ਲੁਧਿਆਣਾ ( ਜਸਟਿਸ ਨਿਊਜ਼ )
ਆਰ ਜੀ ਹਸਪਤਾਲ, ਲੁਧਿਆਣਾ ਨੇ ਇੱਕ ਵੱਡੀ ਮੈਡੀਕਲ ਪ੍ਰਾਪਤੀ ਹਾਸਲ ਕਰਦੇ ਹੋਏ ਸ਼ਹਿਰ ‘ਚ ਪਹਿਲੀ ਵਾਰ ‘ਯੂਰੋਲਿਫਟ’ ਪ੍ਰਕਿਰਿਆ ਸਫਲਤਾਪੂਰਵਕ ਪੂਰੀ ਕੀਤੀ ਹੈ। ਇਹ ਆਧੁਨਿਕ ਤੇ ਘੱਟ ਆਕਰਮਕ ਤਕਨੀਕ ਉਹਨਾਂ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਜੋ ਬਿਨਾਈਨ ਪ੍ਰੋਸਟੇਟਿਕ ਹਾਇਪਰਪਲੇਸੀਆ, ਜਾਂਨੀ ਪ੍ਰੋਸਟੇਟ ਗ੍ਰੰਥੀ ਦੇ ਵਧਣ ਦੀ ਸਮੱਸਿਆ ਨਾਲ ਪੀੜਤ ਹਨ, ਇਹ ਸਮੱਸਿਆ 50 ਸਾਲ ਤੋਂ ਉਪਰ ਦੇ ਲਗਭਗ ਅੱਧੇ ਪੁਰਸ਼ਾਂ ਵਿੱਚ ਪਾਈ ਜਾਂਦੀ ਹੈ। ਇਹ ਨਵੀਂ ਤਕਨੀਕ ਪੁਰਾਣੀਆਂ ਸਰਜਰੀਆਂ ਨਾਲੋਂ ਕਾਫ਼ੀ ਸੁਰੱਖਿਅਤ ਹੈ, ਤੇਜ਼ ਰੀਕਵਰੀ ਪ੍ਰਦਾਨ ਕਰਦੀ ਹੈ ਅਤੇ ਬਿਲਕੁਲ ਦਰਦ ਰਹਿਤ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਨਾਲ ਮਰੀਜ਼ ਦੇ ਯੌਨ ਸਿਹਤ ‘ਤੇ ਕੋਈ ਅਸਰ ਨਹੀਂ ਪੈਂਦਾ, ਜਿਸ ਕਰਕੇ ਇਹ ਬਜ਼ੁਰਗ ਜਾਂ ਦਿਲ ਦੇ ਮਰੀਜ਼ਾਂ ਲਈ ਖ਼ਾਸ ਤੌਰ ‘ਤੇ ਲਾਭਦਾਇਕ ਹੈ।
ਇਹ ਪ੍ਰਕਿਰਿਆ ਇੱਕ 78 ਸਾਲਾ ਮਰੀਜ਼ ‘ਤੇ ਕੀਤੀ ਗਈ ਜਿਸਦੀ ਪਹਿਲਾਂ ਵੀ ਕਈ ਬੀਮਾਰੀਆਂ ਕਾਰਨ ਸਰਜਰੀ ਹੋ ਚੁੱਕੀ ਸੀ। ਮਰੀਜ਼ ਕਾਫ਼ੀ ਸਮੇਂ ਤੋਂ ਪੇਸ਼ਾਬ ਦੀ ਰੁਕਾਵਟ, ਧੀਮੀ ਧਾਰ ਅਤੇ ਜ਼ੋਰ ਲਗਾ ਕੇ ਪੇਸ਼ਾਬ ਕਰਨ ਦੀ ਸਮੱਸਿਆ ਨਾਲ ਪੀੜਤ ਸੀ। ਵਿਸਤ੍ਰਿਤ ਜਾਂਚ ਤੋਂ ਬਾਅਦ, ਆਰ. ਜੀ. ਹਸਪਤਾਲ ਦੀ ਯੂਰੋਲੋਜੀ ਟੀਮ ਨੇ ਯੂਰੋਲਿਫਟ ਪ੍ਰਕਿਰਿਆ ਕਰਨ ਦਾ ਫ਼ੈਸਲਾ ਲਿਆ ਤੇ ਕੁਝ ਘੰਟਿਆਂ ਵਿੱਚ ਹੀ ਮਰੀਜ਼ ਨੂੰ ਕਾਫ਼ੀ ਸੁਧਾਰ ਮਹਿਸੂਸ ਹੋਇਆ।
ਡਾ. ਪੁਨੀਤ ਬੰਸਲ, ਡਾਇਰੈਕਟਰ ਤੇ ਹੈੱਡ, ਇੰਸਟੀਚਿਊਟ ਆਫ ਯੂਰੋਲੋਜੀ, ਆਰ. ਜੀ. ਹਸਪਤਾਲ, ਨੇ ਦੱਸਿਆ ਕਿ ਯੂਰੋਲਿਫਟ ਸਿਸਟਮ ਪ੍ਰੋਸਟੇਟ ਵਧਣ ਦੇ ਇਲਾਜ ਵਿੱਚ ਇੱਕ ਕ੍ਰਾਂਤੀਕਾਰੀ ਤਕਨੀਕ ਹੈ। ਇਸ ਵਿੱਚ ਪ੍ਰੋਸਟੇਟ ਦੇ ਵਧੇ ਹਿੱਸੇ ਨੂੰ ਕੱਟਣ ਦੀ ਬਜਾਏ ਛੋਟੇ-ਛੋਟੇ ਇੰਪਲਾਂਟਾਂ ਨਾਲ ਹੌਲੇ ਨਾਲ ਉਠਾ ਦਿੱਤਾ ਜਾਂਦਾ ਹੈ, ਜਿਸ ਨਾਲ ਪੇਸ਼ਾਬ ਦਾ ਰਾਸਤਾ ਖੁੱਲ ਜਾਂਦਾ ਹੈ ਤੇ ਰੁਕਾਵਟ ਤੁਰੰਤ ਦੂਰ ਹੋ ਜਾਂਦੀ ਹੈ। ਇਹ ਪ੍ਰਕਿਰਿਆ ਪੂਰੀ ਤਰ੍ਹਾਂ ਸੁਰੱਖਿਅਤ ਹੈ, ਇਸ ਵਿੱਚ ਖੂਨ ਨਹੀਂ ਨਿਕਲਦਾ ਤੇ ਮਰੀਜ਼ ਜਲਦੀ ਠੀਕ ਹੋ ਜਾਂਦਾ ਹੈ।
ਇਸ ਪ੍ਰਕਿਰਿਆ ਵਿੱਚ ਲੰਮੇ ਸਮੇਂ ਲਈ ਕੈਥੇਟਰ ਦੀ ਲੋੜ ਨਹੀਂ ਪੈਂਦੀ ਅਤੇ ਬਹੁਤ ਸਾਰੇ ਮਰੀਜ਼ ਉਸੇ ਦਿਨ ਘਰ ਵਾਪਸ ਜਾ ਸਕਦੇ ਹਨ। ਇਸ ਨਾਲ ਪੁਰਾਣੀ ਸਰਜਰੀਆਂ ਵਾਲੀਆਂ ਜਟਿਲਤਾਵਾਂ ਜਿਵੇਂ ਕਿ ਬਲੀਡਿੰਗ ਜਾਂ ਹੋਰ ਗੁੰਝਲਾਂ ਤੋਂ ਬਚਾਅ ਹੁੰਦਾ ਹੈ। ਇਸ ਸਫਲ ਪ੍ਰਯਾਸ ਨਾਲ, ਆਰ. ਜੀ. ਹਸਪਤਾਲ, ਲੁਧਿਆਣਾ ਨੇ ਇਕ ਵਾਰ ਫਿਰ ਸਾਬਤ ਕੀਤਾ ਹੈ ਕਿ ਉੱਚ ਤਕਨੀਕ ਅਤੇ ਮਾਨਵਤਾ-ਅਧਾਰਿਤ ਸੇਵਾ ਦਾ ਮਿਲਾਪ ਹੀ ਆਧੁਨਿਕ ਮੈਡੀਕਲ ਸੇਵਾ ਦਾ ਅਸਲੀ ਭਵਿੱਖ ਹੈ।
Leave a Reply