ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ
ਸੰਦੀਪ ਗੋਇਲ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਬਾਰਡਰ ਰੇਂਜ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਸੁਹੇਲ ਮੀਰ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੀ ਅਗਵਾਈ ਹੇਠ ਅਦਿੱਤਿਆ ਵਾਰੀਅਰ ਐਸ.ਪੀ.(ਡੀ), ਗੁਰਿੰਦਰ ਸਿੰਘ ਡੀ.ਐਸ.ਪੀ.(ਡੀ), ਰਵਿੰਦਰ ਸਿੰਘ ਡੀ.ਐਸ.ਪੀ. ਜੰਡਿਆਲਾ, ਇੰਸਪੈਕਟਰ ਮਨਮੀਤਪਾਲ ਸਿੰਘ (ਇੰਚਾਰਜ਼ ਸੀ.ਆਈ.ਏ) ਅਤੇ ਐਸ.ਆਈ. ਨਰੇਸ਼ ਕੁਮਾਰ ਮੁੱਖ ਅਫ਼ਸਰ ਥਾਣਾ ਜੰਡਿਆਲਾ ਦੀ ਅਗਵਾਈ ਵਿੱਚ ਵਿਸ਼ੇਸ਼ ਪੁਲਿਸ ਟੀਮਾਂ ਵੱਲੋਂ ਜੰਡਿਆਲਾ ਗੁਰੂ ਦੇ ਬਾਲਮੀਕ ਚੌਂਕ ‘ਚ ਸਥਿਤ ਸੋਨੂੰ ਜਿਊਲਰੀ ਦੀ ਦੁਕਾਨ ‘ਤੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਦੋ ਮੁੱਖ ਦੋਸ਼ੀਆਂ ਨੂੰ ਸੰਖੇਪ ਮੁਕਾਬਲੇ ਤੋਂ ਬਾਅਦ ਕਾਬੂ ਕੀਤਾ ਗਿਆ ਹੈ।
ਦੋਸ਼ੀ ਅਕਾਸ਼ ਤੇਜਪਾਲ ਪੁੱਤਰ ਦਵਿੰਦਰ ਕੁਮਾਰ ਅਤੇ ਵਿਸ਼ਾਲਦੀਪ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਨੂਰਦੀ ਅੱਡਾ, ਤਰਨ ਤਾਰਨ ਨੂੰ ਕਾਬੂ ਕੀਤਾ ਹੈ
ਇਹਨਾਂ ਕੋਲੋਂ ਇੱਕ .30 ਬੋਰ ਪਿਸਟਲ ਅਤੇ ਇੱਕ .32 ਬੋਰ ਪਿਸਟਲ ਬ੍ਰਾਮਦ ਕੀਤਾ ਗਿਆ।ਇਹ ਜ਼ਿਕਰਯੋਗ ਹੈ ਕਿ ਮਿਤੀ 05.1.2026 ਨੂੰ ਦਰਸ਼ਨੀ ਬਜ਼ਾਰ ਨੇੜੇ ਬਾਲਮੀਕ ਚੌਂਕ, ਜੰਡਿਆਲਾ ਗੁਰੂ ਵਿਖੇ ਸਥਿਤ ਸੋਨੂੰ ਜਿਊਲਰ ਦੀ ਦੁਕਾਨ ‘ਤੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਮਾਰ ਦੇਣ ਦੀ ਨੀਅਤ ਨਾਲ ਫਾਇਰਿੰਗ ਕੀਤੀ ਗਈ ਸੀ ਅਤੇ ਦੋਵੇਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਸਨ। ਇਸ ਸਬੰਧ ਵਿੱਚ ਥਾਣਾ ਜੰਡਿਆਲਾ ਵਿਖੇ ਐਫ.ਆਈ.ਆਰ. ਨੰਬਰ 07 ਮਿਤੀ 5.1.2026 ਅਧੀਨ ਧਾਰਾ 109 ਬੀ.ਐਨ.ਐਸ. ਅਤੇ 25/54/59 ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ।
