September 3, 2026

Justice News

ਅਵਾਮ ਦੀ ਆਵਾਜ਼

ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ’ਤੇ ਪ੍ਰਤੀਕਿਰਿਆ*ਭਾਜਪਾ ਦੀ ਸੰਗਠਨਾਤਮਿਕ ਤਾਕਤ ਅਤੇ ਹਾਈਕਮਾਨ ਦੇ ਫ਼ੈਸਲੇ ਸਮੇਂ ਦੀ ਕਸੌਟੀ ’ਤੇ ਹਮੇਸ਼ਾ ਖਰੇ ਉਤਰੇ ਹਨ : ਪ੍ਰੋ. ਸਰਚਾਂਦ ਸਿੰਘ ਖਿਆਲਾ।

ਅੰਮ੍ਰਿਤਸਰ,
( ਜਸਟਿਸ ਨਿਊਜ਼  )
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਜਪਾ ਦੇ ਨਵੇਂ ਸੂਬਾ ਪ੍ਰਧਾਨ ਸ. ਕੇਵਲ ਸਿੰਘ ਢਿੱਲੋਂ ਦੀ ਨਿਯੁਕਤੀ ਸਬੰਧੀ ਦਿੱਤੇ ਬਿਆਨਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਭਾਜਪਾ ਇੱਕ ਵਿਅਕਤੀ-ਕੇਂਦਰਿਤ ਨਹੀਂ, ਸਗੋਂ ਵਿਚਾਰਧਾਰਾ ਅਤੇ ਸੰਗਠਨ-ਕੇਂਦਰਿਤ ਪਾਰਟੀ ਹੈ, ਜਿੱਥੇ ਫ਼ੈਸਲੇ ਵਿਅਕਤੀਗਤ ਪਸੰਦ-ਨਾਪਸੰਦ ਦੀ ਬਜਾਏ ਪਾਰਟੀ ਦੇ ਲੰਮੇ ਅਨੁਭਵ, ਸੰਗਠਨਾਤਮਿਕ ਲੋੜਾਂ ਅਤੇ ਭਵਿੱਖੀ ਰਣਨੀਤੀ ਨੂੰ ਧਿਆਨ ਵਿੱਚ ਰੱਖ ਕੇ ਕੀਤੇ ਜਾਂਦੇ ਹਨ।
ਪ੍ਰੋ. ਖਿਆਲਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਅਤੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਪਿਛਲੇ ਇੱਕ ਦਹਾਕੇ ਦੌਰਾਨ ਜੋ ਵੀ ਰਾਜਨੀਤਿਕ ਅਤੇ ਸੰਗਠਨਾਤਮਿਕ ਫ਼ੈਸਲੇ ਕੀਤੇ ਹਨ, ਉਨ੍ਹਾਂ ਦੀ ਸਫ਼ਲਤਾ ਨੂੰ ਦੇਸ਼ ਦੇ ਲੋਕਾਂ ਨੇ ਵਾਰ-ਵਾਰ ਚੋਣ ਨਤੀਜਿਆਂ ਰਾਹੀਂ ਪ੍ਰਮਾਣਿਤ ਕੀਤਾ ਹੈ। ਇਸੇ ਤਰ੍ਹਾਂ ਸ. ਕੇਵਲ ਸਿੰਘ ਢਿੱਲੋਂ ਦੀ ਨਿਯੁਕਤੀ ਵੀ ਉਸੇ ਵਿਆਪਕ ਰਾਜਨੀਤਿਕ ਦ੍ਰਿਸ਼ਟੀ ਅਤੇ ਦੂਰਅੰਦੇਸ਼ੀ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਸ. ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਪੰਜਾਬ ਭਾਜਪਾ ਹੋਰ ਮਜ਼ਬੂਤ ਹੋਵੇਗੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ “ਵਿਕਸਿਤ ਭਾਰਤ–ਵਿਕਸਿਤ ਪੰਜਾਬ” ਦੇ ਸੁਪਨੇ ਨੂੰ ਸਾਕਾਰ ਕਰਨ ਲਈ ਨਵੇਂ ਜੋਸ਼ ਨਾਲ ਅੱਗੇ ਵਧੇਗੀ।
