ਨਵੀਂ ਦਿੱਲੀ
(ਮਨਪ੍ਰੀਤ ਸਿੰਘ ਖਾਲਸਾ)
ਤਖਤ ਪਟਨਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦਸਮ ਪਿਤਾ ਗੁਰ ਗੌਬਿੰਦ ਸਿੰਘ ਜੀ ਦਾ ਪ੍ਰਕਸ਼ ਦਿਹਾੜਾ ਪੁਰਾਤਨ ਮਰਯਾਦਾ ਅਨੁਸਾਰ ਪੋਹ ਸੁਦੀ ਸਤਵੀਂ ਭਾਵ 27 ਦਸੰਬਰ ਨੂੰ ਮਨਾਇਆ ਜਾ ਰਿਹਾ ਹੈ, ਜਿਸ ਦੀਆ ਤਿਆਰੀਆ ਪੂਰੇ ਜੋਰਾਂ ਤੇ ਚਲ ਰਹੀਆਂ ਹਨ। ਇਸੇ ਦੇ ਚਲਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਪਟਨਾ ਸਾਹਿਬ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਅਤੇ ਉਪ-ਪ੍ਰਧਾਨ ਸਰਦਾਰ ਗੁਰਵਿੰਦਰ ਸਿੰਘ ਨੇ ਬਿਹਾਰ ਦੇ ਮੁੱਖ ਮੰਤਰੀ ਸੇਵਾਪੁਰੁਸ਼ ਸ੍ਰੀ ਨੀਤੀਸ਼ ਕੁਮਾਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਪ੍ਰਕਾਸ਼ ਪੁਰਬ ਵਿੱਚ ਸ਼ਾਮਲ ਹੋਣ ਲਈ ਆਧਿਕਾਰਿਕ ਤੌਰ ਤੇ ਸੱਦਾ ਦਿੱਤਾ। ਪ੍ਰਬੰਧਕ ਕਮੇਟੀ ਵੱਲੋਂ ਦਿੱਤੇ ਗਏ ਸੱਦਾ ਪਤਰ ਨੂੰ ਮੁੱਖ ਮੰਤਰੀ ਨੇ ਖੁਸ਼ੀ-ਖੁਸ਼ੀ ਸਵੀਕਾਰ ਕਰਦਿਆਂ ਭਰੋਸਾ ਦਿੱਤਾ ਕਿ ਉਹ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਆਯੋਜਿਤ ਹੋਣ ਵਾਲੇ 359ਵੇਂ ਪ੍ਰਕਾਸ਼ ਉਤਸਵ ਦੌਰਾਨ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਹਾਜ਼ਰੀ ਭਰਨਗੇ। ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਆਪਣੇ ਆਵਾਸ ‘ਤੇ ਮੌਜੂਦ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ 25 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਪ੍ਰਕਾਸ਼ ਪੁਰਬ ਲਈ ਸਾਰੀਆਂ ਪ੍ਰਸ਼ਾਸਨਿਕ ਤਿਆਰੀਆਂ ਦੀ ਗਹਿਰਾਈ ਨਾਲ ਸਮੀਖਿਆ ਕੀਤੀ ਜਾਵੇ ਅਤੇ ਸ਼ਰਧਾਲੂਆਂ ਦੀ ਸੁਵਿਧਾ ਲਈ ਸਰਵੋਤਮ ਪ੍ਰਬੰਧ ਯਕੀਨੀ ਬਣਾਏ ਜਾਣ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ, ਉਪ-ਪ੍ਰਧਾਨ ਸਰਦਾਰ ਗੁਰਵਿੰਦਰ ਸਿੰਘ ਅਤੇ ਸਮਾਜਿਕ ਕਾਰਕੁਨ ਮਾਲਵਿੰਦਰ ਸਿੰਘ ਨੂੰ ਅੰਗਵਸਤ੍ਰ ਪਹਿਨਾ ਕੇ ਸਨਮਾਨਿਤ ਕੀਤਾ। ਪ੍ਰਬੰਧਕ ਕਮੇਟੀ ਨੇ ਮੁੱਖ ਮੰਤਰੀ ਵੱਲੋਂ ਨਿਮੰਤਰਣ ਸਵੀਕਾਰ ਕਰਨ ਅਤੇ ਪ੍ਰਸ਼ਾਸਨਿਕ ਸਹਿਯੋਗ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਇਸ ਸਾਲ ਦਾ ਪ੍ਰਕਾਸ਼ ਉਤਸਵ ਸ਼ਰਧਾ, ਅਨੁਸ਼ਾਸਨ ਅਤੇ ਸੇਵਾ ਭਾਵਨਾ ਦਾ ਅਦਭੁਤ ਸੰਗਮ ਹੋਵੇਗਾ।
Leave a Reply