- ਸ਼੍ਰੀਮਤੀ ਕਵਿਤਾ ਭਾਟੀਆ
ਭਾਰਤ ਇੰਡੀਆ-ਏਆਈ ਇੰਪੈਕਟ ਸਮਿਟ 2026 ਦੀਆਂ ਤਿਆਰੀਆਂ ਵਿੱਚ ਜੁਟਿਆ ਹੈ। ਇਸ ਸਮਿਟ ਵਿੱਚ ਦੁਨੀਆ ਭਰ ਦੇ ਏਆਈ ਦੇ
ਮਾਹਰ ਸ਼ਾਮਲ ਹੋਣਗੇ ਅਤੇ ਇਸ ਆਲਮੀ ਮੰਚ ‘ਤੇ ਭਾਰਤ ਦੇ ਨੌਜਵਾਨਾਂ ਨੂੰ ਵੀ ਆਪਣਾ ਪੁਰਸ਼ਾਰਥ ਦਿਖਾਉਣ ਦਾ ਮੌਕਾ ਮਿਲੇਗਾ। ਹੁਣ
ਏਆਈ ਯਾਨੀ ਆਰਟੀਫਿਸ਼ੀਅਲ ਇੰਟੈਲੀਜੈਂਸ ਸਿਰਫ਼ ਮਸ਼ੀਨਾਂ, ਐਲਗੋਰਿਦਮ ਜਾਂ ਆਟੋਮੇਸ਼ਨ ਤੱਕ ਸੀਮਤ ਨਹੀਂ ਹੈ। ਅਸਲੀ ਚਰਚਾ ਇਸ
ਗੱਲ ਦੀ ਹੈ ਕਿ ਏਆਈ ਨੂੰ ਸਾਰਿਆਂ ਲਈ ਉਪਯੋਗੀ ਅਤੇ ਪਹੁੰਚਯੋਗ ਕਿਵੇਂ ਬਣਾਇਆ ਜਾਵੇ। ਖਾਸ ਕਰਕੇ ਮਹਿਲਾਵਾਂ, ਨੌਜਵਾਨਾਂ ਅਤੇ ਉਨ੍ਹਾਂ
ਕਰਮਚਾਰੀਆਂ ਲਈ, ਜੋ ਹੁਣ ਤੱਕ ਰਸਮੀ ਅਰਥਵਿਵਸਥਾ ਤੋਂ ਦੂਰ ਰਹੇ ਹਨ।
ਏਆਈ ਦੀ ਸਭ ਤੋਂ ਵੱਡੀ ਤਾਕਤ ਇਹ ਨਹੀਂ ਹੈ ਕਿ ਉਹ ਇਨਸਾਨਾਂ ਦੀ ਥਾਂ ਲੈ ਲਵੇ, ਸਗੋਂ ਇਹ ਹੈ ਕਿ ਉਹ ਇਨਸਾਨਾਂ ਦੀ
ਸਮਰੱਥਾ ਵਧਾਏ। ਜੇਕਰ ਸਹੀ ਢੰਗ ਨਾਲ ਵਰਤੋਂ ਕੀਤੀ ਜਾਵੇ, ਤਾਂ ਏਆਈ ਮਹਿਲਾਵਾਂ ਨੂੰ ਆਤਮ-ਨਿਰਭਰ ਬਣਾ ਸਕਦਾ ਹੈ,
ਨੌਜਵਾਨਾਂ ਨੂੰ ਨਵੇਂ ਕੌਸ਼ਲ ਦੇ ਸਕਦਾ ਹੈ ਅਤੇ ਅਸੰਗਠਿਤ ਖੇਤਰ ਵਿੱਚ ਕੰਮ ਕਰਨ ਵਾਲਿਆਂ ਨੂੰ ਸੁਰੱਖਿਆ ਅਤੇ ਮੌਕੇ ਦੋਵੇਂ ਦੇ
ਸਕਦਾ ਹੈ।
