ਬਹਾਦਰੀ ਤੇ ਸ਼ਹਾਦਤਾਂ ਦੇ ਪੱਖ ਵੱਲ ਜੇਕਰ ਗੌਰ ਨਾਲ ਨਜ਼ਰ ਮਾਰੀਏ ਤਾਂ ਪੰਜਾਬੀਆਂ ਦਾ ਇਤਿਹਾਸ ਵੱਖਰਾ ਤੇ ਬੇਮਿਸਾਲ ਹੈ। ਦੇਸ਼ ਦੇ ਆਜ਼ਾਦੀ ਸੰਗਰਾਮ ਸਮੇਂ ਘੱਟ ਗਿਣਤੀ ਹੋਣ ਦੇ ਬਾਵਜੂਦ ਵੀ ਪੰਜਾਬੀਆਂ ਦੀਆਂ ਕੁਰਬਾਨੀਆਂ ਦੀ ਹਿੱਸੇਦਾਰੀ ਸਭ ਤੋਂ ਵੱਧ ਰਹੀ ਹੈ। ਪੰਜਾਬ ਦਾ ਵਿਰਸਾ ਬੜਾ ਅਮੀਰ ਹੈ। ਦੇਸ਼ ਦੀ ਆਜ਼ਾਦੀ ਵਿੱਚ ਗਦਰੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ ਜਿਸਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ੍ਰ. ਜੈ ਕ੍ਰਿਸ਼ਨ ਸਿੰਘ ਨੇ ਪਿੰਡ ਢੁੱਡੀਕੇ ਵਿਖੇ 26ਵੇਂ ਗਦਰੀ ਬਾਬਿਆਂ ਦੇ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਮੌਕੇ ਕੀਤਾ। ਉਨ੍ਹਾਂ ਢੁੱਡੀਕੇ ਪਹੁੰਚ ਕੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਢੁੱਡੀਕੇ ਜੀ ਦੇ ਜਨਮ ਅਸਥਾਨ ਉੱਪਰ ਮੌਜੂਦ ਸਮਾਰਕ ਉੱਪਰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਸਮਾਗਮ ਦਾ ਆਯੋਜਨ ਦੇਸ਼ ਭਗਤ ਗਦਰੀ ਬਾਬੇ ਯਾਦਗਾਰੀ ਕਮੇਟੀ ਢੁੱਡੀਕੇ ਮੋਗਾ ਵੱਲੋਂ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਨਿਹਾਲ ਸਿੰਘ ਵਾਲਾ ਸ੍ਰ. ਮਨਜੀਤ ਸਿੰਘ ਬਿਲਾਸਪੁਰ ਵੀ ਮੌਜੂਦ ਸਨ।ਉਨ੍ਹਾਂ ਇਸ ਮੌਕੇ ਗਦਰੀ ਬਾਬਿਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ॥ ਇਸ ਮੌਕੇ ਗਦਰੀ ਬਾਬਿਆਂ ਦੀ ਯਾਦ ਵਿੱਚ ਇੱਕ ਸੋਵੀਨਰ ਵੀ ਜਾਰੀ ਕੀਤਾ ਗਿਆ। ਡਿਪਟੀ ਸਪੀਕਰ ਸ੍ਰ. ਜੈ ਕ੍ਰਿਸ਼ਨ ਸਿੰਘ ਵੱਲੋਂ ਗਦਰੀ ਬਾਬਿਆਂ ਦੀ ਯਾਦਗਾਰੀ ਸਮਾਰਕ ਵਿੱਚ ਹਾਲ ਕਮਰਾ-ਕਮ-ਮਿਊਜੀਅਮ ਬਣਾਉਣ ਲਈ 5 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਇਸ ਸਮਾਗਮ ਵਿੱਚ ਸਕੂਲੀ ਬੱਚਿਆਂ ਦੇ ਗੀਤ, ਕੋਰੀਓਗ੍ਰਾਫੀ ਤੇ ਦਸਤਵਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਗਦਰ ਰੰਗ ਮੰਚ ਮੱਦੋਕੇ ਵੱਲੋਂ ਤੀਰਥ ਸਿੰਘ ਦੇ ਨਿਰਦੇਸ਼ਾਂ ਹੇਠ ਇੱਕ ਨਾਟਕ ਸ੍ਰ. ਭਗਤ ਸਿੰਘ ਪੇਸ਼ ਕੀਤਾ ਗਿਆ। ਬੱਚਿਆਂ ਵੱਲੋਂ ਸਕਿੱਟਾਂ ਵੀ ਪੇਸ਼ ਕੀਤੀਆਂ ਗਈਆਂ। ਜੇਤੂ ਬੱਚਿਆਂ ਨੂੰ ਡਿਪਟੀ ਸਪੀਕਰ ਵੱਲੋਂ ਇਨਾਮਾਂ ਦੀ ਵੰਡ ਕੀਤੀ ਗਈ
ਇਸ ਸਮਾਗਮ ਵਿੱਚ ਦੇਸ਼ ਭਗਤ ਗਦਰੀ ਬਾਬੇ ਯਾਦਗਾਰੀ ਕਮੇਟੀ ਢੁੱਡੀਕੇ ਦੇ ਜਨਰਲ ਸਕੱਤਰ ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਜੈਕਬ ਸਿੰਘ, ਪ੍ਰਧਾਨ ਮਾਸਟਰ ਗੁਰਚਰਨ ਸਿੰਘ ਤੇ ਹੋਰ ਵੀ ਮੈਂਬਰ ਹਾਜ਼ਰ ਸਨ।
Leave a Reply