August 17, 2026

Justice News

ਅਵਾਮ ਦੀ ਆਵਾਜ਼

ਬੁੱਟਰ ਦਾ ਕਿਸਾਨ ਰਿੰਪਾ ਸਿੰਘ 5 ਸਾਲਾਂ ਤੋਂ ਪਰਾਲੀ ਜਲਾਏ ਬਿਨ੍ਹਾਂ, ਕਰ ਰਿਹੈ 72 ਏਕੜ ਦੀ ਖੇਤੀ

ਮੋਗਾ, (  ਮਨਪ੍ਰੀਤ ਸਿੰਘ/ ਗੁਰਜੀਤ ਸੰਧੂ)

ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੇ ਜਿੱਥੇ ਮਨੁੱਖੀ ਸਿਹਤ ਨੂੰ ਕਈ ਬਿਮਾਰੀਆਂ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ, ਉੱਥੇ ਹੀ ਇਸਦਾ ਮਾੜਾ ਪ੍ਰਭਾਵ ਵਾਤਾਵਰਨ ਅਤੇ ਖੇਤ ਦੀ ਮਿੱਟੀ ਉੱਪਰ ਵੀ ਪੈਂਦਾ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਖੇਤੀਬਾੜੀ ਟੈਕਨੋਲਾਜੀ ਮੈਨੇਜਮੈਂਟ ਏਜੰਸੀ (ਆਤਮਾ), ਜ਼ਿਲ੍ਹਾ ਮੋਗਾ ਦੀ ਸਹਾਇਤਾ ਨਾਲ ਪਿੰਡ ਬੁੱਟਰ ਦਾ ਕਿਸਾਨ ਰਿੰਪਾ ਸਿੰਘ ਪਿਛਲੇ 5 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ 72 ਏਕੜ ਦੀ ਵਾਤਾਵਰਨ ਪੱਖੀ ਖੇਤੀਬਾੜੀ ਕਰ ਰਿਹਾ ਹੈ।

ਕਿਸਾਨ ਰਿੰਪਾ ਸਿੰਘ ਦਾ ਕਹਿਣਾ ਹੈ ਕਿ ਸੁਪਰ ਐਸ.ਐਮ.ਐਸ ਕੰਬਾਇਨ ਨਾਲ ਝੋਨੇ ਦੀ ਕਟਾਈ ਕਰਵਾਉਣ ਤੋਂ ਬਾਅਦ ਮਲਚਰ ਨਾਲ ਪਰਾਲੀ ਖੇਤ ਵਿੱਚ ਮਿਲਾ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਉਹ ਰੋਟਾਵੇਟਰ, ਫਿਰ ਪਲੋਅ ਤੇ ਫਿਰ ਰੋਟਾਵੇਟਰ ਨਾਲ ਖੇਤ ਦੀ ਵਹਾਈ ਕਰਦੇ ਹਨ। ਉਸਨੇ ਕਿਹਾ ਕਿ ਇਸ ਵਿਧੀ ਨਾਲ ਉਸਨੂੰ ਬਹੁਤ ਲਾਭ ਮਿਲਿਆ ਹੈ। ਖੇਤ ਵਿੱਚ ਗੰਡੋਏ ਬਹੁਤ ਬਣਨ ਲੱਗ ਪਏ ਹਨ ਜਿਸ ਨਾਲ ਜਮੀਨ ਦੀ ਸਿਹਤ ਵਿੱਚ ਵੀ ਸੁਧਾਰ ਹੋ ਰਿਹਾ ਹੈ, ਇਸ ਨਾਲ ਜਮੀਨ ਵਿੱਚ ਢੁਕਵਾਂ ਤਾਪਮਾਨ ਤੇ ਨਮੀ ਬਣੇ ਰਹਿੰਦੇ ਹਨ ਨਦੀਨਾਂ ਦੀ ਉਪਜ ਵੀ ਘੱਟ ਹੁੰਦੀ ਹੈ।

          ਅਗਾਂਹਵਧੂ ਕਿਸਾਨ ਰਿੰਪਾ ਸਿੰਘ ਨੇ ਕਿਹਾ ਕਿ ਪਰਾਲੀ ਕੋਈ ਖੇਤ ਦੀ ਵਾਧੂ ਚੀਜ ਨਹੀਂ ਹੈ, ਸਗੋਂ ਇਹ ਖੇਤ ਲਈ ਖਾਦ ਦਾ ਕੰਮ ਕਰਕੇ ਇਸਦੀ ਉਪਜਾਊ ਸ਼ਕਤੀ ਵਿੱਚ ਵਾਧਾ ਕਰਦੀ ਹੈ। ਸਰਕਾਰ ਦੇ ਨਵੇਂ ਆਏ ਆਧੁਨਿਕ ਖੇਤੀਬਾੜੀ ਉਪਕਰਨਾਂ ਨਾਲ ਪਰਾਲੀ ਨੂੰ ਅੱਗ ਲਗਾਉਣ ਦੀ ਕੋਈ ਵੀ ਜਰੂਰਤ ਨਹੀਂ ਹੈ, ਇਸ ਨਾਲ ਅਗਲੀ ਫਸਲ ਦੀ ਬਿਜਾਈ ਬਹੁਤ ਹੀ ਕਾਰਗਰ ਤਰੀਕੇ ਨਾਲ ਕੀਤੀ ਜਾ ਸਕਦੀ ਹੈ। ਰਿੰਪਾ ਸਿੰਘ ਪਸ਼ੂ ਪਾਲਣ ਦਾ ਸਹਾਇਕ ਧੰਦਾ ਦੀ ਬਹੁਤ ਸੁਚੱਜੇ ਤਰੀਕੇ ਨਾਲ ਚਲਾ ਰਿਹਾ ਹੈ।

ਕਿਸਾਨ ਰਿੰਪਾ ਸਿੰਘ ਨੇ ਕਿਹਾ ਕਿ ਸਮੂਹ ਕਿਸਾਨਾਂ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ੁੱਧ ਵਾਤਾਵਰਨ ਮੁਹੱਈਆ ਕਰਵਾਉਣ ਲਈ ਪਰਾਲੀ ਸਾੜਨੀ ਬੰਦ ਕਰ ਦੇਣੀ ਚਾਹੀਦੀ ਹੈ ਕਿਉਂਕਿ ਪਰਾਲੀ ਨਾ ਜਲਾਉਣ ਨਾਲ ਅਗਲੀ ਫਸਲ ਦੀ ਬਿਜਾਈ ਵਿੱਚ ਕੋਈ ਵੀ ਮੁਸ਼ਕਿਲ ਪੇਸ਼ ਨਹੀਂ ਆਉਂਦੀ ਕਿਉਂਕਿ ਹੁਣ ਤਾਂ ਖੇਤੀਬਾੜੀ ਵਿਭਾਗ ਵੱਲੋਂ ਵਾਤਾਵਰਨ ਪੱਖੀ ਖੇਤੀਬਾੜੀ ਸੰਦ ਹੀ ਕਿਸਾਨਾਂ ਤੱਕ ਪਹੁੰਚਾ ਦਿੱਤੇ ਹਨ, ਇਸ ਤੋਂ ਝੋਨੇ ਦੀ ਪਰਾਲੀ ਦੇ ਨਿਪਟਾਰੇ ਲਈ ਗੱਠਾਂ ਬਣਾਉਣ ਵਰਗੇ ਹੋਰ ਪ੍ਰਬੰਧ ਵੀ ਕੀਤੇ ਜਾ ਸਕਦੇ ਹਨ ਜਿਹਨਾਂ ਨਾਲ ਪਰਾਲੀ ਕਮਾਈ ਦਾ ਸਾਧਨ ਬਣ ਰਹੀ ਹੈ।ਉਸ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸੂਬੇ ਨੂੰ ਜ਼ੀਰੋ ਸਟਬਲ ਬਰਨਿੰਗ ਸੂਬਾ ਬਣਾਉਣ ਵਿੱਚ ਯੋਗਦਾਨ ਪਾਉਣ।

ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਉਹ ਰਿੰਪਾ ਸਿੰਘ ਅਤੇ ਅਜਿਹੇ ਹਰ ਇੱਕ ਕਿਸਾਨ ਦੀ ਸ਼ਲਾਘਾ ਕਰਦੇ ਹਨ ਜਿਹੜੇ ਪਰਾਲੀ ਨੂੰ ਬਿਨਾਂ ਸਾੜੇ ਖੇਤੀ ਕਰ ਕਰ ਰਹੇ ਹਨ।  ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਪਰਾਲੀ ਦੇ ਨਿਪਟਾਰੇ ਲਈ ਹਰ ਇੱਕ ਕਿਸਾਨ ਦੀ ਸਹਾਇਤਾ ਕਰ ਰਹੀ ਹੈ ਅਤੇ ਵਾਤਾਵਰਨ ਖੇਤੀਬਾੜੀ ਸੰਦ ਵੀ ਸਬਸਿਡੀ ਉਪਰ ਲੋੜੀਂਦੀ ਗਿਣਤੀ ਵਿੱਚ ਜ਼ਿਲ੍ਹੇ ਅੰਦਰ ਮੌਜੂਦ ਹਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.