ਇਸੇ ਸੋਚ ਦੇ ਨਾਲ ਮਾਰਚ 2024 ਵਿੱਚ ਸਰਕਾਰ ਨੇ ਇੰਡੀਆ ਏਆਈ ਮਿਸ਼ਨ ਨੂੰ ਮਨਜ਼ੂਰੀ ਦਿੱਤੀ। ਇਸ ਮਿਸ਼ਨ ਦਾ ਉਦੇਸ਼ ਹੈ- ਭਾਰਤ ਵਿੱਚ
ਏਆਈ ਦਾ ਵਿਕਾਸ ਕਰਨਾ ਅਤੇ ਏਆਈ ਨੂੰ ਭਾਰਤ ਦੀਆਂ ਜ਼ਰੂਰਤਾਂ ਦੇ ਅਨੁਸਾਰ ਕੰਮ ਵਿੱਚ ਲਿਆਉਣਾ। ਇਸ ਦੇ ਤਹਿਤ ਕੰਪਿਊਟਿੰਗ
ਸਮਰੱਥਾ ਵਧਾਉਣ, ਨਵੇਂ ਇਨੋਵੇਸ਼ਨ ਸੈਂਟਰ ਖੋਲ੍ਹਣ, ਭਰੋਸੇਮੰਦ ਡੇਟਾ ਪਲੈਟਫਾਰਮ ਬਣਾਉਣ, ਏਆਈ ਅਧਾਰਿਤ ਐਪਲੀਕੇਸ਼ਨ ਵਿਕਸਿਤ
ਕਰਨ, ਨੋਜਵਾਨਾਂ ਨੂੰ ਭਵਿੱਖ ਦੇ ਕੌਸ਼ਲ ਸਿਖਾਉਣ ਅਤੇ ਸਟਾਰਟਅੱਪਸ ਨੂੰ ਵਿੱਤੀ ਮਦਦ ਦੇਣ ਵਰਗੇ ਕਈ ਕਦਮ ਚੁੱਕੇ ਗਏ। ਉਨ੍ਹਾਂ ਦੇ
ਸਕਾਰਾਤਮਕ ਅਤੇ ਬਿਹਤਰ ਨਤੀਜੇ ਹੁਣ ਸਿੱਖਿਆ ਤੋਂ ਲੈ ਕੇ ਸਿਹਤ ਤੱਕ, ਲੈਬ ਤੋਂ ਲੈ ਕੇ ਖੇਤਾਂ ਤੱਕ ਅਤੇ ਸੰਗੀਤ ਅਤੇ ਕਲਾ ਜਿਹੇ ਹਰ ਖੇਤਰ
ਵਿੱਚ ਦਿਖਾਈ ਦੇਣ ਲੱਗੇ ਹਨ।
ਇਸ ਮਿਸ਼ਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਇੰਡੀਆ ਏਆਈ ਇਨੋਵੇਸ਼ਨ ਸੈਂਟਰ, ਜਿੱਥੇ ਖਾਸ ਤੌਰ ‘ਤੇ ਸਮਾਵੇਸ਼ੀ ਵਿਕਾਸ ‘ਤੇ ਧਿਆਨ ਦਿੱਤਾ
ਜਾ ਰਿਹਾ ਹੈ। ਇੱਥੇ ਅਜਿਹੇ ਏਆਈ ਮਾਡਲ ਤਿਆਰ ਕੀਤੇ ਜਾ ਰਹੇ ਹਨ, ਜੋ ਕਿ ਭਾਰਤ ਦੀ ਭਾਸ਼ਾਈ ਅਤੇ ਸਮਾਜਿਕ ਵਿਭਿੰਨਤਾ ਨੂੰ ਸਮਝ
ਸਕਣ। ਇਹ ਮਾਡਲ ਕਿਸਾਨਾਂ, ਮਹਿਲਾ ਉੱਦਮੀਆਂ, ਗਿਗ ਵਰਕਰਜ਼ ਅਤੇ ਛੋਟੇ ਵਪਾਰੀਆਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਏ
ਜਾ ਰਹੇ ਹਨ। ਖੇਤਰੀ ਭਾਸ਼ਾਵਾਂ ਵਿੱਚ ਕੰਮ ਕਰਨ ਵਾਲੇ ਏਆਈ ਸਹਾਇਕ, ਛੋਟੇ-ਛੋਟੇ ਸਲਾਹ ਦੇਣ ਵਾਲੇ ਡਿਜੀਟਲ ਟੂਲ ਅਤੇ ਵੱਖ-ਵੱਖ
ਖੇਤਰਾਂ ਲਈ ਗਿਆਨ ਅਧਾਰਿਤ ਸਿਸਟਮ ਇਸੇ ਦਿਸ਼ਾ ਵਿੱਚ ਕੰਮ ਕਰ ਰਹੇ ਹਨ।
ਏਆਈ ਸਮਿਟ ਤੋਂ ਨਿਕਲੇਗਾ ਰਾਹ
ਦੁਨੀਆ ਦੇ ਕਈ ਦੇਸ਼ਾਂ ਵਿੱਚ ਏਆਈ ਨੂੰ ਸਿਰਫ਼ ਉਤਪਾਦਕਤਾ ਅਤੇ ਮੁਕਾਬਲੇਬਾਜ਼ੀ ਵਧਾਉਣ ਦੇ ਔਜ਼ਾਰ ਦੇ ਰੂਪ ਵਿੱਚ ਦੇਖਿਆ ਜਾ ਰਿਹਾ
ਹੈ। ਪਰ ਭਾਰਤ ਵਿੱਚ ਏਆਈ ਦਾ ਅਸਲੀ ਅਸਰ ਰੁਜ਼ਗਾਰ, ਸੁਰੱਖਿਆ, ਟ੍ਰੇਨਿੰਗ ਅਤੇ ਮੌਕੇ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ। ਫਰਵਰੀ
2026 ਵਿੱਚ ਹੋਣ ਵਾਲੇ ਇੰਡੀਆ-ਏਆਈ ਇੰਪੈਕਟ ਸਮਿਟ ਵਿੱਚ ਇਸੇ ਸੋਚ ਬਾਰੇ ਚਰਚਾ ਹੋਵੇਗੀ ਕਿ ਏਆਈ ਦਾ ਇਸਤੇਮਾਲ “ਜਨਤਾ,
ਵਿਕਾਸ ਅਤੇ ਧਰਤੀ” ਦੇ ਹਿਤ ਵਿੱਚ ਕਿਵੇਂ ਕੀਤਾ ਜਾਵੇ।
ਅੱਜ ਭਾਰਤ ਦੀ ਗਿਗ ਅਤੇ ਪਲੈਟਫਾਰਮ ਅਰਥਵਿਵਸਥਾ ਵਿੱਚ ਮਹਿਲਾਵਾਂ ਏਆਈ ਦੀ ਮਦਦ ਨਾਲ ਨਵੀਂ ਪਛਾਣ ਬਣਾ ਰਹੀਆਂ ਹਨ। ਕਈ
ਮਹਿਲਾ ਉੱਦਮੀ ਏਆਈ ਅਧਾਰਿਤ ਔਨਲਾਈਨ ਬਜ਼ਾਰਾਂ ਨਾਲ ਜੁੜ ਕੇ ਆਪਣਾ ਕਾਰੋਬਾਰ ਵਧਾ ਰਹੀਆਂ ਹਨ। ਉੱਥੇ ਹੀ, ਟੈਕਸੀ ਚਲਾਉਣ
