ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ “ਬਾਲ ਦਿਵਸ” ਵਜੋਂ ਮਨਾਏ ਜਾਣ ਬਾਰੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਆਗੂ ਸ. ਮਨਜੀਤ ਸਿੰਘ ਜੀ.ਕੇ. ਵੱਲੋਂ ਆਪਣੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਭੂਮਿਕਾ ਬਾਰੇ ਦਿੱਤੇ ਗਏ ਬਿਆਨਾਂ ਦੇ ਸੰਦਰਭ ਵਿੱਚ ਉੱਭਰੀ ਚਰਚਾ ਅਤੇ ਬੀਜੇਪੀ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਵੱਲੋਂ ਕੀਤੇ ਗਏ ਖੁਲਾਸਿਆਂ ਨੂੰ ਲੈ ਕੇ ਉਹਨਾਂ ਵੱਲੋਂ ਕਾਨੂੰਨੀ ਕਾਰਵਾਈ ਦੀ ਦਿੱਤੀ ਗਈ ਧਮਕੀ ਦੇ ਜਵਾਬ ਵਿੱਚ ਅੱਜ ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਦਿੱਲੀ ਦੇ ਸਮਾਗਮ ਦੀਆਂ ਅਖ਼ਬਾਰੀ ਰਿਪੋਰਟਾਂ ਜਾਰੀ ਕਰਕੇ ਤੱਥਾਤਮਕ ਜਾਣਕਾਰੀ ਜਨਤਾ ਦੇ ਸਾਹਮਣੇ ਰੱਖੀ। ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਵੀ ਆਪਣੀ ਭੂਮਿਕਾ ਬਾਰੇ ਸਥਿਤੀ ਸਪਸ਼ਟ ਕਰਨ ਦੀ ਚੁਨੌਤੀ ਦਿੱਤੀ।
ਉਨ੍ਹਾਂ ਕਿਹਾ ਕਿ ਸ. ਮਨਜੀਤ ਸਿੰਘ ਜੀ.ਕੇ. ਇੱਕ ਸੁਲਝੇ ਹੋਏ ਧਾਰਮਿਕ ਅਤੇ ਸਿਆਸੀ ਆਗੂ ਹਨ, ਪਰ ਸੁਖਬੀਰ ਸਿੰਘ ਬਾਦਲ ਦੀ ਸੰਗਤ ਨੇ ਉਨ੍ਹਾਂ ’ਤੇ ਵੀ ਆਪਣੇ ਕੀਤੇ ਤੋਂ ਮੁਨਕਰ ਹੋਣ ਵਾਲੀਆਂ ਆਦਤਾਂ ਦਾ ਅਸਰ ਪਾ ਦਿੱਤਾ ਹੈ।
ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ 16 ਜਨਵਰੀ 2018 ਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਸਾਹਿਬਜ਼ਾਦਿਆਂ ਦੀ ਅਲੌਕਿਕ ਸ਼ਹਾਦਤ ਨੂੰ ਸਮਰਪਿਤ ਇੱਕ ਕੌਮੀ ਸੈਮੀਨਾਰ ਆਯੋਜਿਤ ਕੀਤਾ ਗਿਆ ਸੀ। ਉਸ ਸਮੇਂ ਸਰਦਾਰ ਮਨਜੀਤ ਸਿੰਘ ਜੀ.ਕੇ. ਦਿੱਲੀ ਕਮੇਟੀ ਦੇ ਪ੍ਰਧਾਨ ਸਨ ਅਤੇ ਇਸ ਸੈਮੀਨਾਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਤਤਕਾਲੀ ਉਪ ਮੁੱਖ ਮੰਤਰੀ ਪੰਜਾਬ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਸ੍ਰੀਮਤੀ ਸਿਮਰਤੀ ਇਰਾਨੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸਨ।
