September 2, 2026

Justice News

ਅਵਾਮ ਦੀ ਆਵਾਜ਼

ਜਦੋਂ ਅਸੀਂ ਫੁੱਲਾਂ ਦੇ ਰੰਗਾਂ ਵਿੱਚ ਰੰਗੇ ਗਏ

ਉਜਾਗਰ ਸਿੰਘ

ਅਮਰੀਕ ਦੇ ਕੈਲੇਫ਼ੋਨੀਆਂ ਰਾਜ ਵਿੱਚ ਲਾਸ ਏਂਜਲਸ ਅਤੇ ਸੈਂਡੀਆਗੋ ਦੇ ਵਿਚਕਾਰ ਕਾਰਲਸਬੈਡ ਸ਼ਹਿਰ ਵਿੱਚ ਇੱਕ ਬਹੁਤ ਹੀ
ਸੁੰਦਰ ਦਿਲ ਨੂੰ ਮੋਹਣ ਵਾਲਾ ਮਨਮੋਹਕ ਰੈਨਨਕਿਊਲਸ ਦੇ ਵਿਸ਼ਾਲ ਖੇਤ ਅਰਥਾਤ ਫਲਾਵਰ ਗਾਰਡਨ (ਫੁੱਲਾਂ ਦੇ ਖੇਤ) ਬਹੁ-ਰੰਗੇ
ਫੁੱਲਾਂ ਦੀ ਮਹਿਕ ਦਾ ਕੇਂਦਰ ਬਿੰਦੂ ਬਣਿਆਂ ਹੋਇਆ ਹੈ। ਇਸ ਫੁੱਲਾਂ ਦੇ ਖੇਤ ਵਿੱਚ ਪੈਟੂਨੇਸੀਆ, ਸਟੀਵ ਪੀ, ਪੋਇਨਸੇਟੀਆ,
ਆਰਕਿਡ, ਗੁਲਾਬੀ, ਪੀਲਾ, ਲਾਲ, ਚਿੱਟਾ, ਜਾਮਨੀ, ਪਪੀ, ਲਿਲੀ ਅਤੇ ਹੋਰ ਹਜ਼ਾਰਾਂ ਕਿਸਮਾਂ ਦੇ ਫੁੱਲਾਂ ਦੀਆਂ ਰੰਗਤਾਂ ਦੇਖ ਸਕਦੇ
ਹੋ। ਇਸ ਫੁੱਲਾਂ ਦੇ ਖੇਤ ਵਿੱਚ ਸਤ ਕਰੋੜ ਵੱਖ-ਵੱਖ ਕਿਸਮ ਤੇ ਰੰਗਾਂ ਦੇ ਫੁੱਲ ਵੇਖਣ ਨੂੰ ਮਿਲਦੇ ਹਨ। ਅਮਰੀਕਾ ਦੇ ਕੈਲੇਫੋਰਨੀਆਂ
ਰਾਜ ਦਾ ਹਰ ਵਸਿੰਦਾ ਅਤੇ ਸੈਰ ਸਪਾਟਾ ਕਰਨ ਵਾਲਾ ਵਿਅਕਤੀ ਇਸ ਕੁਦਰਤ ਦੀ ਗੋਦ ਵਿੱਚ ਬਣੇ ਫੁੱਲਾਂ ਦੇ ਬਾਗ ਦੀ ਸੁੰਦਰਤਾ ਦਾ
ਨਜ਼ਾਰਾ ਲੈਣ ਲਈ ਜ਼ਰੂਰ ਪਹੁੰਚਦਾ ਹੈ। ਇਹ ਸੁੰਦਰ ਫੁੱਲਾਂ ਦਾ ਬਾਗ 55 ਏਕੜ ਥਾਂ ਵਿੱਚ ਬਣਿਆਂ ਹੋਇਆ ਹੈ, ਜਿਸਦੇ ਖੇਤਾਂ ਵਿੱਚ
ਰੰਗ-ਬਰੰਗੇ ਫੁੱਲਾਂ ਦੀ ਚਾਦਰ ਵਿਛੀ ਹੋਈ ਹੈ। ਇਹ ਫੁੱਲਾਂ ਦੇ ਖੇਤ ਹਰ ਸਾਲ ਛੇ ਤੋਂ ਅੱਠ ਹਫਤਿਆਂ ਲਈ ਲੋਕਾਂ ਦੇ ਵੇਖਣ ਲਈ
