ਨਵਦੀਪ ਸਿੰਘ ਮੁੰਡੀ
98880-90038
ਪਟਿਆਲਾ ਦੀ ਧਰਤੀ ਵਿਚ ਪਤਾ ਨਹੀਂ ਅਜਿਹੀ ਕੀ ਖਿੱਚ ਹੈ ਕਿ ਜੋ ਇਕ ਵਾਰ ਪਟਿਆਲਾ ਆ ਜਾਂਦਾ ਹੈ ਉਹ ਇੱਥੇ ਹੀ
ਰਹਿ ਜਾਂਦਾ ਹੈ। ਪੰਜਾਬੀ ਦੇ ਕਿੰਨੇ ਹੀ ਸਾਹਿਤਕਾਰ ਵੱਖ ਵੱਖ ਸ਼ਹਿਰਾਂ ਤੋਂ ਆਏ ਤੇ ਪਟਿਆਲਾ ਵੱਸ ਗਏ। ਬਲਬੀਰ ਸਿੰਘ
ਜਲਾਲਬਾਦੀ ਵੀ ਮੋਗਾ ਦੇ ਪਿੰਡ ਜਲਾਲਾਬਾਦ ਤੋਂ ਨੌਕਰੀ ਦੇ ਸਿਲਸਿਲੇ ਵਿੱਚ ਪਟਿਆਲਾ ਆਏ ਤਾਂ ਪਟਿਆਲਾ ਦੇ ਹੀ ਹੋ ਕੇ
ਰਹਿ ਗਏ। ਬਲਬੀਰ ਜਲਾਲਾਬਾਦੀ ਸਮਰੱਥ ਕਵੀ, ਬਹੁਤ ਖ਼ੂਬਸੂਰਤ ਨੇਕ ਰੂਹ ਦੇ ਮਾਲਕ ਤੇ ਗਿਆਨਦੀਪ ਸਾਹਿਤ
ਸਾਧਨਾ ਮੰਚ, ਪਟਿਆਲਾ ਦੇ ਲੰਬੇ ਸਮੇਂ ਤੋਂ ਜਨਰਲ ਸਕੱਤਰ ਸਨ। ਉਹਨਾਂ ਨੇ ਆਪਣੇ ਦੋ ਕਾਵਿ ਸੰਗ੍ਰਹਿ ਚੁੱਪ ‘ਚ ਸੁਲਘਦੇ
ਬੋਲ ਅਤੇ ਮਾਨਵਤਾ ਗ਼ੈਰਹਾਜ਼ਰ ਹੈ ਨਾਲ ਪੰਜਾਬੀ ਸਾਹਿਤ ਵਿੱਚ ਆਪਣੀ ਵੱਖਰੀ ਪਛਾਣ ਬਣਾ ਲਈ ਸੀ। ਉਹਨਾਂ ਤਿੰਨ
ਕਿਤਾਬਾਂ ਸਹਿ ਸੰਪਾਦਨ ਵੀ ਕੀਤੀਆਂ। ਉਹਨਾਂ ਆਪਣੀਆਂ ਕਵਿਤਾਵਾਂ ਰਾਹੀਂ ਮਾਨਵਵਾਦੀ ਸੁਰ ਨੂੰ ਉਭਾਰਿਆ। ਉਹਨਾਂ ਨੂੰ
ਜਦੋਂ ਵੀ ਮਹਿਸੂਸ ਹੋਇਆ ਕਿ ਲੋਕਾਂ ਦੇ ਮਨਾਂ’ਚੋਂ ਮਾਨਵਤਾ ਗ਼ੈਰਹਾਜ਼ਰ ਹੋ ਰਹੀ ਹੈ ਤਾਂ ਉਹਨਾਂ ਆਪਣੀ ਕਵਿਤਾ ਰਾਹੀਂ
ਅਨਿਆਂ ਖਿਲਾਫ਼ ਆਪਣੀ ਅਵਾਜ਼ ਬੁਲੰਦ ਕੀਤੀ। ਬਲਬੀਰ ਜਲਾਲਾਬਾਦੀ ਹੱਕ ਸੱਚ ਦਾ ਮੁਦਈ ਸੀ ਤੇ ਉਸ ਤੇ ਪਹਿਰਾ
ਦਿੰਦਾ ਰਿਹਾ। ਉਹ ਇਹ ਕਰਦਿਆਂ ਕਈ ਵਾਰ ਤਲਖ਼ ਵੀ ਹੋ ਜਾਂਦਾ ਸੀ ਪਰ ਸੱਚ ਦਾ ਪੱਲਾ ਨਾ ਛੱਡਦਾ ਬੇਸ਼ੱਕ ਉਸ ਨੂੰ ਕਈ
ਵਾਰ ਨਰਾਜ਼ਗੀਆਂ ਵੀ ਝੱਲਣੀਆਂ ਪੈਂਦੀਆਂ।
ਮੈਨੂੰ ਲੱਗਦਾ ਹੁੰਦਾ ਕਵਿਤਾ ਝੂਠ ਨਹੀਂ ਬਰਦਾਸ਼ਤ ਕਰਦੀ ਉਸੇ ਤਰਾਂਬਲਬੀਰ ਜਲਾਲਾਬਾਦੀ ਵੀ ਝੂਠ ਬਰਦਾਸ਼ਤ ਨਹੀਂ ਕਰਦਾ ਸੀ। ਉਸ ਦਾ ਮਨ ਨਿਰਮਲ ਸੀ। ਉਹ ਆਪਣੀ ਕਵਿਤਾ ਵਿਚਬਾਬਾ ਨਾਨਕ ਨੂੰ ਸੰਬੋਧਨ ਹੋਇਆ ਕਹਿੰਦਾ ਕਿ ਬਾਬਾ! ਸਾਡੇ ਕੋਲ ਤੇਰੀ ਧਰਮ ਉਦਾਸੀਆਂ ਤੇ ਉਚਰੀ ਰਬਾਬੀ ਬਾਣੀ ਦਾ
ਕਵਚ ਤਾਂ ਹੈ ਪਰ ਤੇਰੀ ਰਹਿਤ-ਮਰਿਆਦਾ ਦਾ ਫ਼ਲਸਫ਼ਾ ਸਾਡੀ ਕੌਮ ਦੇ ਮੱਥਿਆਂ ਦੀ ਇਬਾਰਤ ‘ਚੋਂ ਗੁੰਮ ਹੈ। ਕਵੀ ਹੋਣ ਦੀ
ਮਰਿਆਦਾ ਨੂੰ ਨਿਭਾਉਂਦਿਆਂ ਉਹ ਆਪਣੀ ਕਵਿਤਾ ਵਿਚ ਕਦੇ ਵੀ ਕੋਈ ਗੱਲ ਕਹਿਣ ਤੋਂ ਹਿਚਕਚਾਉਂਦਾ ਨਹੀਂ ਸੀ। ਇਹੀ
ਉਸ ਦਾ ਮੀਰੀ ਗੁਣ ਰਿਹਾ। ਕਵੀ ਦੀ ਕਵਿਤਾ ਮਾਨਵਵਾਦੀ ਸੋਚ ਤੇ ਪਹਿਰਾ ਦਿੰਦੀ ਰਹੀ ਤੇ ਲੋਕਾਂ ਨੂੰ ਮਾਨਵਵਾਦੀ ਸੋਚ ਤੇ
ਪਹਿਰਾ ਦੇਣ ਲਈ ਉਤਸ਼ਾਹਿਤ ਕਰਦੀ ਰਹੀ। ਉਸ ਦੀਆਂ ਕਵਿਤਾਵਾਂ ਪੜ੍ਹ ਇਹ ਅਹਿਸਾਸ ਹੁੰਦਾ ਹੈ ਕਿ ਉਸ ਨੂੰ ਆਪਣੇ