ਪ੍ਰੋ. ਖਿਆਲਾ ਨੇ ਕਿਹਾ ਕਿ ਇਸ ਕੌਮੀ ਸੈਮੀਨਾਰ ਦੀ ਕਵਰੇਜ 17 ਜਨਵਰੀ 2018 ਨੂੰ ਹੋਰਨਾਂ ਤੋਂ ਇਲਾਵਾ ‘ਦ ਟ੍ਰਿਬਿਊਨ’ ਅਖਬਾਰ ਵਿੱਚ ਪੱਤਰਕਾਰ ਸਈਦ ਅਲੀ ਅਹਿਮਦ ਵੱਲੋਂ ਅਤੇ ‘ਅਜੀਤ’ ਅਖਬਾਰ ਵਿੱਚ ਪੱਤਰਕਾਰ ਸ. ਜਗਤਾਰ ਸਿੰਘ ਵੱਲੋਂ ਕੀਤੀ ਗਈ ਸੀ। ‘ਦ ਟ੍ਰਿਬਿਊਨ’ ਦੀ ਲੀਡ ਰਿਪੋਰਟ ਵਿੱਚ ਸਾਫ਼ ਤੌਰ ’ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ‘ਬਾਲ ਦਿਵਸ’ ਵਜੋਂ ਮਨਾਉਣ ਦੀ ਸਿਫ਼ਾਰਿਸ਼ ਸਰਕਾਰ ਕੋਲ ਕਰਨ ਦਾ ਫੈਸਲਾ ਲਏ ਜਾਣ ਦਾ ਜ਼ਿਕਰ ਕੀਤਾ ਗਿਆ ਸੀ। ਮੀਡੀਆ ਕਵਰੇਜ ਵਿੱਚ ‘ਬਾਲ ਦਿਵਸ’ ਦੀ ਵਕਾਲਤ ਨੂੰ ਪ੍ਰਮੁੱਖਤਾ ਨਾਲ ਉਭਾਰਿਆ ਗਿਆ, ਪਰ ਸ. ਜੀ.ਕੇ. ਜਾਂ ਦਿੱਲੀ ਕਮੇਟੀ ਵੱਲੋਂ ਨਾ ਤਾਂ ਉਸ ਵੇਲੇ ਅਤੇ ਨਾ ਹੀ ਬਾਅਦ ਵਿੱਚ ਕਦੇ ਇਸ ਦਾ ਖੰਡਨ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਉਸ ਸਮੇਂ ਦੀ ਅਖ਼ਬਾਰੀ ਕਵਰੇਜ ਅਤੇ ਪ੍ਰਕਾਸ਼ਿਤ ਤਸਵੀਰਾਂ ਵਿੱਚ ਇਹ ਸਪਸ਼ਟ ਦਿਖਾਈ ਦਿੰਦਾ ਹੈ ਕਿ ਮਨਜੀਤ ਸਿੰਘ ਜੀ.ਕੇ. ਨਾ ਕੇਵਲ ਸਮਾਗਮ ਵਿੱਚ ਮੌਜੂਦ ਸਨ, ਸਗੋਂ ਉਹ ਸ. ਸੁਖਬੀਰ ਸਿੰਘ ਬਾਦਲ ਦੇ ਨਾਲ ਕੇਂਦਰੀ ਮੰਤਰੀ ਸ੍ਰੀਮਤੀ ਸਿਮਰਤੀ ਇਰਾਨੀ ਨੂੰ ਸਨਮਾਨਿਤ ਕਰਦੇ ਵੀ ਨਜ਼ਰ ਆ ਰਹੇ ਹਨ। ਜਿਸ ਦੇ ਪਿੱਛੇ ਬੈਨਰ ’ਤੇ ਅੰਗਰੇਜ਼ੀ ਵਿੱਚ “Delhi Sikh Gurdwara Management Committee” ਦਰਜ ਹੋਣਾ ਵੀ ਤੱਥਾਂ ਨੂੰ ਹੋਰ ਸਪਸ਼ਟ ਕਰਦਾ ਹੈ।
ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ‘ਬਾਲ’ ਸ਼ਬਦ ਨਾਲ ਜੋੜਨ ਨੂੰ ਲੈ ਕੇ ਉੱਠ ਰਹੀਆਂ ਸ਼ੰਕਾਵਾਂ ਦਾ ਸਿੱਖ ਇਤਿਹਾਸ ਅਤੇ ਗੁਰਬਾਣੀ ਵਿੱਚ ਮੌਜੂਦ ਤੱਥਾਂ ਨਾਲ ਜਵਾਬ ਦਿੱਤਾ ਅਤੇ ਕਿਹਾ ਕਿ ‘ਬਾਲ’ ਸ਼ਬਦ ਸਿੱਖ ਪਰੰਪਰਾ ਵਿੱਚ ਅਪਮਾਨ ਨਹੀਂ, ਸਗੋਂ ਪਵਿਤਰਤਾ, ਨਿਰਮਲਤਾ ਅਤੇ ਆਤਮਿਕ ਮਹਾਨਤਾ ਦਾ ਪ੍ਰਤੀਕ ਹੈ। ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ‘ਬਾਲਾ ਪ੍ਰੀਤਮ’ ਕਿਹਾ ਜਾਂਦਾ ਹੈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਲ ਅਵਸਥਾ ਨੂੰ ਵੀ ‘ਬਾਲਾ ਪ੍ਰੀਤਮ’ ਅਤੇ ‘ਬਾਲ ਗੋਬਿੰਦ ਰਾਏ’ ਵਜੋਂ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਮਾਣ ਹਾਸਲ ਹੈ।
ਉਨ੍ਹਾਂ ਕਿਹਾ ਕਿ ਭਾਈ ਦਨਾ ਸਿੰਘ ਦੀ ਰਚਨਾ ਕਥਾ ਗੁਰੂ ਕੇ ਸੁਤਨ ਕੀ ਵਿੱਚ ਛੋਟੇ ਸਾਹਿਬਜ਼ਾਦਿਆਂ ਲਈ ‘ਬਾਲ’ ਸ਼ਬਦ ਸਨੇਹ ਅਤੇ ਸਤਿਕਾਰ ਨਾਲ ਵਰਤਿਆ ਗਿਆ ਹੈ। ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸਿੱਧ ਗੋਸ਼ਟ ਵਿੱਚ ਆਪ ਨੂੰ ਸਿੱਧਾਂ ਵੱਲੋਂ ‘ਬਾਲਾ’ ਬੁਲਾਏ ਜਾਣ ਬਾਰੇ ਖ਼ੁਦ ਜ਼ਿਕਰ ਕਰਦੇ ਹਨ।
ਪ੍ਰੋ. ਖਿਆਲਾ ਨੇ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਕਿਹਾ ਕਿ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ, ਜਦੋਂ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੁਆਰਾ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਮਨਾਉਣ ਦੇ ਐਲਾਨ ਨੂੰ ਸੰਗਤਾਂ ਨਾਲ ਸਾਂਝਾ ਕੀਤਾ ਗਿਆ, ਤਾਂ ਉੱਥੇ ਜੈਕਾਰਿਆਂ ਅਤੇ ਉਤਸ਼ਾਹ ਨਾਲ ਇਸ ਦਾ ਸਵਾਗਤ ਕੀਤਾ ਗਿਆ।
‘ਵੀਰ ਬਾਲ ਦਿਵਸ’ ਸਾਹਿਬਜ਼ਾਦਿਆਂ ਦੀ ਅਲੌਕਿਕ ਸ਼ਹਾਦਤ, ਸਾਹਸ ਅਤੇ ਨਿਆਂ ਲਈ ਦਿੱਤੀ ਗਈ ਕੁਰਬਾਨੀ ਨੂੰ ਦੇਸ਼ ਅਤੇ ਸੰਸਾਰ ਦੇ ਹਰ ਕੋਨੇ ਤੱਕ ਪਹੁੰਚਾਉਣ ਦਾ ਸਨਮਾਨਜਨਕ ਮਾਧਿਅਮ ਹੈ। ‘ਵੀਰ ਬਾਲ ਦਿਵਸ’ ਸ਼ਹਾਦਤ, ਗੌਰਵ ਅਤੇ ਕੌਮੀ ਚੇਤਨਾ ਦਾ ਪ੍ਰਤੀਕ ਹੈ।
ਅਖੀਰ ਵਿੱਚ ਉਨ੍ਹਾਂ ਕਿਹਾ ਕਿ ਵੀਰ ਬਾਲ ਦਿਵਸ ਵਰਗੇ ਇਤਿਹਾਸਕ ਅਤੇ ਉੱਚੇ ਮਕਸਦ ਵਾਲੇ ਕਦਮਾਂ ਨੂੰ ਸਮੂਹ ਸਮਾਜ ਵੱਲੋਂ ਸਾਂਝੀ ਸਮਝ ਅਤੇ ਸੰਵੇਦਨਸ਼ੀਲਤਾ ਨਾਲ ਦੇਖਿਆ ਜਾਣਾ ਚਾਹੀਦਾ ਹੈ।
Leave a Reply