ਨਾਨਕ ਨਿਰਮਲ ਪੰਥ ਭਾਵ ਸਿੱਖ ਧਰਮ ਖ਼ਾਲਸਾ ਪੰਥ ਇਕ ਨਿਰੋਲ ਅਧਿਆਤਮਕ ਲਹਿਰ ਨਾ ਹੋ ਕੇ ਆਰੰਭ ਤੋਂ ਹੀ ਭਗਤੀ ਤੇ ਸ਼ਕਤੀ ਦਾ ਸੁਮੇਲ ਰਿਹਾ। ਗੁਰੂ ਨਾਨਕ ਸਾਹਿਬ ਦੁਆਰਾ ਬਾਬਰ ਨੂੰ ਜਾਬਰ ਕਹਿਣਾ ਅਤੇ ਗੁਰੂ ਅੰਗਦ ਸਾਹਿਬ ਵੱਲੋਂ ਆਪਣੇ ਉੱਤੇ ਤਲਵਾਰ ਧੂ ਲੈਣ ਵਾਲੇ ਬਾਦਸ਼ਾਹ ਹਿਮਾਯੂ ਨੂੰ ਤਲਵਾਰ ਦੀ ਸਮੇਂ ਅਤੇ ਸਥਾਨ ਅਨੁਸਾਰ ਵਰਤੋ ਕਰਨ ਲਈ ਕਹਿਣਾ ਇਸ ਦਾ ਪ੍ਰਮਾਣ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਉਪਰੰਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਲੋਕਾਂ ਨੂੰ ਧਾਰਮਿਕ ਤੇ ਸਿਆਸੀ ਜ਼ਾਲਮਾਂ ਤੋਂ ਮੁਕਤ ਕਰਾਉਣ ਅਤੇ ਉਹਨਾਂ ਵਿੱਚ ਆਤਮ ਵਿਸ਼ਵਾਸ ਭਰਨਾ ਅਤੇ ਉਨ੍ਹਾਂ ਦੇ ਮਨ ਤੋਂ ਹਕੂਮਤ ਦਾ ਡਰ ਦੂਰ ਕਰਨ ਦੇ ਮੰਤਵ ਦੀ ਪੂਰਤੀ ਲਈ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕਰਨ ਅਤੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਦਿਆਂ ਸੱਚਾ ਪਾਤਸ਼ਾਹ ਅਖਵਾਉਣਾ ਆਦਿ ਪਰਿਵਰਤਨ ਸਿੱਖ ਧਰਮ ਨੂੰ ਸਥਾਪਿਤ ਕਰਨ ਵੱਲ ਰਾਜਸੀ ਪਹੁੰਚ ਸੀ।
ਗੁਰਮਤਿ ਵਿਚਾਰਧਾਰਾ ਵਿੱਚ ਤਖ਼ਤ ਨਾਸ਼ਵਾਨ ਨਾ ਹੋ ਕੇ ਸਦੀਵੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਕੇਵਲ ਇੱਕ ਇਮਾਰਤ ਨਹੀਂ, ਨਾ ਹੀ ਇਹ ਕਿਸੇ ਵਿਅਕਤੀ ਵਿਸ਼ੇਸ਼ ਦੀਆਂ ਰਾਜਸੀ ਗਤੀਵਿਧੀਆਂ ਦਾ ਕੇਂਦਰ ਹੈ, ਸਗੋਂ ਇਹ ਮਨੁੱਖਤਾ ਖ਼ਾਸ ਕਰਕੇ ਸਿੱਖਾਂ ਲਈ ਸਰਬ ਉੱਚ ਪ੍ਰਭੂ ਸੱਤਾ ਸੰਪੰਨ ਸੰਸਥਾ ਹੈ। ਇਹ ਬੰਦੇ ਲਈ ਜਬਰ ਜ਼ੁਲਮ ਵਿਰੁੱਧ ਜੂਝਣ ਦੇ ਜਜ਼ਬੇ ਦਾ ਸੋਮਾ ਅਤੇ ਸਵੈਮਾਨ ਨਾਲ ਜ਼ਿੰਦਗੀ ਜਿਊਣ ਦੀ ਪ੍ਰੇਰਨਾ ਸਰੋਤ, ਹਰ ਸਿੱਖ ਲਈ ਜਿੰਦ-ਜਾਨ ਤੇ ਸ਼ਾਨ ਹੈ, ਜਿਸ ਦੇ ਲਈ ਮਰਿਆ ਤੇ ਕਿਸੇ ਨੂੰ ਮਾਰਿਆ ਜਾ ਸਕਦਾ ਹੈ। ਗੁਰਸਿੱਖਾਂ ਦੇ ਹਿਰਦੇ ਵਿੱਚ ਇਸ ਦਾ ਅਹਿਮ ਸਥਾਨ ਹੈ। ਸਮੂਹ ਸਿੱਖਾਂ ਦੇ ਵਿਸ਼ਵ ਵਿਆਪੀ ਧਾਰਮਿਕ ਸਮਾਜਿਕ ਰਾਜਨੀਤਿਕ ਸਰੋਕਾਰਾਂ, ਵਰਤਮਾਨ ਅਤੇ ਕੌਮ ਦੇ ਭਵਿਖ ਨੂੰ ਰੂਪਮਾਨ ਕਰਨ ਪ੍ਰਤੀ ਮਿਲ-ਜੁੱਲ ਕੇ ਵਿਚਾਰਾਂ ਕਰਨ ਅਤੇ ਯੋਜਨਾਵਾਂ ਉਲੀਕਣ ਦੀ ਥਾਂ ਹੋਣ ਦੇ ਬੋਧ ਕਾਰਨ ਹੀ ਹਕੂਮਤਾਂ ਨੇ ਇਸ ਨੂੰ ਮਲੀਆ ਮੇਟ ਕਰਨ ਦੀਆਂ ਕਈ ਵਾਰ ਕੋਸ਼ਿਸ਼ਾਂ ਕੀਤੀਆਂ।
ਸ੍ਰੀ ਅਕਾਲ ਤਖ਼ਤ ਕੇਵਲ ਪੰਜਾਬ ਦੇ ਸਿੱਖਾਂ ਦੇ ਇੱਕ ਵਰਗ ਜਾਂ ਅਕਾਲੀ ਦਲ ਦੇ ਵਕਤੀ ਸਰੋਕਾਰਾਂ ਤੱਕ ਮਹਿਦੂਦ ਨਾ ਹੋਕੇ ਪੰਥਕ ਮਸਲਿਆਂ ਦੇ ਮਹੱਤਵ ਪੂਰਨ ਤੇ ਅੰਤਿਮ ਫ਼ੈਸਲਿਆਂ ਲਈ ਜਾਣਿਆ ਜਾਂਦਾ ਹੈ। ਇਸੇ ਤਰ੍ਹਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਵੀ ਸਿੱਖ ਲਈ ਇਵੇਂ ਹੀ ਅਹਿਮੀਅਤ ਹੈ।
ਇੱਥੇ ਇਹ ਕਹਿਣਾ ਕੁਥਾਂ ਨਹੀਂ ਹੋਵੇਗਾ ਕਿ ਗੁਰੂ ਪਰੰਪਰਾ ਅਤੇ ਗੁਰਮਤਿ ਦੀ ਆਚਾਰ ਸੰਹਿਤਾ ਵਿਚ ’ਬਦਲੇ’ ਜਿਹੇ ਭਾਵਨਾ ਦੀ ਨਕਾਰਾਤਮਿਕ ਦ੍ਰਿਸ਼ਟੀ ਤੋਂ ਕੋਈ ਥਾਂ ਨਹੀਂ। ਇੱਥੇ ਗੁਨਾਹਗਾਰ ਪ੍ਰਤੀ ਹੋਰਨਾਂ ਧਰਮਾਂ ਵਾਂਗ ਸੰਗਸਾਰ ਦੀ ਕੋਈ ਪ੍ਰਥਾ ਨਹੀਂ, ਪਰ ’ਖਿਮਾ’ ਦੀ ਬਲਸ਼ਾਲੀ ਪਰੰਪਰਾ ਹੈ। ਇਸੇ ਅਨਮੋਲ ਅਤੇ ਵਿਲੱਖਣ ਗੁਣਾਂ ਨਾਲ ਮਨੁੱਖ ਨੂੰ ਪ੍ਰੇਰਿਤ ਅਤੇ ਸੰਚਾਲਿਤ ਕਰਦੀ ਆਈ ਹੈ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਫ਼ਰਮਾਨ ਹੈ……..
’’ਕੋਈ ਨਿੰਦਕੁ ਹੋਵੈ ਸਤਿਗੁਰੂ ਕਾ ਫਿਰਿ ਸਰਣਿ ਗੁਰ ਆਵੈ।।
ਪਿਛਲੇ ਗੁਨਹ ਸਤਿਗੁਰੁ ਬਖਸਿ ਲਏ ਸਤਸੰਗਤਿ ਨਾਲਿ ਰਲਾਵੈ ।।’’ ( ਅੰਗ ੮੫੫)
ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਫ਼ਰਮਾਨ ਹੈ–
’’ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ ॥
ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ॥
ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ ॥੨॥’’ ( ਅੰਗ 624)
ਦਾ ਗੁਰੂ ਜੁਗਤਿ ( ਮਾਡਲ) ਗੁਰੂ ਪੰਥ ਦੀ ਪ੍ਰਮੁੱਖ ਅਤੇ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਾਗੂ ਅਤੇ ਨਿਰੰਤਰ ਕਾਰਜਸ਼ੀਲ ਰਿਹਾ ਹੈ। ਗੁਰੂਘਰ ’ਚ ਚੱਲ ਕੇ ਸ਼ਰਨ ਆਇਆਂ ਨੂੰ ’’ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ ॥’’ਅਨੁਸਾਰ ਆਪਣੀ ਗ਼ਲਤੀ ’ਤੇ ਪਸ਼ਚਾਤਾਪ ਕਰਨ ’ਤੇ ਅਵੱਸ਼ ਮੁਆਫ਼ੀ ਮਿਲਦੀ ਹੈ। ਇਸ ਪ੍ਰਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਰੋਧੀਆਂ ਲਈ ਇਕ ਚੁਨੌਤੀ ਹੈ ਤਾਂ ਸ਼ਰਨ ਆਏ ਆਪਣਿਆਂ ਅਤੇ ਪਰਾਇਆਂ ਲਈ ਸਤਿਗੁਰਾਂ ਦਾ ਬਖ਼ਸ਼ਿੰਦ ਦਰ ਹੋ ਨਿੱਬੜਦਾ ਹੈ।
ਇਕ ਸਿੱਖ ਵਜੋਂ ਮੈਨੂੰ ਫ਼ਖਰ ਹੈ ਕਿ ਸਿੱਖਾਂ ਦੀਆਂ ਫ਼ਰਾਖ਼-ਦਿਲੀ ਦੀਆਂ ਵੀ ਅਨੇਕਾਂ ਦੁਰਲੱਭ ਮਿਸਾਲਾਂ ਹਨ। ਸਿੱਖ ਇਤਿਹਾਸ ਗਵਾਹ ਹੈ ਕਿ 1762 ਈਸਵੀ ਦੌਰਾਨ ਅਹਿਮਦ ਸ਼ਾਹ ਅਬਦਾਲੀ ਵੱਲੋਂ ਕੁੱਪ ਦੇ ਅਸਥਾਨ ’ਤੇ ਵੱਡਾ ਘੱਲੂਘਾਰਾ ਵਰਤਾਉਂਦਿਆਂ ਹਜ਼ਾਰਾਂ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ, ਇਸ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਬੇਅਦਬੀ ਕੀਤੀ ਗਈ ਸੀ। ਜਦੋਂ ਇਹੀ ਅਫਗਾਨੀ ਸੈਨਿਕ ਦਿੱਲੀ ਨੂੰ ਲੁੱਟ ਕੇ ਵਤਨ ਵਾਪਸ ਜਾ ਰਹੇ ਸਨ ਤਾਂ ਉਸ ਵਕਤ ਸਿੱਖਾਂ ਵੱਲੋਂ ਝਨਾਂ ਟੱਪਣ ਤੋਂ ਪਹਿਲਾਂ ਹਮਲਾ ਕਰਦਿਆਂ ਅਨੇਕਾਂ ਗ੍ਰਿਫ਼ਤਾਰ ਕਰ ਲਏ ਗਏ । ਸ੍ਰੀ ਅੰਮ੍ਰਿਤਸਰ ਲਿਆ ਕੇ ਉਨ੍ਹਾਂ ਤੋਂ ਅੰਮ੍ਰਿਤ ਸਰੋਵਰ ਦੀ ਸੇਵਾ ਕਰਵਾਈ ਗਈ, ਉਪਰੰਤ ਜਥੇਦਾਰ ਵੱਲੋਂ ਉਨ੍ਹਾਂ ਨੂੰ ਇਹ ਕਹਿੰਦਿਆਂ ਮੁਆਫ਼ ਕਰ ਦਿੱਤਾ ਗਿਆ ਕਿ ਇਨ੍ਹਾਂ ਨੇ ਜੇ ਗੁਰੂਘਰ ਦੀ ਬੇਅਦਬੀ ਕੀਤੀ ਸੀ ਤਾਂ ਇਨ੍ਹਾਂ ਅੰਮ੍ਰਿਤ ਸਰੋਵਰ ਦੀ ਸੇਵਾ ’ਚ ਹਿੱਸਾ ਵੀ ਪਾਇਆ ਹੈ।
ਗੁਰੂ ਕਾਲ ਸਮੇਂ ਤੋਂ ਹੀ ਤਖ਼ਤ ਸਾਹਿਬਾਨ ’ਤੇ ਜਥੇਦਾਰ ਨਿਯੁਕਤ ਰਹੇ। ਅੰਗਰੇਜ਼ ਹਕੂਮਤ ਵੇਲੇ 1920 ਤੱਕ ਅਕਾਲ ਤਖ਼ਤ ’ਤੇ ਸਰਬਰਾਹ ਨਿਯੁਕਤ ਸੀ। 1920 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਨਾਲ ਜਥੇਦਾਰ ਦੀ ਪਦਵੀ ਮੁੜ ਸਿੱਖਾਂ ਕੋਲ ਆਉਣ ਨਾਲ ਜਥੇਦਾਰ ਦੀ ਨਿਯੁਕਤੀ ਸਰਬ ਸੰਮਤੀ ਨਾਲ ਕੀਤੀ ਜਾਣ ਲੱਗੀ। 1925 ਵਿੱਚ ਅੰਗਰੇਜ਼ ਹਕੂਮਤ ਵੱਲੋਂ ਸਿੱਖ ਗੁਰਦੁਆਰਾ ਐਕਟ 1925 ਲਾਗੂ ਕਰਨ ਦੇ ਨਾਲ ਇੱਕ ਭੰਬਲ ਭੂਸਾ ਜਰੂਰ ਖੜ੍ਹਾ ਹੋ ਗਿਆ। ਗੁਰਦੁਆਰਾ ਐਕਟ ਵਿੱਚ ਜਥੇਦਾਰ ਸੰਸਥਾ ਨੂੰ ਸੁਤੰਤਰ ਵਿਵਸਥਾ ਪ੍ਰਾਪਤ ਹੈ ਅਤੇ ਇਸ ਐਕਟ ਵਿੱਚ ਪ੍ਰਾਪਤ ਹੈੱਡ ਮਨਿਸਟਰ ਸ਼ਬਦ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਲਈ ਵਰਤਿਆ ਹੋਇਆ ਸਪਸ਼ਟ ਮਿਲਦਾ ਹੈ। ਇਹ ਸਾਡੀ ਸਿਆਸਤ ਦੀ ਲੋੜ ਸੀ ਕਿ ਤਖ਼ਤਾਂ ਦੇ ਜਥੇਦਾਰਾਂ ਨੂੰ ਵੀ ਹੈੱਡ ਮਨਿਸਟਰ ਵਜੋਂ ਮੰਨ ਲਿਆ ਗਿਆ ਅਤੇ ਜਥੇਦਾਰਾਂ ਦੀ ਨਿਯੁਕਤੀ ਸ਼੍ਰੋਮਣੀ ਕਮੇਟੀ ਵੱਲੋਂ ਲਾਗੂ ਸੇਵਾ ਨਿਯਮਾਂ ਅਨੁਸਾਰ ਹੋਣ ਲੱਗੀ, ਹੁਣ ਤਾਂ ਜਥੇਦਾਰਾਂ ਨੂੰ ਚੁਣਨ ਦੇ ਪੰਥਕ ਵਿਧੀ ਅਸਲੋਂ ਹੀ ਪੰਥਕ ਸੁਰਤ ਵਿੱਚੋਂ ਮਨਫ਼ੀ ਕਰ ਦਿੱਤੀ ਗਈ, ਜਿਸ ਦਾ ਨਤੀਜਾ ਅੱਜ ਸਾਡੇ ਸਾਹਮਣੇ ਹੈ।
