September 2, 2026

Justice News

ਅਵਾਮ ਦੀ ਆਵਾਜ਼

ਸਕੂਲ ਪ੍ਰਬੰਧਕ ਸੇਫ਼ ਸਕੂਲ ਵਾਹਨ ਪਾਲਿਸੀ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ- ਆਰ.ਟੀ.ਓ. ਗੁਪਤਾ

ਅੰਮ੍ਰਿਤਸਰ
(ਰਣਜੀਤ ਸਿੰਘ ਮਸੌਣ/ ਰਾਘਵ ਅਰੋੜਾ)
– ਸ੍ਰੀ ਹਿਤੇਸ਼ ਵੀਰ ਗੁਪਤਾ, ਖੇਤਰੀ ਟਰਾਂਸਪੋਰਟ ਅਫ਼ਸਰ, ਅੰਮ੍ਰਿਤਸਰ ਨੇ ਕਿਹਾ ਹੈ ਕਿ ਸਕੂਲ ਜਾਣ ਵਾਲੇ ਬੱਚਿਆਂ ਦੀ ਸੁਰੱਖਿਆ ਟਰਾਂਸਪੋਰਟ ਵਿਭਾਗ ਦੀ ਸਭ ਤੋਂ ਵੱਡੀ ਤਰਜੀਹ ਹੈ ਅਤੇ ਸਾਰੇ ਸਕੂਲਾਂ ਅਤੇ ਟਰਾਂਸਪੋਰਟ ਆਪਰੇਟਰਾਂ ਵੱਲੋਂ ਸੇਫ਼ ਸਕੂਲ ਵਾਹਨ ਪਾਲਿਸੀ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਗੀ।
ਆਰ.ਟੀ.ਓ. ਨੇ ਕਿਹਾ ਕਿ ਸਾਰੇ ਸਕੂਲ ਪ੍ਰਬੰਧਕਾਂ, ਸਕੂਲ ਬੱਸ ਠੇਕੇਦਾਰਾਂ ਅਤੇ ਆਪਰੇਟਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸਕੂਲੀ ਬੱਚਿਆਂ ਨੂੰ ਲਿਜਾਣ ਵਾਲਾ ਹਰ ਵਾਹਨ ਸੇਫ਼ ਸਕੂਲ ਵਾਹਨ ਪਾਲਿਸੀ ਅਤੇ ਮੋਟਰ ਵਹੀਕਲ ਐਕਟ ਦੀਆਂ ਸਾਰੀਆਂ ਸ਼ਰਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰੇ। ਉਨ੍ਹਾਂ ਸਪੱਸ਼ਟ ਕੀਤਾ ਕਿ ਵਿਭਾਗ ਦਾ ਉਦੇਸ਼ ਸਿਰਫ਼ ਚਲਾਨ ਕਰਨਾ ਨਹੀਂ, ਸਗੋਂ ਇਹ ਯਕੀਨੀ ਬਣਾਉਣਾ ਹੈ ਕਿ ਬੱਚਿਆਂ ਨੂੰ ਲਿਜਾਣ ਵਾਲੇ ਵਾਹਨ ਸੁਰੱਖਿਅਤ, ਅਧਿਕਾਰਤ ਅਤੇ ਸਾਰੇ ਨਿਯਮਾਂ ਅਨੁਸਾਰ ਹੋਣ।
      ਉਨ੍ਹਾਂ ਅੱਗੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਸਬੰਧੀ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਕੂਲਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਸਾਰੇ ਲਾਜ਼ਮੀ ਸੁਰੱਖਿਆ ਪ੍ਰਬੰਧ ਜਿਵੇਂ ਕਿ ਵੈਧ ਪਰਮਿਟ, ਫਿਟਨੈੱਸ ਸਰਟੀਫਿਕੇਟ, ਸਪੀਡ ਗਵਰਨਰ, ਸੀ.ਸੀ.ਟੀ.ਵੀ. ਕੈਮਰੇ, ਜੀ.ਪੀ.ਐੱਸ. ਸਿਸਟਮ, ਅੱਗ ਬੁਝਾਉਣ ਵਾਲੇ ਯੰਤਰ, ਫਰਸਟ ਏਡ ਸੁਵਿਧਾਵਾਂ ਅਤੇ ਹੋਰ ਨਿਰਧਾਰਤ ਸੁਰੱਖਿਆ ਉਪਕਰਣ ਯਕੀਨੀ ਬਣਾਏ ਜਾਣ।
