ਮੋਗਾ ( ਮਨਪ੍ਰੀਤ ਸਿੰਘ/ ਗੁਰਜੀਤ ਸੰਧੂ )
ਹਾੜ੍ਹੀ-2025 ਸੀਜ਼ਨ ਦੌਰਾਨ ਜ਼ਿਲ੍ਹਾ ਮੋਗਾ ਵਿਚ ਕਿਸਾਨਾਂ ਨੂੰ 70 ਹਜ਼ਾਰ ਮੀਟ੍ਰਿਕ ਟਨ ਯੂਰੀਆ ਖਾਦ ਲੋੜੀਂਦੀ ਹੈ ਅਤੇ ਹੁਣ ਤੱਕ ਜਿਲ੍ਹੇ ਵਿਚ 58 ਹਜ਼ਾਰ ਮੀਟ੍ਰਿਕ ਟਨ ਤੋਂ ਵਧੇਰੇ ਯੂਰੀਆ ਖਾਦ ਦੀ ਸਪਲਾਈ ਹੋ ਚੁੱਕੀ ਹੈ। ਇਸ ਯੂਰੀਆ ਖਾਦ ਵਿਚੋ 60 ਫ਼ੀਸਦੀ ਸਹਿਕਾਰੀ ਸਭਾਵਾਂ ਅਤੇ 40 ਫ਼ੀਸਦੀ ਪ੍ਰਾਈਵੇਟ ਡੀਲਰਾਂ ਨੂੰ ਯੂਰੀਆ ਖਾਦ ਦੀ ਸਪਲਾਈ ਹੋਈ ਹੈ। ਬਾਕੀ ਰਹਿੰਦੀ ਯੂਰੀਆ ਖਾਦ ਦੀ ਸਪਲਾਈ ਜਲਦੀ ਪਹੁੰਚਣ ਦੀ ਉਮੀਦ ਹੈ ਅਤੇ ਇਸ ਸਮੇਂ ਜ਼ਿਲ੍ਹਾ ਮੋਗਾ ਵਿੱਚ ਖਾਦ ਦੀ ਕੋਈ ਕਮੀ ਨਹੀਂ ਹੈ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਨੇ ਕੀਤਾ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਘਬਰਾਉਣ ਦੀ ਬਿਲਕੁਲ ਜਰੂਰਤ ਨਹੀਂ ਹੈ ਹਰੇਕ ਕਿਸਾਨ ਤੱਕ ਲੋੜੀਂਦੀ ਮਾਤਰਾ ਵਿੱਚ ਯੂਰੀਆ ਖਾਦ ਦੀ ਸਪਲਾਈ ਯਕੀਨੀ ਬਣਾਈ ਜਾ ਰਹੀ ਹੈ। ਕਿਸਾਨਾਂ ਨੂੰ ਯੂਰੀਆ ਖਾਦ ਨੂੰ ਲੋੜ ਤੋਂ ਵੱਧ ਸਟੋਰ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ, ਸਿਰਫ ਲੋੜ ਅਨੁਸਾਰ ਹਾੜ੍ਹੀ ਦੀਆਂ ਫਸਲਾਂ ਲਈ ਹੀ ਯੂਰੀਆ ਖਾਦ ਦੀ ਖਰੀਦ ਕੀਤੀ ਜਾਵੇ। ਯੂਰੀਆ ਖਾਦ ਸਬੰਧੀ ਜੇਕਰ ਕਿਸੇ ਕਿਸਾਨ ਜਾਂ ਰੀਟੇਲ ਡੀਲਰ ਨੂੰ ਕੋਈ ਮੁਸ਼ਕਲ ਹੈ ਤਾਂ ਉਹ ਖੇਤੀਬਾੜੀ ਵਿਭਾਗ ਮੋਗਾ ਦੇ ਧਿਆਨ ਵਿਚ ਲਿਆ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਕਿਸਾਨਾਂ ਨੂੰ ਮਿਆਰੀ ਅਤੇ ਨਿਰਧਾਰਤ ਰੇਟ ਤੇ ਯੂਰੀਆ ਖਾਦਾਂ ਮੁਹੱਈਆ ਕਰਾਉਣ ਲਈ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਫਲਾਇੰਗ ਸਕੂਏਡ ਟੀਮਾਂ ਵੱਲੋਂ ਲਗਾਤਾਰ ਖਾਦ ਵਿਕ੍ਰੇਤਾਵਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਇਸਦੀ ਕਾਲਾਬਜ਼ਾਰੀ ਨਾ ਹੋ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਸਮੇਂ ਸਿਰ ਨਿਰਧਾਰਤ ਰੇਟ ਤੇ ਖਾਦਾਂ ਦੀ ਵਿਕਰੀ ਯਕੀਨੀ ਬਨਾਉਣ ਲਈ ਵਿਭਾਗ ਵੱਲੋਂ ਹੋਲ ਸੇਲ ਡੀਲਰਜ਼ ਅਤੇ ਰੀਟੇਲ ਡੀਲਰਜ਼ ਦੀਆਂ ਮੀਟਿੰਗਾ ਵੀ ਕੀਤੀਆਂ ਗਈਆਂ ਹਨ ਅਤੇ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜੇਕਰ ਕਿਸੇ ਡੀਲਰ ਵੱਲੋਂ ਕਿਸਾਨਾਂ ਨੂੰ ਵੱਧ ਰੇਟ ਤੇ ਯੂਰੀਆ ਜਾਂ ਕੋਈ ਹੋਰ ਖੇਤੀ ਸਮੱਗਰੀ ਵੇਚਣ ਦਾ ਕੇਸ ਪਾਇਆ ਗਿਆ ਤਾਂ ਫਰਟੀਲਾਈਜ਼ਰ ਕੰਟਰੋਲ ਹੁਕਮ 1985 ਅਤੇ ਜ਼ਰੂਰੀ ਵਸਤਾਂ ਐਕਟ -1955 ਅਧੀਨ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਮੁੱਖ ਖੇਤੀਬਾੜੀ ਅਫ਼ਸਰ ਮੋਗਾ ਡਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਮੋਗਾ ਅਤੇ ਵਿਭਾਗੀ ਹਦਾਇਤਾਂ ਤਹਿਤ ਖੇਤੀਬਾੜੀ ਟੀਮਾਂ ਵੱਲੋਂ ਯੂਰੀਆ ਖਾਦ ਦੀ ਕਾਲਾਬਜ਼ਾਰੀ ਰੋਕਣ ਅਤੇ ਕਿਸਾਨਾਂ ਤੱਕ ਨਿਰਧਾਰਿਤ ਮੁੱਲ ਦੀ ਖਾਦ ਸਪਲਾਈ ਯਕੀਨੀ ਬਣਾਉਣ ਲਈ ਵਿਭਾਗ ਯਤਨਸ਼ੀਲ਼ ਹੈ ਕਿਸੇ ਵੀ ਕਿਸਾਨ ਨੂੰ ਇਸ ਸੰਬੰਧੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਜੇਕਰ ਕਿਸੇ ਕਿਸਾਨ ਨੂੰ ਫਿਰ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਜ਼ਿਲ੍ਹਾ ਪੱਧਰੀ ਜਾਂ ਬਲਾਕ ਪੱਧਰੀ ਖ਼ੇਤੀਬਾੜੀ ਦਫਤਰਾਂ ਨਾਲ ਤਾਲਮੇਲ ਕਰ ਸਕਦੇ ਹਨ।
Leave a Reply