ਸਰੀਰ-ਦਾਨੀ ਅਤੇ ਜਮਹੂਰੀ ਹੱਕਾਂ ਦੀ ਲਹਿਰ ਦੇ ਜੁਝਾਰੂ ਆਗੂ ਨਾਮਦੇਵ ਭੁਟਾਲ ਨੂੂੰ ਹਜ਼ਾਰਾਂ ਲੋਕਾਂ ਨੇ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ

ਲਹਿਰਾਗਾਗਾ,ਜਮਹੂਰੀ ਲਹਿਰ ਦੇ ਜੁਝਾਰੂ ਆਗੂ ਨਾਮਦੇਵ ਭੁਟਾਲ ਦੇ ਸ਼ਰਧਾਂਜਲੀ ਸਮਾਗਮ ਵਿੱਚ ਜੁੜੇ ਹਜ਼ਾਰਾਂ ਲੋਕਾਂ ਨੇ ਅਜਮੇਰ ਅਕਲੀਆ ਦੇ ਸ਼ਰਧਾਂਜ਼ਲੀ ਗੀਤ ਅਤੇ ਆਪਣੇ ਮਹਿਬੂਬ ਆਗੂ ਨੂੂੰ ਦੋ ਮਿੰਟ ਦਾ ਮੌਨ ਧਾਰ ਕੇ ਨਮ ਅੱਖਾਂ ਨਾਲ ਸ਼ਰਧਾਂਜਲੀ ਭੇਟ ਕੀਤੀ। ਸਥਾਨਕ ਜੀਪੀਐਫ ਕੰਪਲੈਕਸ ਵਿੱਚ ਇਨਕਲਾਬੀ ਭਾਵਨਾ ਨੂੂੰ ਬੁਲੰਦ ਕਰਦੇ ਫਲੈਕਸਾਂ, ਮਾਟੋਆਂ ਤੇ ਝੰਡਿਆਂ ਨਾਲ ਸਜਾਏ ਪੰਡਾਲ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਪਹੁੰਚੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਤੇ ਕਾਰਕੁੰਨਾਂ ਨੇ ਨਾਮਦੇਵ ਭੁਟਾਲ ਦੇ ਸਰੋਕਾਰਾਂ ਨੂੂੰ ਅਗਾਂਹ ਤੋਰਨ ਦਾ ਅਹਿਦ ਲਿਆ ਅਤੇ ਉਨ੍ਹਾਂ ਵੱਲੋਂ ਆਪਣੀ 70 ਸਾਲ ਦੀ ਜ਼ਿੰਦਗੀ ਵਿੱਚੋਂ 50 ਸਾਲ ਤੋਂ ਵਧੇਰੇ ਸਮਾਂ ਇਨਕਲਾਬੀ ਜਮਹੂਰੀ ਲਹਿਰ ਦੇ ਲੇਖੇ  ਲਾਉਣ ਅਤੇ ਵਿੱਛੜਣ ਤੋਂ ਪਹਿਲਾਂ ਆਪਣਾ ਸਰੀਰ ਮੈਡੀਕਲ ਖੋਜਾਂ ਲਈ ਅਰਪਿਤ ਕਰਨ ਦੀ ਅਦੁੱਤੀ ਭਾਵਨਾ ਨੂੂੰ ਸਲਾਮ ਕੀਤੀ।
             ਸ਼ਰਧਾਂਜਲੀ ਸਮਾਗਮ ਨੂੂੰ ਸੰਬੋਧਨ ਕਰਦਿਆਂ ਜਮਹੂਰੀ ਅਧਿਕਾਰ, ਪੰਜਾਬ ਦੇ ਸੂਬਾਈ ਪ੍ਰਧਾਨ ਪ੍ਰੋ: ਜਗਮੋਹਣ ਸਿੰਘ ਤੇ ਜਿਲ੍ਹਾ ਪ੍ਰਧਾਨ ਸਵਰਨਜੀਤ ਸਿੰਘ ਨੇ ਕਿਹਾ ਕਿ ਸਾਥੀ ਨਾਮਦੇਵ  ਭੁਟਾਲ ਇੱਕ ਬਹੁਤ ਸੁਲਝੀ ਹੋਈ ਸਖਸ਼ੀਅਤ ਦਾ ਨਾਂ ਸੀ। ਉਹ ਸੰਨ 2012 ਤੋਂ ਆਪਣੇ ੲਅੰਤਲੇ ਸਾਹ ਤੱਕ ਸਭਾ ਦੇ ਸੂਬਾ ਆਗੂ ਅਤੇ ਪੂਰਾ ਇੱਕ ਦਹਾਕਾ ਜਿਲ੍ਹਾ ਪ੍ਰਧਾਨ ਦੀਆਂ ਬੇਹੱਦ ਅਹਿਮ ਜੁੰਮੇਵਾਰੀਆਂ ਨਿਭਾਉਂਦੇ ਰਹੇ। ਉਹਨੇ ਸਭਾ ਦੀਆਂ ਕਈ ਤੱਥ-ਖੋਜ ਟੀਮਾਂ ਦੀ ਅਗਵਾਈ ਕੀਤੀ।