ਪਹਿਲੀ ਮਾਰਚ ਤੋਂ ਅੱਧ ਮਈ ਤੱਕ ਖੋਲ੍ਹੇ ਜਾਂਦੇ ਹਨ। ਹਰ ਰੋਜ਼ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਖੁਲ੍ਹਾ ਰਹਿੰਦਾ ਹੈ। ਭੀੜ ਇਤਨੀ
ਹੁੰਦੀ ਹੈ ਕਿ ਬਾਗ ਵਿੱਚ ਦਾਖ਼ਲ ਹੋਣ ਲਈ ਅੱਧਾ ਘੰਟਾ ਇੰਤਜ਼ਾਰ ਕਰਨਾ ਪੈਂਦਾ ਹੈ। ਇਸ ਫੁੱਲਾਂ ਦੇ ਖੇਤ ਵਿੱਚ ਲੋਕਾਂ ਦੇ ਮਨੋਰੰਜਨ
ਲਈ ਹਰ ਸੁਵਿਧਾ ਪ੍ਰਾਪਤ ਹੈ। ਇਥੇ ਸਾਰਾ ਦਿਨ ਗੀਤ ਸੰਗੀਤ ਦਾ ਪ੍ਰੋਗਰਾਮ ਵੀ ਬਦਲਵੇਂ ਸੰਗੀਤਕਾਰਾਂ ਵੱਲੋਂ ਸਾਰਾ ਦਿਨ ਕੀਤਾ
ਜਾਂਦਾ ਹੈ। ਦਰਸ਼ਕ ਸੰਗੀਤ ਦੀਆਂ ਧੁਨਾਂ ਦੇ ਵਿੱਚ ਮਸਤ ਹੋ ਕੇ ਸਟੇਜ ਦੇ ਥੱਲੇ ਬਣੇ ਪਲੇਟਫਾਰਮ ਉਤੇ ਡਾਨਸ ਕਰਦੇ ਰਹਿੰਦੇ ਹਨ।
ਭਾਵੇਂ ਇਸ ਮਨੋਰੰਜਨ ਦੇ ਪ੍ਰੋਗਰਾਮ ਵਿੱਚ ਵੱਖ-ਵੱਖ ਸਭਿਆਚਾਰਾਂ ਦੇ ਬੱਚੇ, ਨੌਜਵਾਨ ਅਤੇ ਬਜ਼ੁਰਗ ਦਰਸ਼ਕ ਸ਼ਾਮਲ ਹੁੰਦੇ ਹਨ, ਪ੍ਰੰਤੂ
ਗੀਤ ਸੰਗੀਤ ਸਭਿਆਚਾਰ ਦੀਆਂ ਵਲੱਗਣਾ ਦਾ ਕੋਈ ਕੈਦੀ ਨਹੀਂ ਹੁੰਦਾ। ਸਾਰੇ ਦਰਸ਼ਕ ਸੰਗੀਤਕ ਧੁਨਾਂ ਵਿੱਚ ਮਸਤ ਹੋ ਕੇ ਆਨੰਦ
ਲੈਂਦੇ ਹਨ ਤੇ ਧਾਰਮਿਕ ਕੰਧਾਂ ਨੂੰ ਵੀ ਤੋੜਦੇ ਹੋਏ ਨੱਚਦੇ ਟੱਪਦੇ ਹਨ। ਫਲਾਵਰ ਗਾਰਡਨ ਦੇ ਫੁੱਲਾਂ ਦੇ ਖੇਤਾਂ ਵਿੱਚ ਦਾਖਲ ਹੁੰਦਿਆਂ ਹੀ
ਵੱਖ-ਵੱਖ ਤਰ੍ਹਾਂ ਦਿਆਂ ਫੁੱਲਾਂ ਦੀ ਖ਼ੁਸ਼ਬੋ ਮਨ ਨੂੰ ਮੰਤਰ ਮੁਗਧ ਕਰ ਦਿੰਦੀ ਹੈ। ਇਉਂ ਮਹਿਸੂਸ ਹੋਣ ਲੱਗਦਾ ਹੈ ਕਿ ਜਿਵੇਂ ਸਵਰਗ
ਅਸਮਾਨ ਤੋਂ ਉਤਰਕੇ ਧਰਤੀ ਤੇ ਹੀ ਆ ਗਿਆ ਹੋਵੇ।

