August 17, 2026

Justice News

ਅਵਾਮ ਦੀ ਆਵਾਜ਼

ਯੁੱਧਾਂ ਵਿੱਚ ਮਾਰੇ ਜਾਣ ਵਾਲੇ ਬੱਚਿਆਂ ਦਾ ਕੀ ਕਸੂਰ ਹੁੰਦਾ ਹੈ?

ਦੁਨੀਆ ਦੇ ਇਤਿਹਾਸ ਵਿੱਚ ਯੁੱਧ ਹਮੇਸ਼ਾ ਤਾਕਤ, ਸਰਹੱਦਾਂ ਅਤੇ ਰਾਜਨੀਤਿਕ ਹਿਤਾਂ ਦੀ ਟਕਰਾਹਟ ਦਾ ਨਤੀਜਾ ਰਹੇ ਹਨ। ਪਰ ਜਦੋਂ ਵੀ ਕਿਸੇ ਖੇਤਰ ਵਿੱਚ ਯੁੱਧ ਛਿੜਦਾ ਹੈ, ਉਸ ਦੀ ਸਭ ਤੋਂ ਭਾਰੀ ਕੀਮਤ ਉਹ ਲੋਕ ਚੁਕਾਉਂਦੇ ਹਨ ਜਿਨ੍ਹਾਂ ਦਾ ਉਸ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ। ਆਮ ਨਾਗਰਿਕਾਂ ਵਿੱਚ ਵੀ ਸਭ ਤੋਂ ਵੱਡੇ ਪੀੜਤ ਬੱਚੇ ਬਣਦੇ ਹਨ। ਬੱਚੇ ਨਾ ਰਾਜਨੀਤੀ ਸਮਝਦੇ ਹਨ, ਨਾ ਹੀ ਉਹਨਾਂ ਨੂੰ ਇਹ ਪਤਾ ਹੁੰਦਾ ਹੈ ਕਿ ਦੇਸ਼ਾਂ ਦੇ ਵਿਚਕਾਰ ਲੜਾਈ ਕਿਉਂ ਹੋ ਰਹੀ ਹੈ। ਉਹ ਤਾਂ ਸਿਰਫ਼ ਖੇਡਣ, ਪੜ੍ਹਨ ਅਤੇ ਸੁਪਨੇ ਦੇਖਣ ਦੇ ਹੱਕਦਾਰ ਹੁੰਦੇ ਹਨ। ਫਿਰ ਵੀ ਯੁੱਧ ਦੀ ਅੱਗ ਸਭ ਤੋਂ ਪਹਿਲਾਂ ਉਹਨਾਂ ਦੀ ਮਾਸੂਮ ਜ਼ਿੰਦਗੀ ਨੂੰ ਹੀ ਸਾੜ ਦਿੰਦੀ ਹੈ।
ਜਦੋਂ ਕਿਸੇ ਸ਼ਹਿਰ ਜਾਂ ਪਿੰਡ ਵਿੱਚ ਬੰਬਬਾਰੀ ਹੁੰਦੀ ਹੈ ਤਾਂ ਉਹ ਸਿਰਫ਼ ਫੌਜੀ ਢਾਂਚਿਆਂ ਨੂੰ ਹੀ ਨਹੀਂ ਤਬਾਹ ਕਰਦੀ, ਸਗੋਂ ਘਰਾਂ, ਸਕੂਲਾਂ, ਹਸਪਤਾਲਾਂ ਅਤੇ ਬਾਜ਼ਾਰਾਂ ਨੂੰ ਵੀ ਮਿਟਾ ਦਿੰਦੀ ਹੈ। ਇਹ ਸਾਰੇ ਥਾਂ ਉਹ ਹਨ ਜਿੱਥੇ ਬੱਚਿਆਂ ਦੀ ਜ਼ਿੰਦਗੀ ਵਸਦੀ ਹੈ। ਇਸ ਕਰਕੇ ਯੁੱਧ ਦੀ ਹਰ ਗੋਲੀ ਅਤੇ ਹਰ ਮਿਸਾਈਲ ਅਕਸਰ ਬੇਗੁਨਾਹ ਬੱਚਿਆਂ ਦੀ ਜ਼ਿੰਦਗੀ ਤੇ ਵੀ ਹਮਲਾ ਬਣ ਜਾਂਦੀ ਹੈ। ਮਨੁੱਖਤਾ ਲਈ ਇਹ ਇਕ ਐਸਾ ਸਵਾਲ ਬਣ ਜਾਂਦਾ ਹੈ ਜਿਸਦਾ ਜਵਾਬ ਲੱਭਣਾ ਮੁਸ਼ਕਲ ਹੈ ਕਿ ਆਖ਼ਿਰ ਇਹ ਬੱਚੇ ਕਿਸ ਗੁਨਾਹ ਦੀ ਸਜ਼ਾ ਭੁਗਤ ਰਹੇ ਹਨ।
ਅੰਤਰਰਾਸ਼ਟਰੀ ਪੱਧਰ ਤੇ ਕੰਮ ਕਰਨ ਵਾਲੀ ਸੰਸਥਾ ਸੰਯੁਕਤ ਰਾਸ਼ਟਰ ਸੰਘ ਅਤੇ ਬੱਚਿਆਂ ਲਈ ਕੰਮ ਕਰਨ ਵਾਲੀ ਸੰਸਥਾ( UNICEF )ਯੂਨੀਸੈਫ ਦੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਅੱਜ ਦੁਨੀਆ ਵਿੱਚ ਲਗਭਗ 468 ਮਿਲੀਅਨ ਬੱਚੇ ਉਹਨਾਂ ਖੇਤਰਾਂ ਵਿੱਚ ਰਹਿੰਦੇ ਹਨ ਜਿੱਥੇ ਹਥਿਆਰਬੰਦ ਟਕਰਾਅ ਜਾਂ ਯੁੱਧ ਦੀ ਸਥਿਤੀ ਮੌਜੂਦ ਹੈ। ਇਹ ਗਿਣਤੀ ਮਨੁੱਖੀ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਇਸਦਾ ਮਤਲਬ ਹੈ ਕਿ ਦੁਨੀਆ ਦਾ ਹਰ ਪੰਜਵਾਂ ਬੱਚਾ ਹਿੰਸਾ ਅਤੇ ਡਰ ਦੇ ਮਾਹੌਲ ਵਿੱਚ ਆਪਣਾ ਬਚਪਨ ਗੁਜ਼ਾਰ ਰਿਹਾ ਹੈ।
ਇਤਿਹਾਸ ਵਿੱਚ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਯੁੱਧਾਂ ਨੇ ਬੱਚਿਆਂ ਨੂੰ ਕਿੰਨਾ ਵੱਡਾ ਨੁਕਸਾਨ ਪਹੁੰਚਾਇਆ ਹੈ। 1939 ਤੋਂ 1945 ਤੱਕ ਚੱਲੇ ਦੂਜੀ ਸੰਸਾਰ ਜੰਗ (World War II )ਵਿੱਚ ਲਗਭਗ 7 ਤੋਂ 8.5 ਕਰੋੜ ਲੋਕ ਮਾਰੇ ਗਏ। ਇਤਿਹਾਸਕਾਰਾਂ ਦੇ ਅਨੁਸਾਰ ਇਸ ਵਿੱਚੋਂ ਲਗਭਗ ਦੋ ਕਰੋੜ ਬੱਚੇ ਸਿੱਧੇ ਜਾਂ ਅਪਰੋਕਸ਼ ਤੌਰ ਤੇ ਯੁੱਧ ਦੇ ਪ੍ਰਭਾਵਾਂ ਨਾਲ ਮਰੇ। ਇਸ ਯੁੱਧ ਦੌਰਾਨ 1945 ਵਿੱਚ ਜਪਾਨ ਦੇ ਸ਼ਹਿਰਾਂ ਤੇ ਹੋਈਆਂ ਆਟੋਮਿਕ ਬੰਬ ਜੋਂ ਹੀਰੋਸ਼ੀਮਾ ਅਤੇ ਨਾਗਾਸਾਕੀ ਸੁੱਟੇ ਗਏ ਦੀਆਂ ਘਟਨਾਵਾਂ ਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਹੀਰੋਸ਼ੀਮਾ ਵਿੱਚ ਜਦੋਂ ਐਟਮ ਬੰਬ ਡਿੱਗਿਆ ਤਾਂ ਕੁਝ ਸਕਿੰਟਾਂ ਵਿੱਚ ਹੀ ਹਜ਼ਾਰਾਂ ਸਕੂਲੀ ਬੱਚੇ ਸੜ ਕੇ ਮਰ ਗਏ ਅਤੇ ਕਈ ਹੋਰ ਬੱਚੇ ਅਗਲੇ ਸਾਲਾਂ ਵਿੱਚ ਰੇਡੀਏਸ਼ਨ ਕਾਰਨ ਮਰਦੇ ਰਹੇ।
ਵੀਹਵੀਂ ਸਦੀ ਦੇ ਦੂਜੇ ਅੱਧ ਵਿੱਚ ਹੋਇਆ ਵੀਅਤਨਾਮ ਜੰਗ ਵੀ ਬੱਚਿਆਂ ਲਈ ਇੱਕ ਵੱਡੀ ਤ੍ਰਾਸਦੀ ਬਣਿਆ। 1955 ਤੋਂ 1975 ਤੱਕ ਚੱਲੇ ਇਸ ਯੁੱਧ ਵਿੱਚ ਲਗਭਗ 20 ਲੱਖ ਨਾਗਰਿਕ ਮਾਰੇ ਗਏ। ਬੰਬਬਾਰੀ ਅਤੇ ਰਸਾਇਣਕ ਹਥਿਆਰਾਂ ਦੇ ਇਸਤੇਮਾਲ ਕਾਰਨ ਲੱਖਾਂ ਬੱਚੇ ਜ਼ਖ਼ਮੀ ਹੋਏ, ਅਪਾਹਜ ਹੋਏ ਜਾਂ ਬੇਘਰ ਹੋ ਗਏ। ਕਈ ਪਿੰਡ ਅਤੇ ਸ਼ਹਿਰ ਐਸੇ ਸਨ ਜਿੱਥੇ ਪੂਰੀਆਂ ਪੀੜ੍ਹੀਆਂ ਯੁੱਧ ਦੀ ਭੇਂਟ ਚੜ੍ਹ ਗਈਆਂ।
ਇੱਕਵੀ ਸਦੀ ਵਿੱਚ ਵੀ ਹਾਲਾਤ ਜ਼ਿਆਦਾ ਨਹੀਂ ਬਦਲੇ। 2011 ਵਿੱਚ ਸ਼ੁਰੂ ਹੋਇਆ ਸੀਰੀਆ ਸਿਵਲ ਵਾਰ  ਅੱਜ ਵੀ ਮਨੁੱਖਤਾ ਲਈ ਇੱਕ ਵੱਡਾ ਜ਼ਖ਼ਮ ਬਣਿਆ ਹੋਇਆ ਹੈ। ਇਸ ਯੁੱਧ ਵਿੱਚ ਪੰਜ ਲੱਖ ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਯੂਨੀਸੈਫ UNICEF ਦੇ ਅੰਕੜਿਆਂ ਮੁਤਾਬਕ 12 ਹਜ਼ਾਰ ਤੋਂ ਵੱਧ ਬੱਚੇ ਮਾਰੇ ਗਏ ਅਤੇ 25 ਹਜ਼ਾਰ ਤੋਂ ਵੱਧ ਜ਼ਖ਼ਮੀ ਹੋਏ। ਲੱਖਾਂ ਬੱਚੇ ਆਪਣੇ ਘਰ ਛੱਡ ਕੇ ਸ਼ਰਨਾਰਥੀ ਕੈਂਪਾਂ ਵਿੱਚ ਰਹਿਣ ਲਈ ਮਜਬੂਰ ਹੋ ਗਏ।