ਉਨ੍ਹਾਂ ਕਿਹਾ ਕਿ ਜਮਹੂਰੀ ਤੇ ਮਨੁੱਖੀ ਅਧਿਕਾਰਾਂ ‘ਤੇ ਮੋਦੀ ਸਰਕਾਰ ਦੇ ਫਿਰਕੂ-ਫ਼ਾਸ਼ੀ ਹਮਲਿਆਂ ਦੇ ਇਸ ਨਾਜ਼ੁਕ ਸਮੇਂ ਵਿੱਚ ਨਾਮਦੇਵ ਭੁਟਾਲ ਦਾ ਅਚਾਨਕ ਤੁਰ ਜਾਣਾ ਜਮਹੂਰੀ ਲਹਿਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।
            ਕਰੀਬ ਅੱਧੀ ਸਦੀ ਤੋਂ ਨਾਮਦੇਵ ਭੁਟਾਲ ਦੇ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਕਰਦੇ ਆ ਰਹੇ ਲੋਕ ਚੇਤਨਾ ਮੰਚ, ਲਹਿਰਾਗਾਗਾ ਦੇ ਪ੍ਰਧਾਨ ਗਿਆਨ ਚੰਦ ਸ਼ਰਮਾ ਨੇ ਕਿਹਾ ਕਿ ਉਹ ਲੋਕ ਚੇਤਨਾ ਮੰਚ ਦੇ ਸੀਨੀਅਰ ਅਤੇ ਜੁੰਮੇਵਾਰ ਆਗੂ ਸੀ। ਪਿਛਲੇ ਤੀਹ ਸਾਲਾਂ ਤੋਂ ਲਹਿਰਾਗਾਗਾ ਉਹਦੀ ਰਿਹਾਇਸ਼ ਹੀ ਨਹੀਂ ਸੀ, ਕਰਮਭੂਮੀ ਵੀ ਸੀ। ਉਹਨੇ ਸ਼ਹੀਦ ਪ੍ਰਿਥੀਪਾਲ ਰੰਧਾਵਾ ਦੇ ਕਾਤਲਾਂ ਵਿਰੁੱਧ ਘੋਲ, ਬੱਸ ਕਿਰਾਏ ਵਿੱਚ ਵਾਧੇ ਵਿਰੁੱਧ ਘੋਲ, ਫਿਰਕੂ ਤੇ ਹਕੂਮਤੀ ਦਹਿਸ਼ਤਗਰਦੀ ਵਿਰੁੱਧ  ਜਮਹੂਰੀ ਤਾਕਤਾਂ ਦੇ ਘੋਲ ਤੋਂ ਛੁੱਟ ਅਨੇਕਾਂ ਸਥਾਨਕ ਘੋਲਾਂ ਦੀ ਅਗਵਾਈ ਕੀਤੀ। ਇਸ ਦੌਰਾਨ ਉਹਨੂੰ ਗ੍ਰਿਫਤਾਰੀਆਂ ਤੇ ਝੂਠੇ ਪੁਲਸ ਕੇਸਾਂ ਦਾ ਸਾਹਮਣਾ ਵੀ ਕਰਨਾ ਪਿਆ। ਉਹਦੀ ਜੀਵਨ ਸਾਥੀ ਜਸਵੰਤ ਕੌਰ ਸਮੇਤ ਦੋਵੇਂ ਬੇਟੇ ਤੇ ਬੇਟੀ ਉਹਦੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੰਦੇ ਰਹੇ ਹਨ।
                 ਲੋਕ ਚੇਤਨਾ ਮੰਚ ਦੇ ਸੀਨੀਅਰ ਮੀਤ ਪ੍ਰਧਾਨ ਜਗਜੀਤ ਭੁਟਾਲ ਨੇ ਕਿਹਾ ਉਹ ਰਣਬੀਰ ਕਾਲਜ਼, ਸੰਗਰੂਰ ਵਿੱਚ ਪੜ੍ਹਦਿਆਂ ਉਹ 1970ਵਿਆਂ ਦੇ ਪਹਿਲੇ ਸਾਲਾਂ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਰਾਹੀਂ ਇਨਕਲਾਬੀ ਤੇ ਜਮਹੂਰੀ ਵਿਚਾਰਧਾਰਾ ਨਾਲ ਜੁੜਿਆ ਅਤੇ ਐਮਰਜੈਂਸੀ ਤੋਂ ਤੁਰੰਤ ਬਾਅਦ ਇਲਾਕੇ ਦੀ ਨੌਜਵਾਨ ਭਾਰਤ ਸਭਾ ਦੇ ਆਗੂ ਤੋਂ ਸੂਬਾਈ ਆਗੂ ਦੇ ਅਹੁਦੇ ‘ਤੇ ਪਹੁੰਚਿਆਪਹੁੰਚਿਆ ਸੀ।
             ਭਾਰਤੀ ਕਿਸਾਨ ਯੂਨੀਅਨ(ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਨਾਮਦੇਵ ਨਾਲ ਆਪਣੇ ਲੰਮੇ ਸੰਘਰਸ਼ੀ ਤੇ ਨਿੱਜੀ ਰਿਸ਼ਤੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹਨੇ ਦਿੱਲੀ ਦੇ ਬਾਰਡਰਾਂ ‘ਤੇ ਲੜੇ ਇਤਿਹਾਸਕ ਕਿਸਾਨ ਘੋਲ ਸਮੇਤ ਅਨੇਕਾਂ ਘੋਲਾਂ ਦੀ ਜਚ ਕੇ ਹਮਾਇਤ ਕੀਤੀ।
             ਕਿਸਾਨ ਆਗੂ ਮਨਜੀਤ ਧਨੇਰ ਨੇ ਕਿਹਾ ਕਿ ਉਨ੍ਹਾਂ ਨੌਜਵਾਨ ਭਾਰਤ ਸਭਾ ਵਿੱਚ ਇੱਕਠੇ ਕੰਮ ਕਰਨ ਤੋਂ ਛੁੱਟ ਕਿਸਾਨ ਲਹਿਰ ‘ਤੇ ਹਰ ਬਿਪਤਾ ਸਮੇਂ ਨਾਮਦੇਵ ਭੁਟਾਲ ਨੂੂੰ ਆਪਣੇ ਨਾਲ ਖੜ੍ਹੇ ਪਾਇਆ। ਨਾਮਦੇਵ ਭੁਟਾਲ ਨੇ ਜਿਉਂਦਿਆਂ ਲੋਕਾਂ ਲੇਖੇ ਲਾਇਆ ਅਤੇ ਮਰਨ ਉਪਰੰਤ ਮੈਡੀਕਲ ਖੋਜਾਂ ਦੇ ਲੇਖੇ ਲਾਇਆ।
            ਨਾਮਦੇਵ ਦੇ ਨਜ਼ਦੀਕੀ ਦੋਸਤ ਰਹੇ ਇੱਕ ਹੋਰ ਕਿਸਾਨ ਆਗੂ ਜਗਮੋਹਣ ਪਟਿਆਲਾ ਨੇ ਕਿਹਾ ਕਿ ਨਾਮਦੇਵ ਬਹੁਤ ਹੀ ਸੁਲਝਿਆ ਹੋਇਆ ਆਗੂ ਸੀ। ਉਹਦੇ ਵਿੱਛੜ ਜਾਣ ਨਾਲ ਉਹਦੇ ਦੋਸਤ-ਮਿੱਤਰਾਂ ਸਮੇਤ ਜਨਤਕ ਜਥੇਬੰਦੀਆਂ ਨੇ ਸਮਾਜਿਕ ਤੇ ਸਿਆਸੀ ਸਲਾਹਕਾਰ ਖੋ ਲਿਆ  ਹੈ।