ਜਿਥੋਂ ਤੱਕ ਦੂਰ-ਦੂਰ ਨਜ਼ਰ ਜਾਂਦੀ ਹੈ, ਜ਼ਮੀਨ ਉਤੇ ਫੁੱਲਾਂ ਦੀ ਬਹੁ-ਰੰਗੀ ਦਰੀ ਵਿਛੀ ਹੋਈ ਵਿਖਾਈ ਦਿੰਦੀ ਹੈੈ, ਜਿਹੜੀ
ਪੰਜਾਬੀ ਹੱਥ ਕਰਘੇ ਦੇ ਸਭਿਆਚਾਰ ਦੀ ਪ੍ਰਤੀਕ ਲੱਗਦੀ ਹੈ, ਕਿਉਂਕਿ ਉਸ ਫੁੱਲਾਂ ਦੀ ਦਰੀ ਵਿੱਚ ਪੰਜਾਬਣਾ ਵੱਲੋਂ ਦਰੀਆਂ ਤੇ ਪਾਏ
ਵੇਲ ਬੂਟਿਆਂ ਦੀ ਤਰ੍ਹਾਂ ਫੁੱਲਾਂ ਦੇ ਖੇਤ ਵਿੱਚੋਂ ਮੋਰ, ਤੋਤੇ, ਚਿੜੀਆਂ, ਗੁਟਾਰਾਂ, ਅਨਾਰਾਂ, ਵੇਲ ਬੂਟਿਆਂ, ਪਸ਼ੂਆਂ ਅਤੇ ਪੰਛੀਆਂ ਦੀਆਂ
ਰੰਗ-ਬਰੰਗੀਆਂ ਤਸਵੀਰਾਂ ਦੀ ਝਲਕ ਪੈਂਦੀ ਹੈ। ਹਰ ਰੋਜ਼ ਹਜ਼ਾਰਾਂ ਫੁੱਲਾਂ ਦੀ ਮਹਿਕ ਦੇ ਦੀਵਾਨੇ ਇਸ ਫਲਾਵਰ ਗਾਰਡਨ ਦਾ ਆਨੰਦ
ਮਾਣਦੇ ਹਨ। ਲਵ ਵਰਲਡ ਖਾਸ ਕਰਕੇ ਨੌਜਵਾਨ ਲੜਕੇ-ਲੜਕੀਆਂ ਅਤੇ ਨਵੇਂ ਵਿਆਹੇ ਜੋੜੇ ਰੰਗ-ਬਿਰੰਗੀਆਂ ਤੇ ਚੂੜੀਆਂ ਤੇ
ਪਹਿਰਾਵੇ ਪਹਿਨਕੇ ਫੁੱਲਾਂ ਦੀ ਮਹਿਕ ਦਾ ਲੁਤਫ਼ ਲੈਂਦੇ ਵਿਖਾਈ ਦਿੰਦੇ ਹਨ, ਕਿਉਂਕਿ ਪ੍ਰਬੰਧਕਾਂ ਨੇ ਫੁੱਲਾਂ ਦੇ ਖੇਤ ਨੂੰ ਕਈ ਬਲਾਕਾਂ
ਵਿੱਚ ਵੰਡਿਆ ਹੋਇਆ ਹੈ। ਹਰ ਬਲਾਕ ਵਿੱਚ ਇੱਕ ਥਾਂ ਅਜਿਹੀ ਬਣਾਈ ਹੋਈ ਹੈ, ਜਿਥੇ ਜਾ ਕੇ ਲੋਕ ਆਪੋ-ਆਪਣੇ ਮੋਬਾਈਲਾਂ ਜਾਂ
ਕੈਮਰਿਆਂ ਨਾਲ ਤਸਵੀਰਾਂ ਖਿੱਚ ਸਕਦੇ ਹਨ। ਲੋਕ ਅਨੁਸ਼ਾਸ਼ਨ ਵਿੱਚ ਰਹਿੰਦਿਆਂ ਆਪੋ-ਆਪਣੀ ਵਾਰੀ ਦੀ ਉਡੀਕ ਲਈ ਲਾਈਨ
ਵਿੱਚ ਖੜ੍ਹ ਜਾਂਦੇ ਹਨ। ਮਜ਼ਾਲ ਹੈ ਕਿ ਕੋਈ ਲਾਈਨ ਤੋੜ ਦੇਵੇ ਤੇ ਖੇਤਾਂ ਵਿੱਚ ਵੜ੍ਹ ਜਾਵੇ। ਫੁੱਲਾਂ ਦੇ ਖੇਤ ਦੇ ਬਲਾਕਾਂ ਦੇ ਆਲੇ ਦੁਆਲੇ
