ਅੱਜ ਇੱਥੇ ਸੈੱਟਰ ਆਫ਼ ਇੰਡੀਅਨ ਟਰੇਡ ਯੂਨੀਅਨਜ ( ਸੀਟੂ) ਨਾਲ ਸਬੰਧਤ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਸਾਥੀ ਸ਼ੇਰ ਸਿੰਘ ਫਰਵਾਹੀ ਜਨਰਲ ਸਕੱਤਰ ਸਾਥੀ ਅਮਰਨਾਥ ਕੂੰਮਕਲਾਂ ਅਤੇ ਵਿੱਤ ਸਕੱਤਰ ਸਾਥੀ ਗੁਰਨਾਮ ਸਿੰਘ ਘਨੌਰ ਨੇ ਪੰਜਾਬ ਸਰਕਾਰ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾਂ ਜਿਹੜੇ ਕਿ ਖੁਦ ਐਸ.ਸੀ.ਭਾਈਚਾਰੇ ਨਾਲ ਸਬੰਧਤ ਹਨ,ਦੇ ਦਫ਼ਤਰ ਅੱਗੇ ਲਗਾਏ ਜਾ ਰਹੇ ਖੇਤ ਮਜ਼ਦੂਰਾਂ ਦੇ ਧਰਨੇ ਤੇ ਬੈਠੇ ਧਰਨਾਕਾਰੀਆਂ ਅਤੇ ਉਨ੍ਹਾਂ ਦੀਆਂ ਮੰਗਾਂ ਦਾ ਪੁਰਜ਼ੋਰ ਸਮਰਥਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਲਈ ਇਹ ਸ਼ਰਮ ਦੀ ਗੱਲ ਹੈ ਕਿ ਪੰਜਾਬ ਸਰਕਾਰ ਵਿਚ ਬੈਠੇ ਦਲਿਤ ਭਾਈਚਾਰੇ ਦੇ ਮੰਤਰੀ ਅਤੇ ਵਿਧਾਇਕ ਖੇਤ ਮਜ਼ਦੂਰਾਂ ਦੀਆਂ ਮੰਗਾਂ ਮੰਨਣ ਲਈ, ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਰਾਖੀ ਲਈ ਅਵਾਜ਼ ਵੀ ਨਹੀਂ ਚੁੱਕ ਰਹੇ। ਮਜ਼ਦੂਰ ਆਗੂਆਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਪੰਜਾਬ ਵਿੱਚ ਨਜ਼ੂਲ ਅਤੇ ਪੰਚਾਇਤੀ ਜ਼ਮੀਨਾਂ ਦੀ ਬੋਲੀ ਸਾਂਝੀਆਂ ਥਾਵਾਂ ਤੇ ਕਰਵਾਈਆਂ ਜਾਣ, ਤੀਜੇ ਹਿੱਸੇ ਦੀ ਜ਼ਮੀਨ ਗਰੀਬ ਵਰਗ ਦੇ ਲੋਕਾਂ ਨੂੰ ਦਿੱਤੀ ਜਾਵੇ। ਗ਼ਰੀਬ ਲੋਕਾਂ ਅਤੇ ਲੋੜਵੰਦਾਂ ਦੇ ਕੱਟੇ ਗਏ ਰਾਸ਼ਨ ਕਾਰਡ ਮੁੜ ਬਣਾਏ ਜਾਣ,5-5 ਮਰਲੇ ਦੇ ਪਲਾਟ ਦਿੱਤੇ ਜਾਣ,ਦਲਿਤ ਪਰਿਵਾਰ ਦੇ ਕਰਜੇ ਮਾਫ਼ ਕੀਤੇ ਜਾਣ,ਇਸ ਤੋਂ ਇਲਾਵਾ ਹੋਰ ਭਖਦੀਆਂ ਹੱਕੀ ਅਤੇ ਜਾਇਜ ਮੰਗਾਂ ਦਾ ਪੁਰਜ਼ੋਰ ਸਮਰਥਨ ਕੀਤਾ ਗਿਆ।
Leave a Reply