ਵਾਲੀ ਡਿਲੀਵਰੀ ਦਾ ਕੰਮ ਕਰਨ ਵਾਲੀਆਂ ਮਹਿਲਾਵਾਂ ਏਆਈ ਅਧਾਰਿਤ ਸੁਰੱਖਿਆ ਸੁਵਿਧਾਵਾਂ ਦੀ ਵਜ੍ਹਾ ਨਾਲ ਵਧੇਰੇ ਸੁਰੱਖਿਅਤ ਅਤੇ
ਆਤਮ-ਵਿਸ਼ਵਾਸ ਮਹਿਸੂਸ ਕਰ ਰਹੀਆਂ ਹਨ।
ਉਦਾਹਰਣ ਲਈ, ਬਿਊਟੀ ਅਤੇ ਹੈਲਥ ਨਾਲ ਜੁੜੇ ਪਲੈਟਫਾਰਮ ਏਆਈ ਦੀ ਵਰਤੋਂ ਕਰਕੇ ਗਾਹਕਾਂ ਨੂੰ ਸਹੀ ਸਰਵਿਸ ਪ੍ਰੋਵਾਈਡਰ ਨਾਲ
ਜੋੜਦੇ ਹਨ। ਇਸ ਵਿੱਚ ਸਥਾਨ, ਕੌਸ਼ਲ ਅਤੇ ਪੁਰਾਣੇ ਅਨੁਭਵ ਜਿਹੀਆਂ ਜਾਣਕਾਰੀਆਂ ਦਾ ਧਿਆਨ ਰੱਖਿਆ ਜਾਂਦਾ ਹੈ। ਇਸ ਨਾਲ
ਮਹਿਲਾਵਾਂ ਨੂੰ ਲਚਕੀਲੇ ਕੰਮ ਦੇ ਘੰਟੇ, ਤੈਅ ਆਮਦਨ ਅਤੇ ਬਿਹਤਰ ਸੁਰੱਖਿਆ ਮਿਲਦੀ ਹੈ। ਇਸੇ ਤਰ੍ਹਾਂ, ਟੈਕਸੀ ਅਤੇ ਡਿਲੀਵਰੀ ਸਰਵਿਸਿਜ਼
ਵਿੱਚ ਰੀਅਲ-ਟਾਈਮ ਲੋਕੇਸ਼ਨ ਸ਼ੇਅਰਿੰਗ ਅਤੇ ਵੌਇਸ –ਐਕਟੀਵੇਟਿਡ ਐਮਰਜੈਂਸੀ ਫੀਚਰ ਜਿਹੀਆਂ ਸੁਵਿਧਾਵਾਂ ਨੇ ਮਹਿਲਾ ਡਰਾਈਵਰਾਂ ਦਾ
ਭਰੋਸਾ ਵਧਾਇਆ ਹੈ।
ਗ੍ਰਾਮੀਣ ਅਤੇ ਅਰਧ-ਸ਼ਹਿਰੀ ਭਾਰਤ ਵਿੱਚ ਵੀ ਏਆਈ ਡਿਜੀਟਲ ਸਮਾਵੇਸ਼ ਨੂੰ ਅੱਗੇ ਵਧਾ ਰਿਹਾ ਹੈ। ਖੇਤਰੀ ਭਾਸ਼ਾਵਾਂ ਵਿੱਚ ਕੰਮ ਕਰਨ ਵਾਲੇ
ਏਆਈ ਸਹਾਇਕ ਅਤੇ ਆਵਾਜ਼ ਨਾਲ ਚੱਲਣ ਵਾਲੀਆਂ ਡਿਜੀਟਲ ਭੁਗਤਾਨ ਸੇਵਾਵਾਂ ਉਨ੍ਹਾਂ ਮਹਿਲਾਵਾਂ ਲਈ ਸਹਾਇਕ ਸਾਬਤ ਹੋ ਰਹੀਆਂ
ਹਨ, ਜੋ ਕਿ ਪੜ੍ਹਨਾ-ਲਿਖਣਾ ਘੱਟ ਜਾਣਦੀਆਂ ਹਨ। ਉਹ ਹੁਣ ਬਿਨਾ ਝਿਜਕ ਦੇ ਆਪਣੇ ਪੈਸਿਆਂ ਦਾ ਲੈਣ-ਦੇਣ ਅਤੇ ਪ੍ਰਬੰਧਨ ਕਰ ਪਾ