ਕੋਈ ਵਾੜ ਨਹੀਂ ਕੀਤੀ ਹੋਈ, ਸਿਰਫ ਪਲਾਸਟਿਕ ਦੀ ਪੱਟੀ ਲਗਾਈ ਹੋਈ ਹੈ। ਜਿਹੜੇ ਥਾਂ ਨਿਸਚਤ ਹਨ, ਉਥੇ ਹੀ ਦਰਸ਼ਕ ਜਾ
ਸਕਦੇ ਤੇ ਜਾਂਦੇ ਹਨ। ਫੁੱਲਾਂ ਦੇ ਇਹ ਖੇਤ ਇਤਨੇ ਵੱਡੇ ਹਨ ਕਿ ਦਰਸ਼ਕ ਪੈਦਲ ਤੁਰ ਕੇ ਇੱਕ ਦਿਨ ਵਿੱਚ ਸਾਰੇ ਵੇਖ ਨਹੀਂ ਸਕਦੇ ਅਤੇ
ਨਾ ਹੀ ਸਾਰੇ ਬਲਾਕਾਂ ਵਿੱਚ ਜਾ ਸਕਦੇ ਹਨ। ਇਨ੍ਹਾਂ ਬਲਾਕਾਂ ਦੇ ਆਲੇ ਦੁਆਲੇ ਟਰੈਕਟਰ ਲੰਘਣ ਲਈ ਕੱਚੇ ਰਸਤੇ ਛੱਡੇ ਹੋਏ ਹਨ।
ਪ੍ਰਬੰਧਕਾਂ ਦੇ ਦਸ ਟਰੈਕਟਰ ਲਗਾਤਾਰ ਦਰਸ਼ਕਾਂ ਨੂੰ ਲਿਜਾਕੇ ਚੱਕਰ ਲਗਾਉਂਦੇ ਰਹਿੰਦੇ ਹਨ। ਇੱਕ ਟਰੈਕਟਰ ਵਿੱਚ ਵੀਹ
ਵਿਅਕਤੀਆਂ ਦੇ ਬੈਠਣ ਲਈ ਸੀਟਾਂ ਬਣਾਈਆਂ ਹੋਈਆਂ ਹਨ। ਟਰੈਕਟਰ ਵਿੱਚ ਜਾ ਕੇ ਵੇਖਣ ਦਾ ਟਿਕਟ ਸੱਤ ਡਾਲਰ ਬਾਲਗਾਂ ਅਤੇ

ਦਸ ਸਾਲ ਤੋਂ ਘੱਟ ਦੇ ਬੱਚਿਆਂ ਲਈ ਤਿੰਨ ਡਾਲਰਾਂ ਦਾ ਹੈ। ਟਰੈਕਟਰਾਂ ਤੇ ਜਾ ਕੇ ਵੇਖਣ ਦਾ ਪ੍ਰੋਗਰਾਮ ਵੀ ਫੂਲ ਪਰੂਫ ਹੈ। ਟਰੈਕਟਰ
ਪਹਿਲੇ ਬਲਾਕ ਵਿੱਚ ਦਰਸ਼ਕਾਂ ਨੂੰ ਛੱਡ ਦਿੰਦਾ ਹੈ ਤੇ ਉਥੋਂ ਪਹਿਲਾਂ ਗਏ ਦਰਸ਼ਕਾਂ ਨੂੰ ਬਿਠਾਕੇ ਅਗਲੇ ਬਲਾਕ ਵਿੱਚ ਲੈ ਜਾਂਦਾ ਹੈ। ਇਸੇ
ਤਰ੍ਹਾਂ ਅਗਲੇ ਬਲਾਕ ਵਿੱਚ ਛੱਡਕੇ ਪਹਿਲਾਂ ਪਹੁੰਚੇ ਹੋਇਆਂ ਨੂੰ ਉਸਤੋਂ ਅੱਗਲੇ ਬਲਾਕ ਵਿੱਚ ਲੈ ਜਾਂਦਾ ਹੈ। ਇਸ ਪ੍ਰਕਾਰ ਇਹ ਸਰਕਲ
ਬਣਿਆਂ ਰਹਿੰਦਾ ਹੈ। ਭਾਵ ਦਰਸ਼ਕ ਹਰ ਬਲਾਕ ਦੇ ਫੁੱਲਾਂ ਦਾ ਆਨੰਦ ਮਾਣਦੇ ਹੋਏ ਆਪਣੀਆਂ ਤਸਵੀਰਾਂ ਖਿਚਵਾਉਂਦੇ ਰਹਿੰਦੇ ਹਨ।
