ਫਰੀਦਕੋਟ
( ਜਸਟਿਸ ਨਿਊਜ਼ )
ਪੰਜਾਬ ਵਿੱਚ ਇਸ ਸਮੇਂ ਚੱਲ ਰਹੀ ਸੀਤ ਲਹਿਰ ਅਤੇ ਸਵੇਰ ਵੇਲੇ ਦੀ ਸੰਘਣੀ ਧੁੰਦ ਦੇ ਮੱਦੇਨਜ਼ਰ, ਸਿਹਤ ਵਿਭਾਗ ਫਰੀਦਕੋਟ ਨੇ ਜ਼ਿਲ੍ਹਾ ਵਾਸੀਆਂ ਨੂੰ ਸਿਹਤ ਸੁਰੱਖਿਆ ਸੰਬੰਧੀ ਜ਼ਰੂਰੀ ਐਡਵਾਈਜ਼ਰੀ ਜਾਰੀ ਕੀਤੀ ਹੈ। ਸਿਵਲ ਸਰਜਨ ਫਰੀਦਕੋਟ ਡਾ. ਚੰਦਰ ਸ਼ੇਖਰ ਕੱਕੜ ਅਨੁਸਾਰ ਤਾਪਮਾਨ ਵਿੱਚ ਆਈ ਤੇਜ਼ ਗਿਰਾਵਟ ਅਤੇ ਠੰਢੀਆਂ ਹਵਾਵਾਂ ਕਾਰਨ ਹਾਈਪੋਥਰਮੀਆ (ਸਰੀਰ ਦਾ ਤਾਪਮਾਨ ਬਹੁਤ ਘੱਟ ਹੋ ਜਾਣਾ), ਫਲੂ, ਸਾਹ ਦੀਆਂ ਸਮੱਸਿਆਵਾਂ (ਖਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਵਿੱਚ), ਅਤੇ ਦਿਲ ਦੇ ਮਰੀਜ਼ਾਂ ਵਿੱਚ ਦਿਲ ਦੇ ਦੌਰੇ ਦਾ ਖ਼ਤਰਾ ਵੱਧ ਜਾਂਦਾ ਹੈ।
ਮੌਜੂਦਾ ਸਥਿਤੀ ਅਤੇ ਸਿਹਤ ‘ਤੇ ਪ੍ਰਭਾਵ ਤੇ ਗੱਲ ਕਰਦਿਆਂ ਡਾ. ਚੰਦਰ ਸ਼ੇਖਰ ਕੱਕੜ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਦੇ ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ, ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਤਾਪਮਾਨ 4°C ਤੋਂ 8°C ਦੇ ਵਿਚਕਾਰ ਦਰਜ ਕੀਤਾ ਗਿਆ ਹੈ, ਅਤੇ ਫਰੀਦਕੋਟ ਜ਼ਿਲ੍ਹੇ ਵਿੱਚ ਵੀ ਤਾਪਮਾਨ ਆਮ ਨਾਲੋਂ ਕਾਫੀ ਹੇਠਾਂ ਚੱਲ ਰਿਹਾ ਹੈ। ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਜ਼ਿਆਦਾ ਫਰਕ ਹੋਣ ਕਾਰਨ ਲੋਕਾਂ ਨੂੰ ਸਿਹਤ ਪ੍ਰਤੀ ਵਧੇਰੇ ਸੁਚੇਤ ਰਹਿਣ ਦੀ ਲੋੜ ਹੈ। ਸੋ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੀਤ ਲਹਿਰ ਤੋਂ ਬਚਣ ਅਤੇ ਸਰੀਰ ਦੇ ਤਾਪਮਾਨ ਨੂੰ ਬਰਕਰਾਰ ਰੱਖਣ ਲਈ ਗਰਮ ਕੱਪੜੇ ਪਾਓ। ਸਿਰ, ਕੰਨਾਂ ਅਤੇ ਹੱਥਾਂ-ਪੈਰਾਂ ਨੂੰ ਢੱਕ ਕੇ ਰੱਖਣਾ ਬਹੁਤ ਜ਼ਰੂਰੀ ਹੈ। ਸਰੀਰ ਨੂੰ ਅੰਦਰੋਂ ਗਰਮ ਰੱਖਣ ਲਈ ਨਿਯਮਿਤ ਤੌਰ ‘ਤੇ ਗਰਮ ਪੀਣ ਵਾਲੇ ਪਦਾਰਥ (ਸੂਪ, ਹਰਬਲ ਚਾਹ, ਗਰਮ ਦੁੱਧ) ਪੀਓ ਅਤੇ ਵਿਟਾਮਿਨ-ਸੀ ਭਰਪੂਰ ਖੁਰਾਕ ਲਓ। ਬਜ਼ੁਰਗ ਅਤੇ ਛੋਟੇ ਬੱਚੇ ਠੰਢ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੁੰਦੇ ਹਨ। ਉਨ੍ਹਾਂ ਨੂੰ ਘਰ ਦੇ ਅੰਦਰ ਹੀ ਰੱਖੋ ਅਤੇ ਅਣ-ਜ਼ਰੂਰੀ ਬਾਹਰ ਜਾਣ ਤੋਂ ਗੁਰੇਜ਼ ਕਰੋ। ਸੰਘਣੀ ਧੁੰਦ ਕਾਰਨ ਦ੍ਰਿਸ਼ਟੀ ਘੱਟ ਹੋ ਜਾਂਦੀ ਹੈ, ਸੋ ਅਣ-ਜ਼ਰੂਰੀ ਸਫ਼ਰ ਤੋਂ ਪਰਹੇਜ਼ ਕਰੋ। ਜੇ ਸਫ਼ਰ ਜ਼ਰੂਰੀ ਹੈ, ਤਾਂ ਫੌਗ ਲਾਈਟਾਂ ਦੀ ਵਰਤੋਂ ਕਰੋ ਅਤੇ ਗੱਡੀ ਹੌਲੀ ਚਲਾਓ। ਗੈਸ ਹੀਟਰ ਜਾਂ ਕੋਲਾ-ਬਾਲਣ ਵਾਲੇ ਹੀਟਰਾਂ ਦੀ ਵਰਤੋਂ ਕਰਦੇ ਸਮੇਂ ਕਮਰੇ ਵਿੱਚ ਉੱਚਿਤ ਹਵਾਦਾਰ ਯਕੀਨੀ ਬਣਾਓ, ਕਿਉਂਕਿ ਇਹ ਕਾਰਬਨ ਮੋਨੋਆਕਸਾਈਡ ਗੈਸ ਪੈਦਾ ਕਰਦੇ ਹਨ, ਜੋ ਕਿ ਜਾਨਲੇਵਾ ਹੋ ਸਕਦੀ ਹੈ।
ਸਿਵਲ ਹਸਪਤਾਲ, ਫਰੀਦਕੋਟ ਦੇ ਸੀਨੀਅਰ ਮੈਡੀਕਲ ਅਫਸਰ ਡਾ. ਪਰਮਜੀਤ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਠੰਢ ਸੰਬੰਧੀ ਬਿਮਾਰੀਆਂ ਅਤੇ ਧੁੰਦ ਕਾਰਣ ਹੋਣ ਵਾਲੇ ਐਕਸੀਡੈੰਟਾਂ ਦੇ ਮਰੀਜ਼ਾਂ ਲਈ ਹਸਪਤਾਲ ਵਿੱਚ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਹਨਾਂ ਕਿਹਾ ਕਿ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਕਿਸੇ ਵੀ ਤਰ੍ਹਾਂ ਦੇ ਲੱਛਣ ਜਿਵੇਂ ਕਿ ਤੇਜ਼ ਬੁਖਾਰ, ਸਾਹ ਲੈਣ ਵਿੱਚ ਤਕਲੀਫ਼, ਅਸਧਾਰਨ ਕੰਬਣੀ ਨਜ਼ਰ ਆਉਣ ‘ਤੇ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਪਹੁੰਚਕੇ ਡਾਕਟਰੀ ਸਹਾਇਤਾ ਲੈਣ।
ਜਿਲਾ ਐਪੀਡੀਮੋਲੋਜਿਸਟ ਡਾ. ਹਿਮਾਂਸ਼ੂ ਗੁਪਤਾ ਨੇ ਕਿਹਾ ਕਿ ਦਿਲ ਦੇ ਮਰੀਜ਼ਾਂ ਨੂੰ ਸਵੇਰੇ-ਸਵੇਰੇ ਸੈਰ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਠੰਢੇ ਤਾਪਮਾਨ ਵਿੱਚ ਨਾੜੀਆਂ ਸੁੰਗੜ ਜਾਂਦੀਆਂ ਹਨ, ਜਿਸ ਨਾਲ ਬਲੱਡ ਪ੍ਰੈਸ਼ਰ ਵੱਧ ਸਕਦਾ ਹੈ। ਸਿਹਤ ਵਿਭਾਗ ਫਰੀਦਕੋਟ ਹਰ ਨਾਗਰਿਕ ਦੀ ਸਿਹਤ ਸੁਰੱਖਿਆ ਲਈ ਵਚਨਬੱਧ ਹੈ ਅਤੇ ਲੋਕਾਂ ਤੋੰ ਸਹਿਯੋਗ ਦੀ ਅਪੀਲ ਕਰਦਾ ਹੈ।
Leave a Reply