ਅੱਜ ਦੀ ਦੁਨੀਆ ਤਕਨੀਕ ਦੇ ਬਿਨਾਂ ਅਧੂਰੀ ਹੈ। ਸਮਾਂ ਬਦਲਣ ਨਾਲ ਬੱਚਿਆਂ ਦੀ ਪਰਵਿਰਸ਼ ਦਾ ਤਰੀਕਾ ਵੀ ਬਦਲ ਗਿਆ ਹੈ। ਮੋਬਾਈਲ ਫੋਨ, ਟੈਬਲੇਟ ਅਤੇ ਆਨਲਾਈਨ ਪਲੇਟਫਾਰਮ ਬੱਚਿਆਂ ਦੀ ਜ਼ਿੰਦਗੀ ਦਾ ਹਿੱਸਾ ਬਣ ਗਏ ਹਨ। ਉਹ ਕਦੇ ਵੀ ਕਿਤਾਬਾਂ ਅਤੇ ਖੇਡਾਂ ਤੱਕ ਸੀਮਿਤ ਨਹੀਂ ਰਹੇ, ਬਲਕਿ ਇੱਕ ਫੋਨ ਨੇ ਉਹਨਾਂ ਦੀ ਦੁਨੀਆ ਨੂੰ ਇੱਕ ਕਲਿੱਕ ਵਿੱਚ ਬਹੁਤ ਵੱਡਾ ਬਣਾ ਦਿੱਤਾ ਹੈ। ਪਰ ਇਸ ਵੱਡੀ ਦੁਨੀਆ ਨਾਲ ਮਾਪਿਆਂ ਦੀਆਂ ਚਿੰਤਾਵਾਂ ਵੀ ਵੱਡੀਆਂ ਹੋਣ ਲੱਗੀਆਂ ਹਨ।
ਇਸ ਲਈ ਅੱਜ ਸਭ ਤੋਂ ਵੱਡਾ ਪ੍ਰਸ਼ਨ ਹੈ—ਫੋਨ ਵਾਲੀ ਪੀੜ੍ਹੀ ਦੀ ਸਹੀ ਅਤੇ ਸਮਾਰਟ ਪਰਵਿਰਸ਼ ਕਿਵੇਂ ਕੀਤੀ ਜਾਵੇ ?
ਮਾਪੇ ਇਹ ਗੱਲ ਚੰਗੀ ਤਰ੍ਹਾਂ ਸਮਝਦੇ ਹਨ ਕਿ ਤਕਨੀਕ ਨੂੰ ਰੋਕਣਾ ਅਸੰਭਵ ਹੈ। ਬੱਚਿਆਂ ਨੂੰ ਪੂਰੀ ਤਰ੍ਹਾਂ ਫੋਨ ਤੋਂ ਦੂਰ ਰੱਖਣਾ ਨਾ ਤਾਂ ਸੰਭਵ ਹੈ ਅਤੇ ਨਾ ਹੀ ਤਰੱਕੀ ਸ਼ੀਲ ਸੋਚ ਦਾ ਹਿੱਸਾ। ਪਰ ਦੂਜੇ ਪਾਸੇ ਖੁੱਲ੍ਹੀ ਛੂਟ ਦੇਣਾ ਵੀ ਬੱਚਿਆਂ ਦੇ ਲਈ ਨੁਕਸਾਨਦਾਇਕ ਹੋ ਸਕਦਾ ਹੈ। ਇਸ ਲਈ ਕਹਿਣਾ ਗਲਤ ਨਹੀਂ ਹੋਵੇਗਾ ਕਿ—
“ਰੋਕ ਲਗਾਉਣਾ ਕੋਈ ਹੱਲ ਨਹੀਂ ਤੇ ਖੁੱਲ੍ਹੀ ਛੂਟ ਦੇਣਾ ਬੱਚੇ ਦੇ ਹਿੱਤ ਵਿੱਚ ਨਹੀਂ—ਰਾਹ ਇਨ੍ਹਾਂ ਦੋਹਾਂ ਦੇ ਵਿਚਕਾਰ ਹੀ ਹੈ।”
ਫੋਨ—ਸਿੱਖਿਆ ਜਾਂ ਚਿੰਤਾ ?