ਇਹ ਫੁੱਲਾਂ ਦਾ ਖੇਤ ਆਪਣੇ ਆਪ ਵਿੱਚ ਇੱਕ ਸ਼ਹਿਰ ਦੀ ਤਰ੍ਹਾਂ ਲੱਗਦਾ ਹੈ, ਕਿਉਂਕਿ ਇਸ ਵਿੱਚ ਹਰ ਸੁਵਿਧਾ ਪ੍ਰਾਪਤ ਹੁੰਦੀ ਹੈ।
ਸ਼ਾਪਿੰਗ ਮਾਲਜ਼, ਮਨੋਰੰਜਨ ਪਾਰਕ, ਕੈਫ਼ੇ, ਰਿਜੋਰਟਸ ਅਤੇ ਰੈਸਟ ਰੂਮਜ਼ ਆਦਿ ਮੌਜੂਦ ਹਨ। ਪੰਜਾਬ ਦੇ ਮੇਲਿਆਂ ਦੀ ਤਰ੍ਹਾਂ ਰੌਣਕ
ਹੁੰਦੀ ਹੈ, ਪ੍ਰੰਤੂ ਇਹ ਰੌਣਕ ਬੇਤਰਤੀਬੀ ਨਹੀਂ ਸਗੋਂ ਅਨੁਸ਼ਾਸ਼ਨ ਵਿੱਚ ਰਹਿੰਦੀ ਹੈ।

ਕਾਰਲਸਬੈਡ ਦੇ ਫੁੱਲਾਂ ਦੇ ਖੇਤਾਂ ਦੀ ਸ਼ੁਰੂਆਤ 1920 ਦੇ ਦਹਾਕੇ ਵਿੱਚ ਹੋਈ ਸੀ, ਜਦੋਂ ਸਥਾਨਕ ਮਾਲਕਾਂ ਨੇ ਇਸ ਖੇਤਰ ਨੂੰ
ਵੱਖ-ਵੱਖ ਕਿਸਮਾਂ ਦੇ ਫੁੱਲ ਲਗਾਉਣ ਲਈ ਵਰਤਣਾ ਸ਼ੁਰੂ ਕੀਤਾ ਸੀ। ਇਸ ਖੇਤ ਦੀ ਖ਼ਾਸ ਗੱਲ ਇਹ ਹੈ ਕਿ ਇਹ ਹਰ ਸਾਲ ਸਿਰਫ਼
ਡੇਢ ਦੋ ਮਹੀਨੇ ਵਿੱਚ ਹੀ ਲੱਖਾਂ ਦਰਸ਼ਕਾਂ ਨੂੰ ਆਕਰਸ਼ਿਤ ਕਰਦਾ ਹੈ, ਲੋਕ ਇੱਥੇ ਆਉਂਦੇ ਹਨ ਰੰਗ-ਬਿਰੰਗੇ ਪੌਦਿਆਂ ਦੀ ਸੁੰਦਰਤਾ
ਦੇਖਣ ਲਈ, ਇਥੇ ਆ ਕੇ ਹਰ ਵਿਅਕਤੀ ਇਤਨਾ ਮਸਤ ਹੋ ਜਾਂਦਾ ਹੈ ਕਿ ਉਹ ਸਾਰਾ ਕੁਝ ਭੁੱਲ ਭੁੱਲਾਕੇ ਮਾਨਸਿਕ ਤੌਰ ਤੇ ਸ਼ਾਂਤ ਚਿਤ
ਹੋ ਜਾਂਦਾ ਹੈ। ਰੋਜ਼ ਮਰਰ੍ਹਾ ਦੀ ਦੁੱਖਾਂ, ਤਕਲੀਫਾਂ, ਸਮੱਸਿਆਵਾਂ ਅਤੇ ਰੁਝੇਵਿਆਂ ਭਰੀ ਜ਼ਿੰਦਗੀ ਤੋਂ ਨਿਜਾਤ ਮਿਲਦੀ ਹੈ। ਕਾਰਲਸਬੈਡ
ਦੇ ਫੁੱਲਾਂ ਦੇ ਖੇਤ ਸਾਲਾਨਾ ਰੁਝਾਨ ਵਾਲਾ ਇੱਕ ਪ੍ਰਸਿੱਧ ਟੂਰਿਸਟ ਆਕਰਸ਼ਣ ਬਣ ਚੁੱਕੇ ਹਨ। ਫੁੱਲਾਂ ਦੇ ਖੇਤ ਪੂਰੀ ਤਰ੍ਹਾਂ ਖਿੜੇ ਹੁੰਦੇ ਹਨ।