    ਮਾਪਿਆਂ ਨੂੰ ਅਪੀਲ ਕਰਦਿਆਂ ਆਰ.ਟੀ.ਓ. ਨੇ ਕਿਹਾ ਕਿ ਉਹ ਸਿਰਫ਼ ਸਹੂਲਤ ਦੇ ਲਈ ਆਪਣੇ ਬੱਚਿਆਂ ਨੂੰ ਗੈਰ-ਅਧਿਕਾਰਤ, ਓਵਰਲੋਡ ਜਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਵਿੱਚ ਨਾ ਭੇਜਣ, ਕਿਉਂਕਿ ਇਸ ਨਾਲ ਬੱਚਿਆਂ ਦੀ ਜਾਨ ਨੂੰ ਗੰਭੀਰ ਖ਼ਤਰਾ ਹੋ ਸਕਦਾ ਹੈ। ਮਾਪਿਆਂ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਸਕੂਲ ਟਰਾਂਸਪੋਰਟ ਪ੍ਰਬੰਧਨ ਜਾਂ ਠੇਕੇਦਾਰ ਵੱਲੋਂ ਕੋਈ ਉਲੰਘਣਾ ਜਾਂ ਲਾਪਰਵਾਹੀ ਕੀਤੀ ਜਾਂਦੀ ਹੈ ਤਾਂ ਉਸ ਦੀ ਜਾਣਕਾਰੀ ਤੁਰੰਤ ਦਫ਼ਤਰ ਨੂੰ ਦਿੱਤੀ ਜਾਵੇ ਤਾਂ ਜੋ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ।
ਆਰ.ਟੀ.ਓ. ਨੇ ਅੱਗੇ ਕਿਹਾ ਕਿ ਗਰਮੀਆਂ ਦੀਆਂ ਛੁੱਟੀਆਂ ਨੂੰ ਧਿਆਨ ਵਿੱਚ ਰੱਖਦਿਆਂ ਸਕੂਲ ਅਤੇ ਟਰਾਂਸਪੋਰਟ ਆਪਰੇਟਰ ਇਸ ਸਮੇਂ ਦੌਰਾਨ ਸਾਰੀਆਂ ਕਮੀਆਂ ਨੂੰ ਦੂਰ ਕਰਨ ਅਤੇ ਸਕੂਲ ਖੁੱਲ੍ਹਣ ਤੋਂ ਪਹਿਲਾਂ ਆਪਣੇ ਵਾਹਨਾਂ ਨੂੰ ਸੇਫ਼ ਸਕੂਲ ਵਾਹਨ ਪਾਲਿਸੀ ਅਨੁਸਾਰ ਪੂਰੀ ਤਰ੍ਹਾਂ ਯੋਗ ਬਣਾਉਣ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਸਕੂਲ ਖੁੱਲ੍ਹਣ ਤੋਂ ਬਾਅਦ ਵਿਸ਼ੇਸ਼ ਐਨਫੋਰਸਮੈਂਟ ਮੁਹਿੰਮ ਚਲਾਈ ਜਾਵੇਗੀ ਅਤੇ ਮੋਟਰ ਵਹੀਕਲ ਐਕਟ ਤਹਿਤ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਕੂਲੀ ਬੱਚਿਆਂ ਨੂੰ ਲਿਜਾਣ ਵਾਲੇ ਗੈਰ-ਅਨੁਕੂਲ ਵਾਹਨਾਂ ਦੇ ਚਲਾਨ ਕੀਤੇ ਜਾਣਗੇ ਅਤੇ ਕਾਨੂੰਨ ਅਨੁਸਾਰ ਉਹਨਾਂ ਨੂੰ ਜ਼ਬਤ ਵੀ ਕੀਤਾ ਜਾਵੇਗਾ।
     ਖੇਤਰੀ ਟਰਾਂਸਪੋਰਟ ਅਫ਼ਸਰ ਨੇ ਸਾਰੇ ਹਿੱਸੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਸਕੂਲੀ ਬੱਚਿਆਂ ਲਈ ਸੁਰੱਖਿਅਤ ਅਤੇ ਭਰੋਸੇਯੋਗ ਆਵਾਜਾਈ ਯਕੀਨੀ ਬਣਾਉਣ ਲਈ ਸਾਂਝੇ ਤੌਰ ‘ਤੇ ਯਤਨ ਕਰਨ ਅਤੇ ਇਸ ਮਹੱਤਵਪੂਰਨ ਜਨ ਸੁਰੱਖਿਆ ਮੁਹਿੰਮ ਵਿੱਚ ਵਿਭਾਗ ਦਾ ਸਹਿਯੋਗ ਕਰਨ।

More Stories

Leave a Reply

Your email address will not be published. Required fields are marked *

You may have missed

Copyright © All rights reserved. | Newsphere by AF themes.