ਰਹੀਆਂ ਹਨ।
‘ਯੁਵਾ ਏਆਈ ਫਾਰ ਆਲ’
ਨੌਜਵਾਨਾਂ ਲਈ ਏਆਈ ਸਿਰਫ਼ ਇੱਕ ਤਕਨੀਕ ਨਹੀਂ, ਸਗੋਂ ਨਵੇਂ ਭਵਿੱਖ ਦਾ ਦਰਵਾਜ਼ਾ ਹੈ। ਸਰਕਾਰ ਅਤੇ ਨਿਜੀ ਖੇਤਰ ਮਿਲ ਕੇ ਦੇਸ਼ ਭਰ
ਵਿੱਚ ਏਆਈ ਨਾਲ ਜੁੜੇ ਕੌਸ਼ਲ ਸਿਖਾ ਰਹੇ ਹਨ, ਭਾਵੇਂ ਉਹ ਬੁਨਿਆਦੀ ਡਿਜੀਟਲ ਜਾਣਕਾਰੀ ਹੋਵੇ ਜਾਂ ਉੱਨਤ ਮਸ਼ੀਨ ਲਰਨਿੰਗ। ਇਸੇ ਕੜੀ
ਵਿੱਚ ਸ਼ੁਰੂ ਕੀਤਾ ਗਿਆ ‘ਯੁਵਾ ਏਆਈ ਫਾਰ ਆਲ’ ਅਭਿਆਨ ਲੱਖਾਂ ਵਿਦਿਆਰਥੀਆਂ ਨੂੰ ਏਆਈ ਦੀ ਬੁਨਿਆਦੀ ਸਮਝ ਦੇ ਰਿਹਾ ਹੈ।
ਸਕੂਲਾਂ, ਕਾਲਜਾਂ ਅਤੇ ਔਨਲਾਈਨ ਪਲੈਟਫਾਰਮ ਰਾਹੀਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਏਆਈ ਦਾ ਗਿਆਨ ਕਿਸੇ ਇੱਕ ਵਰਗ ਤੱਕ
ਸੀਮਤ ਨਾ ਰਹੇ।
ਅੱਜ ਏਆਈ ਦੀ ਭੂਮਿਕਾ ਸਿਰਫ਼ ਰੁਜ਼ਗਾਰ ਤੱਕ ਸੀਮਤ ਨਹੀਂ ਰਹੀ, ਸਗੋਂ ਉਹ ਜਨਤਕ- ਭਲਾਈ ਨਾਲ ਵੀ ਜੁੜ ਗਈ ਹੈ। ਕਈ
ਸਟਾਰਟਅੱਪਸ ਰਿਹਾਇਸ਼ੀ ਇਲਾਕਿਆਂ ਅਤੇ ਦਫ਼ਤਰਾਂ ਵਿੱਚ ਮਹਿਲਾਵਾਂ ਦੀ ਸੁਰੱਖਿਆ ਦੇ ਲਈ ਏਆਈ ਅਧਾਰਿਤ ਨਿਗਰਾਨੀ ਅਤੇ
ਵਿਸ਼ਲੇਸ਼ਣ ਸਿਸਟਮ ਦਾ ਇਸਤੇਮਾਲ ਕਰ ਰਹੇ ਹਨ। ਉੱਥੇ ਹੀ, ਐਮਰਜੈਂਸੀ ਸੇਵਾਵਾਂ ਵਿੱਚ ਏਆਈ ਅਧਾਰਿਤ ਸ਼ਿਕਾਇਤ ਨਿਵਾਰਣ ਪ੍ਰਣਾਲੀ