ਖਿੜ੍ਹੇ ਫੁੱਲਾਂ ਨੂੰ ਵੇਖਕੇ ਦਰਸ਼ਕਾਂ ਦੇ ਮਨ ਵੀ ਖਿੜ ਜਾਂਦੇ ਹਨ। ਇਹ ਫੁੱਲਾਂ ਦੇ ਖੇਤ ਪਰਿਵਾਰਾਂ, ਪਿਆਰਿਆਂ- ਦੁਲਾਰਿਆਂ, ਆਸ਼ਕਾਂ-
ਮਸ਼ੂਕਾਂ, ਦੋਸਤਾਂ-ਮਿਤਰਾਂ ਅਤੇ ਫੋਟੋਗ੍ਰਾਫਰਾਂ ਲਈ ਵੀ ਬਹੁਤ ਹੀ ਉਤਸ਼ਾਹਜਨਕ ਰੋਮਾਂਟਿਕ ਥਾਂ ਹੈ। ਇਸ ਦੇ ਖਾਸ ਆਕਰਸ਼ਣਾਂ ਵਿੱਚ
ਇੱਕ ਵੱਡਾ ਵਿਸ਼ਾਲ ਖੇਤ ਹੈ, ਜਿਸ ਵਿੱਚ ਫੁੱਲਾਂ ਦੀਆਂ ਕਤਾਰਾਂ ਦੀ ਲੰਮੀ ਲਾਈਨ ਹੁੰਦੀ ਹੈ, ਜੋ ਇੱਕ ਪੇਂਟਿੰਗ ਵਰਗੀ ਲੱਗਦੀ ਹੈ। ਨਾਲ
ਹੀ, ਇੱਥੇ ਬੱਚਿਆਂ ਲਈ ਖਾਸ ਖੇਡਾਂ ਦੇ ਖੇਤਰ, ਕੈਫੇ ਅਤੇ ਸਥਾਨਕ ਕਲਾ ਦੇ ਪ੍ਰਦਰਸ਼ਨ ਵੀ ਹੁੰਦੇ ਹਨ। ਇਹ ਸਥਾਨ ਸਿਰਫ਼ ਸੁੰਦਰਤਾ
ਹੀ ਨਹੀਂ, ਬਲਕਿ ਕਲਾ, ਪਰਿਵਾਰਿਕ ਯਾਤਰਾ ਅਤੇ ਕੁਦਰਤ ਨਾਲ ਜੁੜਨ ਦਾ ਇਕ ਸ਼ਾਨਦਾਰ ਮੌਕਾ ਦਿੰਦਾ ਹੈ।
ਕਾਰਲਸਬੈਡ ਦੇ ਫੁੱਲਾਂ ਦੇ ਖੇਤਾਂ ਵਿੱਚ ਮੇਰਾ ਯਾਦਗਾਰ ਦਿਨ
ਕੁਝ ਦਿਨ ਪਹਿਲਾਂ ਮੈਨੂੰ ਆਪਣੇ ਪਰਿਵਾਰ ਨਾਲ ਕੈਲੀਫੋਰਨੀਆ ਦੇ ਪ੍ਰਸਿੱਧ ਕਾਰਲਸਬੈਡ ਫਲਾਵਰ ਫੀਲਡਸ ਜਾਣ ਦਾ ਮੌਕਾ
ਮਿਲਿਆ। ਇਹ ਸਥਾਨ ਆਪਣੀ ਕੁਦਰਤੀ ਸੁੰਦਰਤਾ ਅਤੇ ਰੰਗ-ਬਰੰਗੇ ਫੁੱਲਾਂ ਲਈ ਦੁਨੀਆ ਭਰ ਵਿੱਚ ਮਸ਼ਹੂਰ ਹੈ। ਅਸੀਂ ਉੱਥੇ ਪੂਰਾ
ਦਿਨ ਬਿਤਾਇਆ ਅਤੇ ਇਹ ਮੇਰੇ ਜੀਵਨ ਦੇ ਸਭ ਤੋਂ ਖੂਬਸੂਰਤ ਅਨੁਭਵਾਂ ਵਿੱਚੋਂ ਇੱਕ ਬਣ ਗਿਆ। ਸਵੇਰੇ ਜਦੋਂ ਸਾਡਾ ਪਰਿਵਾਰ ਉੱਥੇ
ਪਹੁੰਚਿਆ, ਤਾਂ ਠੰਡੀ ਹਵਾ ਅਤੇ ਸੂਰਜ ਦੀ ਨਰਮ ਰੌਸ਼ਨੀ ਨੇ ਸਾਡਾ ਸਵਾਗਤ ਕੀਤਾ। ਜਿਵੇਂ ਹੀ ਅਸੀਂ ਖੇਤਾਂ ਵਿੱਚ ਦਾਖਲ ਹੋਏ, ਸਾਨੂੰ