ਅੱਜ ਜਥੇਦਾਰਾਂ ਦੀ ਸਿਆਸਤ ਤੋਂ ਪ੍ਰੇਰਿਤ ਨਿਯੁਕਤੀ ਪਰੰਪਰਾਵਾਂ ਦੇ ਸੁੱਚੀ ਤਾਜ਼ਗੀ ਦੀ ਥਾਂ ਵਿਵਾਦਾਂ ਦੀ ਨਿੱਤ ਭੇਟ ਚੜ ਰਿਹਾ ਹੈ। ਸਿੱਖਾਂ ਦੀ ਰਹਿਤ ਮਰਿਆਦਾ, ਧਾਰਮਿਕ ਤੇ ਸਮਾਜਿਕ ਮਸਲਿਆ ਸਬੰਧੀ ਗੁਰੂ ਪੰਥ ਵੱਲੋਂ ਨਿਰਨਾ ਲੈਣ ਦਾ ਜਿਨ੍ਹਾਂ ਤਖ਼ਤਾਂ ਕੋਲ ਅਧਿਕਾਰ ਹੈ ਉਹਨਾਂ ਤਖ਼ਤਾਂ ਦੇ ਜਥੇਦਾਰ ਹੀ ਅੱਜ ਵਿਵਾਦਾਂ ਵਿੱਚ ਘਿਰ ਚੁੱਕੇ ਹਨ। ਅਸਲ ਵਿਚ ਅੱਜ ਦੀ ਵਿਵਸਥਾ ਇਹ ਕਹਿੰਦੀ ਹੈ ਕਿ ਕਿਸੇ ਵੀ ਜਥੇਦਾਰ ਲਈ ਸਿਆਸਤਦਾਨ ਵ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਅਕਾਲੀ ਲੀਡਰਸ਼ਿਪ ਨਾਲ ਗੱਠਜੋੜ ਦਾ ਹਿੱਸਾ ਹੋਏ ਬਿਨਾ ਇਸ ਅਹੁਦੇ ’ਤੇ ਬਣਿਆ ਨਹੀਂ ਰਹਿ ਸਕਦਾ। ਇਸੇ ਲਈ ਸਿਆਸੀ ਗ਼ਰਜ਼ਾਂ ’ਤੇ ਪਰਦਾ ਪਾਉਂਦੇ ਰਹਿਣਾ ਪੈਦਾ ਹੈ ਵਰਨਾ ਜ਼ੋਰਾਵਰ ਘਰ ਦਾ ਰਸਤਾ ਦਿਖਾ ਦਿੰਦੇ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪਤਿਤ ਜਾਂ ਸਿਰਗੁੰਮ ਹੋਣ ਦੇ ਬਾਵਜੂਦ ਰਵਾਇਤ ਦੇ ਵਿਪਰੀਤ ’ਪੇਸ਼’ ਹੋਣ ਲਈ ਸੱਦਿਆ ਜਾਣਾ ਭਾਵ ਤਲਬ ਕੀਤੇ ਜਾਣ ਦੇ ਮੌਜੂਦਾ ਵਰਤਾਰੇ ਨੂੰ ਵੀ ਇਸੇ ਸੰਦਰਭ ਵਿਚ ਵਾਚਿਆ ਜਾਣਾ ਬਣਦਾ ਹੈ। ਬੇਸ਼ੱਕ ਸਕੱਤਰੇਤ ਨੂੰ ਅਕਾਲ ਤਖ਼ਤ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਇਹ ਮੰਨ ਵੀ ਲਿਆ ਜਾਵੇ ਕਿ ਕਿਸੇ ਨੂੰ ਵੀ ਸਕੱਤਰੇਤ ਸੱਦਿਆ ਜਾ ਸਕਦਾ ਹੈ ਪਰ ਇੱਥੇ ਸੱਦਿਆ ਹੀ ਨਹੀਂ ਸਗੋਂ ’ਪੇਸ਼’ ਹੋਣ ਲਈ ਕਿਹਾ ਗਿਆ ਹੈ। ਪੇਸ਼ ਹੋਣ ਅਤੇ ਸੱਦਣ ’ਚ ਫ਼ਰਕ ਨੂੰ ਹਰ ਕੋਈ ਪਛਾਣ ਸਕਦਾ ਹੈ। ਮੁੱਖ ਮੰਤਰੀ ਮਾਨ ਵੱਲੋਂ ਗੋਲਕਾਂ ਪ੍ਰਤੀ ਬਿਆਨ ਬੇਸ਼ੱਕ ਉਹਨਾਂ ਦੇ ਰੁਤਬੇ ਮੁਤਾਬਕ ਸਹੀ ਨਹੀਂ ਪਰ ਇਹ ਬਿਆਨ ਉਹ 2023, ਜਦੋਂ ਪੀਟੀਸੀ ਵੱਲੋਂ ਗੁਰਬਾਣੀ ’ਤੇ ਏਕਾਧਿਕਾਰ ਹੋਣ ਦੇ ਦਾਅਵੇ ਦੇ ਵਕਤ ਵੀ ਗੋਲਕ ਦੀ ਸਿਆਸੀ ਮੁਫ਼ਾਦ ਲਈ ਵਰਤੋਂ ’ਤੇ ਸਵਾਲ ਉਠਾਉਂਦੇ ਵੀ ਦਿੱਤਾ ਗਿਆ ਸੀ। ਜਿੱਥੋਂ ਤਕ ਇਤਰਾਜ਼ਯੋਗ ਵੀਡੀਓ ਬਾਰੇ ਤਾਂ ਖ਼ੁਦ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਵੀ ਉਸ ਦੀ ਸਹੀ ਜਾਂ ਝੂਠੀ ਹੋਣ ਬਾਰੇ ਪੁਖ਼ਤਾ ਜਾਣਕਾਰੀ ਨਹੀਂ ਹੈ। ਜਦੋਂ ਕਿ ਹੁਕਮਨਾਮਾ ਜਾਂ ਕਿਸੇ ਨੂੰ ਤਲਬ ਬਾਕੀ ਸਭ ਹੀਲੇ ਮੁੱਕ ਜਾਣ ’ਤੇ ਅਮਲ ’ਚ ਲਿਆਉਣੀ ਚਾਹੀਦੀ ਹੈ। ਅਜਿਹੇ ’ਚ ਜਥੇਦਾਰ ਵੱਲੋਂ ਅਹੁਦੇ ਦੇ ਵੱਕਾਰ ਲਈ ਉਸ ਵੀਡੀਓ ਦੀ ਪਹਿਲਾਂ ਜਾਂਚ ਕਰਾ ਲਈ ਜਾਂਦੀ ਤਾਂ ਚੰਗਾ ਸੀ।
ਲਿਹਾਜ਼ਾ ਇਹ ਵਰਤਾਰਾ 328 ਪਾਵਨ ਸਰੂਪਾਂ ਦੇ ਮਾਮਲੇ ’ਚ ਕੇਸ ਦਰਜ ਹੋਣ ਅਤੇ ਕਾਨੂੰਨੀ ਕਾਰਵਾਈ ਨੂੰ ਅੰਜਾਮ ਦੇਣ ਨਾਲ ਪਨਪਿਆ ਹੋਣ ਕਰਕੇ ਅਕਾਲ ਤਖ਼ਤ ਨੂੰ ਢਾਲ ਬਣਾਉਣ ਅਤੇ ਸਿਆਸੀ ਦਖ਼ਲ ਅੰਦਾਜ਼ੀ ਵਲ ਉਗਲਾਂ ਉੱਠ ਰਹੀਆਂ ਹਨ। ਮੁੱਖ ਮੰਤਰੀ ਮਾਨ ਦੀ ’ਪੇਸ਼ੀ’ ਦਾ ਮਕਸਦ ਪਰੋਖ ਰੂਪ ਵਿੱਚ ਭਾਵੇਂ ਹੀ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਜਾਂਚ ਅਤੇ ਕਾਰਵਾਈ ਨੂੰ ਪ੍ਰਭਾਵਿਤ ਕਰਨਾ ਹੀ ਕਿਉਂ ਨਾ ਹੋਵੇ ਪਰ ਦੂਜੇ ਪਾਸੇ ਉਨ੍ਹਾਂ ਦਾ ਜਥੇਦਾਰ ਨੂੰ ’ਪੇਸ਼ੀ’ ਨੂੰ ਲਾਈਵ ਟੈਲੀਕਾਸਟ ਕਰਨ ਦੀ ਮੰਗ ਕੋਈ ਅਰਥ ਨਹੀਂ ਰੱਖਦਾ ਕਿਉਂਕਿ ਪੇਸ਼ੀ ਦੌਰਾਨ ਕੇਵਲ ਸਪਸ਼ਟੀਕਰਨ ਲਿਆ ਜਾਣਾ ਹੈ, ਕੋਈ ਜਵਾਬ ਤਲਬੀ ਨਹੀਂ । ਕਿਸੇ ਨੂੰ ਅਕਾਲ ਤਖ਼ਤ ’ਤੇ ਤਲਬ ਕਰਨ ਦੀ ਗਲ ਤਾਂ ਇਸ ਅਵਸਰ ਨੂੰ ਕਈ ਸਿਆਸੀ ਲੋਕ ਲੋਚਦੇ ਹਨ। ਇਕ ਵਾਰ ਜਥੇਦਾਰ ਨੇ ਗਲ ਦਸੀ ਕਿ ਦਿੱਲੀ ਨਾਲ ਸੰਬੰਧਿਤ ਇਕ ਅਕਾਲੀ ਆਗੂ ਦੀ ਇਹ ਬੜੀ ਲੋਚਾ ਰਹੀ ਕਿ ਉਸ ਨੂੰ ਇਹ ਅਵਸਰ ਮਿਲੇ। ਪਰ ਇਹ ਅਵਸਰ ਵੀ ਰੱਬੀ ਰਹਿਮਤ ਦਾ ਲਖਾਇਕ ਹੈ। ਜਿਸ ’ਤੇ ਉਸ ਦੀ ਨਜ਼ਰ ਸਵੱਲੀ ਹੋਵੇ ਉਸੇ ਨੂੰ ਮਿਲਦਾ ਹੈ। ਬਾਦਲ ਪਰਿਵਾਰ ਪੰਥ ਵੱਲੋਂ ਠੁਕਰਾਏ ਜਾਣ ’ਤੇ ਆਪਣੇ ਗੁਨਾਹਾਂ ਲਈ ਕਈ ਵਾਰ ਖਿਮਾ ਯਾਚਨਾ ਕੀਤੀ, ਖ਼ੁਦ ਲੰਗਰ ਦੇ ਭਾਂਡੇ ਅਤੇ ਸੰਗਤ ਦੇ ਜੋੜੇ ਸਾਫ਼ ਕੀਤੇ, ਅਖੰਡ ਪਾਠ ਕਰਾ ਕੇ ਅਰਦਾਸਾਂ ਵੀ ਕੀਤੀਆਂ ਪਰ ਬਖ਼ਸ਼ੇ ਉਸ ਵਕਤ ਗਏ ਜਦੋਂ ਤਖ਼ਤ ਸਾਹਿਬ ਵੱਲੋਂ ਤਲਬ ਕੀਤਾ ਗਿਆ।