ਨਾਲ ਪ੍ਰਤੀਕਿਰਿਆ ਦਾ ਸਮਾਂ ਘੱਟ ਹੋਇਆ ਹੈ ਅਤੇ ਸੇਵਾਵਾਂ ਵਧੇਰੇ ਪ੍ਰਭਾਵਸ਼ਾਲੀ ਬਣੀਆਂ ਹਨ।
ਖੇਤੀਬਾੜੀ ਦੇ ਖੇਤਰ ਵਿੱਚ ਵੀ ਏਆਈ ਵੱਡੀ ਤਬਦੀਲੀ ਲਿਆ ਰਹੀ ਹੈ। ਮੌਸਮ, ਕੀਟ ਅਤੇ ਫਸਲ ਨਾਲ ਜੁੜੇ ਜੋਖਮਾਂ ਦਾ ਅਨੁਮਾਨ ਲਗਾ ਕੇ
ਏਆਈ ਕਿਸਾਨਾਂ, ਖਾਸ ਕਰਕੇ ਮਹਿਲਾ ਕਿਸਾਨਾਂ ਨੂੰ ਬਿਹਤਰ ਫੈਸਲੇ ਲੈਣ ਵਿੱਚ ਮਦਦ ਕਰ ਰਿਹਾ ਹੈ। ਫਾਈਨੈਂਸ਼ੀਅਲ ਟੈਕਨੋਲੋਜੀ ਰਾਹੀਂ
ਏਆਈ ਅਧਾਰਿਤ ਕ੍ਰੈਡਿਟ ਸਕੋਰਿੰਗ ਨਾਲ ਉਨ੍ਹਾਂ ਮਹਿਲਾ ਅਗਵਾਈ ਵਾਲੇ ਕਾਰੋਬਾਰਾਂ ਨੂੰ ਵੀ ਕਰਜ਼ਾ ਮਿਲ ਪਾ ਰਿਹਾ ਹੈ, ਜੋ ਪਹਿਲਾਂ ਬੈਂਕਿੰਗ
ਸਿਸਟਮ ਤੋਂ ਬਾਹਰ ਸਨ।
ਨੀਤੀ ਆਯੋਗ ਦੀ ਰਿਪੋਰਟ ਵੀ ਦੱਸਦੀ ਹੈ ਕਿ ਏਆਈ ਸਿਹਤ, ਸਿੱਖਿਆ, ਕੌਸ਼ਲ ਵਿਕਾਸ ਅਤੇ ਵਿੱਤੀ ਸੇਵਾਵਾਂ ਤੱਕ ਪਹੁੰਚ ਵਧਾ ਕੇ ਕਰੋੜਾਂ
ਅਸੰਗਠਿਤ ਕਾਮਿਆਂ ਨੂੰ ਸਸ਼ਕਤ ਬਣਾ ਸਕਦਾ ਹੈ। ਇਹ ਉਹੀ ਲੋਕ ਹਨ, ਜੋ ਭਾਰਤੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ।
ਜਿਵੇਂ-ਜਿਵੇਂ ਏਆਈ ਦੀ ਵਰਤੋਂ ਵਧ ਰਹੀ ਹੈ, ਉਸ ਦੀ ਨੈਤਿਕ ਅਤੇ ਨਿਰਪੱਖ ਵਰਤੋਂ ਯਕੀਨੀ ਬਣਾਉਣਾ ਵੀ ਜ਼ਰੂਰੀ ਹੋ ਗਿਆ ਹੈ।
ਭਾਰਤ ਦਾ ਦ੍ਰਿਸ਼ਟੀਕੋਣ ‘ਸਾਰਿਆਂ ਲਈ ਏਆਈ” ‘ਤੇ ਅਧਾਰਿਤ ਹੈ, ਜਿਸ ਵਿੱਚ ਪਾਰਦਰਸ਼ਿਤਾ, ਜਵਾਬਦੇਹੀ ਅਤੇ ਬਰਾਬਰ
