ਲੁਧਿਆਣਾ
(ਜਸਟਿਸ ਨਿਊਜ਼ )
ਦੁਬਈ ਇੰਟਰਨੈਸ਼ਨਲ ਬਿਜਨਸ (ਡੀ.ਆਈ.ਬੀ.) ਵੱਲੋਂ ਕਰਵਾਏ ਗਏ ‘ਸਰਕਾਰ-ਏ-ਖਾਲਸਾ ਐਵਾਰਡਜ਼ 2026’ ਸਮਾਰੋਹ ਯਾਦਗਾਰੀ ਪੈੜਾਂ ਪਾਉਂਦੇ ਹੋਏ ਸਫਲਤਾਪੂਰਵਕ ਸੰਪੰਨ ਹੋਇਆ। ਬੀਤੀ ਦੇਰ ਰਾਤ ਚੱਲੇ ਸਮਾਗਮ ਮੌਕੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।
ਸਪੀਕਰ ਸੰਧਵਾਂ ਵੱਲੋਂ ਆਪਣੋ ਸੰਬੋਧਨ ਦੌਰਾਨ ਕਿਹਾ ਕਿ ਇਸ ਸਮਾਗਮ ਵਿੱਚ ਵਿਸ਼ਵ ਭਰ ਦੀਆਂ ਪ੍ਰਮੁੱਖ ਪੰਜਾਬੀ ਸ਼ਖਸੀਅਤਾਂ, ਅਧਿਆਤਮਿਕ ਰਹਿਬਰਾਂ ਅਤੇ ਸਿਆਸੀ ਆਗੂਆਂ ਨੇ ਸ਼ਿਰਕਤ ਕਰਕੇ ਪੰਜਾਬੀ ਵਿਰਸੇ ਅਤੇ ਮਾਨਵਤਾ ਦੀ ਸੇਵਾ ਦੇ ਜਜ਼ਬੇ ਨੂੰ ਸਲਾਮ ਕੀਤਾ ਹੈ।
ਇਸ ਮੌਕੇ ਰਾਜ ਸਭਾ ਐਮ.ਪੀ. ਸੰਤ ਬਲਬੀਰ ਸਿੰਘ ਸੀਚੇਵਾਲ, ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਐਸ.ਡੀ.ਐਮ. ਪੂਨਮਪ੍ਰੀਤ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ ਡਿੰਪਲ ਮਦਾਨ, ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੀਆਂ ਨਾਮਵਰ ਸਖਸ਼ੀਅਤਾਂ ਵੀ ਮੌਜੂਦ ਸਨ।
ਸਮਾਰੋਹ ਦੌਰਾਨ ਤਿੰਨ ਮੁੱਖ ਸ਼੍ਰੇਣੀਆਂ ਵਿੱਚ ਸਨਮਾਨ ਦੀ ਵੰਡ ਕੀਤੀ ਗਈ ਜਿਸ ਵਿੱਚ ਪਹਿਲਾ ‘ਸਰਕਾਰ-ਏ-ਖਾਲਸਾ ਐਵਾਰਡ’ : ਵਿਸ਼ਵ ਭਰ ਵਿੱਚ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੇ 13 ਪ੍ਰਮੁੱਖ ਪੰਜਾਬੀਆਂ ਨੂੰ ਇਸ ਵੱਕਾਰੀ ਐਵਾਰਡ ਨਾਲ ਨਿਵਾਜਿਆ ਗਿਆ ਜਿਨ੍ਹਾਂ ਵੱਖ-ਵੱਖ ਖੇਤਰਾਂ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ। ਦੂਸਰੀ ਸ਼੍ਰੇਣੀ ਵਿੱਚ ‘ਸੇਵਾ ਰਤਨ ਐਵਾਰਡ’: ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਮਾਨਵਤਾ ਦੀ ਮਿਸਾਲ ਪੇਸ਼ ਕਰਨ ਵਾਲੀਆਂ ਐਨ.ਜੀ.