ਲੌਂਗੋਵਾਲ,- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਫਤਹਿ) ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਸ੍ਰ ਅੰਮ੍ਰਿਤਪਾਲ ਸਿੰਘ ਸਿੱਧੂ ਲੋਂਗੋਵਾਲ ਅਤੇ ਕੌਮੀ ਜਨਰਲ ਸਕੱਤਰ ਸੁਖਚੈਨ ਸਿੰਘ ਅਤਲਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਸਨਮੁਖ ਮੰਗੀ ਗਈ “ਮੁਆਫ਼ੀ” ਨੂੰ ਸਿਆਸੀ ਡਰਾਮੇਬਾਜ਼ੀ ਦਸਦਿਆਂ ਕਿਹਾ ਹੈ ਕਿ ਸਿੱਖ ਪੰਥ ਬਾਦਲ ਪਰਿਵਾਰ ਨੂੰ ਪੰਥਕ ਸਿਧਾਂਤਾਂ, ਪ੍ਰੰਪਰਾਵਾਂ ਅਤੇ ਸੰਸਥਾਵਾਂ ਦੇ ਕੀਤੇ ਘਾਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਨ ਵਰਗੇ ਗਏ ਬਜਰ ਗੁਨਾਹਾਂ ਲਈ ਕਦੇ ਵੀ ਮੁਆਫ਼ ਨਹੀਂ ਕਰੇਗਾ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਮੇਤ ਪੰਜ ਸਿੰਘ ਸਾਹਿਬਾਨ ਨੂੰ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਉਤੇ ਤਲਬ ਕਰ ਕੇ ਉਹਨਾਂ ਨੂੰ ਰਾਮ ਰਹੀਮ ਨੂੰ ਮੁਆਫ਼ ਕਰਨ ਦੇ ਆਦੇਸ਼ ਦੇ ਕੇ ਕੀਤਾ। ਉਹਨਾਂ ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਦੀ ਪੁਸ਼ਤਪਨਾਹੀ ਅਤੇ ਸਿਖ ਨੌਜਵਾਨਾਂ ਨੂੰ ਝੂਠੇ ਪੁਲੀਸ ਮੁਕਾਬਲਿਆਂ ਵਿਚ ਮਾਰਨ ਦੇ ਗ੍ਰੋਹ ਦਾ ਸਰਗਨੇ ਨੂੰ ਡੀ.ਜੀ.ਪੀ. ਲਾਉਣਾ ਅਜਿਹੇ ਗੁਨਾਹ ਹਨ ਜਿਨ੍ਹਾਂ ਲਈ ਬਾਦਲ ਪਰਾਵਰ ਸਿੱਖ ਕਦੇ ਵੀ ਮੁਆਫ਼ ਨਹੀਂ ਕਰਨਗੇ। ਜਿਸ ਤਰਾਂ ਬਾਦਲ ਪਰਿਵਾਰ ਨੇ ਇਹ ਸਾਰੇ ਬਜਰ ਗੁਨਾਹ ਸਿਰਫ਼ ਆਪਣੇ ਸੌੜੇ ਸਿਆਸੀ ਹਿੱਤਾਂ ਅਤੇ ਨਿੱਜੀ ਗਰਜਾਂ ਦੀ ਪੂਰਤੀ ਲਈ ਕੀਤੇ ਹਨ ਉਸੇ ਤਰਾਂ ਸੁਖਬੀਰ ਸਿੰਘ ਬਾਦਲ ਹੁਣ ਫਿਰ ਉਸ ਭਾਰਤੀ ਜਨਤਾ ਪਾਰਟੀ ਨਾਲ ਸਿਆਸੀ ਗਠਜੋੜ ਕਰ ਰਿਹਾ ਹੈ ਜਿਹੜੀ ਸੈਂਕੜੇ ਪੰਜਾਬੀ ਕਿਸਾਨਾਂ ਦੀਆਂ ਸਹੀਦੀਆਂ ਲਈ ਜ਼ਿਮੇਂਵਾਰ ਹੈ ਜਿਹੜੀਆਂ ਉਹਨਾਂ ਨੂੰ ਕਿਸਾਨੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਾਉਣ ਲਈ ਦੇਣੀਆਂ ਪਈਆਂ ਸਨ। ਦੋਵਾਂ ਆਗੂਆਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਇਹ ਭੁਲੇਖਾ ਹੈ ਕਿ ਝੂਠੀ-ਮੂਠੀ ਮੁਆਫ਼ੀ ਦੇ ਨਾਟਕਾਂ ਨਾਲ ਲੋਕ ਉਹਨਾਂ ਦੇ ਗੁਨਾਹ ਮੁਆਫ਼ ਕਰ ਦੇਣਗੇ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਅਣਖੀ ਤੇ ਗੈਰਤਮੰਦ ਹਨ ਜਿਹੜੇ ਪਹਿਲਾਂ ਦੀ ਤਰਾਂ ਅਗਲੀਆਂ ਚੋਣਾਂ ਵਿਚ ਵੀ ਉਸ ਨੂੰ ਕਰਾਰਾ ਸਬਕ ਸਿਖਾਉਣਗੇ।”
Leave a Reply