ਸਰਕਾਰਾਂ ਦੇ “ਮਾਸਟਰ ਸਟਰੋਕ” ਬਨਾਮ ਆਮ ਆਦਮੀ 

ਅਜੋਕੇ ਭਾਰਤੀ ਰਾਜਨੀਤਕ ਦ੍ਰਿਸ਼ ਵਿੱਚ ਕਈ ਤਰ੍ਹਾਂ ਦੇ ਸ਼ਬਦਾਂ ਨੂੰ ਵਰਤਿਆ ਜਾਂਦਾ ਹੈ।ਪਰ ਹੁਣ ਇੱਕ ਨਵਾਂ ਸ਼ਬਦ ਜੋ ਸ਼ਾਇਦ ਪਹਿਲਾਂ ਲੋਕਾਂ ਲਈ ਕੋਈ ਬਹੁਤਾ ਸੁਣਿਆ ਪਰਖਿਆ ਨਹੀਂ ਸੀ।ਪਰ ਹੁਣ ਇਹ ਆਮ ਹੀ ਵਰਤਿਆ ਜਾਂਦਾ ਹੈ । ਜਿਸ ਦਾ ਸਰਕਾਰਾਂ ਭਾਵੇਂ ਉਹ ਕੇਂਦਰੀ ਹੋਣ ਜਾ ਰਾਜ ਸਰਕਾਰਾਂ ਨੇ ਖੂਬ ਵਰਤਿਆ ਹੈ। ਵੱਖ ਵੱਖ ਪਾਰਟੀਆਂ ਦੇ ਸਮਰਥੱਕ  ਵੀ ਇਸ ਨੂੰ ਵਰਤਣਾ ਖੂਬ ਸਿੱਖ ਗਏ ਹਨ।ਆਓ ਵਿਚਾਰੀਏ ਉਸ ਸ਼ਬਦ ਵਾਰੇ ਉਹ ਸਬਦ ਹੈ—“ਮਾਸਟਰ ਸਟਰੋਕ”। ਇਸ ਨੂੰ ਨੇਤਾ,ਵਰਕਰ,  ਨੈਸ਼ਨਲ ਮੀਡੀਆ ਪ੍ਰਿੰਟ ਮੀਡੀਆ ਖੂਬ ਵਰਤਦਾ ਹੈ।ਇਹ ਸ਼ਬਦ ਹੁਣ ਕਿਸੇ ਵੱਡੀ ਸਫ਼ਲਤਾ ਜਾਂ ਸਮੱਸਿਆ ਦੇ ਹੱਲ ਦਾ ਪ੍ਰਤੀਕ ਨਹੀਂ ਰਹਿ ਗਿਆ, ਸਗੋਂ ਇੱਕ ਅਜਿਹਾ ਜੁਮਲਾ ਬਣ ਗਿਆ ਹੈ, ਜਿਸ ਨਾਲ ਹਰ ਫ਼ੈਸਲੇ ਨੂੰ—ਚਾਹੇ ਉਹ ਕਿੰਨਾ ਵੀ ਅਸਫ਼ਲ ਕਿਉਂ ਨਾ ਹੋਵੇ—ਲੋਕਾਂ ਸਾਹਮਣੇ ਕਾਮਯਾਬੀ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।।
ਅਸਲ ਵਿੱਚ “ਮਾਸਟਰ ਸਟਰੋਕ” ਦਾ ਮਤਲਬ ਉਹ ਕਦਮ ਹੁੰਦਾ ਹੈ ਜੋ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾ ਦੇਵੇ, ਸਮੱਸਿਆਵਾਂ ਦਾ ਹੱਲ ਕੱਢੇ ਅਤੇ ਲੰਬੇ ਸਮੇਂ ਲਈ ਸਮਾਜ ਤੇ ਦੇਸ਼ ਨੂੰ ਮਜ਼ਬੂਤ ਕਰੇ। ਪਰ ਅੱਜ ਦੀ ਰਾਜਨੀਤੀ ਵਿੱਚ ਇਹ ਸ਼ਬਦ ਜਵਾਬਦੇਹੀ ਤੋਂ ਬਚਣ ਦਾ ਹਥਿਆਰ ਬਣ ਚੁੱਕਾ ਹੈ।
“ਮਾਸਟਰ ਸਟਰੋਕ” ਦਾ ਨਵਾਂ ਸਿਆਸੀ ਅਰਥ ਕੱਢਿਆ ਗਿਆ ਹੈ।ਅੱਜ “ਮਾਸਟਰ ਸਟਰੋਕ” ਦਾ ਮਤਲਬ ਇਹ ਨਹੀਂ ਰਹਿ ਗਿਆ ਕਿ ਫ਼ੈਸਲਾ ਸਫ਼ਲ ਹੋਇਆ ਹੈ। ਇਸਦਾ ਮਤਲਬ ਹੁਣ ਇਹ ਹੈ ਕਿ—
ਇਹ ਫ਼ੈਸਲਾ ਵੱਡਾ ਹੈ,ਇਹ ਫ਼ੈਸਲਾ ਅਚਾਨਕ ਹੈ,ਇਸ ਫ਼ੈਸਲੇ ‘ਤੇ ਸਵਾਲ ਨਹੀਂ ਪੁੱਛਣੇ ਅਤੇ ਜੇ ਨੁਕਸਾਨ ਹੋਵੇ, ਤਾਂ ਲੋਕ “ਅਗਿਆਨੀ” ਹਨ।
ਇਸ ਨਵੇਂ ਅਰਥ ਅਨੁਸਾਰ, ਜੇ ਨੌਕਰੀਆਂ ਘਟ ਜਾਣ ਤਾਂ —ਮਾਸਟਰ ਸਟਰੋਕ। ਜੇ ਮਹਿੰਗਾਈ ਵਧ ਜਾਵੇ ਤਾਂ—ਮਾਸਟਰ ਸਟਰੋਕ। ਜੇ ਲੋਕ ਸੜਕਾਂ ‘ਤੇ ਆ ਜਾਣ ਤਾਂ—ਫਿਰ ਵੀ ਮਾਸਟਰ ਸਟਰੋਕ।
ਇਹ ਇੱਕ ਖ਼ਤਰਨਾਕ ਰੁਝਾਨ ਹੈ, ਕਿਉਂਕਿ ਇਹ ਲੋਕਤੰਤਰ ਦੇ ਮੂਲ ਸਿਧਾਂਤ—ਸਵਾਲ ਅਤੇ ਜਵਾਬਦੇਹੀ—ਨੂੰ ਹੀ ਖਤਮ ਕਰਦਾ ਹੈ।
ਪ੍ਰਚਾਰ ਤੰਤਰ ਦੀ ਖੂਬ ਵਰਤੋਂ ਕੀਤੀ ਜਾਂਦੀ ਹੈ।ਇਸ ਨੂੰ ਸੱਚ ਨੂੰ ਢੱਕਣ ਦੀ ਮਸ਼ੀਨਰੀ ਵਜੋਂ ਵਰਤਿਆ ਜਾਂਦਾ ਹੈ।ਹਰ ਸਰਕਾਰ ਕੋਲ ਇੱਕ ਮਜ਼ਬੂਤ ਪ੍ਰਚਾਰ ਤੰਤਰ ਹੁੰਦਾ ਹੈ, ਪਰ ਅਜੋਕੇ ਸਮੇਂ ਵਿੱਚ ਇਹ ਤੰਤਰ ਸਿਰਫ਼ ਜਾਣਕਾਰੀ ਦੇਣ ਲਈ ਨਹੀਂ, ਸਗੋਂ ਹਕੀਕਤ ਨੂੰ ਮੋੜਨ ਲਈ ਵਰਤਿਆ ਜਾ ਰਿਹਾ ਹੈ। ਟੀਵੀ ਚੈਨਲਾਂ ਦੀਆਂ ਬਹਿਸਾਂ, ਅਖ਼ਬਾਰਾਂ ਦੇ ਵੱਡੇ ਸਿਰਲੇਖ, ਸੋਸ਼ਲ ਮੀਡੀਆ ਦੇ ਟ੍ਰੈਂਡ—ਸਭ ਮਿਲ ਕੇ ਇੱਕ ਐਸਾ ਮਾਹੌਲ ਬਣਾਉਂਦੇ ਹਨ, ਜਿੱਥੇ ਸਰਕਾਰ ਦਾ ਹਰ ਫ਼ੈਸਲਾ “ਇਤਿਹਾਸਕ” ਬਣ ਜਾਂਦਾ ਹੈ।ਜਨਤਾ ਨੂੰ ਇਹ ਦੱਸਿਆ ਜਾਂਦਾ ਹੈ ਕਿ—
ਤੁਸੀਂ ਇਸ ਫ਼ੈਸਲੇ ਦੀ ਗਹਿਰਾਈ ਨਹੀਂ ਸਮਝ ਸਕਦੇ।ਇਹ ਤੁਹਾਡੇ ਭਲੇ ਲਈ ਹੈ, ਭਾਵੇਂ ਤੁਹਾਨੂੰ ਅੱਜ ਨੁਕਸਾਨ ਹੋ ਰਿਹਾ ਹੋਵੇ
ਸਵਾਲ ਪੁੱਛਣਾ ਦੇਸ਼ ਵਿਰੋਧੀ ਸੋਚ ਹੈ। ਇਹ ਮਨੋਵਿਗਿਆਨਕ ਦਬਾਅ ਲੋਕਾਂ ਨੂੰ ਚੁੱਪ ਕਰਵਾਉਣ ਦਾ ਸਭ ਤੋਂ ਅਸਰਦਾਰ ਤਰੀਕਾ ਹੈ। ਨੈਸ਼ਨਲ ਮੀਡੀਆ ਜੋ ਲੋਕਤੰਤਰ ਚੌਥਾ ਸਤੰਭ ਸੀ  ਪ੍ਰਚਾਰ ਦਾ ਹਥਿਆਰ ਬਣ  ਗਿਆ ਹੈ। ਜਦੋਂ ਇਹ ਸਤੰਭ ਸੱਤਾ ਦੇ ਨਾਲ ਖੜ੍ਹਾ ਹੋ ਜਾਵੇ, ਤਾਂ ਲੋਕਤੰਤਰ ਦੀ ਇਮਾਰਤ ਕਮਜ਼ੋਰ ਹੋ ਜਾਂਦੀ ਹੈ।ਅਕਸਰ ਦੇਖਿਆ ਗਿਆ ਹੈ ਕਿ ਨੈਸ਼ਨਲ ਮੀਡੀਆ ਦੇ ਸਾਧਨ ਸਵਾਲ ਨਹੀਂ ਪੁੱਛਦੇ, ਸਗੋਂ ਫ਼ੈਸਲੇ ਦੀ ਵਡਿਆਈ ਕਰਦੇ ਹਨ—
ਕਿ “ਸਰਕਾਰ ਦਾ ਮਾਸਟਰ ਸਟਰੋਕ”
“ਦੇਸ਼ ਹਿੱਤ ਵਿੱਚ ਇਤਿਹਾਸਕ ਕਦਮ”
“ਵਿਰੋਧੀ ਪਾਰਟੀਆਂ ਨੂੰ ਕਰਾਰਾ ਜਵਾਬ” ਜਿਹੇ ਪ੍ਰਚਾਰ ਨਾਲ ਲੋਕਾਂ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ। ਜਿੱਥੇ ਅਸਲ ਵਿੱਚ ਕਿਸਾਨ ਕਰਜ਼ੇ ਵਿੱਚ ਡੁੱਬ ਰਹੇ ਹੋਣ, ਉੱਥੇ ਇਹ ਨਹੀਂ ਲਿਖਿਆ ਜਾਂਦਾ ਕਿ ਕਿਸਾਨ ਕਿਉਂ ਪਰੇਸ਼ਾਨ ਹੈ।