ਪ੍ਰੋ. ਖਿਆਲਾ ਨੇ ਕਿਹਾ ਕਿ ਕਿਸੇ ਵੀ ਲੋਕਤੰਤਰਿਕ ਪਾਰਟੀ ਵਿੱਚ ਅਹੁਦਿਆਂ ਦੀ ਚੋਣ ਕੇਵਲ ਜਾਤੀਗਤ ਗਣਿਤ ਦੇ ਆਧਾਰ ’ਤੇ ਨਹੀਂ ਹੁੰਦੀ। ਭਾਜਪਾ ਨੇ ਹਮੇਸ਼ਾ ਯੋਗਤਾ ਅਤੇ ਸਮਾਜਿਕ ਸਮਾਵੇਸ਼ਤਾ ਵਿਚਕਾਰ ਸੰਤੁਲਨ ਬਣਾਇਆ ਹੈ। ਪੰਜਾਬ ਵਰਗੇ ਬਹੁ-ਪੱਖੀ ਸਮਾਜ ਵਿੱਚ ਹਰ ਵਰਗ ਦੀ ਭਾਗੀਦਾਰੀ ਅਤੇ ਨੁਮਾਇੰਦਗੀ ਨੂੰ ਭਾਜਪਾ ਵੱਲੋਂ ਮਹੱਤਵ ਦੇਣਾ ਲੋਕਤੰਤਰ ਦੀ ਮਜ਼ਬੂਤੀ ਦਾ ਹਿੱਸਾ ਹੈ।
ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਨਾਲ ਸੰਬੰਧਿਤ ਸ. ਕੇਵਲ ਸਿੰਘ ਢਿੱਲੋਂ ਪੰਜਾਬ ਦੀ ਰਾਜਨੀਤੀ ਵਿੱਚ ਲੰਮੇ ਸਮੇਂ ਦਾ ਤਜਰਬਾ, ਵਿਸ਼ਾਲ ਜਨ-ਸੰਪਰਕ ਅਤੇ ਸੰਗਠਨ ਖੜ੍ਹਾ ਕਰਨ ਦੀ ਸਮਰੱਥਾ ਰੱਖਣ ਵਾਲੇ ਆਗੂ ਹਨ। ਵੱਖ-ਵੱਖ ਖੇਤਰਾਂ ਅਤੇ ਵਰਗਾਂ ਵਿੱਚ ਕੰਮ ਕਰਕੇ ਉਨ੍ਹਾਂ ਨੇ ਆਪਣੀ ਵਿਲੱਖਣ ਪਛਾਣ ਬਣਾਈ ਹੈ। ਇਸ ਕਾਰਨ ਉਹ ਭਾਜਪਾ ਦੀਆਂ ਰਾਜਨੀਤਿਕ ਉਮੀਦਾਂ ਨੂੰ ਪੂਰਾ ਕਰਨ ਅਤੇ ਸਾਰਥਕ ਨਤੀਜੇ ਦੇਣ ਦੇ ਸਮਰੱਥ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਾਸ਼ਟਰੀ ਪ੍ਰਧਾਨ ਸ਼੍ਰੀ ਨਿਤਿਨ ਨਬੀਨ ਦੀ ਕੇਂਦਰੀ ਲੀਡਰਸ਼ਿਪ ਨੇ ਸ. ਕੇਵਲ ਸਿੰਘ ਢਿੱਲੋਂ ਦੀ ਬਹੁਪੱਖੀ ਯੋਗਤਾ ’ਤੇ ਭਰੋਸਾ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਸੂਬਾਈ ਪ੍ਰਧਾਨ ਨਿਯੁਕਤ ਕਰਕੇ ਇਹ ਸੰਦੇਸ਼ ਦਿੱਤਾ ਹੈ ਕਿ ਪਾਰਟੀ ਪੰਜਾਬ ਦੇ ਹਰ ਵਰਗ ਅਤੇ ਹਰ ਖੇਤਰ ਤੱਕ ਆਪਣਾ ਵਿਸਥਾਰ ਕਰਨ ਲਈ ਦ੍ਰਿੜ੍ਹ ਸੰਕਲਪਿਤ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਹਰ ਕਾਰਕੁਨ ਕੇਂਦਰੀ ਲੀਡਰਸ਼ਿਪ ਦੇ ਫ਼ੈਸਲਿਆਂ ’ਤੇ ਪੂਰਾ ਭਰੋਸਾ ਰੱਖਦਾ ਹੈ ਅਤੇ ਸਮਾਂ ਇਨ੍ਹਾਂ ਫ਼ੈਸਲਿਆਂ ਦੀ ਸਾਰਥਕਤਾ ਨੂੰ ਸਾਬਤ ਕਰੇਗਾ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਜਪਾ ਦੇ ਕੇਂਦਰੀਕ੍ਰਿਤ ਢਾਂਚੇ ਸਬੰਧੀ ਕੀਤੀ ਟਿੱਪਣੀ ’ਤੇ ਪ੍ਰਤੀਕਿਰਿਆ ਦਿੰਦਿਆਂ ਪ੍ਰੋ. ਖਿਆਲਾ ਨੇ ਕਿਹਾ ਕਿ ਭਾਜਪਾ ਦੀ ਸਭ ਤੋਂ ਵੱਡੀ ਤਾਕਤ ਹੀ ਉਸ ਦਾ ਅਨੁਸ਼ਾਸਿਤ ਅਤੇ ਰਾਸ਼ਟਰੀ ਦ੍ਰਿਸ਼ਟੀ ਵਾਲਾ ਸੰਗਠਨ ਹੈ। ਜਦੋਂ ਪਾਰਟੀ ਦਾ ਇੱਕੋ ਜਿਹਾ ਵਿਜ਼ਨ ਕਸ਼ਮੀਰ ਤੋਂ ਕੰਨਿਆਕੁਮਾਰੀ ਅਤੇ ਕੱਛ ਤੋਂ ਕਾਮਰੂਪ ਤੱਕ ਲਾਗੂ ਹੁੰਦਾ ਹੈ ਤਾਂ ਇਹ ਕੇਂਦਰੀਕਰਨ ਨਹੀਂ, ਸਗੋਂ ਸੰਗਠਨਾਤਮਿਕ ਏਕਤਾ ਅਤੇ ਨੀਤੀਗਤ ਸਪਸ਼ਟਤਾ ਦਾ ਪ੍ਰਤੀਕ ਹੁੰਦਾ ਹੈ। ਇਸੇ ਮਾਡਲ ਨੇ ਭਾਜਪਾ ਨੂੰ ਦੁਨੀਆ ਦੀ ਸਭ ਤੋਂ ਵੱਡੀ ਲੋਕਤੰਤਰਿਕ ਪਾਰਟੀ ਬਣਾਇਆ ਹੈ। ਪਾਰਟੀ ਦੀ ਰਾਜਨੀਤੀ ਸਿਧਾਂਤਾਂ, ਵਿਕਾਸ ਅਤੇ ਰਾਸ਼ਟਰਹਿਤ ’ਤੇ ਆਧਾਰਿਤ ਹੈ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਅਕਾਲੀ ਦਲ ਨਾਲ ਗੱਠਜੋੜ ਦੀ ਵਕਾਲਤ ’ਤੇ ਪ੍ਰੋ. ਖਿਆਲਾ ਨੇ ਕਿਹਾ ਕਿ ਗੱਠਜੋੜਾਂ ਬਾਰੇ ਫ਼ੈਸਲੇ ਸਮੇਂ ਅਤੇ ਹਾਲਾਤਾਂ ਅਨੁਸਾਰ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਕਰਦੀ ਹੈ ਅਤੇ ਉਸ ਦੇ ਹਰ ਫ਼ੈਸਲੇ ਦਾ ਆਧਾਰ ਰਾਸ਼ਟਰਹਿਤ ਅਤੇ ਜਨਹਿਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸੰਗਠਨ ਦੀ ਸਖ਼ਤ ਮਿਹਨਤ ਸਦਕਾ ਭਾਜਪਾ ਕੋਲ ਅੱਜ ਪੰਜਾਬ ਵਿੱਚ ਜ਼ਮੀਨੀ ਪੱਧਰ ਦਾ ਮਜ਼ਬੂਤ ਢਾਂਚਾ ਅਤੇ ਲੋੜੀਂਦਾ ਮਜ਼ਬੂਤ ਕਾਡਰ ਮੌਜੂਦ ਹੈ।
ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਲੋਕ ਸਭਾ ਚੋਣਾਂ, ਜ਼ਿਮਨੀ ਚੋਣਾਂ, ਪੰਚਾਇਤੀ ਚੋਣਾਂ ਅਤੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਭਾਜਪਾ ਦਾ ਪ੍ਰਦਰਸ਼ਨ ਉਮੀਦਾਂ ਤੋਂ ਬਿਹਤਰ ਰਿਹਾ ਹੈ। ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਭਾਜਪਾ ਪੰਜਾਬ ਵਿੱਚ ਲਗਾਤਾਰ ਆਪਣੇ ਸੰਗਠਨ ਦਾ ਵਿਸਥਾਰ ਕਰ ਰਹੀ ਹੈ ਅਤੇ ਪਿੰਡਾਂ, ਕਿਸਾਨਾਂ, ਨੌਜਵਾਨਾਂ, ਮਹਿਲਾਵਾਂ, ਅਨੁਸੂਚਿਤ ਜਾਤੀਆਂ ਅਤੇ ਘੱਟ ਗਿਣਤੀਆਂ ਵਿੱਚ ਆਪਣੀ ਪਹੁੰਚ ਨੂੰ ਮਜ਼ਬੂਤ ਕਰ ਰਹੀ ਹੈ। ਅੱਜ ਭਾਜਪਾ ਪੰਜਾਬ ਵਿੱਚ ਇੱਕ ਵਿਕਲਪ ਅਤੇ ਭਰੋਸੇਯੋਗ ਰਾਜਨੀਤਿਕ ਸ਼ਕਤੀ ਵਜੋਂ ਉੱਭਰ ਚੁੱਕੀ ਹੈ। ਭਾਜਪਾ ਆਪਣੇ ਬਲਬੂਤੇ ’ਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਦਾ ਵਿਸ਼ਵਾਸ ਹਾਸਲ ਕਰੇਗੀ ਅਤੇ ਸਰਕਾਰ ਬਣਾਏਗੀ।
ਪ੍ਰੋ. ਖਿਆਲਾ ਨੇ ਕਿਹਾ ਕਿ ਪੰਜਾਬ ਅੱਜ ਗੰਭੀਰ ਆਰਥਿਕ ਮੰਦਹਾਲੀ, ਖੇਤੀਬਾੜੀ ਸੰਕਟ, ਨਸ਼ਿਆਂ ਦੀ ਸਮੱਸਿਆ, ਸਮਾਜਿਕ ਵਿਗਾੜ ਅਤੇ ਕਾਨੂੰਨ ਵਿਵਸਥਾ ਦੀਆਂ ਚੁਨੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਇਸ ਤੋਂ ਇਲਾਵਾ ਪਾਕਿਸਤਾਨ ਨਾਲ ਲੱਗਦੀ ਸਰਹੱਦ ਕਾਰਨ ਸੁਰੱਖਿਆ ਸਬੰਧੀ ਚਿੰਤਾਵਾਂ ਵੀ ਵਧੀਆਂ ਹਨ। ਪੰਜਾਬ ਨੂੰ ਮੁੜ ਵਿਕਾਸ, ਨਿਵੇਸ਼, ਰੋਜ਼ਗਾਰ ਅਤੇ ਸੁਰੱਖਿਆ ਦੇ ਰਾਹ ’ਤੇ ਲਿਆਉਣ ਦੀ ਲੋੜ ਹੈ। ਅਜਿਹੇ ਸਮੇਂ ਵਿਅਕਤੀਗਤ ਅਸਹਿਮਤੀਆਂ ਜਾਂ ਅਹੁਦਿਆਂ ਬਾਰੇ ਚਰਚਾ ਕਰਨ ਦੀ ਬਜਾਏ ਸੂਬੇ ਦੇ ਭਵਿੱਖ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ’ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ।

More Stories

Leave a Reply

Your email address will not be published. Required fields are marked *

You may have missed

Copyright © All rights reserved. | Newsphere by AF themes.