            ਨਾਮਦੇਵ ਭੁਟਾਲ ਹੋਰਾਂ ਦੇ ਗੂਹੜੇ ਪਰਿਵਾਰਕ ਮਿੱਤਰ ਜਸਟਿਸ ਰਾਜਸ਼ੇਖ਼ਰ ਅੱਤਰੀ ਅਤੇ ਐਡਵੋਕੇਟ ਸੰਪੂਰਨ ਸਿੰਘ ਛਾਜਲੀ ਨੇ ਪਰਿਵਾਰ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਇਸ ਪਰਿਵਾਰ ਦਾ ਇਲਾਕੇ ਵਿੱਚ ਆਪਣਾ ਇੱਕ ਨਾਂ ਹੈ ਜਿਹੜਾ ਹਰ ਦੁੱਖਦੇ-ਸੁੱਖਦੇ ਲੋਕਾਂ ਨਾਲ ਖੜ੍ਹਿਆ ਹੈ।
ਸੁਬਾਰਡੀਨੇਟ ਫੈਡਰੇਸ਼ਨ ਤੇ ਫੀਲਡ ਕਾਮਿਆਂ ਦੇ ਆਗੂ ਕਰਮਜੀਤ ਬੀਹਲਾ ਨੇ ਕਿਹਾ ਕਿ ਨਾਮਦੇਵ ਭੁਟਾਲ ਨੇ ਜਿੱਥੇ ਜਮਹੂਰੀ ਲਹਿਰ ਵਿੱਚ ਲਾਮਿਸਾਲ ਯੋਗਦਾਨ ਦਿੱਤਾ, ਉੱਥੇ ਨਾਲ ਹੀ ਖੇਤੀਬਾੜੀ ਸਹਿਕਾਰੀ ਸਭਾ ਦਾ ਈਮਾਨਦਾਰ ਮੁਲਾਜ਼ਮ ਹੋਣ ਦੇ ਨਾਤੇ ਕਿਸਾਨਾਂ ਦੀ ਸੇਵਾ ਕੀਤੀ ਅਤੇ ਮੁਲਾਜ਼ਮ ਘੋਲਾਂ ਵਿੱਚ ਹਿੱਸਾ ਲਿਆ।
                 ਇਸ ਮੌਕੇ ਕਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਡਾ:ਦਰਸ਼ਨ ਪਾਲ, ਲੋਕ ਸੰਗਰਾਮ ਮੰਚ ਦੇ ਸੁਖਵਿੰਦਰ ਸਿੰਘ,  ਤਰਕਸ਼ੀਲ ਸੁਸਾਇਟੀ ਦੇ ਬਲਵੀਰ ਚੰਦ ਲੌਂਗੋਵਾਲ, ਰੈਡੀਕਲ ਪੀਪਲਜ਼ ਫੋਰਮ ਦੇ ਸੁਖਦਰਸ਼ਨ ਨੱਤ, ਕਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਧਰਮਪਾਲ, ਕੁਦਰਤ ਮਾਨਵ ਕੇਂਦਰਤ ਲਹਿਰ ਦੇ ਸੁਖਦੇਵ ਭੁਪਾਲ ਅਤੇ ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੇ ਐਡਵੋਕੇਟ ਕਿਰਨਜੀਤ ਸਿੰਘ ਸੇਖੋਂ ਨੇ ਵੀ ਸੰਬੋਧਨ ਕੀਤਾ।
         ਇਸ ਮੌਕੇ ਨਾਮਦੇਵ ਭੁਟਾਲ ਦੀ ਜ਼ਿੰਦਗੀ ‘ਤੇ ਝਾਤ ਪਾਉਂਦਾ ਡਾਕੂਮੈਂਟਰੀ ਵੀ ਦਿਖਾਈ ਗਈ। ਇਸ ਮੌਕੇ ਪਰਿਵਾਰ ਵੱਲੋਂ  ਬੂਟਿਆਂ ਦਾ ਲੰਗਰ ਵੀ ਲਾਇਆ ਗਿਆ। ਪੁਸਤਕ ਪ੍ਰਦਰਸ਼ਨੀਆਂ ਵੀ ਲੱਗੀਆਂ।

Leave a Reply

Your email address will not be published.


*