ਮੁੱਖ ਮੰਤਰੀ ਭਗਵੰਤ ਮਾਨ ਸ਼੍ਰੋਮਣੀ ਕਮੇਟੀ ਬਾਰੇ ਕੋਈ ਗਲ ਰੱਖਣੀ ਚਾਹੁੰਦਾ ਹੈ ਤਾਂ ਉਹ ਪ੍ਰੈੱਸ ਕੋਲ ਕਿਸੇ ਵੀ ਵਕਤ ਰੱਖ ਸਕਦਾ ਹੈ, ਕੌਣ ਰੋਕਦਾ? ਮਾਨ ਨੂੰ ਚਾਹੀਦਾ ਹੈ ਕਿ ਉਹ ਆਪਣੇ ਮਨ ਵਿੱਚੋਂ ਇਹ ਵਿਚਾਰ ਪੂਰੀ ਤਰ੍ਹਾਂ ਤਿਆਗ ਦੇਣ ਕਿ ਜਥੇਦਾਰ ਦੇ ਪਿੱਛੇ ਕੋਈ ਸਿਆਸੀ ਜਾਂ ਵਿਰੋਧੀ ਤਾਕਤਾਂ ਕੰਮ ਕਰ ਰਹੀਆਂ ਹਨ। ਭਾਵੇਂ ਕਿ ਜਥੇਦਾਰ ’ਚ ਕਮੀਆਂ ਹੀ ਕਿਉਂ ਨਾ ਹੋਣ ਪਰ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਤੀਨਿਧਤਾ ਕਰ ਰਹੇ ਹੁੰਦੇ ਹਨ । ਇਸ ਲਈ ਉਨ੍ਹਾਂ ਨੂੰ ’ਇਕ ਨਿਮਾਣੇ ਸਿੱਖ’ ਵਜੋਂ ਪੇਸ਼ ਹੋਣਾ ਚਾਹੀਦਾ । ਉਨ੍ਹਾਂ ਨੂੰ ਕਿਸੇ ਤਰਾਂ ਦਾ ਹਠ ਨਹੀਂ ਕਰਨਾ ਚਾਹੀਦਾ, ਤਖ਼ਤ ਸਾਹਿਬ ’ਤੇ ਹਾਜ਼ਰ ਹੋ ਕੇ ਰੋਮ ਰੋਮ ਕਰਕੇ ਸਮਰਪਿਤ ਹੋਣ ਦਾ ਇਹ ਮੌਕਾ ਹੈ। ਇਸੇ ਸੰਦਰਭ ’ਚ ਕਹਿਣਾ ਚਾਹਾਂਗਾ ਕਿ 5 ਦਸੰਬਰ 2009 ਨੂੰ ਸਾਬਕਾ ਜਥੇਦਾਰ ਸ. ਦਰਸ਼ਨ ਸਿੰਘ ਰਾਗੀ ਇਕ ਮਾਮਲੇ ’ਚ ਪੇਸ਼ ਹੋਣ ਸਮੇਂ ਅਕਾਲ ਤਖ਼ਤ ਦੇ ਵਿਹੜੇ ’ਚ ਸਮਰਥਕਾਂ ਨਾਲ ਬੈਠੇ ਰਹੇ ਅਤੇ ਫਿਰ ਸਿੰਘ ਸਾਹਿਬਾਨ ਕੋਲ ਪੇਸ਼ ਹੋਣ ਦੀ ਥਾਂ ਆਪਣਾ ਪੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਰੱਖ ਕੇ ਚਲੇ ਗਏ। ਇਸ ਵਰਤਾਰੇ ਨੂੰ ਜਥੇਦਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਯਾਦਾ ਤੇ ਸਿਧਾਂਤ ਦੀ ਘੋਰ ਉਲੰਘਣਾ ਕਰਾਰ ਦਿੱਤਾ ਅਤੇ ਪ੍ਰੋ. ਰਾਗੀ ਨੂੰ ਤਨਖ਼ਾਹੀਆ ਕਰਾਰ ਦਿੱਤਾ । ਇਸ ਲਈ ਭੁੱਲਾਂ ਦੀ ਖਿਮਾ ਜਾਚਨਾ ਲਈ ਇਕ ਨਿਮਾਣੇ ਸਿੱਖ ਵਜੋਂ ਪੇਸ਼ ਹੋਣ ਦਾ ਅਰਥ ਵਿਧੀਵਤ ਤਰੀਕੇ ਨਾਲ ਜਥੇਦਾਰ ਸਾਹਮਣੇ ਪੇਸ਼ ਹੋਣ ਅਤੇ ਗੁਰੂ ’ਤੇ ਭਰੋਸਾ ਰੱਖਣ ਦਾ ਹੈ।
