ਲੁਧਿਆਣਾ
( ਜਸਟਿਸ ਨਿਊਜ਼)
37ਵੇਂ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ 2026 ਮੌਕੇ ਵਿਸ਼ੇਸ਼ ਪ੍ਰੇਰਣਾਦਾਇਕ ਪਹਿਲਕਦਮੀ ਕਰਦਿਆਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਸਥਾਨਕ ਢੋਲੇਵਾਲ ਚੌਕ ਵਿਖੇ ਖੁਦ ਦੋਪਹੀਆ ਵਾਹਨ ਚਲਾ ਕੇ ਆਮ ਲੋਕਾਂ ਨੂੰ ਸੜਕ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਨ ਦਾ ਮਜ਼ਬੂਤ ਸੰਦੇਸ਼ ਦਿੱਤਾ।37ਵੇਂ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ 2026 ਦੇ 11ਵੇਂ ਦਿਨ, ਵਿਧਾਇਕਾ ਛੀਨਾ ਵੱਲੋਂ ਗੁਜਰਾਤ ਤੋਂ ਮੰਗਵਾਏ ਗਏ ਦੋ ਅਤਿ-ਆਧੁਨਿਕ ਸੁਰੱਖਿਆ ਉਪਕਰਣ ਦੋਪਹੀਆ ਵਾਹਨਾਂ ’ਤੇ ਲਗਾਏ ਗਏ। ਉਨ੍ਹਾਂ ਦੱਸਿਆ ਕਿ ਇਹ ਉਪਕਰਣ ਖ਼ਾਸ ਤੌਰ ’ਤੇ ਚਾਈਨਾ ਡੋਰ ਕਾਰਨ ਹੋਣ ਵਾਲੀਆਂ ਜਾਨਲੇਵਾ ਦੁਰਘਟਨਾਵਾਂ ਦੀ ਰੋਕਥਾਮ ਲਈ ਪ੍ਰਭਾਵਸ਼ਾਲੀ ਸਿੱਧ ਹੋਣਗੇ। ਮੌਕੇ ‘ਤੇ ਮੌਜੂਦ ਲੋਕਾਂ ਨੇ ਵਿਧਾਇਕ ਛੀਨਾ ਦੀ ਉੱਚੀ ਸੋਚ ਤੇ ਯਤਨਾਂ ਦੀ ਸ਼ਲਾਘਾ ਕਰਦਿਆਂ, ਇਸਨੂੰ ਸਮੇਂ ਦੀ ਲੋੜ ਦੱਸਿਆ।
ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਕਿਹਾ ਕਿ ਸੜਕ ਸੁਰੱਖਿਆ ਸਿਰਫ਼ ਸਰਕਾਰ ਜਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ ਸਗੋਂ ਹਰ ਨਾਗਰਿਕ ਦਾ ਨੈਤਿਕ ਅਤੇ ਸਮਾਜਿਕ ਜਿੰਮੇਵਾਰੀ ਹੈ। ਉਨ੍ਹਾਂ ਖ਼ਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਹਮੇਸ਼ਾ ਹੈਲਮੈਟ ਪਹਿਨਣ, ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਪਤੰਗਬਾਜੀ ਲਈ ਖ਼ਤਰਨਾਕ ਚਾਈਨਾ ਡੋਰ ਦੇ ਇਸਤੇਮਾਲ ਤੋਂ ਗੁਰੇਜ਼ ਕਰਨ।ਇਸ ਜਾਗਰੂਕਤਾ ਅਭਿਆਨ ਨੂੰ ਸਥਾਨਕ ਵਸਨੀਕਾਂ, ਰਾਹਗੀਰਾਂ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਲੋਕਾਂ ਨੇ ਵਿਸ਼ਵਾਸ ਜਤਾਇਆ ਕਿ ਇਸ ਤਰ੍ਹਾਂ ਦੇ ਨਿਰੰਤਰ ਅਭਿਆਨ ਨਾਲ ਜਿੱਥੇ ਸੜਕ ਹਾਦਸਿਆਂ ਵਿੱਚ ਗਿਰਾਵਟ ਆਵੇਗੀ ਉੱਥੇ ਆਮ ਨਾਗਰਿਕਾਂ ਦੀ ਜਾਨ-ਮਾਲ ਦੀ ਰੱਖਿਆ ਵੀ ਯਕੀਨੀ ਬਣਾਈ ਜਾਵੇਗੀ। ਵਿਧਾਇਕਾ ਛੀਨਾ ਨੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਸੜਕ ਸੁਰੱਖਿਆ ਨਿਯਮਾਂ ਦੀ ਪੂਰੀ ਨਿਸ਼ਠਾ ਨਾਲ ਪਾਲਣਾ ਕਰਨ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰਨ ਤਾਂ ਜੋ ਲੁਧਿਆਣਾ ਸ਼ਹਿਰ ਨੂੰ ਜਾਮ-ਮੁਕਤ, ਦੁਰਘਟਨਾ-ਮੁਕਤ ਅਤੇ ਇੱਕ ਸੁਰੱਖਿਅਤ ਸਮਾਰਟ ਸਿਟੀ ਵਜੋਂ ਵਿਕਸਿਤ ਕੀਤਾ ਜਾ ਸਕੇ।ਅਖੀਰ ਵਿੱਚ, ਉਨ੍ਹਾਂ ਸਮੂਹ ਭਾਗੀਦਾਰਾਂ ਨੂੰ ਸੱਦਾ ਦਿੰਦਿਆਂ ਕਿਹਾ! – ਆਓ, ਅਸੀਂ ਸਭ ਮਿਲ ਕੇ ਸੜਕ ਸੁਰੱਖਿਆ ਦਾ ਸੰਕਲਪ ਲਈਏ ਅਤੇ ਸੁਰੱਖਿਅਤ ਲੁਧਿਆਣਾ ਵੱਲ ਮਜ਼ਬੂਤ ਕਦਮ ਵਧਾਈਏ।
Leave a Reply