ਭਾਰਤ ਇੱਕ ਮਹਾਨ ਦੇਸ਼ ਹੈ। ਇਸ ਦੇਸ਼ ਨੇ ਵਿਗਿਆਨ, ਭੂਗੋਲ ਅਤੇ ਗਣਿਤ ਦੇ ਖੇਤਰ ਵਿੱਚ ਅਨੇਕਾਂ ਖੋਜਾਂ ਕੀਤੀਆਂ ਹਨ। ਪ੍ਰਾਚੀਨ ਸਮਿਆਂ ਤੋਂ ਹੀ ਇਹ ਦੇਸ਼ ਰਿਸ਼ੀਆਂ, ਸੰਤਾਂ, ਮਹਾਨ ਵਿਗਿਆਨੀਆਂ ਅਤੇ ਗਣਿਤਗਿਆਨੀਆਂ ਦੀ ਧਰਤੀ ਰਿਹਾ ਹੈ। ਸ੍ਰੀਨਿਵਾਸਾ ਰਾਮਾਨੁਜਨ ਭਾਰਤ ਦਾ ਇੱਕ ਮਹਾਨ ਗਣਿਤਗਿਆਨੀ ਸੀ।
ਰਾਬਰਟ ਕੈਂਜੀਅਲ ਦੇ ਅਨੁਸਾਰ, “ਉਹ ਅੰਕਾਂ ਨਾਲ ਪਿਆਰ ਕਰਦਾ ਸੀ।” ਸ੍ਰੀਨਿਵਾਸਾ ਰਾਮਾਨੁਜਨ ਦੇ ਜਨਮਦਿਨ ਮੌਕੇ 22 ਦਸੰਬਰ ਨੂੰ ਹਰ ਸਾਲ ਦੇਸ਼ ਭਰ ਵਿੱਚ ਰਾਸ਼ਟਰੀ ਗਣਿਤ ਦਿਵਸ ਮਨਾਇਆ ਜਾਂਦਾ ਹੈ।
ਸ੍ਰੀਨਿਵਾਸਾ ਰਾਮਾਨੁਜਨ ਦਾ ਜਨਮ 22 ਦਸੰਬਰ 1887 ਨੂੰ ਕੋਇੰਬਤੂਰ ਜ਼ਿਲ੍ਹੇ ਦੇ ਏਰੋਡੇ ਨਾਮਕ ਪਿੰਡ ਵਿੱਚ ਹੋਇਆ। ਇਹ ਪਿੰਡ ਭਾਰਤ ਦੇ ਦੱਖਣ ਵਿੱਚ ਸਥਿਤ ਤਮਿਲਨਾਡੂ ਰਾਜ ਵਿੱਚ ਪੈਂਦਾ ਹੈ। ਉਸ ਦੀ ਮਾਤਾ ਦਾ ਨਾਮ ਕੋਮਲਤਾ ਅੰਮਾਲ ਅਤੇ ਪਿਤਾ ਦਾ ਨਾਮ ਸ੍ਰੀਨਿਵਾਸ ਅਯੰਗਾਰ ਸੀ, ਜੋ ਇੱਕ ਸਾੜੀ ਦੀ ਦੁਕਾਨ ਵਿੱਚ ਹਿਸਾਬ–ਕਿਤਾਬ ਦਾ ਕੰਮ ਕਰਦੇ ਸਨ। ਉਸ ਨੇ ਆਪਣਾ ਬਚਪਨ ਪ੍ਰਸਿੱਧ ਮੰਦਰ ਸ਼ਹਿਰ ਕੁੰਭਕੋਣਮ ਵਿੱਚ ਬਿਤਾਇਆ।
ਸ੍ਰੀਨਿਵਾਸਾ ਰਾਮਾਨੁਜਨ ਬਹੁਤ ਧਾਰਮਿਕ ਵਿਅਕਤੀ ਸੀ ਅਤੇ ਉਸ ਦੀ ਹਿੰਦੂ ਆਸਥਾ ਨੇ ਉਸ ਦੀ ਜ਼ਿੰਦਗੀ ਅਤੇ ਕੰਮ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਹ ਨਮੱਕਲ ਦੇਵਸਥਾਨ ਦੀ ਦੇਵੀ ਨਾਮਗੀਰੀ ਥਾਯਰ ਦਾ ਭਗਤ ਸੀ। ਉਸ ਦਾ ਵਿਸ਼ਵਾਸ ਸੀ ਕਿ ਦੇਵੀ ਉਸਨੂੰ ਗਣਿਤਕ ਸੁਤਰ ਅਤੇ ਸਿਧਾਂਤ ਲੱਭਣ ਲਈ ਪ੍ਰੇਰਿਤ ਕਰਦੀ ਹੈ।
ਬਚਪਨ ਵਿੱਚ ਸ੍ਰੀਨਿਵਾਸਾ ਰਾਮਾਨੁਜਨ ਦਾ ਬੁੱਧੀਕ ਵਿਕਾਸ ਕੁਝ ਹੌਲੀ ਸੀ। ਉਹ ਤਿੰਨ ਸਾਲ ਦੀ ਉਮਰ ਤੱਕ ਢੰਗ ਨਾਲ ਬੋਲ ਨਹੀਂ ਸਕਦਾ ਸੀ, ਪਰ ਬਾਅਦ ਵਿੱਚ ਉਸ ਦਾ ਵਿਕਾਸ ਆਮ ਬੱਚਿਆਂ ਵਾਂਗ ਹੋ ਗਿਆ। ਦਸ ਸਾਲ ਦੀ ਉਮਰ ਵਿੱਚ ਉਸ ਨੇ ਪੂਰੇ ਜ਼ਿਲ੍ਹੇ ਦੀ ਪ੍ਰਾਇਮਰੀ ਪਰੀਖਿਆ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਉਹ ਮੁਸ਼ਕਲ ਤੋਂ ਮੁਸ਼ਕਲ ਗਣਿਤ ਦੇ ਪ੍ਰਸ਼ਨ ਬੜੀ ਆਸਾਨੀ ਨਾਲ ਹੱਲ ਕਰ ਲੈਂਦਾ ਸੀ। ਸਕੂਲ ਦੇ ਸਮੇਂ ਹੀ ਉਹ ਕਾਲਜ ਪੱਧਰ ਦੀ ਗਣਿਤ ਹੱਲ ਕਰ ਲੈਂਦਾ ਸੀ। ਗਿਣਤੀਆਂ ਉਸ ਲਈ ਬੱਚਿਆਂ ਦੇ ਖਿਡੌਣਿਆਂ ਵਾਂਗ ਸਨ। ਉਹ ਬਹੁਤ ਥੋੜ੍ਹੇ ਸਮੇਂ ਵਿੱਚ ਜੋੜ, ਘਟਾਓ, ਗੁਣਾ ਅਤੇ ਭਾਗ ਕਰ ਲੈਂਦਾ ਸੀ। ਲੋਕ ਉਸ ਦੀ ਪ੍ਰਤਿਭਾ ਦੇਖ ਕੇ ਹੈਰਾਨ ਰਹਿ ਜਾਂਦੇ ਸਨ। ਹੋਰ ਵਿਸ਼ੇ ਉਸ ਨੂੰ ਬਹੁਤ ਨਿਰਸ ਲੱਗਦੇ ਸਨ, ਜਿਸ ਕਰਕੇ ਉਹ 12ਵੀਂ ਦੀ ਪਰੀਖਿਆ ਵਿੱਚ ਦੋ ਵਾਰ ਅਸਫਲ ਹੋ ਗਿਆ।
1908 ਵਿੱਚ ਸ੍ਰੀਨਿਵਾਸਾ ਰਾਮਾਨੁਜਨ ਦਾ ਵਿਆਹ ਜਾਨਕੀ ਨਾਮ ਦੀ ਕੁੜੀ ਨਾਲ ਹੋਇਆ ਅਤੇ ਉਹ ਨੌਕਰੀ ਦੀ ਤਲਾਸ਼ ਵਿੱਚ ਮਦਰਾਸ ਗਿਆ। ਉਸਨੂੰ ਗਣਿਤ ਨਾਲ ਬੇਹੱਦ ਲਗਨ ਸੀ। ਉਹ ਚਾਹੁੰਦਾ ਸੀ ਕਿ ਮਹਾਨ ਗਣਿਤਗਿਆਨੀ ਉਸਦੇ ਕੰਮ ਨੂੰ ਪੜ੍ਹਨ। ਕਈ ਵਾਰ ਉਹ ਰਾਤ ਨੂੰ ਜਾਗ ਕੇ ਗਣਿਤਕ ਸੁਤਰ ਹੱਲ ਕਰਦਾ ਰਹਿੰਦਾ ਸੀ। 1911 ਵਿੱਚ ਉਸ ਨੇ ਭਾਰਤੀ ਗਣਿਤਕ ਸਮਾਜ ਵਿੱਚ ਆਪਣਾ ਖੋਜ ਪੇਪਰ ਪ੍ਰਕਾਸ਼ਿਤ ਕੀਤਾ, ਜਿਸ ਦਾ ਵਿਸ਼ਾ ‘ਬਰ੍ਨੌਲੀ ਸੰਖਿਆਵਾਂ ਦੇ ਕੁਝ ਗੁਣ’ ਸੀ।
ਸ੍ਰੀਨਿਵਾਸਾ ਰਾਮਾਨੁਜਨ ਨਾਲ ਜੁੜੀਆਂ ਕੁਝ ਮਨੋਰੰਜਕ ਘਟਨਾਵਾਂ ਵੀ ਪ੍ਰਸਿੱਧ ਹਨ।
ਉਹ ਗਣਿਤ ਵਿੱਚ ਇੰਨਾ ਲੀਨ ਰਹਿੰਦਾ ਸੀ ਕਿ ਅਕਸਰ ਖਾਣਾ ਵੀ ਭੁੱਲ ਜਾਂਦਾ ਸੀ। ਉਸ ਦੀ ਪਤਨੀ ਜਾਨਕੀ ਮਜ਼ਾਕ ਵਿੱਚ ਕਹਿੰਦੀ ਸੀ ਕਿ ਜੇ ਉਹ ਕਿਸੇ ਗਣਿਤ ਦੇ ਪ੍ਰਸ਼ਨ ਵਿੱਚ ਲੱਗਾ ਹੋਵੇ, ਤਾਂ ਆਪਣਾ ਨਾਮ ਵੀ ਭੁੱਲ ਸਕਦਾ ਹੈ।
ਇੱਕ ਵਾਰ ਰੇਲ ਯਾਤਰਾ ਦੌਰਾਨ ਉਸ ਤੋਂ ਟ੍ਰੇਨ ਵਿੱਚ ਯਾਤਰੀਆਂ ਦੀ ਗਿਣਤੀ ਪੁੱਛੀ ਗਈ। ਉਸ ਨੇ ਡੱਬਿਆਂ, ਸੀਟਾਂ ਅਤੇ ਯਾਤਰੀਆਂ ਦੀ ਗਿਣਤੀ ਦੇ ਆਧਾਰ ’ਤੇ ਤੁਰੰਤ ਸਹੀ ਜਵਾਬ ਦੇ ਦਿੱਤਾ।
1913 ਵਿੱਚ ਉਸ ਦੀ ਪੱਤਰ-ਵਿਹਾਰ ਦੁਨੀਆ ਪ੍ਰਸਿੱਧ ਗਣਿਤਗਿਆਨੀ ਪ੍ਰੋਫੈਸਰ ਜੀ. ਐਚ. ਹਾਰਡੀ ਨਾਲ ਸ਼ੁਰੂ ਹੋਈ। ਪ੍ਰੋਫੈਸਰ ਹਾਰਡੀ ਰਾਮਾਨੁਜਨ ਦੀ ਗਣਿਤਕ ਪ੍ਰਤਿਭਾ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਉਸਨੂੰ ਕੈਂਬ੍ਰਿਜ ਯੂਨੀਵਰਸਿਟੀ ਵਿੱਚ ਪੜ੍ਹਾਈ ਲਈ ਸੱਦਾ ਦਿੱਤਾ। 1914 ਵਿੱਚ ਰਾਮਾਨੁਜਨ ਇੰਗਲੈਂਡ ਚਲਾ ਗਿਆ।
ਇੰਗਲੈਂਡ ਜਾਣ ਤੋਂ ਪਹਿਲਾਂ ਹੀ ਰਾਮਾਨੁਜਨ ਆਪਣੇ ਨੋਟਬੁੱਕ ਵਿੱਚ ਲਗਭਗ 3000 ਨਵੇਂ ਗਣਿਤਕ ਸੁਤਰ ਲਿਖ ਚੁੱਕਾ ਸੀ। ਹਾਰਡੀ ਦੇ ਨਾਲ ਮਿਲ ਕੇ ਉਸ ਨੇ ਕਈ ਗਣਿਤਕ ਪੇਪਰ ਪ੍ਰਕਾਸ਼ਿਤ ਕੀਤੇ, ਜਿਸ ਨਾਲ ਉਹ ਦੁਨੀਆ ਭਰ ਵਿੱਚ ਪ੍ਰਸਿੱਧ ਹੋ ਗਿਆ। ਇਸ ਲਈ ਕੈਂਬ੍ਰਿਜ ਯੂਨੀਵਰਸਿਟੀ ਵੱਲੋਂ ਉਸਨੂੰ ਬੀ.ਏ. ਦੀ ਡਿਗਰੀ ਦਿੱਤੀ ਗਈ। ਉਸ ਦੀ ਅਸਾਧਾਰਣ ਯੋਗਤਾ ਦੇ ਕਾਰਨ ਉਸਨੂੰ ਰਾਇਲ ਸੋਸਾਇਟੀ ਦਾ ਫੈਲੋ ਬਣਾਇਆ ਗਿਆ। ਰਾਇਲ ਸੋਸਾਇਟੀ ਦੇ ਇਤਿਹਾਸ ਵਿੱਚ ਇੰਨੀ ਛੋਟੀ ਉਮਰ ਵਿੱਚ ਕਿਸੇ ਭਾਰਤੀ ਦਾ ਮੈਂਬਰ ਬਣਨਾ ਬਹੁਤ ਮਾਣ ਦੀ ਗੱਲ ਸੀ।
1917 ਵਿੱਚ ਖਰਾਬ ਸਿਹਤ ਦੇ ਕਾਰਨ ਸ੍ਰੀਨਿਵਾਸਾ ਰਾਮਾਨੁਜਨ ਭਾਰਤ ਵਾਪਸ ਆ ਗਿਆ। ਇੱਥੇ ਆ ਕੇ ਉਸ ਨੇ ਕੁਝ ਸਮੇਂ ਲਈ ਮਦਰਾਸ ਯੂਨੀਵਰਸਿਟੀ ਵਿੱਚ ਪੜ੍ਹਾਇਆ। ਬਿਮਾਰੀ ਦੇ ਬਾਵਜੂਦ ਉਸ ਨੇ ‘ਥੀਟਾ ਫੰਕਸ਼ਨ’ ’ਤੇ ਆਪਣਾ ਖੋਜ ਪੇਪਰ ਲਿਖਿਆ, ਜੋ ਅੱਜ ਗਣਿਤ ਦੇ ਨਾਲ–ਨਾਲ ਚਿਕਿਤਸਾ ਵਿਗਿਆਨ ਵਿੱਚ ਵੀ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਸਮਝਣ ਲਈ ਵਰਤਿਆ ਜਾਂਦਾ ਹੈ।
26 ਅਪ੍ਰੈਲ 1920 ਨੂੰ ਸਿਰਫ਼ 33 ਸਾਲ ਦੀ ਉਮਰ ਵਿੱਚ ਇਹ ਮਹਾਨ ਗਣਿਤਗਿਆਨੀ ਬਿਮਾਰੀ ਦੇ ਕਾਰਨ ਇਸ ਸੰਸਾਰ ਤੋਂ ਰੁਖਸਤ ਹੋ ਗਿਆ। ਉਸ ਨੇ ਗਣਿਤ ਦੇ ਖੇਤਰ ਵਿੱਚ ਅਮੁੱਲ ਯੋਗਦਾਨ ਛੱਡਿਆ। ਰਾਮਾਨੁਜਨ ਨੇ 3884 ਗਣਿਤਕ ਸਮੀਕਰਨ ਬਣਾਏ। ਗਣਿਤ ਵਿੱਚ 1729 ਨੂੰ “ਰਾਮਾਨੁਜਨ ਸੰਖਿਆ” ਕਿਹਾ ਜਾਂਦਾ ਹੈ। ਉਸ ਦੇ ਮੈਜਿਕ ਸਕੁਏਅਰ ਵੀ ਬਹੁਤ ਪ੍ਰਸਿੱਧ ਹਨ। ਉਸ ਦੀ ਜੀਵਨੀ ’ਤੇ ‘The Man Who Knew Infinity’ ਨਾਮ ਦੀ ਫ਼ਿਲਮ ਵੀ ਬਣਾਈ ਗਈ।
ਦੇਸ਼ ਦੀ ਸਰਕਾਰ ਨੇ ਸ੍ਰੀਨਿਵਾਸਾ ਰਾਮਾਨੁਜਨ ਦੀ ਜਨਮ ਵਰ੍ਹੇਗੰਢ 22 ਦਸੰਬਰ ਨੂੰ ਹਰ ਸਾਲ ਰਾਸ਼ਟਰੀ ਗਣਿਤ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਇਸ ਮਹਾਨ ਗਣਿਤਗਿਆਨੀ ਦੀ ਯਾਦ ਵਿੱਚ ਸਰਕਾਰ ਵੱਲੋਂ ਡਾਕ ਟਿਕਟਾਂ ਵੀ ਜਾਰੀ ਕੀਤੀਆਂ ਗਈਆਂ ਹਨ। ਆਰੀਭਟ ਵਰਗੇ ਮਹਾਨ ਭਾਰਤੀ ਗਣਿਤਗਿਆਨੀਆਂ ਤੋਂ ਬਾਅਦ ਰਾਮਾਨੁਜਨ ਨੇ ਗਣਿਤ ਦੇ ਖੇਤਰ ਵਿੱਚ ਭਾਰਤ ਦਾ ਨਾਮ ਰੌਸ਼ਨ ਕੀਤਾ।
— ਜਗਤਾਰ ਲਾਡੀ
9463603091
Leave a Reply