ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਚੰਡੀਗੜ੍ਹ
1984 ਵਿੱਚ ਹਰਿਆਣਾ ਦੇ ਚਿੱਲੜ, ਗੁਰਗਾਂਵ, ਪਟੌਦੀ, ਗੂੜਾ, ਮਹਿੰਦਰਗੜ੍ਹ ਸਮੇਤ ਹੋਰ ਇਲਾਕਿਆਂ ਵਿੱਚ ਹੋਏ ਭਿਆਨਕ ਸਿੱਖ ਕਤਲੇਆਮ ਨੂੰ 42 ਸਾਲ ਬੀਤ ਜਾਣ ਦੇ ਬਾਵਜ਼ੂਦ ਪੀੜਤ ਸਿੱਖ ਪਰਿਵਾਰ ਅਜੇ ਵੀ ਪੂਰੇ ਨਿਆਂ ਤੋਂ ਵੰਚਿਤ ਹਨ। ਦੋਸ਼ੀਆਂ ਨੂੰ ਸਜ਼ਾ ਨਾ ਮਿਲਣਾ ਅਤੇ ਪੀੜਤਾਂ ਨੂੰ ਉਨ੍ਹਾਂ ਦੇ ਹੱਕ ਨਾ ਮਿਲਣਾ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।
ਇਸ ਗੰਭੀਰ ਮਸਲੇ ਨੂੰ ਲੈ ਕੇ ਹੋਦ ਚਿੱਲੜ ਸਿੱਖ ਇਨਸਾਫ਼ ਕਮੇਟੀ ਵੱਲੋਂ ਚੰਡੀਗੜ੍ਹ ਦੇ ਪ੍ਰੈੱਸ ਕਲੱਬ ਵਿੱਚ ਅਹਿਮ ਐਮਰਜੈਂਸੀ ਮੀਟਿੰਗ ਅਤੇ ਪ੍ਰੈੱਸ ਕਾਨਫਰੰਸ ਆਯੋਜਿਤ ਕੀਤੀ ਗਈ। ਇਸ ਮੌਕੇ ਹਰਿਆਣਾ ਅਤੇ ਹੋਰ ਸੂਬਿਆਂ ਤੋਂ ਆਏ 1984 ਦੇ ਪੀੜਤ ਪਰਿਵਾਰਾਂ ਨੇ ਇਕਜੁੱਟ ਹੋ ਕੇ ਆਪਣੀ ਅਵਾਜ਼ ਬੁਲੰਦ ਕੀਤੀ ਅਤੇ ਇਨਸਾਫ਼ ਲਈ ਅਗਲੇ ਪੜਾਅ ਦੇ ਸੰਘਰਸ਼ ’ਤੇ ਵਿਚਾਰ ਕੀਤਾ।
ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਘੋਲੀਆ ਨੇ ਕਿਹਾ ਕਿ ਸਰਕਾਰਾਂ ਨੇ ਚਾਰ ਦਹਾਕਿਆਂ ਦੌਰਾਨ ਸਿਰਫ਼ ਭਰੋਸੇ ਅਤੇ ਐਲਾਨ ਹੀ ਕੀਤੇ ਹਨ ਪਰ ਜ਼ਮੀਨੀ ਪੱਧਰ ’ਤੇ ਪੀੜਤਾਂ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਇਹ ਸਥਿਤੀ ਲੋਕਤੰਤਰਿਕ ਪ੍ਰਣਾਲੀ ਦੀ ਨਾਕਾਮੀ ਨੂੰ ਦਰਸਾਉਂਦੀ ਹੈ ਅਤੇ ਪੀੜਤ ਪਰਿਵਾਰਾਂ ਨਾਲ ਵੱਡਾ ਅਨਿਆਇ ਹੈ।ਭਾਈ ਘੋਲੀਆ ਨੇ ਐਲਾਨ ਕੀਤਾ ਕਿ 19 ਜਨਵਰੀ ਨੂੰ ਗੁੜਗਾਂਵ ਵਿਖੇ ਅਗਲੀ ਅਹਿਮ ਮੀਟਿੰਗ ਕਰਕੇ ਵੱਡੇ ਪੱਧਰ ’ਤੇ ਸੰਘਰਸ਼ ਦੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਦ ਤੱਕ ਚਿੱਲੜ ਅਤੇ ਹੋਰ ਇਲਾਕਿਆਂ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ ਅਤੇ ਪੀੜਤ ਪਰਿਵਾਰਾਂ ਨੂੰ ਇੱਜ਼ਤ, ਨਿਆਂ ਅਤੇ ਉਨ੍ਹਾਂ ਦੇ ਕਾਨੂੰਨੀ ਹੱਕ ਨਹੀਂ ਮਿਲਦੇ ਤਦ ਤੱਕ ਇਹ ਲੜਾਈ ਲਗਾਤਾਰ ਜਾਰੀ ਰਹੇਗੀ।