ਘਰ ਦਾ ਹੀ ਨਹੀਂ ਸਗੋਂ ਪੂਰੇ ਸਮਾਜ ਦਾ ਫ਼ਿਕਰ ਸੀ। ਬਲਬੀਰ ਜਲਾਲਾਬਾਦੀ ਚਿੰਤਨ ਵਿਚ ਰਹਿੰਦਾ ਤੇ ਉਸ ਤੋਂ ਲੋਕ
ਸਰੋਕਾਰ ਦੀਆਂ ਕਵਿਤਾਵਾਂ ਲਿਖੀਆਂ ਜਾਂਦੀਆਂ। ਕਵੀ ਹੋਣ ਦੇ ਨਾਲ-ਨਾਲ ਉਸ ਦੀ ਸ਼ਖ਼ਸੀਅਤ ਵਿੱਚ ਹੋਰ ਬਹੁਤ ਗੁਣ
ਸਨ। ਉਹ ਬਹੁਤ ਸੂਝਵਾਨ ਤੇ ਜ਼ਿੰਦਾ ਦਿਲ ਮਨੁੱਖ ਸੀ ਤੇ ਉਹ ਬਹੁਤ ਵਧੀਆ ਮੰਚ ਸੰਚਾਲਕ, ਬੁਲਾਰਾ ਤੇ ਸਾਹਿਤ ਸਭਾ
ਨੂੰ ਸੁਚੱਜੇ ਢੰਗ ਨਾਲ ਚਲਾਉਣ ਵਾਲਾ ਲੀਡਰ ਸੀ। ਉਸ ਨੂੰ ਪਤਾ ਸੀ ਕਿਵੇਂ ਵੱਡਿਆਂ ਤੋਂ ਆਸ਼ੀਰਵਾਦ ਲੈਣਾ ਤੇ ਆਪਣੇ ਤੋਂ
ਨਿੱਕਿਆਂ ਨੂੰ ਮੁਹੱਬਤ ਦੇਣੀ ਹੈ। ਬਲਬੀਰ ਜਲਾਲਾਬਾਦੀ ਨੂੰ ਸਾਹਿਤ ਨਾਲ ਇਸ਼ਕ ਸੀ, ਉਹ ਕੋਈ ਨਾ ਕੋਈ ਸਮਾਗਮ ਦੀ
ਵਿਉਂਤ ਬਣਾਉਂਦਾ ਸਾਹਿਤ ਦੀ ਸੇਵਾ ਵਿੱਚ ਲੱਗਿਆ ਰਹਿੰਦਾ। ਮੰਚ ਸੰਚਾਲਨ ਕਰਦਿਆਂ ਉਹ ਸਾਹਿਤਕਾਰਾਂ ਨੂੰ ਬਣਦਾ
ਮਾਨ ਸਨਮਾਨ ਵੀ ਦਿੰਦੇ। ਸਭਾ ਨੂੰ ਚਲਾਉਣ ਵਿਚ ਆਰਥਿਕ ਦਿੱਕਤ ਆਉਂਦੀ ਤਾਂ ਉਹ ਦਲੇਰੀ ਨਾਲ ਸਭ ਤੋਂ ਮੂਹਰੇ ਹੁੰਦੇ।
ਬਲਬੀਰ ਜਲਾਲਾਬਾਦੀ ਦੇ ਇਸ ਫ਼ਾਨੀ ਸੰਸਾਰ ਤੋਂ ਅਲਵਿਦਾ ਹੋਣ ਉਪਰੰਤ ਪਟਿਆਲਾ ਦੀ ਸਾਹਿਤਿਕ ਫਿਜ਼ਾ ਗ਼ਮਗੀਨ ਹੋ
ਗਈ। ਉਹਨਾਂ ਦੇ ਜਾਣ ਤੋਂ ਬਾਅਦ ਪਏ ਖ਼ਲਾਅ ਨੂੰ ਭਰਨ ਲਈ ਸਮਾਂ ਲੱਗੇਗਾ।
Leave a Reply