ਮੱਧ ਪੂਰਬ ਵਿੱਚ ਚੱਲ ਰਹੀ Yemeni Civil War ਵੀ ਬੱਚਿਆਂ ਲਈ ਇੱਕ ਭਿਆਨਕ ਸੰਕਟ ਬਣੀ ਹੋਈ ਹੈ। 2015 ਤੋਂ ਬਾਅਦ ਦੇ ਅੰਕੜਿਆਂ ਮੁਤਾਬਕ ਦਸ ਹਜ਼ਾਰ ਤੋਂ ਵੱਧ ਬੱਚੇ ਮਾਰੇ ਜਾਂ ਜ਼ਖ਼ਮੀ ਹੋਏ ਹਨ। ਇਸ ਤੋਂ ਇਲਾਵਾ ਲਗਭਗ ਵੀਹ ਲੱਖ ਬੱਚੇ ਭੁੱਖਮਰੀ ਅਤੇ ਕੂਪੋਸ਼ਣ ਦੇ ਖਤਰੇ ਹੇਠ ਹਨ। ਯੁੱਧ ਕਾਰਨ ਖਾਣ-ਪੀਣ ਦੀ ਕਮੀ ਅਤੇ ਸਿਹਤ ਸਹੂਲਤਾਂ ਦੇ ਟੁੱਟ ਜਾਣ ਨਾਲ ਬੱਚਿਆਂ ਦੀ ਜ਼ਿੰਦਗੀ ਹੋਰ ਵੀ ਮੁਸ਼ਕਲ ਬਣ ਗਈ ਹੈ।
ਯੂਰਪ ਵਿੱਚ 2022 ਵਿੱਚ ਸ਼ੁਰੂ ਹੋਈ ਰਹੀਆਂ ਦਾ ਯੂਕਰੇਨ ਤੇ ਹਮਲੇ ਨੇ ਵੀ ਬੱਚਿਆਂ ਦੀ ਜ਼ਿੰਦਗੀ ਉੱਤੇ ਗਹਿਰਾ ਅਸਰ ਪਾਇਆ ਹੈ। ਸੰਯੁਕਤ ਰਾਸ਼ਟਰ ਸੰਘ ਦੇ ਅਨੁਸਾਰ ਇਸ ਯੁੱਧ ਵਿੱਚ ਸੈਂਕੜੇ ਬੱਚੇ ਮਾਰੇ ਗਏ ਅਤੇ ਹਜ਼ਾਰ ਤੋਂ ਵੱਧ ਜ਼ਖ਼ਮੀ ਹੋਏ। ਲੱਖਾਂ ਬੱਚੇ ਆਪਣੇ ਘਰਾਂ ਤੋਂ ਬੇਘਰ ਹੋ ਕੇ ਦੂਜੇ ਦੇਸ਼ਾਂ ਵਿੱਚ ਸ਼ਰਨ ਲੈਣ ਲਈ ਮਜਬੂਰ ਹੋ ਗਏ।
ਯੁੱਧ ਦਾ ਅਸਰ ਸਿਰਫ਼ ਮੌਤਾਂ ਤੱਕ ਹੀ ਸੀਮਿਤ ਨਹੀਂ ਰਹਿੰਦਾ। ਇਹ ਬੱਚਿਆਂ ਦੇ ਭਵਿੱਖ ਨੂੰ ਵੀ ਤਬਾਹ ਕਰ ਦਿੰਦਾ ਹੈ। ਯੁੱਧ ਦੌਰਾਨ ਸਕੂਲ ਤਬਾਹ ਹੋ ਜਾਂਦੇ ਹਨ ਅਤੇ ਸਿੱਖਿਆ ਦੀ ਪ੍ਰਕਿਰਿਆ ਰੁਕ ਜਾਂਦੀ ਹੈ। ਯੂਨੈਸਕੋ (UNESCO )ਦੇ ਅਨੁਸਾਰ ਦੁਨੀਆ ਵਿੱਚ ਲਗਭਗ ਸਾਢੇ ਸੱਤ ਕਰੋੜ ਬੱਚੇ ਯੁੱਧ ਪ੍ਰਭਾਵਿਤ ਖੇਤਰਾਂ ਵਿੱਚ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਤੋਂ ਇਲਾਵਾ ਬੰਬਬਾਰੀ ਅਤੇ ਹਿੰਸਾ ਦੇ ਦਰਸ਼ਨ ਕਰਨ ਵਾਲੇ ਬੱਚਿਆਂ ਵਿੱਚ ਡਰ, ਤਣਾਅ ਅਤੇ ਮਨੋਵਿਗਿਆਨਕ ਸਦਮੇ ਦੀ ਸਮੱਸਿਆ ਵੀ ਵੱਧ ਜਾਂਦੀ ਹੈ।
