ਕਾਠਗੜ੍ਹ:– ਪਤੰਗ ਉਡਾਉਣ ਦੇ ਸ਼ੌਕੀਨਾਂ ਵੱਲੋਂ ਜੇਕਰ ਇਸ ਵਾਰ ਕਾਠਗੜ੍ਹ ਜਾਂ ਨਾਲ ਲੱਗਦੇ ਪਿੰਡਾਂ ਵਿੱਚ ਪਤੰਗ ਉਡਾਉਣ ਲਈ ਖਤਰਨਾਕ ਚਾਈਨਾ ਡੋਰ ਦੀ ਵਰਤੋਂ ਕੀਤੀ ਗਈ ਤਾਂ ਉਸ ਖਿਲਾਫ਼ ਪੁਲਿਸ ਸਖਤੀ ਨਾਲ ਪੇਸ਼ ਆ ਕੇ ਬਣਦੀ ਕਾਰਵਾਈ ਕਰੇਗੀ।
ਚਾਈਨਾ ਡੋਰ ਤੋਂ ਹੋਣ ਵਾਲੇ ਹਾਦਸਿਆਂ ਸਬੰਧੀ ਗੱਲਬਾਤ ਕਰਦਿਆਂ ਥਾਣਾ ਕਾਠਗੜ੍ਹ ਦੇ ਐਸ.ਐਚ.ਓ ਇੰਸਪੈਕਟਰ ਪੰਕਜ ਸ਼ਰਮਾ ਨੇ ਕਿਹਾ ਕਿ ਬੀਤੇ ਕਈ ਸਾਲਾਂ ਤੋਂ ਪਤੰਗ ਉਡਾਉਣ ਲਈ ਧਾਗੇ ਦੀ ਡੋਰ ਦੀ ਥਾਂ ਵਰਤੀ ਜਾਂਦੀ ਚਾਈਨਾ ਡੋਰ ਨਾਲ ਹਰ ਸਾਲ ਅਣਗਿਣਤ ਹਾਦਸੇ ਵਾਪਰਦੇ ਹਨ ਜਿਸ ਵਿੱਚ ਲੋਕ ਜ਼ਖਮੀ ਤਾਂ ਹੁੰਦੇ ਹਨ ਬਲਕਿ ਉਹਨਾਂ ਦੀ ਜਾਨ ਵੀ ਚਲੀ ਜਾਂਦੀ ਹੈ ਜਦਕਿ ਅਸਮਾਨ ਵਿੱਚ ਉੱਡਦੇ ਪੰਛੀ ਵੀ ਇਸ ਦੀ ਲਪੇਟ ਵਿੱਚ ਆ ਰਹੇ ਹਨ । ਉਹਨਾਂ ਕਿਹਾ ਕਿ ਚਾਈਨਾ ਡੋਰ ਨਾਲ ਹੋਣ ਵਾਲੇ ਅਣਚਾਹੇ ਹਾਦਸਿਆਂ ਨੂੰ ਰੋਕਣ ਲਈ ਪੁਲਿਸ ਵੱਲੋਂ ਇਸ ਵਾਰ ਕਾਠਗੜ੍ਹ ਅਤੇ ਨਾਲ ਲੱਗਦੇ ਪਿੰਡਾਂ ਵਿੱਚ ਚਾਈਨਾ ਡੋਰ ਦੀ ਵਿਕਰੀ ਤੇ ਵਰਤੋਂ ਨੂੰ ਮੁਕੰਮਲ ਤੌਰ ‘ਤੇ ਬੰਦ ਕਰਨ ਲਈ ਖਾਸ ਕਦਮ ਚੁੱਕੇ ਜਾਣਗੇ ਅਤੇ ਲਗਾਤਾਰ ਤਲਾਸ਼ੀ ਅਭਿਆਨ ਜਾਰੀ ਰੱਖਿਆ ਜਾਵੇਗਾ। ਉਹਨਾਂ ਕਿਹਾ ਕਿ ਹਰ ਪਤੰਗ ਵਿਕਰੇਤਾ ਦੀ ਦੁਕਾਨ ‘ਤੇ ਬਰੀਕੀ ਨਾਲ ਚੈਕਿੰਗ ਕੀਤੀ ਜਾਵੇਗੀ ਅਤੇ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਸਖਤੀ ਵਿੱਚ ਪੇਸ਼ ਆਉਂਦੇ ਹੋਏ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੋ ਪਤੰਗ ਉਡਾਉਂਦਾ ਹੋਵੇਗਾ ਉਸ ਦੀ ਡੋਰ ਨੂੰ ਵੀ ਚੈੱਕ ਕੀਤਾ ਜਾ ਸਕਦਾ ਹੈ ਅਤੇ ਉਸ ਤੋਂ ਪੂਰੀ ਪੁੱਛਗਿਛ ਉਪਰੰਤ ਸੰਬੰਧਤ ਦੁਕਾਨਦਾਰ ‘ਤੇ ਵੀ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।
ਥਾਣਾ ਮੁਖੀ ਪੰਕਜ ਸ਼ਰਮਾ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਤੰਗ ਉਡਾਉਣ ਵਾਸਤੇ ਬੱਚਿਆਂ ਨੂੰ ਚਾਈਨਾ ਡੋਰ ਨਾ ਖਰੀਦ ਕੇ ਦਿੱਤੀ ਜਾਵੇ ਅਤੇ ਭਵਿੱਖ ਵਿੱਚ ਨਾ ਖਰੀਦਣ ਲਈ ਪ੍ਰੇਰਿਤ ਕੀਤਾ ਜਾਵੇ। ਇਸ ਦੇ ਨਾਲ ਹੀ ਉਹਨਾਂ ਪਤੰਗ ਉਡਾਉਣ ਦੇ ਸ਼ੌਕੀਨ ਨੌਜਵਾਨਾਂ ਆਦਿ ਨੂੰ ਵੀ ਸਲਾਹ ਦਿੱਤੀ ਕਿ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਜੋ ਕਿਸੇ ਨਾਲ ਹਾਦਸਾ ਨਾ ਵਾਪਰੇ ਤੇ ਨਾ ਹੀ ਪੰਛੀ ਇਸਦੀ ਲਪੇਟ ਵਿੱਚ ਆਉਣ।
Leave a Reply