ਪਾਇਲ
(ਨਰਿੰਦਰ ਸ਼ਾਹਪੁਰ)
ਵਿਧਾਨ ਸਭਾ ਹਲਕਾ ਪਾਇਲ ਵਿੱਚ ਖੇਡ ਸਹੂਲਤਾਂ ਨੂੰ ਮਜ਼ਬੂਤ ਬਣਾਉਣ ਲਈ ਅੱਜ ਇੱਕ ਇਤਿਹਾਸਕ ਕਦਮ ਚੁੱਕਿਆ ਗਿਆ। ਹਲਕੇ ਦੇ 12 ਪਿੰਡਾਂ ਵਿੱਚ ਨਵੇਂ ਖੇਡ ਮੈਦਾਨਾਂ ਦੇ ਨੀਂਹ ਪੱਥਰ ਰੱਖੇ ਗਏ, ਜਿਸ ਨਾਲ ਇਸ ਵੱਡੇ ਵਿਕਾਸ ਪ੍ਰੋਜੈਕਟ ਦੀ ਰਸਮੀ ਸ਼ੁਰੂਆਤ ਹੋ ਗਈ। ਇਹ ਸਾਰੇ ਮੈਦਾਨ ਪੰਚਾਇਤ ਵਿਭਾਗ ਵੱਲੋਂ ਤਿਆਰ ਕੀਤੇ ਜਾਣੇ ਹਨ।
ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਬੁੱਧਵਾਰ ਨੂੰ ਸਵੇਰੇ ਪਿੰਡ ਮੱਲੀਪੁਰ ਵਿੱਚ ਪਹਿਲਾ ਨੀਂਹ ਪੱਥਰ ਰੱਖ ਕੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਪਿੰਡ ਬਿਸ਼ਨਪੁਰਾ, ਜੈਪੁਰਾ, ਬੁਆਣੀ, ਘੁਡਾਣੀ ਖੁਰਦ, ਅਲੂਣਾ ਤੋਲਾ, ਘੁਰਾਲਾ, ਕਰੌਦੀਆਂ, ਰੌਣੀ, ਭਾਡੇਵਾਲ, ਰਾੜਾ ਸਾਹਿਬ ਅਤੇ ਘਣਗਸ ਦਾ ਦੌਰਾ ਕਰਕੇ ਉੱਥੇ ਵੀ ਨੀਂਹ ਪੱਥਰ ਰੱਖੇ। ਦੌਰਾ ਸਵੇਰੇ 9:30 ਵਜੇ ਪਿੰਡ ਮੱਲੀਪੁਰ ਤੋਂ ਸ਼ੁਰੂ ਹੋਇਆ ਅਤੇ ਸ਼ਾਮ ਤੱਕ ਸਰਗਰਮੀਆਂ ਜਾਰੀ ਰਹੀਆਂ। ਇਸ ਦੌਰਾਨ ਵਿਧਾਇਕ ਨੇ ਪਿੰਡ ਜਰਗੜੀ ਵਿੱਚ ਇੱਕ ਨਵੇਂ ਪੰਚਾਇਤ ਘਰ ਦਾ ਵੀ ਨੀਂਹ ਪੱਥਰ ਵੀ ਰੱਖਿਆ। ਪਿੰਡ ਵਾਸੀਆਂ ਨੇ ਗਰਮਜੋਸ਼ੀ ਨਾਲ ਸਵਾਗਤ ਕਰਦੇ ਹੋਏ ਇਸ ਯੋਜਨਾ ਨੂੰ ਇਤਿਹਾਸਕ ਕਦਮ ਦੱਸਿਆ ਅਤੇ ਸਰਕਾਰ ਦਾ ਧੰਨਵਾਦ ਕੀਤਾ।
ਵਿਧਾਇਕ ਗਿਆਸਪੁਰਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਇਹ ਪ੍ਰੋਜੈਕਟ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਦੂਰਦ੍ਰਿਸ਼ਟੀ ਸੋਚ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦਾ ਮੁੱਖ ਧਿਆਨ ਪਿੰਡਾਂ ਦੇ ਵਿਕਾਸ, ਨੌਜਵਾਨਾਂ ਦੇ ਭਵਿੱਖ ਅਤੇ ਖੇਡਾਂ ਨੂੰ ਮਜ਼ਬੂਤੀ ਦੇਣ ‘ਤੇ ਹੈ। ਉਨ੍ਹਾਂ ਕਿਹਾ ਕਿ ਮੰਤਰੀ ਸੌਂਦ ਵੱਲੋਂ ਮਿਲੇ ਖਾਸ ਸਹਿਯੋਗ ਕਾਰਨ ਹਲਕੇ ਵਿੱਚ ਇਸ ਤਰ੍ਹਾਂ ਦੀਆਂ ਵੱਡੀਆਂ ਯੋਜਨਾਵਾਂ ਤੇਜ਼ੀ ਨਾਲ ਅੱਗੇ ਵੱਧ ਰਹੀਆਂ ਹਨ। ਵਿਧਾਇਕ ਨੇ ਕਿਹਾ ਕਿ ਜਿੱਥੇ ਪਹਿਲਾਂ ਨੌਜਵਾਨਾਂ ਨੂੰ ਖੇਡ ਮੈਦਾਨਾਂ ਦੀ ਕਮੀ ਕਾਰਨ ਹੋਰ ਕਸਬਿਆਂ ਜਾਂ ਸ਼ਹਿਰਾਂ ਵਿੱਚ ਖੇਡਣ ਜਾਣਾ ਪੈਂਦਾ ਸੀ, ਹੁਣ ਉਹਨਾਂ ਨੂੰ ਪਿੰਡਾਂ ਵਿੱਚ ਹੀ ਸਾਰੀਆਂ ਸੁਵਿਧਾਵਾਂ ਮਿਲ ਸਕਣਗੀਆਂ। ਇਹ ਖੇਡ ਮੈਦਾਨ ਨੌਜਵਾਨਾਂ ਨੂੰ ਤੰਦਰੁਸਤੀ, ਕਸਰਤ ਅਤੇ ਪ੍ਰੈਕਟਿਸ ਲਈ ਸ਼ਾਨਦਾਰ ਮਾਹੌਲ ਪ੍ਰਦਾਨ ਕਰਨਗੇ। ਇਸ ਨਾਲ ਪਿੰਡਾਂ ਤੋਂ ਨਵੀਆਂ ਖੇਡ ਪ੍ਰਤਿਭਾਵਾਂ ਸਾਹਮਣੇ ਆਉਣਗੀਆਂ ਅਤੇ ਹਲਕੇ ਦੀ ਖੇਡ ਸੱਭਿਆਚਾਰ ਹੋਰ ਮਜ਼ਬੂਤ ਹੋਵੇਗੀ।
ਇਸ ਪ੍ਰੋਜੈਕਟ ਨੂੰ ਲੈ ਕੇ ਸਥਾਨਕ ਲੋਕਾਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ। ਬਹੁਤ ਸਾਰੇ ਨੌਜਵਾਨਾਂ ਨੇ ਦੱਸਿਆ ਕਿ ਖੇਡ ਮੈਦਾਨਾਂ ਦੀ ਉਸਾਰੀ ਨਾਲ ਉਹਨਾਂ ਨੂੰ ਨਵੀਂ ਪ੍ਰੇਰਨਾ ਮਿਲੀ ਹੈ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਇਹ ਯੋਜਨਾ ਨਾ ਸਿਰਫ਼ ਨੌਜਵਾਨਾਂ ਦੇ ਭਵਿੱਖ ਲਈ ਮਹੱਤਵਪੂਰਨ ਹੈ, ਬਲਕਿ ਪਿੰਡਾਂ ਦੀ ਕੁੱਲ ਤਰੱਕੀ ਵਿੱਚ ਵੀ ਨਵੀਂ ਰੌਸ਼ਨੀ ਲਿਆਵੇਗੀ।
ਪ੍ਰੋਜੈਕਟ ਨਾਲ ਜੁੜੇ ਅਧਿਕਾਰੀਆਂ ਨੇ ਦੱਸਿਆ ਕਿ ਖੇਡ ਮੈਦਾਨਾਂ ਦੀ ਉਸਾਰੀ ਦਾ ਕੰਮ ਪੂਰੀ ਗੁਣਵੱਤਾ ਅਤੇ ਸਮੇਂ ਸਿਰ ਪੂਰਾ ਕੀਤਾ ਜਾਵੇਗਾ। ਪੰਚਾਇਤ ਵਿਭਾਗ ਵੱਲੋਂ ਸਾਰੇ 12 ਮੈਦਾਨਾਂ ਲਈ ਲੋੜੀਂਦਾ ਬਜਟ, ਨਕਸ਼ੇ ਅਤੇ ਤਕਨੀਕੀ ਯੋਜਨਾਵਾਂ ਪਹਿਲਾਂ ਹੀ ਤਿਆਰ ਕੀਤੀਆਂ ਜਾ ਚੁੱਕੀਆਂ ਹਨ।
ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਉਪ ਪ੍ਰਧਾਨ ਅਵਿਨਾਸ਼ਪ੍ਰੀਤ ਸਿੰਘ ਜੱਲਾ, ਅਭੈ ਸਿੰਘ ਬੈਂਸ, ਅਤੇ ਬੂਟਾ ਸਿੰਘ ਰਾਣੋ ਵੀ ਮੌਜੂਦ ਸਨ।
ਹਲਕਾ ਪਾਇਲ ਵਿੱਚ ਸ਼ੁਰੂ ਕੀਤਾ ਗਿਆ ਇਹ ਵੱਡਾ ਵਿਕਾਸ ਕਾਰਜ ਨੌਜਵਾਨਾਂ ਲਈ ਇੱਕ ਨਵੀਂ ਦਿਸ਼ਾ ਅਤੇ ਮੌਕੇ ਦੀ ਸ਼ੁਰੂਆਤ ਮੰਨੀ ਜਾ ਰਹੀ ਹੈ।
Leave a Reply