ਤਕਨੀਕ ਨਾਲ ਬੱਚਿਆਂ ਦੇ ਹੱਥ ਵਿੱਚ ਜਾਣਕਾਰੀ ਦੀ ਬੇਹੱਦ ਸ਼ਕਤੀ ਆ ਗਈ ਹੈ। ਉਹ ਇੱਕ ਸਕਿੰਟ ਵਿੱਚ ਉਹ ਕੁਝ ਵੇਖ ਸਕਦੇ ਹਨ ਜਿਹੜਾ ਪਹਿਲਾਂ ਇੱਕ ਬਾਲਗ ਨੂੰ ਵੀ ਲੱਭਣ ਵਿੱਚ ਕਾਫ਼ੀ ਸਮਾਂ ਲੱਗਦਾ ਸੀ।
ਪਰ ਇਹ ਸ਼ਕਤੀ ਕਈ ਵਾਰ ਉਹਨਾਂ ਦੇ ਮਨ-ਮੱਤਾਂ ਅਤੇ ਵਿਵਹਾਰ ‘ਤੇ ਨਕਾਰਾਤਮਕ ਪ੍ਰਭਾਵ ਵੀ ਪਾਉਂਦੀ ਹੈ। ਬਿਨਾਂ ਨਿਗਰਾਨੀ, ਬਿਨਾਂ ਸਮੇਂ ਦੀ ਸੀਮਾ ਅਤੇ ਬਿਨਾਂ ਮਾਰਗਦਰਸ਼ਨ ਦੇ ਫੋਨ ਬੱਚਿਆਂ ਲਈ ਖਤਰਨਾਕ ਬਣ ਸਕਦਾ ਹੈ।
ਅਜਿਹੇ ਜ਼ਮਾਨੇ ਵਿੱਚ ਮਾਪਿਆਂ ਲਈ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ—
ਬੱਚੇ ਨੂੰ ਫੋਨ ਨਾਲ ਜੁੜੇ ਰੱਖਣਾ ਹੈ, ਪਰ ਫੋਨ ਦੀ ਲਤ ਤੋਂ ਬਚਾਉਣਾ ਵੀ ਹੈ।
ਹਜ਼ਾਰ ਕੰਮ ਤੇ ਇੱਕ ਫੋਨ—ਹਜ਼ਾਰ ਚਿੰਤਾਵਾਂ
ਅੱਜ ਦੇ ਘਰਾਂ ਵਿੱਚ ਇੱਕ ਆਮ ਦ੍ਰਿਸ਼ ਨਜ਼ਰ ਆਉਂਦਾ ਹੈ—ਮਾਪੇ ਘਰੇਲੂ ਜਾਂ ਦਫ਼ਤਰੀ ਕੰਮ ਵਿੱਚ ਰੁੱਝੇ ਹੋਏ ਹਨ ਅਤੇ ਫੋਨ ਬੱਚੇ ਨੂੰ ਚੁੱਪ ਕਰਨ ਦਾ ਸਭ ਤੋਂ ਆਸਾਨ ਜ਼ਰੀਆ ਬਣ ਜਾਂਦਾ ਹੈ।
ਪਰ ਇਹ ਆਸਾਨੀ ਕਈ ਵਾਰ ਬੱਚੇ ਦਾ ਕੁਦਰਤੀ ਵਿਕਾਸ ਰੋਕਣ ਲੱਗਦੀ ਹੈ।
* ਬੱਚੇ ਬਾਹਰ ਖੇਡਣ ਦੀ ਬਜਾਏ ਸਕਰੀਨ ਦੇ ਆਦੀ ਹੋਣ ਲੱਗਦੇ ਹਨ।
* ਸਮਾਜਿਕ ਮਿਲਾਪ ਘਟਦਾ ਹੈ ਅਤੇ ਬੱਚਾ ਇਕੱਲੇਪਨ ਦਾ ਸ਼ਿਕਾਰ ਹੋ ਸਕਦਾ ਹੈ।
* ਭਾਸ਼ਾਈ ਅਤੇ ਭਾਵਨਾਤਮਕ ਵਿਕਾਸ ਵਿੱਚ ਰੁਕਾਵਟ ਆਉਣ ਲੱਗਦੀ ਹੈ।
* ਤੇਜ਼ੀ ਨਾਲ ਬਦਲਦੀ ਵੀਡੀਓਜ਼ ਬੱਚੇ ਦੇ ਧਿਆਨ ਨੂੰ ਕਮਜ਼ੋਰ ਕਰਦੀਆਂ ਹਨ।