ਜਿੱਥੇ ਮਜ਼ਦੂਰ ਬੇਰੁਜ਼ਗਾਰ ਹੋ ਰਹੇ ਹੋਣ, ਉੱਥੇ ਇਹ ਨਹੀਂ ਪੁੱਛਿਆ ਜਾਂਦਾ ਕਿ ਨੌਕਰੀਆਂ ਕਿੱਥੇ ਗਈਆਂ।
ਨੋਟਬੰਦੀ ਨੂੰ “ਮਾਸਟਰ ਸਟਰੋਕ” ਕਿਹਾ ਗਿਆ ਪਰ ਸਾਬਤ ਇਹ  ਵੱਡਾ ਝਟਕਾ ਹੋਇਆ। ਨੋਟਬੰਦੀ ਨੂੰ “ਕਾਲੇ ਧਨ ‘ਤੇ ਸਰਜੀਕਲ ਸਟਰਾਈਕ” ਅਤੇ “ਸਭ ਤੋਂ ਵੱਡਾ ਮਾਸਟਰ ਸਟਰੋਕ” ਕਿਹਾ ਗਿਆ। ਦਾਅਵਾ ਸੀ ਕਿ ਭ੍ਰਿਸ਼ਟਾਚਾਰ, ਨਕਲੀ ਨੋਟ ਅਤੇ ਕਾਲਾ ਧਨ ਖਤਮ ਹੋ ਜਾਵੇਗਾ।
ਪਰ ਹਕੀਕਤ ਇਹ ਸੀ ਕਿ—ਛੋਟੇ ਵਪਾਰੀ ਤਬਾਹ ਹੋ ਗਏ।ਦਿਹਾੜੀਦਾਰ ਮਜ਼ਦੂਰਾਂ ਦੀ ਰੋਜ਼ੀ ਖਤਮ ਹੋ ਗਈ।ਲੋਕ ਘੰਟਿਆਂ ਤੱਕ ਲਾਈਨਾਂ ਵਿੱਚ ਖੜ੍ਹੇ ਰਹੇ ਸਨ।ਅਤੇ ਆਖ਼ਿਰ ‘ਚ ਲਗਭਗ ਸਾਰਾ ਪੈਸਾ ਮੁੜ ਬੈਂਕਾਂ ‘ਚ ਆ ਗਿਆ।
ਸਵਾਲ ਇਹ ਹੈ ਕਿ ਜੇ ਨਤੀਜਾ ਉਹ ਨਹੀਂ ਨਿਕਲਿਆ ਜੋ ਦਾਅਵਾ ਕੀਤਾ ਗਿਆ ਸੀ, ਤਾਂ ਕੀ ਇਸਨੂੰ ਅਜੇ ਵੀ “ਮਾਸਟਰ ਸਟਰੋਕ” ਕਹਿਣਾ ਠੀਕ ਹੈ। ਸਰਕਾਰ ਨੂੰ ਪਤਾ ਸੀ ਕਿ ਗਲਤ ਫੈਸਲਾ ਹੋ ਗਿਆ।ਮੁੜ ਕਦੇ  ਵੀ ਉਸ ਦਾ ਸਰਕਾਰ  ਨੇ ਜ਼ਿਕਰ ਨਹੀਂ ਕੀਤਾ। ਸਮੱਸਿਆਵਾਂ ਵਿਚ ਵਾਧਾ ਹੋ ਗਿਆ। ਨਾ ਅੱਤਵਾਦ ਰੁਕਿਆ ਨਾ ਨਕਲੀ ਨੋਟ ਸਰਕਾਰ ਨੂੰ ਦੋ ਹਜ਼ਾਰ ਦਾ ਨੋਟ ਵੀ ਬੰਦ ਕਰਨਾ ਪਿਆ। ਕਿਉਂ ਕਿ ਉਸ ਨਾਲ ਨਕਲੀ ਨੋਟ ਜ਼ਿਆਦਾ ਵਧਣ ਦਾ ਡਰ ਬਣ ਗਿਆ ਸੀ।