ਮੌਕਿਆਂ ‘ਤੇ ਜ਼ੋਰ ਦਿੱਤਾ ਗਿਆ ਹੈ। ਡਿਜੀਟਲ ਸ਼੍ਰਮਸੇਤੂ ਜਿਹੀਆਂ ਪਹਿਲਕਦਮੀਆਂ ਅਸੰਗਠਿਤ ਖੇਤਰ ਵਿੱਚ ਤਕਨੀਕ ਨੂੰ
ਪਹੁੰਚਾਉਣ ਦਾ ਕੰਮ ਕਰ ਰਹੀਆਂ ਹਨ।
ਭਾਰਤ ਦੀ ਪਹਿਲੀ ਡਿਜੀਟਲ ਕ੍ਰਾਂਤੀ ਨੇ ਲੋਕਾਂ ਨੂੰ ਜੋੜਿਆ, ਹੁਣ ਅਗਲੀ ਏਆਈ ਕ੍ਰਾਂਤੀ ਦਾ ਟੀਚਾ ਉਨ੍ਹਾਂ ਨੂੰ ਨਵੇਂ ਮੌਕੇ ਦੇਣਾ ਹੋਣਾ
ਚਾਹੀਦਾ ਹੈ। ਅਜਿਹਾ ਭਵਿੱਖ, ਜਿੱਥੇ ਪਿੰਡ ਦੀ ਮਹਿਲਾ ਉੱਦਮੀ, ਦੂਰ-ਦੁਰਾਡੇ ਦਾ ਨੌਜਵਾਨ ਅਤੇ ਸ਼ਹਿਰ ਦਾ ਸਟਾਰਟਅੱਪ
ਸੰਸਥਾਪਕ- ਸਾਰੇ ਏਆਈ ਦੇ ਲਾਭ ਵਿੱਚ ਬਰਾਬਰ ਦੇ ਭਾਈਵਾਲ ਹੋਣ।
ਭਾਰਤ ਵਿੱਚ ਏਆਈ ਦੀ ਸਫ਼ਲਤਾ ਇਸ ਗੱਲ ਤੋਂ ਨਹੀਂ ਮਾਪੀ ਜਾਵੇਗੀ ਕਿ ਉਸ ਦੇ ਐਲਗੋਰਿਦਮ ਕਿੰਨੇ ਗੁੰਝਲਦਾਰ ਹਨ, ਸਗੋਂ ਇਸ ਗੱਲ ਤੋਂ
ਮਾਪੀ ਜਾਵੇਗੀ ਕਿ ਉਹ ਕਿੰਨੇ ਲੋਕਾਂ ਨੂੰ ਅੱਗੇ ਵਧਾਉਣ ਦਾ ਮੌਕਾ ਦਿੰਦਾ ਹੈ। ਮਹਿਲਾਵਾਂ, ਯੁਵਾ ਅਤੇ ਕਾਮੇ ਹੁਣ ਸਿਰਫ਼ ਲਾਭ ਲੈਣ ਵਾਲੇ ਨਹੀਂ
ਹਨ, ਸਗੋਂ ਇੱਕ ਨਿਆਂਪੂਰਨ ਅਤੇ ਸਮਾਵੇਸ਼ੀ ਏਆਈ ਅਰਥਵਿਵਸਥਾ ਦੇ ਨਿਰਮਾਤਾ ਬਣ ਰਹੇ ਹਨ। ਇਹੀ ਭਾਰਤ ਦੀ ਅਸਲੀ ਤਾਕਤ ਹੈ।
(ਲੇਖਿਕਾ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਇੰਡੀਆ ਏਆਈ ਮਿਸ਼ਨ ਦੇ ਸੀਓਓ ਹਨ।)
Leave a Reply