ਹਰ ਪਾਸੇ ਰੰਗਾਂ ਦਾ ਸਮੁੰਦਰ ਦਿੱਸਿਆ। ਲਾਲ, ਪੀਲੇ, ਗੁਲਾਬੀ, ਜਾਮਨੀ ਅਤੇ ਸਫੈਦ ਫੁੱਲਾਂ ਦੀਆਂ ਕਤਾਰਾਂ ਬਿਲਕੁਲ ਨਵੀਂ ਵਿਆਹੀ
ਦੁਲਹਨ ਦੀ ਤਰ੍ਹਾਂ ਸਜੀਆਂ ਹੋਈਆਂ ਸਨ, ਇਹ ਰੰਗ-ਬਿਰੰਗੀਆਂ ਫੁੱਲਾਂ ਦੀਆਂ ਕਤਾਰਾਂ ਕਿਸੇ ਚਿੱਤਰਕਾਰ ਦੀ ਕਲਾਕਾਰੀ ਦਾ ਨਮੂਨਾ
ਲੱਗ ਰਹੀਆਂ ਸਨ। ਅਸੀਂ ਧੀਰੇ-ਧੀਰੇ ਖੇਤਾਂ ਵਿੱਚ ਤੁਰਦੇ ਹੋਇਆਂ ਹਰ ਫੁੱਲ ਦੀ ਖੂਬਸੂਰਤੀ ਦਾ ਆਨੰਦ ਲਿਆ। ਦਰਸ਼ਕ ਫੁੱਲਾਂ ਦੇ
ਦੁਆਲੇ ਭੌਰਿਆਂ ਦੀ ਤਰ੍ਹਾਂ ਚੁਫੇਰੇ ਭਟਕਦੇ ਫਿਰਦੇ ਸਨ। ਕਈ ਥਾਵਾਂ ‘ਤੇ ਲੋਕ ਫੋਟੋਆਂ ਖਿੱਚ ਰਹੇ ਸਨ ਅਤੇ ਹਰ ਕੋਈ ਇਸ ਕੁਦਰਤੀ
ਨਜ਼ਾਰੇ ਨੂੰ ਆਪਣੇ ਕੈਮਰੇ ਵਿੱਚ ਕੈਦ ਕਰਨਾ ਚਾਹੁੰਦਾ ਸੀ। ਅਸੀਂ ਵੀ ਬਹੁਤ ਸਾਰੀਆਂ ਤਸਵੀਰਾਂ ਖਿੱਚੀਆਂ ਜੋ ਹਮੇਸ਼ਾ ਮੈਨੂੰ ਇਸ ਦਿਨ
ਦੀ ਯਾਦ ਦਿਵਾਉਣਗੀਆਂ। ਦੁਪਹਿਰ ਦੇ ਸਮੇਂ ਅਸੀਂ ਉੱਥੇ ਹੀ ਬੈਠ ਕੇ ਆਰਾਮ ਕੀਤਾ ਅਤੇ ਕੁਦਰਤ ਦੇ ਕਾਦਰ ਦੀ ਸ਼ਾਂਤੀ ਨੂੰ ਮਹਿਸੂਸ
ਕੀਤਾ। ਦਰਸ਼ਕਾਂ ਦੇ ਬੈਠਣ ਲਈ ਬੈਂਚ ਲੱਗ ਹੋਏ ਹਨ। ਖਾਣ ਪੀਣ ਲਈ ਹਰ ਤਰ੍ਹਾਂ ਦਾ ਪ੍ਰਬੰਧ ਹੈ। ਹਵਾ ਵਿੱਚ ਫੁੱਲਾਂ ਦੀ ਖੁਸ਼ਬੂ ਫੈਲੀ
ਹੋਈ ਸੀ, ਜੋ ਮਨ ਨੂੰ ਬਹੁਤ ਸੁਕੂਨ ਦੇ ਰਹੀ ਸੀ। ਇਹ ਜਗ੍ਹਾ ਸ਼ਹਿਰ ਦੀ ਭੀੜ-ਭੜੱਕੇ ਦੀ ਜ਼ਿੰਦਗੀ ਤੋਂ ਕੋਹਾਂ ਦੂਰ ਇਕ ਸ਼ਾਂਤ ਅਤੇ
ਤਾਜ਼ਗੀ ਭਰੀ ਦੁਨੀਆ ਵਰਗੀ ਲੱਗ ਰਹੀ ਸੀ।

