August 17, 2026

Justice News

ਅਵਾਮ ਦੀ ਆਵਾਜ਼

ਪੰਜਾਬੀ ਭਾਸ਼ਾ: ਪਹਿਚਾਣ ਦਾ ਸੰਕਟ ਜਾਂ ਨੀਤੀ ਦੀ ਕਮੀ?

✍️ ਅਨੀਤਾ ਸ਼ਰਮਾ
ਸੋਸ਼ੀਓ–ਪੋਲੀਟੀਕਲ ਥਿੰਕਰ
ਪ੍ਰਧਾਨ, ਨਵਕਿਰਨ ਵੁਮਨ ਵੈਲਫੇਅਰ ਐਸੋਸੀਏਸ਼ਨ
ਅੰਤਰਰਾਸ਼ਟਰੀ ਮਾਤ੍ਰ-ਭਾਸ਼ਾ ਦਿਵਸ ਹਰ ਸਾਲ 21 ਫ਼ਰਵਰੀ ਨੂੰ ਸੰਸਾਰ ਭਰ ਵਿੱਚ ਮਨਾਇਆ ਜਾਂਦਾ ਹੈ। ਇਹ ਦਿਵਸ 1952 ਵਿੱਚ ਢਾਕਾ ਵਿਖੇ ਭਾਸ਼ਾਈ ਅਧਿਕਾਰਾਂ ਲਈ ਸ਼ਹੀਦ ਹੋਏ ਵਿਦਿਆਰਥੀਆਂ ਦੀ ਯਾਦ ਚ ਮਨਾਇਆ ਜਾਂਦਾ ਹੈ। 1999 ਵਿੱਚ ਸੰਯੁਕਤ ਰਾਸ਼ਟਰ ਦੀ ਸਿੱਖਿਆ, ਵਿਗਿਆਨ ਅਤੇ ਸੱਭਿਆਚਾਰ ਸੰਸਥਾ  ਯੂਨੇਸਕੋ ਨੇ ਇਸ ਦਿਨ ਨੂੰ ਵਿਸ਼ਵ ਪੱਧਰ ‘ਤੇ ਮਾਨਤਾ ਦਿੱਤੀ। ਇਸ ਦਾ ਮੂਲ ਉਦੇਸ਼ ਭਾਸ਼ਾਈ ਵਿਭਿੰਨਤਾ ਅਤੇ ਮਾਂ-ਬੋਲੀ ਦੇ ਸੁਰੱਖਣ ਨੂੰ ਉਤਸ਼ਾਹਿਤ ਕਰਨਾ ਹੈ।ਪੰਜਾਬ ਲਈ ਇਹ ਦਿਨ ਵਿਸ਼ੇਸ਼ ਆਤਮ-ਮੰਥਨ ਦਾ ਮੌਕਾ ਹੈ। 1990 ਤੋਂ ਬਾਅਦ ਗਲੋਬਲਾਈਜ਼ੇਸ਼ਨ ਅਤੇ ਪ੍ਰਵਾਸ ਦੇ ਵਾਧੇ ਨਾਲ ਅੰਗਰੇਜ਼ੀ ਨੂੰ ਤਰੱਕੀ ਦਾ ਪ੍ਰਤੀਕ ਮੰਨਿਆ ਗਿਆ। ਆਈਲੈਟਸ ਕੇਂਦਰਾਂ ਦੀ ਵਾਧੂ ਸਥਾਪਨਾ ਅਤੇ ਅੰਗਰੇਜ਼ੀ ਮਾਧਿਅਮ ਸਕੂਲਾਂ ਦੇ ਫੈਲਾਅ ਨੇ ਮਾਪਿਆਂ ਵਿੱਚ ਇਹ ਧਾਰਨਾ ਮਜ਼ਬੂਤ ਕੀਤੀ ਕਿ ਸਫਲਤਾ ਸਿਰਫ਼ ਅੰਗਰੇਜ਼ੀ ਨਾਲ ਹੀ ਸੰਭਵ ਹੈ।
ਨਤੀਜੇ ਵਜੋਂ ਪੰਜਾਬੀ ਹੌਲੀ-ਹੌਲੀ ਸਿੱਖਿਆ ਅਤੇ ਸਮਾਜਿਕ ਮਾਣ ਤੋਂ ਪਿੱਛੇ ਧੱਕੀ ਗਈ। ਅੱਜ ਹਾਲਾਤ ਇਹ ਹਨ ਕਿ ਕਈ ਬੱਚਿਆਂ ਨੂੰ ਪੈਂਤੀ ਅੱਖਰੀ, ਮੂਲ ਗਿਣਤੀ ਜਾਂ ਸੁਚੱਜੀ ਲਿਖਤ ਵਿੱਚ ਮੁਸ਼ਕਲ ਆਉਂਦੀ ਹੈ। ਪੰਜਾਬੀ ਸਿਰਫ਼ ਇੱਕ ਵਿਸ਼ੇ ਤੱਕ ਸੀਮਿਤ ਹੋ ਰਹੀ ਹੈ, ਜੀਵਨ-ਸ਼ੈਲੀ ਦਾ ਹਿੱਸਾ ਨਹੀਂ ਰਹੀ।