ਇਹ ਚਿੰਤਾਵਾਂ ਸਿਰਫ਼ ਮਾਪਿਆਂ ਦੀ ਘਬਰਾਹਟ ਨਹੀਂ, ਬਲਕਿ ਵਿਗਿਆਨਕ ਤੌਰ ‘ਤੇ ਵੀ ਸਾਬਤ ਹੋਇਆ ਹੈ ਕਿ ਬਿਨਾਂ ਨਿਯਮ ਦੇ ਤਕਨੀਕ ਬੱਚਿਆਂ ਦੀ ਮਾਨਸਿਕ ਸਿਹਤ ‘ਤੇ ਅਸਰ ਪਾਉਂਦੀ ਹੈ।
ਪਰਵਿਰਸ਼ ਵਿੱਚ ਸੰਤੁਲਨ—ਸਮਾਰਟ ਪੇਰੈਂਟਿੰਗ ਦੀ ਕੁੰਜੀ
ਅੱਜ ਸਮਾਰਟ ਪੇਰੈਂਟਿੰਗ ਦਾ ਮਤਲਬ ਹੈ—
ਤਕਨੀਕ ਅਤੇ ਮਨੁੱਖਤਾ ਦੇ ਵਿਚਕਾਰ ਸੰਤੁਲਨ ਬਣਾਉਣਾ।
ਇਸ ਲਈ ਮਾਪਿਆਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਫੋਨ ਬੱਚਿਆਂ ਦਾ ਦੁਸ਼ਮਣ ਨਹੀਂ, ਪਰ ਇਹ ਬੱਚਿਆਂ ਦੀ ਜ਼ਰੂਰਤ ਵੀ ਨਹੀਂ ਬਣਨਾ ਚਾਹੀਦਾ। ਇਹ ਇੱਕ ਸਾਧਨ ਹੈ—ਅਤੇ ਸਾਧਨ ਦਾ ਸਹੀ ਇਸਤੇਮਾਲ ਹੀ ਮਾਪਿਆਂ ਦੀ ਪਰਖ ਹੈ।
ਮਾਪਿਆਂ ਲਈ ਕੁਝ ਮਹੱਤਵਪੂਰਨ ਕਦਮ
1. ਸਕਰੀਨ ਟਾਈਮ ਨਿਰਧਾਰਤ ਕਰੋ:
2 ਘੰਟੇ ਤੋਂ ਵੱਧ ਸਮਾਂ ਬੱਚੇ ਦੀ ਮਨੋਵਿਗਿਆਨਕ ਸਿਹਤ ਲਈ ਠੀਕ ਨਹੀਂ।
2. ਫੋਨ ਬੱਚੇ ਨੂੰ ਖਾਣੇ ਸਮੇਂ ਜਾਂ ਸੌਣ ਤੋਂ ਪਹਿਲਾਂ ਨਾ ਦਿਓ।
3. ਘਰ ਵਿੱਚ ‘ਸਕਰੀਨ-ਫ੍ਰੀ ਜ਼ੋਨ’ ਬਣਾਓ, ਜਿਵੇਂ ਕਿ ਬੈੱਡਰੂਮ ਜਾਂ ਖਾਣਾ ਖਾਣ ਦੀ ਟੇਬਲ।
4. ਬੱਚੇ ਦੇ ਸਾਹਮਣੇ ਮਾਪੇ ਵੀ ਤਕਨੀਕ ਦਾ ਸਹੀ ਇਸਤੇਮਾਲ ਕਰਨ।
ਬੱਚੇ ਉਹੀ ਸਿੱਖਦੇ ਹਨ ਜੋ ਉਹ ਵੇਖਦੇ ਹਨ।
5. ਬੱਚੇ ਨਾਲ ਖੇਡੋ, ਗੱਲ ਕਰੋ, ਕਹਾਣੀਆਂ ਸੁਣਾਓ।
ਇਹ ਸਾਰੀਆਂ ਗਤੀਵਿਧੀਆਂ ਸਕਰੀਨ ਦੀ ਤਲਾਬ ਨੂੰ ਘਟਾਉਂਦੀਆਂ ਹਨ।
6. ਸਿੱਖਿਆਕ ਐਪਸ ਦੀ ਚੋਣ ਮਾਪੇ ਖੁਦ ਕਰਨ।
ਨਾ ਕਿ ਬੱਚੇ ਨੂੰ ਬਿਨਾਂ ਸੋਚੇ-ਸਮਝੇ ਕੁਝ ਵੀ ਡਾਊਨਲੋਡ ਕਰਨ ਦੀ ਆਜ਼ਾਦੀ ਹੋਵੇ।
ਫੋਨ—ਦੁਸ਼ਮਣ ਨਹੀਂ, ਸਹੀ ਦਿਸ਼ਾ ਵਿੱਚ ਸਾਥੀ