ਜੀਐਸਟੀ ਸੁਧਾਰ ਜਾਂ ਉਲਝਣ ਇਸ ਵਾਰੇ ਵੀ ਸਰਕਾਰ ਉਲਝ ਗਈ।“ਇੱਕ ਦੇਸ਼, ਇੱਕ ਟੈਕਸ” ਦੇ ਨਾਅਰੇ ਨਾਲ ਜੀਐਸਟੀ ਨੂੰ ਵੱਡੀ ਕਾਮਯਾਬੀ ਵਜੋਂ ਪੇਸ਼ ਕੀਤਾ ਗਿਆ। ਮਾਸਟਰ ਸਟਰੋਕ ਕਿਹਾ ਗਿਆ।ਪਰ ਸ਼ੁਰੂਆਤੀ ਸਾਲਾਂ ਵਿੱਚ—ਛੋਟੇ ਵਪਾਰੀ ਫਾਰਮਾਂ ਅਤੇ ਨਿਯਮਾਂ ਵਿੱਚ ਫਸ ਗਏ।ਟੈਕਸ ਦਰਾਂ ਦੀ ਭਰਮਾਰ ਨੇ ਉਲਝਣ ਵਧਾ ਦਿੱਤੀ ਅਤੇ ਤਕਨੀਕੀ ਕਮਜ਼ੋਰੀਆਂ ਨੇ ਕੰਮ ਔਖਾ ਕਰ ਦਿੱਤਾ।ਵੱਡੀਆਂ ਕੰਪਨੀਆਂ ਨੇ ਤਾਂ ਖੁਦ ਨੂੰ ਢਾਲ ਲਿਆ, ਪਰ ਛੋਟਾ ਵਪਾਰੀ ਅਜੇ ਵੀ ਸੰਘਰਸ਼ ਕਰ ਰਿਹਾ ਹੈ।ਫਿਰ ਪਿਛੇ ਜਿਹੇ ਜੀ ਐਸ ਟੀ ਸੁਧਾਰ ਲਾਗੂ ਕਰਨ ਨੂੰ ਫਿਰ ਮਾਸਟਰ ਸਟਰੋਕ ਦੱਸਿਆ ਗਿਆ। ਕਿਸਾਨ ਕਾਨੂੰਨਾਂ ਵਾਰੇ ਮਾਸਟਰ ਸਟਰੋਕ ਨੂੰ ਵਾਪਸ ਲੈਣਾ ਪਿਆ ਸੀ। ਤਿੰਨ ਕਿਸਾਨ ਕਾਨੂੰਨਾਂ ਨੂੰ ਖੇਤੀ ਲਈ ਇਤਿਹਾਸਕ ਮਾਸਟਰ ਸਟਰੋਕ ਦੱਸਿਆ ਗਿਆ। ਕਿਹਾ ਗਿਆ ਕਿ ਕਿਸਾਨਾਂ ਦੀ ਆਮਦਨ ਦੋਗੁਣੀ ਹੋਵੇਗੀ।
ਪਰ ਨਤੀਜਾ ਇਹ ਨਿਕਲਿਆ ਕਿ—ਲੱਖਾਂ ਕਿਸਾਨ ਸੜਕਾਂ ‘ਤੇ ਆ ਗਏ,ਲੰਮਾ ਅੰਦੋਲਨ ਚੱਲਿਆ।ਸੈਂਕੜੇ ਕਿਸਾਨਾਂ ਦੀ ਜਾਨ ਗਈ।ਅਤੇ ਆਖ਼ਿਰਕਾਰ ਕਾਨੂੰਨ ਵਾਪਸ ਲੈਣੇ ਪਏ।ਜੇ ਕੋਈ ਫ਼ੈਸਲਾ ਇੰਨਾ ਸਹੀ ਸੀ, ਤਾਂ ਉਸਨੂੰ ਵਾਪਸ ਕਿਉਂ ਲੈਣਾ ਪਿਆ?