ਤਫਤੀਸ਼ ਦੌਰਾਨ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਕੀਤੀ ਗਈ ਲਗਾਤਾਰ ਅਤੇ ਅਣਥੱਕ ਮਿਹਨਤ ਸਦਕਾ ਪਹਿਲਾਂ ਹੀ ਦੋ ਸਾਥੀ ਦੋਸ਼ੀ ਕਾਵਿਸ਼ ਅਰੋੜਾ ਪੁੱਤਰ ਸੁਖਬੀਰ ਅਤੇ ਮਹਿਰਬੀਰ ਸਿੰਘ ਪੁੱਤਰ ਸੁਖਦੇਵ ਸਿੰਘ (ਦੋਵੇਂ ਵਾਸੀ ਤਰਨ ਤਾਰਨ) ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਨ੍ਹਾਂ ਵੱਲੋਂ ਘਟਨਾ ਤੋਂ ਪਹਿਲਾਂ ਜਿਊਲਰੀ ਦੁਕਾਨ ਦੀ ਰੇਕੀ ਕੀਤੀ ਗਈ ਸੀ।
ਅੱਜ ਤਫਤੀਸ਼ ਦੌਰਾਨ ਭਰੋਸੇਯੋਗ ਗੁਪਤ ਸੂਚਨਾ ਮਿਲੀ ਸੀ ਕਿ ਮੁੱਖ ਸ਼ੂਟਰ ਅਕਾਸ਼ ਤੇਜਪਾਲ ਅਤੇ ਵਿਸ਼ਾਲਦੀਪ ਸਿੰਘ ਥਾਣਾ ਜੰਡਿਆਲਾ ਗੁਰੂ ਦੇ ਇਲਾਕੇ ਵਿੱਚ ਘੁੰਮ ਰਹੇ ਹਨ। ਇਸ ‘ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਤਾਰਾਗੜ੍ਹ ਨਹਿਰ ਨੇੜੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ।ਨਾਕਾਬੰਦੀ ਦੌਰਾਨ ਦੋਵੇਂ ਦੋਸ਼ੀ ਸਪਲੈਂਡਰ ਮੋਟਰਸਾਈਕਲ ‘ਤੇ ਆਉਂਦੇ ਦਿਖਾਈ ਦਿੱਤੇ। ਪੁਲਿਸ ਵੱਲੋਂ ਰੋਕਣ ‘ਤੇ ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਮੋਟਰਸਾਈਕਲ ਸਲਿਪ ਹੋ ਜਾਣ ਕਾਰਨ ਡਿੱਗ ਪਏ। ਭੱਜਣ ਦੀ ਕੋਸ਼ਿਸ਼ ਦੌਰਾਨ ਦੋਸ਼ੀਆਂ ਵੱਲੋਂ ਪੁਲਿਸ ਪਾਰਟੀ ‘ਤੇ ਫਾਇਰਿੰਗ ਕੀਤੀ ਗਈ, ਜਿਸ ਦੀ ਜਵਾਬੀ ਕਾਰਵਾਈ ਵਿੱਚ ਅਕਾਸ਼ ਤੇਜਪਾਲ ਜ਼ਖਮੀ ਹੋ ਗਿਆ, ਜਿਸਨੂੰ ਤੁਰੰਤ ਇਲਾਜ਼ ਲਈ ਹਸਪਤਾਲ ਦਾਖਲ ਕਰਵਾਇਆ ਗਿਆ।ਦੋਵੇਂ ਦੋਸ਼ੀਆਂ ਨੂੰ ਮੌਕੇ ਤੋਂ ਕਾਬੂ ਕਰਕੇ ਉਨ੍ਹਾਂ ਕੋਲੋਂ ਉਕਤ ਅਸਲਾ ਬਰਾਮਦ ਕੀਤਾ ਗਿਆ।ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਖੁਲਾਸਾ ਕੀਤਾ ਕਿ ਸੋਨੂੰ ਜਿਊਲਰ ਦੇ ਮਾਲਕ ਨਾਲ ਕਿਸੇ ਵਿਅਕਤੀ ਦਾ ਪੁਰਾਣਾ ਲੈਣ-ਦੇਣ ਸੀ, ਜਿਸ ਕਾਰਨ ਇਹ ਫਾਇਰਿੰਗ ਦੀ ਸਾਜਿਸ਼ ਰਚੀ ਗਈ ਸੀ। ਮਾਮਲੇ ਦੇ ਅੱਗੇ ਅਤੇ ਪਿੱਛੇ ਦੇ ਸਾਰੇ ਲਿੰਕ ਖੰਗਾਲੇ ਜਾ ਰਹੇ ਹਨ ਅਤੇ ਹੋਰ ਸਾਜ਼ਿਸ਼ਕਾਰਾਂ ਦੀ ਭਾਲ ਜਾਰੀ ਹੈ।
Leave a Reply