਾ ਮੁਸਲਿਮ ਭਾਈਚਾਰੇ ਨੂੰ ਟਾਰਗੇਟ ਕਰਨਾ ਦੱਸਿਆ ਜਾ ਰਿਹਾ ਹੈ। ਇਸ ਦੇ ਹੀ ਨਾਲ ਇੱਕੋ ਹੀ ਸਮੇਂ ਤੇ ਜੋ ਹੁਣ ਦੇਸ਼ ਦੇ ਵਿਿਦਆਰਥੀਆਂ ਵਲੋਂ ਨੁਕਸਾਨ ਕੀਤਾ ਜਾ ਰਿਹਾ ਹੈ ਉਸ ਦੀ ਭਰਪਾਈ ਕਿੰਨ੍ਹਾਂ ਤੋਂ ਕੀਤੀ ਜਾਵੇਗੀ ।
ਕਿੰਨਾ ਹੈਰਾਨੀਜਨਕ ਤੱਥ ਹੈ ਕਿ ਆਖਿਰ ਦੇਸ਼ ਦੇ ਲੋਕਾਂ ਦੇ ਹਿੱਤ ਦੀਆਂ ਸਕੀਮਾਂ ਦਾ ਨੀਤੀਘਾੜਾ ਕੌਣ ਹੈ ? ਜਿਸ ਦੀ ਵਜ੍ਹਾ ਨਾਲ ਅੱਜ ਇਹ ਸਾਰਾ ਮਾਹੌਲ਼ ਦੇਖਣ ਨੂੰ ਮਿਲ ਰਿਹਾ ਹੈ, ਅਜਿਹੀਆਂ ਨੀਤੀਆਂ ਨੂੰ ਕੌਣ ਘੜ ਰਿਹਾ ਹੈ ਜੋ ਕਿ ਆਪਣੇ ਵੱਲੋਂ ਤਾਂ ਲੋਕਾਂ ਦੇ ਹੱਕ ਲਈ ਸਿਰਜਦਾ ਹੈ ਪਰ ਹਰ ਕੰਮ ਹੋ ਲੋਕਾਂ ਦੇ ਉਲਟ ਜਾਂਦਾ ਹੈ। ਇਹ ਹਾਲ ਕਿਸੇ ਇੱਕ ਸਰਕਾਰ ਦਾ ਨਹੀਂ ਬਲਕਿ ਹਰ ਸਰਕਾਰ ਦਾ ਹੈ ਚਾਹੇ ਉਹ ਦੇਸ਼ ਦੀ ਹੈ ਜਾਂ ਰਾਜਾਂ ਦੀ। ਲੋਕ ਚੁਣਦੇ ਤਾਂ ਹਨ ਕਿ ੳੇੁਹਨਾਂ ਦਾ ਹਰ ਪਾਸੇ ਤੋਂ ਭਲਾ ਹੋਵੇ ਪਰ ਹੋ ਸਭ ਕੱੁਝ ਉਲਟ ਰਿਹਾ ਹੈ, ਕਿਉਂਕਿ ਜਿੱਤਣ ਤੋਂ ਬਾਅਦ ਤਾਂ ਭਲਾ ਇਹਨਾਂ ਦੇ ਆਪਣੇ ਹੱਕ ਵਿਚ ਹੀ ਪਨਪਦਾ ਹੈ ਤੇ ਨੁਕਸਾਨ ਲੋਕਾਂ ਦੇ ਹੱਕ ਵਿੱਚ ਹੈ। ਲੋਕ ਰੋਹ ਇਸ ਤੋਂ ਉੱਤੇ ਕੀ ਹੋ ਸਕਦਾ ਹੈ ਕਿ ਹਰ ਪਾਸੇ ਅੱਗ ਦੇ ਭਾਂਬੜ ਮੱਚ ਰਹੇ ਹਨ ਤੇ ਇਸ ਨੂੂੰ ਬੁਝਾਉੇਣ ਵਾਲਾ ਕੋਈ ਨਹੀਂ ?
-ਬਲਵੀਰ ਸਿੰਘ ਸਿੱਧੂ
Leave a Reply