ਕੋਰੋਨਾ ਲੌਕਡਾਊਨ ਵਿੱਚ ਸਖ਼ਤੀ ਪਹਿਲਾਂ ਕਰ ਦਿੱਤੀ ਪਰ ਬਿਨਾਂ ਤਿਆਰੀ ਤੋਂ।
ਅਚਾਨਕ ਲੌਕਡਾਊਨ ਨੂੰ “ਜ਼ਰੂਰੀ ਮਾਸਟਰ ਸਟਰੋਕ” ਕਿਹਾ ਗਿਆ।
ਪਰ ਹਕੀਕਤ ਇਹ ਸੀ ਕਿ—ਮਜ਼ਦੂਰ ਪੈਦਲ ਘਰਾਂ ਵੱਲ ਤੁਰ ਪਏ। ਅਣਗਿਣਤ ਲੋਕ ਰਾਹਾਂ ਵਿਚ ਹੀ ਰਹਿ ਗਏ।ਭੁੱਖ, ਬੇਰੁਜ਼ਗਾਰੀ ਅਤੇ ਅਣਗਿਣਤ ਮੁਸ਼ਕਲਾਂ ਆਈਆਂ।ਸਿਹਤ ਸਿਸਟਮ ਤਿਆਰ ਨਹੀਂ ਸੀ।ਸਖ਼ਤੀ ਬਿਨਾਂ ਯੋਜਨਾ ਦੇ ਹੋਵੇ, ਤਾਂ ਉਹ ਮਾਸਟਰ ਸਟਰੋਕ ਨਹੀਂ, ਸਗੋਂ ਬੇਰਹਿਮੀ ਬਣ ਜਾਂਦੀ ਹੈ।
ਸੰਸਥਾਵਾਂ ਨੂੰ ਨਿੱਜੀਕਰਨ ਦਾ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਵੱਡੇ ਵੱਡੇ ਅਦਾਰੇ ਕਾਰਪੋਰੇਟ ਘਰਾਣਿਆਂ ਨੂੰ ਦਿੱਤੇ ਜਾ ਰਹੇ ਹਨ।ਸਰਕਾਰੀ ਸੰਸਥਾਵਾਂ ਦੇ ਨਿੱਜੀਕਰਨ ਨੂੰ ਅਕਸਰ “ਅਰਥਵਿਵਸਥਾ ਨੂੰ ਮਜ਼ਬੂਤ ਕਰਨ ਦਾ ਮਾਸਟਰ ਸਟਰੋਕ” ਕਿਹਾ ਜਾਂਦਾ ਹੈ। ਪਰ ਇਸ ਦੀ ਹਕੀਕਤ ਇਹ ਹੋਈ ਹੈ ਕਿ ਕਈ ਥਾਵਾਂ ‘ਤੇ ਨੌਕਰੀਆਂ ਘਟੀਆਂ, ਸੇਵਾਵਾਂ ਮਹਿੰਗੀਆਂ ਹੋਈਆਂ ਅਤੇ ਆਮ ਲੋਕਾਂ ‘ਤੇ ਬੋਝ ਵਧਿਆ। ਲਾਭ ਕੁਝ ਗਿਣਤੀਆਂ ਕੰਪਨੀਆਂ ਤੱਕ ਸੀਮਿਤ ਰਹਿ ਗਿਆ। ਸਰਕਾਰਾਂ ਟ੍ਰੀਲੀਅਨ ਦੀ ਇਕੋਨਮੀ ਦਾ ਮਾਸਟਰ ਸਟਰੋਕ ਦੱਸ ਰਹੀਆਂ ਹਨ ।ਜੇਕਰ ਥੋੜ੍ਹੇ ਜਿਹੇ ਪੂੰਜੀਪਤੀਆ ਨੂੰ ਵੱਖ ਕਰ ਦਈਏ ਪਤਾ ਲੱਗ ਜਾਵੇਗਾ ਕਿ ਆਮ ਲੋਕਾਂ ਦੇ  ਹਿੱਸੇ ਕੀ ਆਉਂਦਾ ਹੈ। ਕੁਦਰਤੀ ਸਾਧਨਾਂ ਤੇ ਅਮੀਰਾਂ ਦਾ ਕਬਜ਼ਾ ਆਮ ਲੋਕਾਂ ਲਈ ਵੱਡੀਆਂ ਮੁਸੀਬਤਾਂ ਲਿਆਵੇਗਾ।