ਕਈ ਖੇਤਰਾਂ ਵਿੱਚ ਹਥਿਆਰਬੰਦ ਗਰੁੱਪ ਬੱਚਿਆਂ ਨੂੰ ਜ਼ਬਰਦਸਤੀ ਆਪਣੇ ਨਾਲ ਸ਼ਾਮਲ ਕਰ ਲੈਂਦੇ ਹਨ। ਉਹਨਾਂ ਨੂੰ ਹਥਿਆਰ ਚੁੱਕਣ ਲਈ ਮਜਬੂਰ ਕੀਤਾ ਜਾਂਦਾ ਹੈ। ਇਸ ਤਰ੍ਹਾਂ ਬਚਪਨ ਦੀ ਮਾਸੂਮਿਯਤ ਇੱਕ ਖ਼ੂਨੀ ਟਕਰਾਅ ਦਾ ਹਿੱਸਾ ਬਣ ਜਾਂਦੀ ਹੈ। ਮਨੁੱਖੀ ਅਧਿਕਾਰ ਸੰਸਥਾਵਾਂ ਦੇ ਅਨੁਸਾਰ ਦੁਨੀਆ ਵਿੱਚ ਅਜੇ ਵੀ ਹਜ਼ਾਰਾਂ ਬੱਚੇ ਐਸੇ ਹਨ ਜੋ ਜੰਗਾਂ ਵਿੱਚ ਬਾਲ ਸੈਨਿਕਾਂ ਵਜੋਂ ਵਰਤੇ ਜਾ ਰਹੇ ਹਨ।
ਬੱਚਿਆਂ ਦੀ ਸੁਰੱਖਿਆ ਲਈ ਅੰਤਰਰਾਸ਼ਟਰੀ ਪੱਧਰ ਤੇ ਕਈ ਕਾਨੂੰਨ ਵੀ ਬਣਾਏ ਗਏ ਹਨ। 1989 ਵਿੱਚ ਬਣੀ ਕਨਵੈਨਸ਼ਨ ਆਨ ਦਾ ਰਾਈਟ ਆਫ਼ ਦਾ ਚਾਈਲਡ Convention on the Rights of the Child ਬੱਚਿਆਂ ਦੇ ਅਧਿਕਾਰਾਂ ਦੀ ਸਭ ਤੋਂ ਮਹੱਤਵਪੂਰਨ ਸੰਧੀ ਹੈ। ਇਸ ਵਿੱਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਹਰ ਬੱਚੇ ਨੂੰ ਜੀਵਨ, ਸਿੱਖਿਆ ਅਤੇ ਸੁਰੱਖਿਆ ਦਾ ਅਧਿਕਾਰ ਹੈ। ਇਸ ਤੋਂ ਇਲਾਵਾ ਜਨੇਵਾ ਕਨਵੈਨਸ਼ਨ (Geneva Conventions) ਦੇ ਅਧੀਨ ਯੁੱਧ ਦੇ ਸਮੇਂ ਨਾਗਰਿਕਾਂ ਅਤੇ ਬੱਚਿਆਂ ਨੂੰ ਨਿਸ਼ਾਨਾ ਬਣਾਉਣਾ ਜੰਗੀ ਅਪਰਾਧ ਮੰਨਿਆ ਜਾਂਦਾ ਹੈ। ਪਰ ਅਫਸੋਸ ਦੀ ਗੱਲ ਇਹ ਹੈ ਕਿ ਅਸਲ ਯੁੱਧਾਂ ਵਿੱਚ ਇਹ ਕਾਨੂੰਨ ਅਕਸਰ ਕਾਗਜ਼ਾਂ ਤੱਕ ਹੀ ਸੀਮਿਤ ਰਹਿ ਜਾਂਦੇ ਹਨ।