ਸ਼ਾਮ ਦੇ ਵੇਲੇ, ਜਦੋਂ ਸੂਰਜ ਢਲਣ ਲੱਗਾ, ਤਾਂ ਖੇਤਾਂ ਦਾ ਨਜ਼ਾਰਾ ਹੋਰ ਵੀ ਜ਼ਿਆਦਾ ਮਨਮੋਹਕ ਹੋ ਗਿਆ। ਸੋਨੇਰੰਗੀ ਰੌਸ਼ਨੀ ਫੁੱਲਾਂ ‘ਤੇ
ਪੈਂਦੀ ਹੋਈ ਉਨ੍ਹਾਂ ਦੀ ਸੁੰਦਰਤਾ ਨੂੰ ਹੋਰ ਨਿਖਾਰ ਰਹੀ ਸੀ। ਫੁੱਲਾਂ ਦੇ ਖੇਤਾਂ ਵਿੱਚੋਂ ਬਾਹਰ ਆਉਣ ਨੂੰ ਦਿਲ ਨਹੀਂ ਕਰ ਰਿਹਾ ਸੀ। ਇਹ
ਪਲ ਬਹੁਤ ਹੀ ਖਾਸ ਸੀ ਅਤੇ ਅਸੀਂ ਇਸਨੂੰ ਕਦੇ ਨਹੀਂ ਭੁੱਲਾਂਗੇ। ਇਹ ਦਿਨ ਸਾਡੇ ਪਰਿਵਾਰ ਲਈ ਸਿਰਫ ਇੱਕ ਯਾਤਰਾ ਨਹੀਂ ਸੀ,
ਸਗੋਂ ਕੁਦਰਤ ਨਾਲ ਜੁੜਨ ਦਾ ਇਕ ਖਾਸ ਅਨੁਭਵ ਸੀ। ਕਾਰਲਸਬੈਡ ਦੇ ਫੁੱਲਾਂ ਦੇ ਖੇਤਾਂ ਨੇ ਮੇਰੇ ਦਿਲ ‘ਤੇ ਡੂੰਘਾ ਅਸਰ ਛੱਡਿਆ ਹੈ
ਅਤੇ ਮੇਰਾ ਇਥੇ ਵਾਰ-ਵਾਰ ਆਉਣ ਨੂੰ ਦਿਲ ਕਰਦਾ ਰਹੇਗਾ। ਉਮੀਦ ਕਰਦਾ ਹਾਂ ਕਿ ਮੈਂ ਮੁੜ ਕਦੇ ਇੱਥੇ ਜ਼ਰੂਰ ਆਵਾਂਗਾ। ਇਸ
ਫੁੱਲਾਂ ਦੇ ਖੇਤ ਵਿੱਚ ਦਾਖ਼ਲ ਹੋਣ ਦੀ ਟਿਕਟ ਬਾਲਗਾਂ ਲਈ 27 ਡਾਲਰ, ਸੀਨੀਅਰ ਨਾਗਰਿਕਾਂ ਲਈ 25 ਡਾਲਰ ਅਤੇ ਬੱਚਿਆਂ
ਲਈ 17 ਡਾਲਰ ਹੈ, ਪ੍ਰੰਤੂ ਟਿਕਟ ਆਨ ਲਾਈਨ ਹੀ ਖ੍ਰੀਦਣੀ ਪੈਂਦੀ ਹੈ।
ਤਸਵੀਰਾਂ ਫੁੱਲਾਂ ਦੀਆਂ ਕਤਾਰਾਂ ਅਤੇ ਲੇਖਕ ਆਪਣੀ ਪਤਨੀ ਨਾਲ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
[email protected]

More Stories

Leave a Reply

Your email address will not be published. Required fields are marked *

You may have missed

Copyright © All rights reserved. | Newsphere by AF themes.