ਚਮਕੌਰ ਦੀ ਗੜ੍ਹੀ ਕਿੱਥੇ ਐ ?
ਜੰਗ ਕਿੱਥੇ ਹੋ ਰਹੀ ਐ ?
ਕੌਣ ਲੜ ਰਿਹਾ ਹੈ?
ਕੌਣ ਮਰ ਰਿਹਾ ਹੈ?
ਸਭ ਮਾਤਮ ਹੀ ਤਾਂ ਕਰ ਰਹੇ ਹਨ।
ਮਰ ਰਹੇ ਹਨ, ਮਾਰੇ ਜਾ ਰਹੇ ਹਨ।
ਇਹ ਸਮਾਂ ਮਾਤਮ ਕਰਨ ਦਾ ਐ ?
ਸੱਤਾ ਤੁਹਾਡੇ ਅੰਦਰਲੇ ਨੂੰ ਜਗਾਉਣ
ਲਈ ਅਸਫਲ ਹੋ ਰਹੀ ਐ।
ਤੁਸੀਂ ਮਿੱਟੀ ਦੇ ਮਾਧੋ ਬਣੇ ਹੋਏ ਹੋ।
ਗਰਜਾ ਤੋਂ ਗਿਰਝਾਂ ਬਣ ਕੇ
ਇਕ ਦੂਜੇ ਨੂੰ ਚੂੰਡ ਰਹੇ ਓ
ਤੁਹਾਡੇ ਅੰਦਰੋਂ ਬੰਦਾ ਮਰ ਗਿਆ ਹੈ
ਤੁਸੀਂ ਮੁਰਦੇ ਬਣ ਕੇ
ਆਪੋ ਆਪਣੀ ਲਾਸ਼ ਨੂੰ ਚੁੱਕੀ
ਦੌੜ ਰਹੇ ਹੋ, ਉਹਨਾਂ ਗਿਰਝਾਂ ਤੋਂ
ਜੋ ਤੁਸੀਂ ਆਪ ਪਾਲ ਕੇ ਵੱਡੀਆਂ ਕੀਤੀਆਂ,
ਹੁਣ ਉਹ ਤੁਹਾਡੇ ਆਲੇ ਦੁਆਲੇ ਮੰਡਲਾਉਦੀਆਂ ਨੇ
ਤੁਹਾਡੇ ਦੁਆਲੇ ਕਾਂ, ਕੁੱਤੇ ਫਿਰਦੇ ਹਨ
ਤੁਸੀਂ ਆਪਣੀ ਲਾਸ਼ ਨੂੰ ਚੁੱਕੀ ਅੰਨੀਆਂ
ਗੁਫਾਵਾਂ ਵੰਨੀ ਜਾ ਰਹੇ ਓ
ਤੁਹਾਡੇ ਮਗਰ ਸੋਗ ਦੀ ਲਹਿਰ ਦੌੜ ਰਹੀ ਹੈ,
ਰੋਣ ਦੀ ਆਵਾਜ਼ ਆਉਂਦੀ ਐ,
ਇਸ ਆਵਾਜ਼ ਦੇ ਵਿਚੋਂ ਤੁਸੀਂ
ਆਪਣਿਆਂ ਦੀ ਆਵਾਜ਼ ਤਲਾਸ਼ ਦੇ ਓ
ਮਾਂ, ਪਤਨੀ, ਭੈਣ, ਮਹਿਬੂਬ ਜਾਂ ਕੋਈ ਹੋਰ,
ਜਿਸ ਨੂੰ ਆਪਣਾ ਸਮਝਦੇ ਓ
ਸਭ ਦੀ ਆਵਾਜ਼ ਇੱਕੋ ਜਿਹੀ ਐ
ਤੁਸੀਂ ਹੈਰਾਨ ਹੋ ਤੇ ਪ੍ਰੇਸ਼ਾਨ ਹੋ
ਤੁਹਾਨੂੰ ਕੋਈ ਵੀ ਆਪਣਾ ਨਜ਼ਰ ਨਹੀਂ ਆਉਂਦਾ,
ਤੁਸੀਂ ਸੋਚਦੇ ਓ ਆਪਣੇ ਮੂੰਹ ਉੱਤੇ ਹੱਥ ਫੇਰ ਕੇ,
ਦੇਖਦੇ ਓ ਕਿ ਮੈਂ ਜਿਉਂਦਾ ਹਾਂ ?
ਜੇ ਜਿਉਂਦਾ ਹਾਂ
ਫਿਰ ਕਿਉਂ ਨਹੀਂ ਬੋਲਿਆ
ਜੇ ਜਿਉਂਦਾ ਸੀ ਤਾਂ ਕਿਉਂ ਨਹੀਂ
ਕਲਮ ਚੁੱਕੀ ਤੇ ਲਿਖਿਆ ਸਮੇਂ ਦਾ ਸੱਚ
ਨਾ ਮੈਂ ਬੋਲਿਆ, ਨਾ ਲਿਖਿਆ
ਨਾ ਪੜ੍ਹਿਆ, ਨਾ ਸੁਣਿਆ
ਨਾ ਮੰਨਿਆ, ਨਾ ਅਮਲ ਕੀਤਾ
ਅਸੀਂ ਤੇ ਤੁਸੀਂ ਸਭ
ਮਿੱਟੀ ਦੇ ਮਾਧੋ ਆਂ
ਮਿੱਟੀ ਨੇ ਆਖਿਰ ਮਿੱਟੀ ਹੋਣਾ ਐ
ਆਓ ਕਿਸੇ ਲਈ ਕੁੱਝ ਬਣੀਏ
ਰੁੱਖ ਜਾਂ ਮਨੁੱਖ!
ਧਮਕ ਨਗਾਰੇ ਦੀ ਸੁਣੋ
==
ਬੁੱਧ ਸਿੰਘ ਨੀਲੋਂ
9464370823
Leave a Reply