 ਸਿੱਖਿਆ ਅਤੇ ਇਮਤਿਹਾਨ ਨੀਤੀਆਂ ਨੂੰ ਮਾਸਟਰ ਸਟਰੋਕ ਦੱਸਿਆ ਗਿਆ ਹੈ।ਸਕਿਲ ਇੰਡੀਆ ਤੇ ਸਵੱਛ ਭਾਰਤ, ਆਯੂਸ਼ਮਾਨ ਸਕੀਮ ਮਾਸਟਰ ਸਟਰੋਕ ਨਾ ਹੋ ਕੇ ਅਸਫ਼ਲਤਾ ਦੀ ਕਹਾਣੀ ਕਹਿ ਰਹੇ ਹਨ।ਨਵੀਂ ਸਿੱਖਿਆ ਨੀਤੀ ਜਾਂ ਅਚਾਨਕ ਇਮਤਿਹਾਨੀ ਫ਼ੈਸਲੇ ਅਕਸਰ “ਭਵਿੱਖ ਲਈ ਮਾਸਟਰ ਸਟਰੋਕ” ਕਹੇ ਗਏ ਸੀ।ਪਰ ਨਤੀਜੇ ਹੋਰ ਹੀ ਹਨ ।।
ਫ਼੍ਰੀ ਸਕੀਮਾਂ (ਮੁਫ਼ਤ ਸਹੂਲਤਾਂ) ਦੀ ਗੱਲ ਕਰੀਏ ਤਾਂ ਕਈ ਸਰਕਾਰਾਂ ਵੱਲੋਂ ਮੁਫ਼ਤ ਬਿਜਲੀ, ਪਾਣੀ ਜਾਂ ਹੋਰ ਸਕੀਮਾਂ ਨੂੰ “ਗਰੀਬ-ਹਿਤੈਸ਼ੀ ਮਾਸਟਰ ਸਟਰੋਕ” ਦੱਸਿਆ ਜਾਂਦਾ ਹੈ। ਪਰ ਆਰਥਿਕਤਾ ਨੂੰ ਇਸਦਾ ਨੁਕਸਾਨ ਹੋ ਰਿਹਾ ਹੈ। ਇਸ ਦਾ ਫਾਇਦਾ ਜ਼ਿਆਦਾਤਰ ਵੱਡੇ ਲੋਕ ਲੈ ਰਹੇ ਹਨ।
‌ਹੁਣ ਚੋਣਾਂ ਤੋਂ ਪਹਿਲਾਂ ਵੋਟਾਂ ਲਈ ਲੋਕਾਂ ਦੇ ਖਾਤਿਆਂ ਵਿਚ ਪੈਸੇ ਪਾਉਣਾ ਨੂੰ ਮਾਸਟਰ ਸਟਰੋਕ ਕਿਹਾ ਗਿਆ। ਪਰ ਅਸਲੀਅਤ ਇਹ ਹੈ ਕਿ ਇਹ ਸਿੱਧਾ ਵੋਟ ਖਰੀਦਣ ਦਾ ਮਾਸਟਰ ਸਟਰੋਕ ਸਾਬਤ ਹੋਇਆ ਹੈ। ਜਿਸ ਨੇ ਲੋਕਤੰਤਰ ਨੂੰ ਕਮਜ਼ੋਰ ਕੀਤਾ ਹੈ।
ਲੋਕਾਂ ਨੂੰ ਮੂਰਖ ਬਣਾਉਣ ਦੀ ਲਗਾਤਾਰ ਪ੍ਰਕਿਰਿਆ ਚੱਲ ਰਹੀ ਹੈ।
ਲੋਕਾਂ ਨੂੰ ਬੁੱਧੂ ਬਣਾਉਣਾ ਇੱਕ ਦਿਨ ਦਾ ਕੰਮ ਨਹੀਂ।ਇਹ ਹੌਲੀ-ਹੌਲੀ ਹੁੰਦਾ ਹੈ—
ਪਹਿਲਾਂ ਭਾਵਨਾਵਾਂ ਨਾਲ ਖੇਡਕੇ ਫਿਰ ਅਸਲ ਮੁੱਦਿਆਂ ਤੋਂ ਧਿਆਨ ਹਟਾਉਣਾ ਸਰਕਾਰਾਂ ਦਾ ਕੰਮ ਬਣ ਗਿਆ ਹੈ।।
ਅਤੇ ਆਖ਼ਿਰ ‘ਚ ਸਵਾਲ ਕਰਨ ਵਾਲਿਆਂ ਨੂੰ ਚੁੱਪ ਕਰਵਾਉਣਾ ਦਾ ਤਰੀਕਾ ਵਰਤਿਆ ਜਾਂਦਾ ਹੈ।