ਸ੍ਰੀ ਅਕਾਲ ਤਖ਼ਤ ਤੋਂ ਝਿੜਕ ਜਾਂ ਤਨਖ਼ਾਹ ਕੋਈ ਸਜ਼ਾ ਨਹੀਂ, ਇਹ ਅਪਣੱਤ ਦਾ ਅਹਿਸਾਸ ਹੈ, ਜੋ ਨਕਾਰਾਤਮਿਕ ਵਿਚਾਰ ਤੇ ਜੀਵਨ ’ਚ ਆਈ ਢਲਿਆਈ ਨੂੰ ਸੇਵਾ ਅਤੇ ਸਿਮਰਨ ਨਾਲ ਦੂਰ ਕਰਕੇ ਚੜ ਦੀ ਕਲਾ ਦਾ ਜੀਵਨ ਪ੍ਰਦਾਨ ਕਰਨ ਦੀ ਪਿਆਰ ਭਰੀ ਅਸੀਸ ਹੈ। ਧਾਰਮਿਕ ਸਮਾਜਿਕ ਜਾਂ ਰਾਜਸੀ ਅਵੱਗਿਆ ਲਈ ਜੋ ਕੋਈ ਗੁਰਸਿੱਖ ਨਿਮਾਣਾ ਬਣ ਕੇ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਗੁਰੂ ਪੰਥ ਅੱਗੇ ਅਰਜੋਈ ਕਰਦਾ ਹੈ, ਉਸ ਨੂੰ ਤਨਖ਼ਾਹ ਲਾ ਕੇ ਬਖ਼ਸ਼ ਦਿਆਂ ਗੁਰੂ ਪੰਥ ਵਿੱਚ ਮੁੜ ਸ਼ਾਮਲ ਕਰ ਲਿਆ ਜਾਂਦਾ ਹੈ। ਇੱਥੇ ਗੁਰੂ ਨਾਨਕ ਦੇ ਘਰ ਦਾ ਨਿਰਾਦਰ ਵਾਲੇ ਭਾਈ ਸੱਤਾ ਅਤੇ ਭਾਈ ਬਲਵੰਡ ਨੂੰ ਪਸ਼ਚਾਤਾਪ ਕਰਨ ’ਤੇ ਮੁਆਫ਼ੀ ਹੀ ਨਹੀਂ ਸਗੋਂ ਵਡਿਆਈ ਵੀ ਮਿਲੀ। ਇਤਿਹਾਸ ਗਵਾਹ ਹੈ ਕਿ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਅਤੇ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ 1986 ਦੇ ‘ਆਪ੍ਰੇਸ਼ਨ ਬਲੈਕ ਥੰਡਰ’ ਲਈ, ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਅਤੇ ਗਿਆਨੀ ਜ਼ੈਲ ਸਿੰਘ 1984 ਵਿੱਚ ਸਾਕਾ ਨੀਲਾ ਤਾਰਾ ਵਿੱਚ ਭੂਮਿਕਾ ਲਈ, ਨਿਹੰਗ ਮੁਖੀ ਬਾਬਾ ਸੰਤਾ ਸਿੰਘ ਸਾਕਾ ਨੀਲਾ ਤਾਰਾ ਦੌਰਾਨ ਨੁਕਸਾਨੇ ਗਏ ਅਕਾਲ ਤਖ਼ਤ ਦੀ ਸਰਕਾਰੀ ‘ਕਾਰ ਸੇਵਾ’ ਲਈ, ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਨੂੰ ਅਕਾਲੀ ਧੜਿਆਂ ਵਿੱਚ ਏਕਤਾ ਬਾਰੇ ਅਕਾਲ ਤਖ਼ਤ ਦੇ ਨਿਰਦੇਸ਼ਾਂ ਦੀ ਉਲੰਘਣਾ ਲਈ ਪਸ਼ਚਾਤਾਪ ਕਰਨ ’ਤੇ ਮੁਆਫ਼ੀ ਦਿੱਤੀ ਗਈ। ਸਿੱਖ ਦੀ ਹੋਂਦ ਹਸਤੀ ਸ੍ਰੀ ਅਕਾਲ ਤਖ਼ਤ ਨਾਲ ਜੁੜੀ ਹੈ, ਇਤਿਹਾਸ ਗਵਾਹ ਹੈ ਕਿ ਜਿਸ ਵੀ ਗੁਰਸਿੱਖ ਨੇ ਅਕਾਲ ਤਖ਼ਤ ਸਾਹਿਬ ਨੂੰ ਪਿੱਠ ਦਿਖਾਈ ਉਹ ਆਪਣੀ ਹੋਂਦ ਹਸਤੀ ਤੋਂ ਹੱਥ ਧੋ ਬੈਠਾ।
ਪ੍ਰੋ. ਸਰਚਾਂਦ ਸਿੰਘ ਖਿਆਲਾ, 9781355522
Leave a Reply