ਓਜ਼ ਨੂੰ ਉਨ੍ਹਾਂ ਦੀ ਨਿਰਸਵਾਰਥ ਸੇਵਾ ਅਤੇ ਸਮਰਪਣ ਲਈ ਦਿੱਤਾ ਗਿਆ। ਤੀਸਰੀ ਸ਼੍ਰੇਣੀ ਵਿੱਚ ਪੰਜਾਬ ਪ੍ਰਾਈਡ ਐਵਾਰਡ: ਸੂਬੇ ਦੀ ਤਰੱਕੀ ਅਤੇ ਸਮਾਜਿਕ ਭਲਾਈ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਗੇ ਕਿਹਾ ਕਿ ਅਜਿਹੇ ਸਮਾਗਮ ਸਿੱਖ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ, ਵਿਸ਼ਵ ਭਰ ਦੇ ਪੰਜਾਬੀਆਂ ਵਿੱਚ ਏਕਤਾ ਵਧਾਉਣ ਅਤੇ ਸੇਵਾ ਤੇ ਲੀਡਰਸ਼ਿਪ ਦੀ ਭਾਵਨਾ ਪੈਦਾ ਕਰਨ ਵਿੱਚ ਸਹਾਈ ਹੁੰਦੇ ਹਨ। ਉਨ੍ਹਾਂ ਪੰਜਾਬ ਸੂਬੇ ਦੇ ਵਿਕਾਸ ਲਈ ਨਿਰਪੱਖਤਾ ਅਤੇ ਸਾਂਝੀਵਾਲਤਾ ਦਾ ਸੁਨੇਹਾ ਦਿੰਦਿਆਂ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਰੱਖਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਧਰਮ ਦਾ ਸਹਾਰਾ ਲੈ ਕੇ ਲੋਕਾਂ ਲੜਾਉਣ ਵਾਲਿਆਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਪੰਜਾਬ ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਬੁੱਧੀਜੀਵੀ ਵਰਗ ਦੀ ਸਖ਼ਤ ਜ਼ਰੂਰਤ ਹੈ ਤਾਂ ਜੋ ਪੰਜਾਬ ਦੀ ਖੇਤੀ ਅਤੇ ਵਪਾਰ ਦੀ ਬਿਹਤਰੀ ਲਈ ਸਿਰ ਜੋੜ ਕੇ ਚਰਚਾ ਕੀਤੀ ਜਾ ਸਕੇ। ਉਨ੍ਹਾ ਡੀ.ਆਈ.ਬੀ. ਦੀ ਸ਼ਲਾਘਾ ਕਰਦਿਆਂ ਕਿਹਾ ਇਹ ਸੰਸਥਾ ਪੰਜਾਬ ਦੀ ਆਰਥਿਕਤਾ ਨੂੰ ਹੋਰ ਹੁਲਾਰਾ ਦੇਣ ਲਈ ਜਿੱਥੇ ਨਵਾਂ ਨਿਵੇਸ਼ ਲਿਆ ਰਹੀ ਹੈ ਉੱਥੇ ਖੇਤੀਬਾੜੀ ਵਿੱਚ ਨਵੀਨਤਾ ਅਤੇ ਵਿਕਾਸ ਲਈ ਵੀ ਤੱਤਪਰ ਹੈ ਜੋ ਪੰਜਾਬ ਦੇ ਨੌਜਵਾਨਾਂ ਲਈ ਰੋਜ਼ਗਾਰ ਦਾ ਵੱਡਾ ਵਸੀਲਾ ਵੀ ਬਣੇਗਾ।
ਅਖੀਰ ਵਿੱਚ, ਉਨ੍ਹਾਂ ਸਮਾਗਮ ਦੇ ਸਫਲ ਆਯੋਜਨ ਲਈ ਸਮੁੱਚੀ ਪ੍ਰਬੰਧਕੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ ਰੰਗ ਲਿਆਈ ਹੈ। ਉਨ੍ਹਾਂ ਦੱਸਿਆ ਕਿ ਇਸ ਪੂਰੇ ਸਮਾਗਮ ਦੀ ਸਫਲਤਾ ਪਿੱਛੇ ਡਾ. ਮਨਜਿੰਦਰ ਸਿੰਘ, ਫਤਿਹ ਅਮਨਦੀਪ ਸਿੰਘ, ਨਵਨੀਤ ਸਿੰਘ ਅਤੇ ਗੁਰਸਾਹਿਬ ਸਿੰਘ ਦੀ ਅਣਥੱਕ ਮਿਹਨਤ ਅਤੇ ਦੂਰਅੰਦੇਸ਼ੀ ਸੋਚ ਸੀ, ਜਿਨ੍ਹਾਂ ਦੀ ਅਗਵਾਈ ਵਿੱਚ ਪ੍ਰੋਗਰਾਮ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ।
Leave a Reply