ਅਸਲ ਵਿਚ ਜਦੋਂ ਵੀ ਕਿਸੇ ਯੁੱਧ ਵਿੱਚ ਕੋਈ ਬੱਚਾ ਮਰਦਾ ਹੈ ਤਾਂ ਉਹ ਸਿਰਫ਼ ਇੱਕ ਜਾਨ ਦੀ ਮੌਤ ਨਹੀਂ ਹੁੰਦੀ। ਉਹ ਇੱਕ ਪਰਿਵਾਰ ਦੀ ਉਮੀਦ ਦਾ ਅੰਤ ਹੁੰਦਾ ਹੈ, ਇੱਕ ਸਮਾਜ ਦਾ ਭਵਿੱਖ ਖਤਮ ਹੋ ਜਾਂਦਾ ਹੈ ਅਤੇ ਮਨੁੱਖਤਾ ਦੀ ਹਾਰ ਹੁੰਦੀ ਹੈ। ਯੁੱਧ ਸਾਨੂੰ ਇਹ ਸੋਚਣ ਲਈ ਮਜਬੂਰ ਕਰਦੇ ਹਨ ਕਿ ਕੀ ਤਾਕਤ ਅਤੇ ਰਾਜਨੀਤਿਕ ਲਾਭ ਮਨੁੱਖੀ ਜ਼ਿੰਦਗੀ ਤੋਂ ਵੱਡੇ ਹਨ।
ਇਸ ਲਈ ਦੁਨੀਆ ਦੇ ਦੇਸ਼ਾਂ ਅਤੇ ਨੇਤਾਵਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਅਸਲ ਤਰੱਕੀ ਯੁੱਧਾਂ ਵਿੱਚ ਨਹੀਂ, ਸਗੋਂ ਅਮਨ ਅਤੇ ਮਨੁੱਖੀ ਮੁੱਲਾਂ ਦੀ ਰੱਖਿਆ ਵਿੱਚ ਹੈ। ਜਦੋਂ ਤੱਕ ਸੰਸਾਰ ਯੁੱਧਾਂ ਦੀ ਬਜਾਏ ਸੰਵਾਦ ਅਤੇ ਸ਼ਾਂਤੀ ਦਾ ਰਸਤਾ ਨਹੀਂ ਚੁਣੇਗਾ, ਤਦ ਤੱਕ ਬੇਗੁਨਾਹ ਬੱਚਿਆਂ ਦੀਆਂ ਮੌਤਾਂ ਮਨੁੱਖਤਾ ਦੇ ਜ਼ਮੀਰ ਨੂੰ ਝੰਝੋੜਦੀਆਂ ਰਹਿਣਗੀਆਂ।
ਅਖੀਰਕਾਰ ਸਵਾਲ ਫਿਰ ਉਹੀ ਰਹਿ ਜਾਂਦਾ ਹੈ — ਯੁੱਧਾਂ ਵਿੱਚ ਮਾਰੇ ਜਾਣ ਵਾਲੇ ਬੱਚਿਆਂ ਦਾ ਆਖ਼ਿਰ ਕੀ ਕਸੂਰ ਹੁੰਦਾ ਹੈ? ਅਸਲ ਵਿੱਚ ਉਹਨਾਂ ਦਾ ਕੋਈ ਕਸੂਰ ਨਹੀਂ ਹੁੰਦਾ। ਉਹ ਸਿਰਫ਼ ਉਹਨਾਂ ਫੈਸਲਿਆਂ ਦੀ ਸਜ਼ਾ ਭੁਗਤਦੇ ਹਨ ਜੋ ਵੱਡੇ ਲੋਕਾਂ ਦੀ ਰਾਜਨੀਤੀ ਅਤੇ ਤਾਕਤ ਦੀ ਦੌੜ ਵਿੱਚ ਲਏ ਜਾਂਦੇ ਹਨ। ਮਨੁੱਖਤਾ ਲਈ ਇਹੀ ਸਭ ਤੋਂ ਵੱਡੀ ਤ੍ਰਾਸਦੀ ਹੈ।
ਜਗਤਾਰ ਸਿੰਘ ਮਾਨਸਾ
9463603091

Leave a Reply

Your email address will not be published. Required fields are marked *

Copyright © All rights reserved. | Newsphere by AF themes.