ਲੁਧਿਆਣਾ
( ਜਸਟਿਸ ਨਿਊਜ਼ )
ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ (ਸ਼ਹਿਰੀ) ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਵਿੱਚ ਮਹਾਸ਼ਿਵਰਾਤਰੀ ਦਾ ਤਿਉਹਾਰ ਸੂਬਾ ਪੱਧਰ ‘ਤੇ ਮਨਾਇਆ ਜਾਵੇ। ਦੀਵਾਨ ਨੇ ਕਿਹਾ ਕਿ ਮਹਾਸ਼ਿਵਰਾਤਰੀ ਨੂੰ ਸਰਕਾਰੀ ਤੌਰ ‘ਤੇ ਸੂਬਾ ਪੱਧਰ ‘ਤੇ ਮਨਾਉਂਦਿਆਂ ਪੰਜਾਬ ਸਰਕਾਰ ਵੱਲੋਂ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਨਮਾਨ ਕੀਤਾ ਜਾਵੇਗਾ।ਇਸ ਸਬੰਧ ਵਿੱਚ ਦੀਵਾਨ ਨੇ ਮੁੱਖ ਮੰਤਰੀ ਨੂੰ ਇੱਕ ਰਸਮੀ ਤੌਰ ਤੇ ਪੱਤਰ ਵੀ ਭੇਜਿਆ ਹੈ। ਮੀਡੀਆ ਨੂੰ ਜਾਰੀ ਕੀਤੇ ਪੱਤਰ ਦੀ ਕਾਪੀ ਮੁਤਾਬਕ, ਦੀਵਾਨ ਨੇ ਲਿਖਿਆ ਹੈ ਕਿ ਇਸ ਸਾਲ 15 ਫਰਵਰੀ ਨੂੰ ਆ ਰਹੀ ਮਹਾਸ਼ਿਵਰਾਤਰੀ ਹਿੰਦੂ ਧਰਮ ਦੇ ਲੱਖਾਂ ਸਮਰਥਕਾਂ ਲਈ ਅਤੇ ਖ਼ਾਸ ਕਰਕੇ ਪੰਜਾਬ ਵਿੱਚ, ਆਤਮਿਕ, ਸਾਂਸਕ੍ਰਿਤਿਕ ਤੇ ਭਾਵਨਾਤਮਕ ਤੌਰ ‘ਤੇ ਬੇਹੱਦ ਮਹੱਤਵ ਰੱਖਦੀ ਹੈ।
ਪੱਤਰ ਵਿੱਚ ਲਿਖਿਆ ਗਿਆ ਹੈ ਕਿ ਮਹਾਸ਼ਿਵਰਾਤਰੀ ਸਿਰਫ਼ ਇੱਕ ਧਾਰਮਿਕ ਅਨੁਸ਼ਠਾਨ ਹੀ ਨਹੀਂ, ਸਗੋਂ ਇਹ ਭਗਤੀ, ਅਨੁਸ਼ਾਸਨ ਅਤੇ ਏਕਤਾ ਦਾ ਵੀ ਪ੍ਰਤੀਕ ਹੈ। ਭਗਵਾਨ ਸ਼ਿਵ ਬੁਰਾਈ ਦੇ ਨਾਸਕ ਅਤੇ ਬ੍ਰਹਿਮੰਡਕ ਸੰਤੁਲਨ ਦੇ ਪ੍ਰਤੀਕ ਮੰਨੇ ਜਾਂਦੇ ਹਨ ਅਤੇ ਇਸ ਦਿਨ ਭਾਰੀ ਸ਼ਰਧਾ ਅਤੇ ਆਸਥਾ ਨਾਲ ਪੂਜੇ ਜਾਂਦੇ ਹਨ। ਇਸ ਮੌਕੇ ਅਣਗਿਣਤ ਭਗਤਾਂ ਲਈ ਇਹ ਤਿਉਹਾਰ ਸੱਚ, ਸਾਂਝ ਅਤੇ ਨਿਸ਼ਕਾਮ ਸੇਵਾ ਵਰਗੇ ਮੁੱਲਾਂ ਨੂੰ ਦਰਸਾਉਂਦਾ ਹੈ।ਦੀਵਾਨ ਨੇ ਜ਼ੋਰ ਦਿੰਦਿਆਂ ਕਿਹਾ ਕਿ ਸਨਾਤਨ ਧਰਮ ਦੀਆਂ ਅਟੱਲ ਪਰੰਪਰਾਵਾਂ ਨਾਲ ਜੁੜੀ ਮਹਾਸ਼ਿਵਰਾਤਰੀ ਨੂੰ ਮਨਾਉਣ ਨਾਲ ਸਮਾਜਕ ਸਾਂਝ ਨੂੰ ਹੋਰ ਮਜ਼ਬੂਤ ਕਰੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਹਮੇਸ਼ਾਂ ਤੋਂ ਵੱਖ-ਵੱਖ ਪਰੰਪਰਾਵਾਂ ਅਤੇ ਧਰਮਾਂ ਦੀ ਧਰਤੀ ਰਿਹਾ ਹੈ, ਜਿੱਥੇ ਆਪਸੀ ਸਤਿਕਾਰ ਅਤੇ ਮਿਲ ਜੁਲ ਕੇ ਰਹਿਣਾ ਸਮਾਜ ਦੀ ਨੀਂਹ ਹਨ। ਅਜਿਹੇ ਵਿੱਚ ਮਹਾਸ਼ਿਵਰਾਤਰੀ ਨੂੰ ਸੂਬਾ ਪੱਧਰੀ ਤਿਉਹਾਰ ਐਲਾਨਣਾ ਸਮਾਵੇਸ਼ਤਾ ਦਾ ਮਜ਼ਬੂਤ ਸੰਦੇਸ਼ ਦੇਵੇਗਾ ਅਤੇ ਇਹ ਦਰਸਾਏਗਾ ਕਿ ਸਰਕਾਰ ਸਾਰੇ ਭਾਈਚਾਰਿਆਂ ਦੇ ਵਿਸ਼ਵਾਸਾਂ ਨੂੰ ਬਰਾਬਰੀ ਨਾਲ ਮਾਨ ਦਿੰਦੀ ਹੈ।
ਪੱਤਰ ਵਿੱਚ ਇਸ ਗੱਲ ਉੱਪਰ ਵੀ ਜ਼ੋਰ ਦਿੱਤਾ ਗਿਆ ਹੈ ਕਿ ਪੰਜਾਬ ਵਿੱਚ ਵੱਖ-ਵੱਖ ਧਰਮ ਸਾਂਝ ਅਤੇ ਸਹਿਮਤੀ ਨਾਲ ਰਹਿੰਦੇ ਹਨ ਅਤੇ ਮਹਾਸ਼ਿਵਰਾਤਰੀ ਪੂਰੇ ਸੂਬੇ ਵਿੱਚ ਭਾਰੀ ਸ਼ਰਧਾ ਤੇ ਉਤਸਾਹ ਨਾਲ ਮਨਾਈ ਜਾਂਦੀ ਹੈ। ਦੀਵਾਨ ਨੇ ਦੁਹਰਾਇਆ ਕਿ ਮਹਾਸ਼ਿਵਰਾਤਰੀ ਨੂੰ ਸੂਬਾ ਪੱਧਰ ‘ਤੇ ਮਾਨਤਾ ਦੇਣ ਨਾਲ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਹੋਵੇਗਾ ਅਤੇ ਨਾਲ ਹੀ ਪੰਜਾਬ ਦੇ ਆਪਸੀ ਭਾਈਚਾਰੇ, ਆਤਮਿਕ ਬਹੁਵਾਦ ਅਤੇ ਧਾਰਮਿਕ ਵਿਰਾਸਤ ਪ੍ਰਤੀ ਸਤਿਕਾਰ ਦੀ ਵਚਨਬੱਧਤਾ ਨੂੰ ਵੀ ਦੁਹਰਾਇਆ ਜਾਵੇਗਾ।ਉਨ੍ਹਾਂ ਨੇ ਕਿਹਾ ਕਿ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਕਦਮ ਲੱਖਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਨਮਾਨ ਕਰੇਗਾ, ਸਾਂਝੀ ਭਾਗੀਦਾਰੀ ਨੂੰ ਪ੍ਰੇਰਿਤ ਕਰੇਗਾ, ਏਕਤਾ ਨੂੰ ਮਜ਼ਬੂਤ ਕਰੇਗਾ ਅਤੇ ਸਦੀਆਂ ਤੋਂ ਸਾਡੀ ਸਭਿਆਚਾਰ ਨੂੰ ਆਕਾਰ ਦੇਣ ਵਾਲੀਆਂ ਪਰੰਪਰਾਵਾਂ ਦੀ ਰੱਖਿਆ ਪ੍ਰਤੀ ਸੂਬੇ ਦੀ ਵਚਨਬੱਧਤਾ ਨੂੰ ਉਜਾਗਰ ਕਰੇਗਾ।ਅਖੀਰ ਵਿੱਚ, ਦੀਵਾਨ ਨੇ ਕਿਹਾ ਕਿ ਸਾਨੂੰ ਯਕੀਨ ਹੈ ਕਿ ਮਹਾਸ਼ਿਵਰਾਤਰੀ ਨੂੰ ਸੂਬਾ ਪੱਧਰ ‘ਤੇ ਮਨਾ ਕੇ ਪੰਜਾਬ ਹਰ ਭਾਈਚਾਰੇ ਲਈ ਸਤਿਕਾਰ ਅਤੇ ਸਮਾਜਕ ਸਾਂਝ ਦੀ ਮਿਸਾਲ ਕਾਇਮ ਕਰੇਗਾ ਅਤੇ ਮੁੱਖ ਮੰਤਰੀ ਨੂੰ ਇਸ ਸਬੰਧ ਵਿੱਚ ਸਕਾਰਾਤਮਕ ਫ਼ੈਸਲਾ ਲੈਣ ਦੀ ਅਪੀਲ ਕੀਤੀ ਜਾਂਦੀ ਹੈ।
Leave a Reply