ਸਰਕਾਰੀ ਸਕੂਲਾਂ ਨੂੰ ਲੈ ਕੇ ਬਣੀ ਨਕਾਰਾਤਮਕ ਛਵੀ ਨੇ ਵੀ ਭਾਸ਼ਾਈ ਸੰਤੁਲਨ ਨੂੰ ਪ੍ਰਭਾਵਿਤ ਕੀਤਾ। ਜਦਕਿ ਇਹ ਸਕੂਲ ਵੱਡੇ ਪੱਧਰ ‘ਤੇ ਸਿੱਖਿਆ ਦੇ ਰਹੇ ਹਨ, ਸਮਾਜਿਕ ਰੁਝਾਨ ਅੰਗਰੇਜ਼ੀ ਮੀਡਿਅਮ ਵੱਲ ਵਧ ਗਿਆ। ਇਸੇ ਦੌਰਾਨ, ਪੰਜਾਬ ਵਿੱਚ ਰਹਿੰਦੇ ਪਰਵਾਸੀ ਪਰਿਵਾਰਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਕੇ ਪੰਜਾਬੀ ਨੂੰ ਅਪਣਾ ਰਹੇ ਹਨ—ਜੋ ਦਰਸਾਉਂਦਾ ਹੈ ਕਿ ਸਮੱਸਿਆ ਯੋਗਤਾ ਦੀ ਨਹੀਂ, ਮਨੋਵ੍ਰਿੱਤੀ ਦੀ ਹੈ।
ਪੰਜਾਬ ਵਿੱਚ ਵਪਾਰਿਕ ਸਥਾਨਾਂ ‘ਤੇ ਪੰਜਾਬੀ ਲਿਖਤ ਲਾਜ਼ਮੀ ਕਰਨ ਦੇ ਕਾਨੂੰਨ ਮੌਜੂਦ ਹਨ, ਪਰ ਲਾਗੂਆਈ ਅਧੂਰੀ ਹੈ। ਲੁਧਿਆਣਾ ਦੇ ਪ੍ਰਮੁੱਖ ਸਥਾਨ ਭਾਰਤ ਨਗਰ ਚੌਂਕ ਵਰਗੇ ਉਦਾਹਰਣ ਇਸ ਗੱਲ ਨੂੰ ਦਰਸਾਉਂਦੇ ਹਨ ਕਿ ਨੀਤੀ ਅਤੇ ਅਮਲ ਵਿੱਚ ਅੰਤਰ ਹੈ।ਵਿਸ਼ਵ ਪੱਧਰ ‘ਤੇ ਦੇਖਿਆ ਜਾਵੇ ਤਾਂ ਕਈ ਵਿਕਸਿਤ ਦੇਸ਼ ਆਪਣੀ ਮਾਂ-ਬੋਲੀ ਨੂੰ ਪ੍ਰਸ਼ਾਸਨ ਅਤੇ ਸਿੱਖਿਆ ਦੇ ਕੇਂਦਰ ਵਿੱਚ ਰੱਖਦੇ ਹਨ। ਅੰਗਰੇਜ਼ੀ ਉਨ੍ਹਾਂ ਲਈ ਸਹਾਇਕ ਭਾਸ਼ਾ ਹੈ, ਪਰ ਪਹਿਚਾਣ ਦਾ ਆਧਾਰ ਨਹੀਂ। ਇਸ ਲਈ ਸਵਾਲ ਅੰਗਰੇਜ਼ੀ ਦੇ ਵਿਰੋਧ ਦਾ ਨਹੀਂ, ਸਗੋਂ ਸੰਤੁਲਨ ਦਾ ਹੈ।ਅਸੀਂ ਲੋੜ ਹੈ ਕਿ ਘਰਾਂ ਵਿੱਚ ਪੰਜਾਬੀ ਬੋਲੀ ਜਾਵੇ, ਸਕੂਲਾਂ ਵਿੱਚ ਮੂਲ ਅੱਖਰ-ਗਿਆਨ ਮਜ਼ਬੂਤ ਕੀਤਾ ਜਾਵੇ ਅਤੇ ਸਰਕਾਰ ਕਾਨੂੰਨਾਂ ਦੀ ਪ੍ਰਭਾਵਸ਼ਾਲੀ ਪਾਲਣਾ ਯਕੀਨੀ ਬਣਾਵੇ।ਅੰਤਰਰਾਸ਼ਟਰੀ ਮਾਤ੍ਰ-ਭਾਸ਼ਾ ਦਿਵਸ ਮੌਕੇ ਮੈਂ ਧਰਤੀ ‘ਤੇ ਵੱਸਦੇ ਹਰ ਮਨੁੱਖ ਨੂੰ ਉਸ ਦੀ ਮਾਂ-ਬੋਲੀ ਦੇ ਸਨਮਾਨ ਲਈ ਹਾਰਦਿਕ ਵਧਾਈ ਦਿੰਦੀ ਹਾਂ।ਮਾਂ-ਬੋਲੀ ਸਿਰਫ਼ ਇੱਕ ਭਾਸ਼ਾ ਨਹੀ…..ਸਾਡੀ ਪਹਿਚਾਣ ਹੈ।
ਮੀਡੀਆ ਸੰਪਰਕ:

ਸੰਪਰਕ ਨੰਬਰ: 9417423238
ਨਵਕਿਰਣ ਵੂਮੈਨ ਵੈਲਫੇਅਰ ਐਸੋਸੀਏਸ਼ਨ
ਦਫ਼ਤਰ: ਪ੍ਰੇਮ ਨਗਰ, ‌ਵ੍ਰਿੰਦਾਵਨ ਰੋਡ, ਲੁਧਿਆਣਾ

Leave a Reply

Your email address will not be published. Required fields are marked *

Copyright © All rights reserved. | Newsphere by AF themes.