ਲੁਧਿਆਣਾ
( ਜਸਟਿਸ ਨਿਊਜ਼ )
ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਸ਼ਾ ਵਿਭਾਗ ਦੁਆਰਾ ਉਰਦੂ ਸਿੱਖਣ ਦੇ ਚਾਹਵਾਨ ਵਿਅਕਤੀਆਂ ਲਈ ਲੁਧਿਆਣਾ ਵਿਖੇ ਉਰਦੂ ਕੋਰਸ ਦਾ ਅਗਲਾ ਸ਼ੈਸ਼ਨ ਜਨਵਰੀ 2026 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।
ਡਾ. ਸੰਦੀਪ ਸ਼ਰਮਾ ਨੇ ਅੱਗੇ ਦੱਸਿਆ ਕਿ ਇਸ ਕੋਰਸ ਦੀ ਮਿਆਦ ਛੇ ਮਹੀਨੇ ਹੈ ਅਤੇ ਇਸ ਪੂਰੇ ਕੋਰਸ ਲਈ ਵਿਭਾਗ ਵੱਲੋਂ ਕੇਵਲ ਪੰਜ ਸੌ ਰੁਪਏ ਫੀਸ ਨਿਰਧਾਰਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਉਮਰ ਵਰਗ ਦਾ ਵਿਅਕਤੀ ਇਸ ਕੋਰਸ ਵਿੱਚ ਦਾਖਲਾ ਲੈ ਸਕਦਾ ਹੈ।
ਜਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਕੇਂਦਰ ਦੇ ਅਨੇਕ ਸਿਖਿਆਰਥੀਆਂ ਨੇ ਉਰਦੂ ਭਾਸ਼ਾ ਦੀ ਸਿੱਖਿਆ ਹਾਸਲ ਕੀਤੀ ਹੈ। ਲੁਧਿਆਣਾ ਦੇ ਪਿਛਲੇ ਸਾਲਾਂ ਦੇ ਵੱਖ ਵੱਖ ਸੈਸ਼ਨਾਂ ਦੇ ਅਨੇਕ ਸਿਖਿਆਰਥੀਆਂ ਨੇ ਪਿਛਲੇ ਸਮੇਂ ਦੌਰਾਨ ਰਾਜ ਪੱਧਰ ‘ਤੇ ਪੁਜੀਸ਼ਨਾਂ ਵੀ ਹਾਸਲ ਕੀਤੀਆਂ ਹਨ। ਕਲਾਸ ਦਾ ਸਮਾਂ ਸ਼ਾਮ ਪੰਜ ਵਜੇ ਤੋਂ ਛੇ ਵਜੇ ਦਾ ਹੈ ਜਿਸ ਕਾਰਨ ਕੰਮ-ਕਾਜ ਅਤੇ ਨੌਕਰੀ ਵਾਲੇ ਲੋਕ ਵੀ ਇਸ ਦਾ ਲਾਭ ਉਠਾ ਸਕਦੇ ਹਨ।
ਪੰਜਾਬ ਸਰਕਾਰ ਅਧੀਨ ਭਾਸ਼ਾ ਵਿਭਾਗ, ਪੰਜਾਬ ਜਿੱਥੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅਨੇਕ ਤਰ੍ਹਾਂ ਦੇ ਉਪਰਾਲੇ ਕਰਦਾ ਹੈ ਉੱਥੇ ਹੋਰ ਭਾਸ਼ਾਵਾਂ ਦੇ ਕਲਾਸਕੀ ਸਾਹਿਤ ਦੇ ਪੰਜਾਬੀ ਅਨੁਵਾਦ ਰਾਹੀਂ ਪੰਜਾਬੀ ਪਾਠਕਾਂ ਦੀ ਸਾਂਝ ਵਿਸ਼ਵ ਸਾਹਿਤ ਨਾਲ ਵੀ ਪਵਾਉਂਦਾ ਹੈ। ਭਾਸ਼ਾ ਵਿਭਾਗ ਦੁਆਰਾ ਪੰਜਾਬ ਵਿੱਚ ਸਾਹਿਤਿਕ ਅਤੇ ਦਫ਼ਤਰੀ ਲੋੜਾਂ ਦੀ ਪੂਰਤੀ ਲਈ ਉਰਦੂ ਭਾਸ਼ਾ ਦੇ ਗਿਆਨ ਦੇ ਮਹੱਤਵ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਭਾਗ ਦੁਆਰਾ ਉਰਦੂ ਭਾਸ਼ਾ ਦੀ ਸਿੱਖਿਆ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਵੱਖ-ਵੱਖ ਜਿਲ੍ਹਿਆਂ ਦੇ ਜ਼ਿਲ੍ਹਾ ਭਾਸ਼ਾ ਦਫ਼ਤਰਾਂ ਵਿੱਚ ਉਰਦੂ ਦੀ ਸਿੱਖਿਆ ਲਈ ਉਰਦੂ ਆਮੋਜ਼ ਦਾ ਕੋਰਸ ਕਰਵਾਇਆ ਜਾਂਦਾ ਹੈ। ਇਸ ਕੋਰਸ ਲਈ ਵਿਸ਼ੇਸ਼ ਤੌਰ ‘ਤੇ ਸਿੱਖਿਅਕ ਅਤੇ ਕਾਬਲ ਉਰਦੂ ਅਧਿਆਪਕਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ ਨੇ ਕਿਹਾ ਕਿ ਉਰਦੂ ਸਿੱਖਣ ਦੇ ਚਾਹਵਾਨ ਇਸ ਕੋਰਸ ਲਈ ਦਾਖਲਾ ਫਾਰਮ ਦਫ਼ਤਰ, ਜ਼ਿਲ੍ਹਾ ਭਾਸ਼ਾ ਅਫ਼ਸਰ, ਪੰਜਾਬੀ ਭਵਨ, ਭਾਰਤ ਨਗਰ ਚੌਕ, ਲੁਧਿਆਣਾ ਤੋਂ ਕਿਸੇ ਵੀ ਕੰਮ-ਕਾਜ ਵਾਲੇ ਦਿਨ ਮੁਫ਼ਤ ਪ੍ਰਾਪਤ ਕਰ ਸਕਦੇ ਹਨ। ਫਾਰਮ ਜਮਾਂ ਕਰਵਾਉਣ ਦੀ ਆਖਰੀ ਮਿਤੀ 15 ਜਨਵਰੀ, 2026 ਨਿਰਧਾਰਿਤ ਕੀਤੀ ਗਈ ਹੈ। ਵਧੇਰੇ ਜਾਣਕਾਰੀ ਲਈ ਫੋਨ ਨੰਬਰਾਂ 77650-00367 ਅਤੇ 96462-57743 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
Leave a Reply