ਤਕਨੀਕ ਨੂੰ ਰੋਕਣਾ ਹੱਲ ਨਹੀਂ।
ਕਈ ਵਾਰ ਫੋਨ ਬੱਚੇ ਲਈ ਸਿੱਖਣ ਦਾ ਬਹੁਤ ਵਧੀਆ ਮਾਧਿਅਮ ਵੀ ਬਣ ਜਾਂਦਾ ਹੈ।
ਆਡੀਓ ਕਹਾਣੀਆਂ, ਗਣਿਤ ਦੇ ਐਪਸ, ਭਾਸ਼ਾ ਸਿਖਾਉਣ ਵਾਲੀ ਸਮੱਗਰੀ ਅਤੇ ਡਿਜ਼ੀਟਲ ਲਰਨਿੰਗ ਪਲੇਟਫਾਰਮ ਬੱਚੇ ਦੀ ਬੁੱਧਿਕ ਸਮਰੱਥਾ ਨੂੰ ਵਧਾਉਂਦੇ ਹਨ।
ਪਰ ਇਹ ਸਾਰਾ ਕੁਝ ਤਾਂਦੇ ਹੀ ਲਾਭਦਾਇਕ ਹੈ ਜਦੋਂ ਮਾਪੇ—
* ਬੱਚੇ ਦੀ ਨਿਗਰਾਨੀ ਰੱਖਣ
* ਸਮੇਂ ਦੀ ਸੀਮਾ ਲਗਾਉਣ
* ਅਤੇ ਤਕਨੀਕ ਦੇ ਨਾਲ-ਨਾਲ ਜੀਵਨ ਮੁੱਲਾਂ ਨੂੰ ਵੀ ਮਹੱਤਵ ਦੇਣ
ਅਖੀਰ ਵਿੱਚ—ਬੱਚੇ ਦੀ ਦੁਨੀਆ ਸਿਰਫ਼ ਸਕਰੀਨ ਨਹੀਂ
ਬੱਚੇ ਨੂੰ ਮਿੱਟੀ ਦੀ ਖੁਸ਼ਬੂ, ਖੇਤਾਂ ਦੀ ਹਵਾ, ਦੋਸਤਾਂ ਦੀਆਂ ਗੱਲਾਂ ਅਤੇ ਪਰਿਵਾਰ ਦੀਆਂ ਮਮਤਾਂ ਚਾਹੀਦੀਆਂ ਹੁੰਦੀਆਂ ਹਨ।
ਫੋਨ ਇਹ ਸਭ ਨਹੀਂ ਦੇ ਸਕਦਾ।
ਸਮਾਂ-ਸਮੇਂ ‘ਤੇ ਮਾਪਿਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ—
ਤਕਨੀਕ ਬੱਚੇ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ ਲਈ ਹੈ, ਪਰ ਜੀਵਨ ਦੇ ਅਸਲ ਅਨੁਭਵਾਂ ਦੀ ਥਾਂ ਨਹੀਂ ਲੈ ਸਕਦੀ।
ਫੋਨ ਵਾਲੀ ਪੀੜ੍ਹੀ ਦੀ ਸਮਾਰਟ ਪਰਵਿਰਸ਼ ਤਦੋਂ ਹੀ ਸੰਭਵ ਹੈ ਜਦੋਂ ਮਾਪੇ ਇਹ ਜਾਣਣ—
ਸਰਹੱਦ ਵੀ ਲੋੜੀਂਦੀ ਹੈ ਅਤੇ ਆਜ਼ਾਦੀ ਵੀ, ਪਰ ਦੋਨੋ ਵਿੱਚ ਸੰਤੁਲਨ ਹੀ ਅਸਲ ਪਰਵਿਰਸ਼ ਹੈ।
ਜਸਵਿੰਦਰ ਪਾਲ ਸ਼ਰਮਾ
ਸਸ ਮਾਸਟਰ
ਪਿੰਡ ਵੜਿੰਗ ਖੇੜਾ
ਤਹਿਸੀਲ ਮਲੋਟ
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
79860-27454
Leave a Reply