ਜੇ ਲੋਕ ਹਰ ਗਲਤ ਫ਼ੈਸਲੇ ਨੂੰ ਵੀ ਤਾੜੀਆਂ ਮਾਰ ਕੇ “ਮਾਸਟਰ ਸਟਰੋਕ” ਮੰਨ ਲੈਣ, ਤਾਂ ਸਰਕਾਰਾਂ ਨੂੰ ਸੁਧਾਰ ਕਰਨ ਦੀ ਲੋੜ ਹੀ ਨਹੀਂ ਰਹਿੰਦੀ।ਲੋਕਤੰਤਰ ਦੀ ਰੱਖਿਆ ਸਵਾਲਾਂ ਨਾਲ ਹੁੰਦੀ ਹੈ।ਲੋਕਤੰਤਰ ਦਾ ਮਤਲਬ ਸਿਰਫ਼ ਵੋਟ ਪਾਉਣਾ ਨਹੀਂ।
ਲੋਕਤੰਤਰ ਦਾ ਮਤਲਬ ਹੈ—
ਸਵਾਲ ਪੁੱਛਣਾ ਹੈ।ਅਸਫ਼ਲਤਾ ਦੀ ਜਵਾਬਦੇਹੀ ਮੰਗਣਾ ਹੈ ਅਤੇ ਪ੍ਰਚਾਰ ਤੋਂ ਪਰ੍ਹੇ ਸੱਚ ਨੂੰ ਦੇਖਣਾ ਲੱਭਣਾ ਹੈ।
ਜੇ ਅਸੀਂ ਇਹ ਨਹੀਂ ਕਰਾਂਗੇ, ਤਾਂ ਹਰ ਨਵੀਂ ਅਸਫ਼ਲਤਾ ਵੀ ਸਾਨੂੰ “ਇਤਿਹਾਸਕ ਕਦਮ” ਲੱਗੇਗੀ।
ਨਤੀਜੇ ਦੀ ਗੱਲ ਕਰੀਏ ਤਾਂ
“ਮਾਸਟਰ ਸਟਰੋਕ” ਕੋਈ ਜਾਦੂਈ ਸ਼ਬਦ ਨਹੀਂ, ਜੋ ਹਰ ਗਲਤੀ ਨੂੰ ਠੀਕ ਕਰ ਦੇਵੇ।
ਅਸਲ ਮਾਸਟਰ ਸਟਰੋਕ ਉਹ ਹੁੰਦਾ ਹੈ ਜੋ ਲੋਕਾਂ ਦੀ ਜ਼ਿੰਦਗੀ ਵਿੱਚ ਸੁਧਾਰ ਲਿਆਵੇ—ਨਾ ਕਿ ਉਹ, ਜਿਸਨੂੰ ਸਿਰਫ਼ ਸ਼ੋਰ-ਸ਼ਰਾਬੇ ਨਾਲ ਢੱਕ ਦਿੱਤਾ ਜਾਵੇ।
ਲੋੜ ਇਸ ਗੱਲ ਦੀ ਹੈ ਕਿ ਅਸੀਂ ਪ੍ਰਚਾਰ ਅਤੇ ਹਕੀਕਤ ਵਿਚਕਾਰ ਫ਼ਰਕ ਕਰਨਾ ਸਿੱਖੀਏ।ਨਹੀਂ ਤਾਂ ਇੱਕ ਦਿਨ ਅਸੀਂ ਇਹ ਵੀ ਮੰਨ ਲਵਾਂਗੇ ਕਿ—
ਸਾਡੀ ਤਕਲੀਫ਼, ਸਾਡੀ ਗਰੀਬੀ ਅਤੇ ਸਾਡੀ ਚੁੱਪ ਵੀ ਕਿਸੇ ਦੀ “ਮਾਸਟਰ ਸਟਰੋਕ” ਹੈ।
ਲੋਕਤੰਤਰ ਲੋਕਾਂ ਦਾ ਰਾਜ ਹੈ ਲੋਕਾਂ ਨੂੰ ਜਾਗਰੂਕ ਹੋ ਕੇ ਚੱਲਣਾ ਪਵੇਗਾ।
ਜਗਤਾਰ ਸਿੰਘ
9463603091

Leave a Reply

Your email address will not be published.


*


betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin