ਸਿਆਸੀ ਅਕਾਂਖਿਆਵਾਂ ਵਿਚ ਉਲਝੀ ਖਿਮਾ ਯਾਚਨਾ 

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਆਪਣੇ ’ਤੇ ‘ਤਨਖ਼ਾਹੀਆ’ ਦਾ ਲੇਬਲ ਲੱਗੇ ਬਿਨਾਂ ’ਭੁੱਲਾਂ’ ਤੋਂ ਸੁਰਖ਼ਰੂ ਹੋਣਾ ਚਾਹੁੰਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖ਼ਾਹੀਆ ਕਰਾਰ ਦਿੱਤਾ ਜਾਂਦਾ ਹੈ ਤਾਂ ਉਨ੍ਹਾਂ ਨੂੰ ਪ੍ਰਧਾਨਗੀ ਤੋਂ ਹੱਥ ਧੋਣਾ ਪੈ ਸਕਦਾ ਹੈ। ਉਨ੍ਹਾਂ ਵੱਲੋਂ ਦਲ ਦੇ 103ਵੇਂ ਸਥਾਪਨਾ ਦਿਵਸ ਮੌਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ‘ਬਿਰਾਜਮਾਨ’ ਹੋ ਕੇ ’ਜਾਣੇ ਅਨਜਾਣੇ’ ਕਿਸੇ ਦਾ ‘ਦੁਖ’ ਦੁਖਾਉਣ ’ਤੇ ਮੁਆਫ਼ੀ ਮੰਗਣ ਦੀ ਇਹ ਘਟੋਂ ਘਟ ਤੀਜੀ ਘਟਨਾ ਸੀ। ਇਸ ਤੋਂ ਪਹਿਲਾਂ ਬਾਦਲਾਂ ਦਾ ਟੱਬਰ ਦਸੰਬਰ 2018 ਨੂੰ ’ਨਾ ਦੱਸਣਯੋਗ ਭੁੱਲਾਂ’ ਲਈ ਇਸੇ ਹੀ ਗੁਰਦੁਆਰਾ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਜੀ ਦੇ ਅਸਥਾਨ ’ਤੇ ਅਤੇ ਫਿਰ ਇਸੇ ਸਾਲ 4 ਮਈ ਨੂੰ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੇ ਅੰਤਿਮ ਅਰਦਾਸ ਮੌਕੇ ਪੰਥ ਤੋਂ ਮੁਆਫ਼ੀ ਦੀ ਅਰਜੋਈ ਕਰ ਚੁੱਕੇ ਹਨ।
ਸੁਖਬੀਰ ਸਿੰਘ ਬਾਦਲ ਇਹ ਮਹਿਸੂਸ ਕਰਦੇ ਹਨ ਕਿ 1984 ’ਚ ਸ੍ਰੀ ਦਰਬਾਰ ਸਾਹਿਬ ’ਤੇ ਤੋਪਾਂ ਟੈਂਕਾਂ ਨਾਲ ਹਮਲਾਵਰ ਕਾਂਗਰਸ ਨੂੰ ਪੰਜਾਬ ’ਚ ਸਰਕਾਰ ਬਣਾਉਣ ਦੇ ਤਿੰਨ ਮੌਕੇ ਮਿਲੇ, ਫਿਰ ਇਸੇ ਤਰਜ਼ ’ਤੇ ਉਨ੍ਹਾਂ ਨਾਲ ਕਿਉਂ ਨਹੀਂ ਹੋ ਰਿਹਾ? ਖ਼ੁਦ ਅਕਾਲੀ ਦਲ ਦਾ ਪ੍ਰਧਾਨ ਪੰਥ ਅਤੇ ਪੰਜਾਬ ਦੀ ਨਬਜ਼ ਨੂੰ ਹਾਲੇ ਵੀ ਨਹੀਂ ਸਮਝ ਸਕਿਆ। ਉਨ੍ਹਾਂ ਲਈ ਗੁਰੂ ਸਾਹਿਬਾਂ ਦਾ ਸਿਧਾਂਤ ਕੇਵਲ ਅਮਨ ਸ਼ਾਂਤੀ, ਭਾਈਚਾਰਕ ਸਾਂਝ ਅਤੇ ਸਰਬੱਤ ਦੇ ਭਲੇ ਦਾ ਹੀ ਹੈ। ਬੇਸ਼ੱਕ ਮੌਜੂਦਾ ਅਕਾਲੀ ਲੀਡਰਸ਼ਿਪ ਦੀ ਇਨ੍ਹਾਂ ਸਿਧਾਂਤਾਂ ’ਤੇ ਪਹਿਰੇਦਾਰੀ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਪਰ ਪੰਥ ਦੇ ਹੋਰ ਵੀ ਸਰੋਕਾਰ ਹਨ। ਜਿਸ ਵਿਚ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਸਭ ਤੋਂ ਵੱਧ ਮਹੱਤਵ ਰੱਖਦਾ ਹੈ। ਸਿੱਖ ਸੰਘਰਸ਼ ਨਾਲ ਸੰਬੰਧਿਤ ਹਰੇਕ ਪਹਿਲੂ ਇਸ ਨੁਕਤੇ ਨਾਲ ਕਿਸ ਨਾ ਕਿਸੇ ਤਰਾਂ ਜੁੜਿਆ ਹੋਇਆ ਮਿਲੇਗਾ। ਇਸ ਲਈ ਸੁਖਬੀਰ ਸਿੰਘ ਬਾਦਲ ਲਈ ਸਿੱਖ ਨਜ਼ਰੀਏ ਤੋਂ ਬੇਅਦਬੀਆਂ ਨੂੰ ਲੈ ਕੇ ਸਿੱਖਾਂ ’ਚ ਨਾਰਾਜ਼ਗੀ ਅਤੇ ਹਿੰਸਾ ਨੂੰ  ਸਮਝਣ ਦੀ ਕੋਸ਼ਿਸ਼ ਕੀਤੇ ਬਿਨਾ ਸਹੀ ਕਦਮ ਚੁੱਕ ਸਕਣਾ ਅਸੰਭਵ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ, ਦਸ ਗੁਰੂ ਸਾਹਿਬਾਨ ਦੀ ਜਾਗਤ ਜੋਤਿ ਸਰੂਪ ਹੈ। ਜਿਸ ਨੂੰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਗੁਰਿਆਈ ਸੌਂਪੀ ਗਈ। ਇਸ ਵਿਚ ਲਗਾਂ ਮਾਤਰਾਵਾਂ ਦਾ ਵਾਧ ਘਾਟ ਕਰਨਾ ਵੀ ਸਿੱਖਾਂ ਨੂੰ ਮਨਜ਼ੂਰ ਨਾ ਹੋਵੇ, ਉੱਥੇ ਇਸ ਸ਼ਬਦ ਗੁਰੂ ਦਾ ਨਿਰਾਦਰ ਸਿੱਖਾਂ ਨੂੰ ਸਭ ਤੋਂ ਵੱਧ ਪੀੜਾ ਦੇਣ ਦਾ ਵਰਤਾਰਾ ਕਿਵੇਂ  ਨਾ ਬਣਦਾ? ਇਸ ਮਾਮਲੇ ’ਚ ਹਿੰਸਾ ਪ੍ਰਤੀ ਸਿੱਖ ਪਰੰਪਰਾ ਅਤੇ ਦ੍ਰਿਸ਼ਟੀਕੋਣ ਨੂੰ ਭਾਈ ਨੰਦ ਲਾਲ ਜੀ ਨੇ ਤਨਖਾਹਨਾਮਾ ’ਚ ’’ਗੁਰ ਕੀ ਨਿੰਦਾ ਸੁਨਹਿ ਨ ਕਾਨ । ਭੇਟਨ ਕਰੈ ਸੰਗਿ ਕ੍ਰਿਪਾਨ’’ ਰਾਹੀਂ ਤਸਦੀਕ ਕੀਤਾ ਹੈ। ਧਾਰਮਿਕ ਮਾਮਲਿਆਂ ਨੂੰ ਲੈ ਕੇ ਸਿੱਖ ਮਾਨਸਿਕਤਾ ਨੂੰ ਇਸੇ ਸੰਦਰਭ ਵਿਚ ਦੇਖਿਆ ਜਾਣਾ ਚਾਹੀਦਾ ਹੈ। ’ਪੰਥਕ ਸਰਕਾਰ’ ਦੌਰਾਨ ਬੇਅਦਬੀਆਂ ਦੇ ਦੋਸ਼ੀਆਂ ਖਿਲਾਫ ਢੁਕਵੀਂ ਕਾਰਵਾਈ ਕਰਨ ’ਚ ਅਸਫਲਤਾ ਨੇ ਸਰਕਾਰ ਪ੍ਰਤੀ ਸਿੱਖਾਂ ਦੇ ਭਰੋਸੇ ਨੂੰ ਖੰਡਿਤ ਕੀਤਾ ਅਤੇ ਸਿੱਖ ਹਿਰਦਿਆਂ ਨੂੰ ਸੱਟ ਮਾਰਨ ਦਾ ਕਾਰਨ ਬਣਿਆ।
ਬੇਸ਼ੱਕ ਸਿੱਖੀ ਵਿਚ ’ਖਿਮਾ’ ਦੀ ਬਲਸ਼ਾਲੀ ਪਰੰਪਰਾ ਹੈ। ਸਿੱਖਾਂ ਨੇ ਅੰਮ੍ਰਿਤ ਸਰੋਵਰ ਦੀ ਸੇਵਾ ਕਰਨ ਬਦਲੇ ਅਹਿਮਦ ਸ਼ਾਹ ਅਬਦਾਲੀ ਦੇ ਉਨ੍ਹਾਂ ਸੈਨਿਕਾਂ ਨੂੰ ਵੀ ਮੁਆਫ਼ ਕਰ ਦਿੱਤਾ ਸੀ, ਜਿਨ੍ਹਾਂ ਨੇ 1762 ਦੌਰਾਨ ਕੁੱਪ ਦੇ ਅਸਥਾਨ ‘ਤੇ ਵੱਡਾ ਘੱਲੂਘਾਰਾ ਵਰਤਾ ਕੇ ਕਰੀਬ 35 ਹਜ਼ਾਰ ਸਿੱਖਾਂ ਨੂੰ ਸ਼ਹੀਦ ਕਰਨ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਵੀ ਕੀਤੀ ਸੀ। ਗੁਰੂਘਰ ‘ਚ ਬਦਲੇ ਦੀ ਕੋਈ ਥਾਂ ਨਹੀਂ। ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ’’ ਕੋਈ ਨਿੰਦਕੁ ਹੋਵੈ ਸਤਿਗੁਰੂ ਕਾ ਫਿਰਿ ਸਰਣਿ ਗੁਰ ਆਵੈ।। ਪਿਛਲੇ ਗੁਨਹ ਸਤਿਗੁਰੁ ਬਖਸਿ ਲਏ ਸਤਸੰਗਤਿ ਨਾਲਿ ਰਲਾਵੈ ।।’’ ਵਾਲਾ ਗੁਰੂ ਜੁਗਤਿ ( ਮਾਡਲ) ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਨਿਰੰਤਰ ਕਾਰਜਸ਼ੀਲ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵਿਰੋਧੀਆਂ ਲਈ ਇਕ ਚੁਨੌਤੀ ਹੈ ਤਾਂ ਸ਼ਰਨ ਆਇਆਂ ਲਈ ਇਹ ਸਤਿਗੁਰਾਂ ਦਾ ਬਖ਼ਸ਼ਿੰਦ ਦਰ ਹੈ। ਬਤੌਰ ਇਕ ਨਿਮਾਣਾ ਸਿੱਖ ਗੁਰੂ ਅੱਗੇ ਅਰਦਾਸ ਕਰਕੇ ਖਿਮਾ ਯਾਚਨਾ ਕਰ ਸਕਦਾ ਹੈ, ਪਰ ਕਿਸੇ ਜ਼ਿੰਮੇਵਾਰ ਵਿਅਕਤੀ ਵੱਲੋਂ ਪੰਥਕ ਰਵਾਇਤਾਂ ਨੂੰ ਨਜ਼ਰ ਅੰਦਾਜ਼ ਕਰਕੇ ਅਜਿਹਾ ਨਹੀਂ ਕੀਤਾ ਜਾ ਸਕਦਾ। ਜੋ ਕੋਈ ਵੀ ਅਜਿਹਾ ਕਰਦਾ ਹੈ ਤਾਂ ਉਸ ’ਤੇ ਪੰਥਕ ਰਵਾਇਤਾਂ ਦੇ ਘਾਣ ਦਾ ਦੋਸ਼ ਲੱਗੇਗਾ ਹੀ।
ਸੁਖਬੀਰ ਸਿੰਘ ਬਾਦਲ ਵੱਲੋਂ ਵਾਰ ਵਾਰ ਮੁਆਫ਼ੀ ਮੰਗਣ ਦੇ ਬਾਵਜੂਦ ਸਿੱਖ ਪੰਥ ਵੱਲੋਂ ਉਨ੍ਹਾਂ ਨੂੰ ਨਕਾਰੇ ਜਾਣ ਪਿੱਛੇ ਵੀ ਲੀਡਰਸ਼ਿਪ ਵੱਲੋਂ ’ਖਿਮਾ ਯਾਚਨਾ’ ਪ੍ਰਤੀ ਸਿੱਖੀ ਰਵਾਇਤਾਂ ਨੂੰ ਜਾਣਬੁੱਝ ਕੇ ਨਜ਼ਰ ਅੰਦਾਜ਼ ਕੀਤਾ ਜਾਣਾ ਹੈ। ਪੰਥ ਤੋਂ ਮੁਆਫ਼ੀ ਮੰਗਣੀ ਹੈ ਤਾਂ ਰਵਾਇਤ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ’ਜਾਣੇ ਅਨਜਾਣੇ’ ਦੀ ਨਹੀਂ ਸਗੋਂ ਆਤਮ ਸਮਰਪਣ ਕਰਦਿਆਂ ਸੱਚੇ ਦਿਲ ਨਾਲ ’ਖਤਾ’ ਨੂੰ ਸਪਸ਼ਟ ਰੂਪ ’ਚ ਕਬੂਲ ਕਰਨਾ ਪੈਦਾ ਹੈ, ਜਥੇਦਾਰ ਵੱਲੋਂ ’ਤਲਬ’ ਕਰਨ ਦੀ ਸੂਰਤ ਵਿਚ ਵੀ।  ਸੁਖਬੀਰ ਸਿੰਘ ਬਾਦਲ ਜਿਸ ਤਰਾਂ ’ਇਕ ਨਿਮਾਣੇ ਸਿੱਖ’ ਵਜੋਂ ਮੁਆਫ਼ੀ ਦਾ ਤਲਬਗਾਰ ਹੋਇਆ, ਉਸ ਢੰਗ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਹੁਤ ਪਹਿਲਾਂ ਹੀ ਰੱਦ ਕਰ ਚੁੱਕੇ ਹਨ। ਮਿਸਾਲ ਵਜੋਂ  ਸਾਬਕਾ ਜਥੇਦਾਰ ਸ. ਦਰਸ਼ਨ ਸਿੰਘ ਰਾਗੀ ਇਕ ਮਾਮਲੇ ’ਚ ਅਕਾਲ ਤਖ਼ਤ ਵੱਲੋਂ ਤਲਬ ਕੀਤੇ ਜਾਣ ’ਤੇ 5 ਦਸੰਬਰ 2009 ਨੂੰ ਅਕਾਲ ਤਖ਼ਤ ਦੇ ਵਿਹੜੇ ’ਚ ਸਮਰਥਕਾਂ ਨਾਲ ਬੈਠੇ ਰਹੇ ਅਤੇ ਫਿਰ ਸਿੰਘ ਸਾਹਿਬਾਨ ਕੋਲ ਪੇਸ਼ ਹੋਣ ਦੀ ਥਾਂ ਆਪਣਾ ਪੱਖ ਪ੍ਰਕਾਸ਼ਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਰੱਖ ਕੇ ਚਲੇ ਗਏ। ਇਸ ਵਰਤਾਰੇ ਨੂੰ ਜਥੇਦਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਯਾਦਾ ਦੀ ਘੋਰ ਉਲੰਘਣਾ ਕਰਾਰ ਦਿੱਤਾ ਅਤੇ ਸ. ਰਾਗੀ ਨੂੰ ਤਨਖ਼ਾਹੀਆ ਕਰਾਰ ਦਿੱਤਾ । ਇਸ ਲਈ ਭੁੱਲਾਂ ਦੀ ਖਿਮਾ ਜਾਚਨਾ ਲਈ ਇਕ ਨਿਮਾਣੇ ਸਿੱਖ ਵਜੋਂ ਪੇਸ਼ ਹੋਣ ਦਾ ਅਰਥ ਵਿਧੀਵਤ ਤਰੀਕੇ ਨਾਲ ਜਥੇਦਾਰ ਜਾਂ ਪੰਜ ਸਿੰਘ ਸਾਹਿਬਾਨ ਸਾਹਮਣੇ ਪੇਸ਼ ਹੋਣ ਦਾ ਹੈ। ਨਹੀਂ ਤਾਂ ਇਹ ਆਪ ਦੋਸ਼ੀ ਆਪੇ ਜੱਜ ਵਾਲੀ ਸਥਿਤੀ ’ਚ ਪੰਥਕ ਰਵਾਇਤਾਂ ਦਾ ਮਜ਼ਾਕ ਹੀ ਸਮਝਿਆ ਜਾਵੇਗਾ।
ਅਕਾਲੀ ਦਲ ਦੇ ਹਮਦਰਦ ਅਤੇ ਸਮਰਥਕਾਂ ਵੱਲੋਂ ਬਾਦਲ ਪਰਿਵਾਰ ਨੂੰ ਅਕਸਰ ਇਹ ਸਲਾਹ ਦਿੱਤੀ ਜਾਂਦੀ ਰਹੀ ਹੈ ਕਿ ਉਹ ਬੀਤੇ ਵਿਚ ਹੋਈਆਂ ’ਗ਼ਲਤੀਆਂ’ ਨੂੰ ਸਵੀਕਾਰ ਕਰਦਿਆਂ ਅਕਾਲ ਤਖ਼ਤ ਸਾਹਿਬ ’ਤੇ ਖਿਮਾ ਜਾਚਨਾ ਕਰ ਲੈਣ । ਮਰਹੂਮ ਸ ਪਰਕਾਸ਼ ਸਿੰਘ ਬਾਦਲ ਵੱਲੋਂ ਪੰਥ ਕੋਲੋਂ ਖਿਮਾ ਜਾਚਨਾ ਦੀ ਭਾਵਨਾ ਕਈ ਵਾਰ ਜ਼ਾਹਰ ਵੀ ਕੀਤੀ ਗਈ ਪਰ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀਆਂ ’ਕੁਤਾਹੀਆਂ’ ਨੂੰ ਜਨਤਕ ਰੂਪ ਵਿਚ ਸਵੀਕਾਰ ਕਰਨਾ ਕਦੇ ਦਰੁਸਤ ਨਾ ਜਾਣਿਆ । ਇਤਿਹਾਸ ਗਵਾਹ ਹੈ ਕਿ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਅਤੇ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ 1986 ਦੇ ‘ਆਪ੍ਰੇਸ਼ਨ ਬਲੈਕ ਥੰਡਰ’ ਲਈ, ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਅਤੇ ਗਿਆਨੀ ਜ਼ੈਲ ਸਿੰਘ 1984 ਵਿੱਚ ਸਾਕਾ ਨੀਲਾ ਤਾਰਾ ਵਿੱਚ ਭੂਮਿਕਾ ਲਈ, ਨਿਹੰਗ ਮੁਖੀ ਬਾਬਾ ਸੰਤਾ ਸਿੰਘ ਸਾਕਾ ਨੀਲਾ ਤਾਰਾ ਦੌਰਾਨ ਨੁਕਸਾਨੇ ਗਏ ਅਕਾਲ ਤਖ਼ਤ ਦੀ ਸਰਕਾਰੀ ‘ਕਾਰ ਸੇਵਾ’ ਲਈ, ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਨੂੰ ਅਕਾਲੀ ਧੜਿਆਂ ਵਿੱਚ ਏਕਤਾ ਬਾਰੇ ਅਕਾਲ ਤਖ਼ਤ ਦੇ ਨਿਰਦੇਸ਼ਾਂ ਦੀ ਉਲੰਘਣਾ ਲਈ ਪਸ਼ਚਾਤਾਪ ਕਰਨ ’ਤੇ ਮੁਆਫ਼ੀ ਦਿੱਤੀ ਗਈ ਸੀ।
ਜਿੱਥੋਂ ਤਕ ਸੁਖਬੀਰ ਸਿੰਘ ਬਾਦਲ ਵੱਲੋਂ ਮੰਗੀ ਗਈ ਮੁਆਫ਼ੀ ਦਾ ਸਵਾਲ ਹੈ, ਇਸ ਪਿੱਛੇ ਉਸ ਦੀ ਸਿਆਸੀ ਖ਼ਾਹਿਸ਼ਾਂ ਸਪਸ਼ਟ ਹਨ।  ’’ਅਸੀਂ ਵਾਅਦਾ ਕਰਦੇ ਹਾਂ ਕਿ ਜੋ ’ਅਸਲੀ ਦੋਸ਼ੀ’ ਆ ਉਹਨਾਂ ਨੂੰ ਜੇਲ੍ਹਾਂ ਵਿਚ ਪਾਵਾਂਗੇ ’’ ਭਾਵ ਦੋਸ਼ੀਆਂ ਨੂੰ ਜੇਲ੍ਹਾਂ ’ਚ ਡੱਕਣ ਲਈ ਸਾਨੂੰ ਸੱਤਾ ’ਚ ਲਿਆਓ । ਇਥੇ ਹੀ ਸਵਾਲ ਉਠਦਾ ਹੈ ਕਿ ਇਸੇ ਇਕ ਹੀ ਵਾਕ ਵਿਚ ਸੁਖਬੀਰ ਸਿੰਘ ਬਾਦਲ ਨੇ ਬਰਗਾੜੀ ਬੇਅਦਬੀ ਲਈ ਹੁਣ ਤਕ ਵਿਸ਼ੇਸ਼ ਜਾਂਚ ਟੀਮ ਵੱਲੋਂ ਮੁੱਖ ਮੁਲਜ਼ਮ ਤਸੱਵਰ ਕੀਤੇ ਗਏ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਅਤੇ ਡੇਰਾ ਨਾਲ ਸੰਬੰਧਿਤ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਦੋਸ਼ੀਆਂ ਨੂੰ ਸਪਸ਼ਟ ਰੂਪ ’ਚ ਬੇਗੁਨਾਹ ਮੰਨਿਆ ਹੈ ਤਾਂ ਫਿਰ ਕਸੂਰਵਾਰ ਕੋਣ ਹਨ। ਉਸ ਬਾਰੇ ਉਹ ਖ਼ਾਮੋਸ਼ ਕਿਉਂ ਹਨ? ਕੀ ਡੇਰੇ ਨਾਲ ਸੰਬੰਧਿਤ ਗ੍ਰਿਫ਼ਤਾਰ ਕੀਤੇ ਗਏ 11 ਮੁਲਜ਼ਮ, ਜਿਨ੍ਹਾਂ ’ਚ ਡੇਰਾ ਪ੍ਰੇਮੀ ਸ਼ਕਤੀ ਸਿੰਘ, ਸੁਖਜਿੰਦਰ, ਰਣਜੀਤ ਸਿੰਘ, ਨਿਸ਼ਾਨ ਸਿੰਘ ਅਤੇ ਪ੍ਰਦੀਪ ਸਿੰਘ ਵਾਕਿਆ ਹੀ ਨਿਰਦੋਸ਼ ਹਨ? ਕੇਸ ’ਚ ਨਾਮਜ਼ਦ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਰਾਜੂ, ਨਾਭਾ ਜੇਲ੍ਹ ’ਚ ਬੰਦ ਮਹਿੰਦਰਪਾਲ ਸਿੰਘ ਬਿੱਟੂ, ਸਤਪਾਲ ਸ਼ਰਮਾ ਅਤੇ ਉਸ ਦਾ ਪੁੱਤਰ ਰਮੇਸ਼, ਗੁਰਦੇਵ ਸਿੰਘ, ਮਨੋਹਰ ਲਾਲ, ਚਰਨ ਦਾਸ ਤਾਂ ਹੁਣ ਤਕ ਮਾਰੇ ਵੀ ਜਾ ਚੁੱਕੇ ਹਨ।
ਅਕਾਲੀ ਦਲ ਦੀ ਮੌਜੂਦਾ ਪੇਤਲੀ ਹਾਲਾਤ ਲਈ ’ ਲਮਹੋ ਨੇ ਖਤਾ ਕੀ ਸਦੀਓ ਨੇ ਸਜ਼ਾ ਪਾਈ’ ਵੀ ਨਹੀਂ ਢੁਕਦੀ ਕਿਉਂਕਿ ਇਹ ਇਕ ਵਾਰ ਦੀ ਖਤਾ ਨਹੀਂ ਅਨੇਕਾਂ ਖ਼ਤਾਵਾਂ ਨਾਲ ਇਹ ਸ਼ਕਲ ਅਖ਼ਤਿਆਰ ਹੋਈ ਹੈ। ਕੇਵਲ ਬਰਗਾੜੀ ਬੇਅਦਬੀ ਜਾਂ ਬਹਿਬਲ ਕਲਾਂ ਗੋਲੀ ਕਾਂਡ ਰਾਹੀਂ ਦੋ ਸਿੰਘਾਂ ਸ਼ਹੀਦੀ ਹੀ ਨਹੀਂ, ਸਿੱਖਾਂ ਦੀ ਨਰਾਜ਼ਗੀ ’ਚ ਡੇਰਾ ਮੁਖੀ ਰਾਮ ਰਹੀਮ ’ਤੇ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਬਾਰੇ 2007 ’ਚ ਦਰਜ ਕੇਸ ਵਾਪਸ ਲੈਣ, ਡੇਰਾ ਮੁਖੀ ਨੂੰ ਸਿੱਖ ਭਾਵਨਾਵਾਂ ਦੇ ਵਿਰੁੱਧ ਸਿਆਸੀ ਦਬਾਅ ਪਾਉਂਦਿਆਂ ਸ੍ਰੀ ਅਕਾਲ ਤਖ਼ਤ ਤੋਂ ਮੁਆਫ਼ੀ ਦਿਵਾਉਣ ਅਤੇ ਉਸ ਦੀ ਫ਼ਿਲਮ ‘ਮੈਸੰਜਰ ਆਫ ਗਾਡ’ ਦਾ ਸਮਰਥਨ, ਪੰਥਕ ਸਰਕਾਰ ਸਮੇਂ ਬੰਦੀ ਸਿੰਘਾਂ ਦੀ ਰਿਹਾਈ ਤੋਂ ਪਾਸਾ ਵਟਣਾ, 5 ਦਸੰਬਰ 2009 ਨੂੰ ਨੂਰਮਹਿਲ ਡੇਰੇ ਦੇ ਮੁਖੀ ਆਸ਼ੂਤੋਸ਼ ਦੇ ਵਿਰੁੱਧ ਲੁਧਿਆਣੇ ’ਚ ਸੰਤ ਸਮਾਜ ਦੀ ਅਗਵਾਈ ’ਚ ਰੋਸ ਮਾਰਚ ਕਰ ਰਹੇ ਸਿੱਖਾਂ ’ਤੇ ਪੁਲਿਸ ਦੀ ਅੰਨ੍ਹੇਵਾਹ ਫਾਇਰਿੰਗ ’ਚ ਦਰਸ਼ਨ ਸਿੰਘ ਲੁਹਾਰਾ ਦੀ ਸ਼ਹੀਦੀ ਅਤੇ ਅਨੇਕਾਂ ਨੂੰ ਜ਼ਖ਼ਮੀ ਕਰਨ, 29 ਮਾਰਚ 2012 ਨੂੰ ਗੁਰਦਾਸਪੁਰ ਵਿਖੇ ਰੋਸ ਮੁਜ਼ਾਹਰਾ ਕਰਦੇ ਸਿੱਖਾਂ ’ਤੇ ਪੁਲਿਸ ਵੱਲੋਂ ਗੋਲੀ ਚਲਾ ਕੇ ਸਿੱਖ ਨੌਜਵਾਨ ਜਸਪਾਲ ਸਿੰਘ ਚੌੜ ਸਿਧਵਾਂ ਨੂੰ ਸ਼ਹੀਦ ਕਰਨ, ਸਰਕਾਰ ਸਮੇਂ ਸਿੱਖ ਨੌਜਵਾਨਾ ਦਾ ਘਾਣ ਕਰਨ ਲਈ ਕਥਿਤ ਜ਼ਿੰਮੇਵਾਰ ਸੁਮੇਧ ਸੈਣੀ ਨੂੰ ਡੀ ਜੀ ਪੀ ਲਾਉਣ, ਆਲਮ ਸੈਨਾ ਦੇ ਮੁਖੀ ਆਲਮ ਨੂੰ ਸ਼ਹੀਦਾਂ ਦੀ ਜਥੇਬੰਦੀ ਅਕਾਲੀ ਦਲ ’ਚ ਮੀਤ ਪ੍ਰਧਾਨ ਦਾ ਅਹੁਦਾ ਦੇਣਾ ਆਦਿ ਸਿੱਖ ਭਾਵਨਾਵਾਂ ਨੂੰ ਵਲੂੰਧਰਨ ਦੇ ਕੋਝੇ ਯਤਨ ਵੀ ਸ਼ਾਮਿਲ ਹਨ ਜਿਨ੍ਹਾਂ ਨੂੰ ਸਿੱਖ ਹਾਲੇ ਵੀ ਨਹੀਂ ਭੁੱਲੇ ਹਨ।
ਅਕਾਲੀ ਦਲ ਨੇ ਸਿੱਖ ਪੰਥ ’ਚ ਪਾਰਟੀ ਦਾ ਖੁੱਸਿਆ ਆਧਾਰ ਮੁੜ ਪ੍ਰਾਪਤ ਕਰਨ ਦੀ ਚਾਰਾਜੋਈ ਵਜੋਂ ਸਿੱਖ ਪੰਥ ਤੋਂ ਖਿਮਾ ਜਾਚਨਾ ਦਾ ਮਨ ਬਣਾ ਹੀ ਲਿਆ ਹੈ ਤਾਂ ਇਸ ਨੂੰ ਪੰਥਕ ਰਵਾਇਤਾਂ ਮੁਤਾਬਿਕ ਹੀ ਅਮਲ ਵਿਚ ਲਿਆਉਣ ਦੀ ਲੋੜ ਸੀ। ਤਿਆਗ, ਸੇਵਾ ਦੀ ਭਾਵਨਾ ਅਤੇ ਪੰਥਕ ਕਿਰਦਾਰ ਨੂੰ ਹਕੀਕੀ ਰੂਪ ’ਚ ਗ੍ਰਹਿਣ ਕੀਤੇ ਤੋਂ ਬਿਨਾਂ ਸਿੱਖ ਮਨਾਂ ਨੂੰ ਜਿੱਤ ਸਕਣਾ ਅਸੰਭਵ ਹੈ । ਇਸ ਲਈ ਸੱਤਾ ਅਤੇ ਪ੍ਰਧਾਨਗੀ ਦੀ ਕੁਰਸੀ ਨਾਲ ਚਿੰਬੜੇ ਰਹਿਣ ਦੀ ਸਿਆਸੀ ਲਾਲਸਾ ਵਿਚ ਉਲਝੀ ਖਿਮਾ ਯਾਚਨਾ ਤੋਂ ਸਾਰਥਿਕ ਸਿੱਟੇ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ?

Leave a Reply

Your email address will not be published.


*