ਇਸ ਦੌਰਾਨ ਪੀੜਤ ਪਰਿਵਾਰਾਂ ਵੱਲੋਂ ਹਰਿਆਣਾ ਸਰਕਾਰ ਵੱਲੋਂ ਦਿੱਤੇ ਗਏ ਨੌਕਰੀਆਂ ਦੇ ਨਿਯੁਕਤੀ ਪੱਤਰਾਂ ਨੂੰ ਰੱਦ ਕਰਨ ਦਾ ਵੀ ਐਲਾਨ ਕੀਤਾ ਗਿਆ। ਪੀੜਤਾਂ ਨੇ ਕਿਹਾ ਕਿ ਨੌਕਰੀਆਂ ਜਾਂ ਅਧੂਰੇ ਫ਼ਾਇਦੇ ਇਨਸਾਫ਼ ਦਾ ਬਦਲ ਨਹੀਂ ਹੋ ਸਕਦੇ ਅਤੇ ਦੋਸ਼ੀਆਂ ਨੂੰ ਸਜ਼ਾ ਮਿਲਣਾ ਹੀ ਅਸਲ ਨਿਆਂ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਪੀੜਤ ਰਾਮ ਸਿੰਘ ਗੁੜਗਾਂਵ, ਗੋਪਾਲ ਸਿੰਘ ਰੇਵਾੜੀ (ਹਰਿਆਣਾ), ਦਰਸ਼ਨ ਸਿੰਘ ਹੇਲੀ ਮੰਡੀ ਪਟੌਦੀ, ਅੰਕਿਤ ਕੁਮਾਰ, ਹਰਭਜਨ ਸਿੰਘ ਹਨੂੰਮਾਨਗੜ੍ਹ, ਰੋਬਿਨ ਕੌਰ ਗੁੜਗਾਂਵ, ਹਰਦੀਪ ਸਿੰਘ ਪਟਿਆਲਾ, ਰਵਿੰਦਰ ਸਿੰਘ ਹਰਿਆਣਾ, ਅਮਰੀਕ ਸਿੰਘ, ਕੁਲਤਾਰ ਸਿੰਘ ਕਾਲਿਆਂਵਾਲੀ ਮੰਡੀ ਸਿਰਸਾ ਅਤੇ ਹਰਪ੍ਰੀਤ ਸਿੰਘ ਖਾਲਸਾ ਅੰਮ੍ਰਿਤਸਰ ਸਮੇਤ ਹੋਰ ਪੀੜਤ ਪਰਿਵਾਰ ਹਾਜ਼ਰ ਰਹੇ। ਪੀੜਤਾਂ ਨੇ ਆਪਣੇ ਦਰਦਨਾਕ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਉਹ ਆਪਣੀ ਅਵਾਜ਼ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਉਠਾਉਣ ਲਈ ਦ੍ਰਿੜ਼ ਹਨ।ਅੰਤ ਵਿੱਚ ਭਾਈ ਦਰਸ਼ਨ ਸਿੰਘ ਘੋਲੀਆ ਨੇ ਸਮੂਹ ਸਿੱਖ ਸੰਸਥਾਵਾਂ, ਸਮਾਜਿਕ ਜੱਥੇਬੰਦੀਆਂ, ਮਨੁੱਖੀ ਅਧਿਕਾਰ ਸੰਸਥਾਵਾਂ ਅਤੇ ਇਨਸਾਫ਼ ਪਸੰਦ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ 1984 ਦੇ ਪੀੜਤਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹ ਕੇ ਇਸ ਸੰਘਰਸ਼ ਨੂੰ ਤਾਕਤ ਦੇਣ, ਤਾਂ ਜੋ ਪੀੜਤ ਪਰਿਵਾਰਾਂ ਨੂੰ ਅਖ਼ੀਰਕਾਰ ਨਿਆਂ, ਮਾਣ ਅਤੇ ਸਨਮਾਨ ਮਿਲ ਸਕੇ।
ਦੱਸਣਯੋਗ ਹੈ ਕਿ 1984 ਦੇ ਚਿੱਲੜ ਕਤਲੇਆਮ ਦੇ ਪੀੜਤਾਂ ਲਈ ਇਨਸਾਫ਼ ਦੀ ਲੜਾਈ ਨੂੰ ਲਗਾਤਾਰ ਜਿਊਂਦਾ ਰੱਖਣ ਵਾਲੇ ਦਰਸ਼ਨ ਸਿੰਘ ਘੋਲੀਆ ਦੀ ਭੂਮਿਕਾ ਸਰਾਹਣਯੋਗ ਹੀ ਨਹੀਂ ਸਗੋਂ ਇਤਿਹਾਸਕ ਹੈ। ਚਾਰ ਦਹਾਕਿਆਂ ਤੋਂ ਵੱਧ ਸਮੇਂ ਤੋਂ ਪੀੜਤ ਪਰਿਵਾਰਾਂ ਦੇ ਦਰਦ, ਦੁੱਖ ਅਤੇ ਅਧਿਕਾਰਾਂ ਦੀ ਅਵਾਜ਼ ਬਣ ਕੇ ਖੜ੍ਹੇ ਦਰਸ਼ਨ ਸਿੰਘ ਘੋਲੀਆ ਨੇ ਬਿਨਾਂ ਥੱਕੇ, ਬਿਨਾਂ ਡਰੇ ਇਹ ਸੰਘਰਸ਼ ਜਾਰੀ ਰੱਖਿਆ ਹੋਇਆ ਹੈ।
ਜਦੋਂ ਸਰਕਾਰਾਂ ਬਦਲਦੀਆਂ ਰਹੀਆਂ ਅਤੇ ਵਾਅਦੇ ਸਿਰਫ਼ ਕਾਗਜ਼ਾਂ ਤੱਕ ਸੀਮਤ ਰਹੇ, ਉਸ ਵੇਲੇ ਦਰਸ਼ਨ ਸਿੰਘ ਘੋਲੀਆ ਨੇ ਸੜਕਾਂ ਤੋਂ ਲੈ ਕੇ ਪ੍ਰੈੱਸ ਕਲੱਬਾਂ ਅਤੇ ਰਾਸ਼ਟਰੀ ਮੰਚਾਂ ਤੱਕ ਪੀੜਤਾਂ ਦੀ ਗੂੰਜਦਾਰ ਅਵਾਜ਼ ਪਹੁੰਚਾਈ। ਉਨ੍ਹਾਂ ਦੀ ਅਗਵਾਈ ਹੇਠ ਹੋਦ ਚਿੱਲੜ ਸਿੱਖ ਇਨਸਾਫ਼ ਕਮੇਟੀ ਨੇ ਨਾ ਸਿਰਫ਼ ਪੀੜਤ ਪਰਿਵਾਰਾਂ ਨੂੰ ਇੱਕਜੁੱਟ ਕੀਤਾ, ਸਗੋਂ ਦੇਸ਼ ਅਤੇ ਵਿਦੇਸ਼ ਵਿੱਚ ਵੀ ਇਸ ਅਨਿਆਂਇ ਖਿਲਾਫ਼ ਚੇਤਨਾ ਪੈਂਦਾ ਕੀਤੀ।
ਦਰਸ਼ਨ ਸਿੰਘ ਘੋਲੀਆ ਦੀ ਇਹ ਦ੍ਰਿੜਤਾ ਕਿ “ਨੌਕਰੀ ਜਾਂ ਮਾਲੀ ਸਹਾਇਤਾਂ ਇਨਸਾਫ਼ ਦਾ ਬਦਲ ਨਹੀਂ, ਦੋਸ਼ੀਆਂ ਦੀ ਸਜ਼ਾ ਹੀ ਅਸਲ ਨਿਆਂ ਹੈ” ਉਨ੍ਹਾਂ ਨੂੰ ਇੱਕ ਸੱਚਾ ਸੰਘਰਸ਼ੀ ਆਗੂ ਸਾਬਤ ਕਰਦੀ ਹੈ। ਅੱਜ ਉਹ ਸਿਰਫ਼ ਇੱਕ ਵਿਅਕਤੀ ਨਹੀਂ ਰਹੇ, ਸਗੋਂ 1984 ਦੇ ਪੀੜਤਾਂ ਦੀ ਆਸ, ਹੌਂਸਲੇ ਅਤੇ ਅਡਿੱਗ ਇਰਾਦੇ ਦੀ ਨਿਸ਼ਾਨੀ ਬਣ ਚੁੱਕੇ ਹਨ।
ਇਨਸਾਫ਼ ਲਈ ਇਹ ਲੜਾਈ ਜਦ ਤੱਕ ਅੰਜ਼ਾਮ ਤੱਕ ਨਹੀਂ ਪਹੁੰਚਦੀ, ਦਰਸ਼ਨ ਸਿੰਘ ਘੋਲੀਆ ਵਰਗੇ ਸੰਘਰਸ਼ੀ ਆਗੂ ਇਤਿਹਾਸ ਵਿੱਚ ਸਨਮਾਨ ਨਾਲ ਯਾਦ ਕੀਤੇ ਜਾਂਦੇ ਰਹਿਣਗੇ।
Leave a Reply