ਸ਼੍ਰੀ ਕੀਰਤਪੁਰ ਸਾਹਿਬ
( ਪੱਤਰ ਪ੍ਰੇਰਕ )
ਪੰਜਾਬ ਸਰਕਾਰ ਵੱਲੋਂ ਮਾਂ ਅਤੇ ਬੱਚੇ ਦੀ ਸਿਹਤ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਜਿਲ੍ਹਾ ਟੀਕਾਕਰਨ ਅਧਿਕਾਰੀ ਡਾ. ਨਵਰੂਪ ਕੌਰ ਦੀ ਅਗਵਾਈ ਹੇਠ ਕਮਿਊਨਿਟੀ ਹੈਲਥ ਸੈਂਟਰ ਭਰਤਗੜ੍ਹ ਦੇ ਸਟਾਫ ਵੱਲੋਂ ਭਰਤਗੜ੍ਹ ਦੇ ਝੁੱਗੀ ਝੋਪੜੀ ਇਲਾਕੇ ਵਿੱਚ ਗਰਭਵਤੀ ਮਹਿਲਾਵਾਂ ਅਤੇ ਨਵਜਾਤ ਬੱਚਿਆਂ ਦੀ ਸੰਭਾਲ ਸੰਬੰਧੀ ਵਿਸ਼ੇਸ਼ ਜਾਗਰੂਕਤਾ ਗਤੀਵਿਧੀ ਆਯੋਜਿਤ ਕੀਤੀ ਗਈ। ਇਹ ਗਤੀਵਿਧੀ ਸਾਂਸ ਪ੍ਰੋਗਰਾਮ ਦੇ ਤਹਿਤ ਕਰਵਾਈ ਗਈ, ਜਿਸ ਦਾ ਮਕਸਦ ਬੱਚਿਆਂ ਨੂੰ ਸਾਹ ਨਾਲ ਜੁੜੀਆਂ ਬਿਮਾਰੀਆਂ ਤੋਂ ਬਚਾਉਣਾ ਹੈ।
ਇਹ ਜਾਗਰੂਕਤਾ ਗਤੀਵਿਧੀ ਹੈਲਥ ਸੁਪਰਵਾਈਜ਼ਰ ਪ੍ਰੋਮਿਲਾ ਅਤੇ ਕੁਲਵੰਤ ਕੌਰ ਵੱਲੋਂ ਕਰਵਾਈ ਗਈ। ਇਸ ਦੌਰਾਨ ਗਰਭ ਅਵਸਥਾ ਦੌਰਾਨ ਨਿਯਮਿਤ ਜਾਂਚ, ਸੰਤੁਲਿਤ ਖੁਰਾਕ, ਟੀਕਾਕਰਨ, ਨਵਜਾਤ ਬੱਚੇ ਦੀ ਸਹੀ ਦੇਖਭਾਲ, ਮਾਂ ਦਾ ਦੁੱਧ ਪਿਲਾਉਣ ਦੀ ਮਹੱਤਤਾ ਅਤੇ ਬੱਚਿਆਂ ਵਿੱਚ ਸਾਹ ਸੰਬੰਧੀ ਬਿਮਾਰੀਆਂ ਦੇ ਲੱਛਣਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਨਾਲ ਹੀ ਗੰਭੀਰ ਲੱਛਣਾਂ ਦੀ ਪਛਾਣ ਕਰਕੇ ਸਮੇਂ ਸਿਰ ਨਜ਼ਦੀਕੀ ਸਿਹਤ ਸੰਸਥਾ ਨਾਲ ਸੰਪਰਕ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ।
ਸੀਨੀਅਰ ਮੈਡੀਕਲ ਅਫਸਰ ਕਮਿਊਨਿਟੀ ਹੈਲਥ ਸੈਂਟਰ ਭਰਤਗੜ੍ਹ ਡਾ. ਆਨੰਦ ਘਾਈ ਨੇ ਕਿਹਾ ਕਿ ਗਰਭਵਤੀ ਮਹਿਲਾਵਾਂ ਅਤੇ ਨਵਜਾਤ ਬੱਚਿਆਂ ਦੀ ਸਮੇਂ ਸਿਰ ਅਤੇ ਸਹੀ ਸੰਭਾਲ ਨਾਲ ਬੱਚਿਆਂ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਂਸ ਪ੍ਰੋਗਰਾਮ ਬੱਚਿਆਂ ਦੀ ਜਾਨ ਬਚਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।ਡਾ. ਆਨੰਦ ਘਾਈ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਾਂ ਅਤੇ ਬੱਚੇ ਦੀ ਸਿਹਤ ਨਾਲ ਜੁੜੀਆਂ ਸਰਕਾਰੀ ਸਿਹਤ ਸੇਵਾਵਾਂ ਦਾ ਪੂਰਾ ਲਾਭ ਲੈਣ ਅਤੇ ਬੱਚਿਆਂ ਵਿੱਚ ਕਿਸੇ ਵੀ ਤਰ੍ਹਾਂ ਦੇ ਖ਼ਤਰਨਾਕ ਲੱਛਣ ਨਜ਼ਰ ਆਉਣ ’ਤੇ ਤੁਰੰਤ ਸਿਹਤ ਕੇਂਦਰ ਨਾਲ ਸੰਪਰਕ ਕਰਨ।
Leave a Reply