ਮਾਲੇਰਕੋਟਲਾ-(ਸ਼ਹਿਬਾਜ ਚੌਧਰੀ)
ਉਪ ਮੰਡਲ ਮੈਜਿਸਟ੍ਰੇਟ ਮਾਲੇਰਕੋਟਲਾ ਗੁਰਮੀਤ ਕੁਮਾਰ ਬਾਂਸਲ ਵੱਲੋਂ ਅੱਜ ਕਿਸਾਨ ਯੂਨੀਅਨਾਂ ਦੇ ਆਗੂਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿੱਚ ਪਰਾਲੀ ਸਾੜਨ ਦੀ ਰੋਕਥਾਮ ਤੇ ਇਸ ਦੇ ਯੋਗ ਪ੍ਰਬੰਧਨ ਲਈ ਵਿਆਪਕ ਵਿਚਾਰ-ਵਟਾਂਦਰਾ ਕੀਤਾ ਗਿਆ।ਇਸ ਮੌਕੇ ਕਿਸਾਨ ਆਗੂ ਕੇਵਲ ਸਿੰਘ ਭੜੀ,ਨਿਰਮਲ ਸਿੰਘ ਅਲੀਪੁਰ,ਚਰਨਜੀਤ ਸਿੰਘ ਹਥਨ,ਬੁੱਟਾ ਖ਼ਾ, ਤੋਂ ਇਲਾਵਾ ਕਿਸਾਨ ਜੰਥੇਬੰਦੀ ਦੇ ਹੋਰ ਨੁਮਾਇੰਦੇ ਵੀ ਮੌਜੂਦ ਸਨ ।
ਮੀਟਿੰਗ ਦੌਰਾਨ ਐਸ.ਡੀ.ਐਮ. ਨੇ ਸਪੱਸ਼ਟ ਕੀਤਾ ਕਿ ਪਰਾਲੀ ਸਾੜਨ ਨੂੰ ਹੁਣ ਕੇਵਲ ਵਾਤਾਵਰਣਕ ਗਲਤੀ ਹੀ ਨਹੀਂ, ਸਗੋਂ ਗੰਭੀਰ ਅਪਰਾਧ ਮੰਨਿਆ ਗਿਆ ਹੈ ਅਤੇ ਇਸ ਸਬੰਧੀ ਰਾਸ਼ਟਰੀ ਗਰੀਨ ਟ੍ਰਿਬਿਊਨਲ (NGT) ਅਤੇ ਮਾਨਯੋਗ ਸੁਪਰੀਮ ਕੋਰਟ ਬਹੁਤ ਹੀ ਗੰਭੀਰ ਹੈ ਜਿਸ ਸਦਕਾ ਉਨ੍ਹਾਂ ਵੱਲੋਂ ਸਪੱਸ਼ਟ ਹੁਕਮ ਜਾਰੀ ਹੋ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਜੋ ਕਿਸਾਨ ਪਰਾਲੀ ਸਾੜੇਗਾ, ਉਸ ਦੇ ਵਿਰੁੱਧ ਕੇਵਲ ਜੁਰਮਾਨਾ ਹੀ ਨਹੀਂ ਲੱਗੇਗਾ, ਸਗੋਂ ਉਸਦੇ ਮਾਲ ਰਿਕਾਰਡ ਵਿੱਚ “ਲਾਲ ਐਂਟਰੀ” ਕੀਤੀ ਜਾਵੇਗੀ ਅਤੇ ਫੌਜਦਾਰੀ ਕਾਰਵਾਈ ਵੀ ਸ਼ੁਰੂ ਹੋਵੇਗੀ। ਇਹ ਕਾਰਵਾਈ ਕਿਸਾਨ ਦੇ ਭਵਿੱਖੀ ਲਾਭਾਂ ਨੂੰ ਸਿੱਧਾ ਪ੍ਰਭਾਵਿਤ ਕਰ ਸਕਦੀ ਹੈ।
ਐਸ.ਡੀ.ਐਮ. ਨੇ ਕਿਸਾਨ ਯੂਨੀਅਨਾਂ ਦੇ ਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਪਣੇ ਮੈਂਬਰਾਂ ਅਤੇ ਪਿੰਡਾਂ ਦੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵੱਖ-ਵੱਖ ਆਧੁਨਿਕ ਖੇਤੀ ਸੰਦ ਸਬਸਿਡੀ ’ਤੇ ਉਪਲਬਧ ਕਰਵਾਏ ਜਾ ਰਹੇ ਹਨ, ਜਿਨ੍ਹਾਂ ਦੀ ਵਰਤੋਂ ਕਰਕੇ ਕਿਸਾਨ ਫਸਲੀ ਅਵਸ਼ੇਸ਼ਾਂ ਦਾ ਸੁਚੱਜਾ ਪ੍ਰਬੰਧ ਕਰ ਸਕਦੇ ਹਨ।
ਉਨ੍ਹਾਂ ਨੇ ਭਾਵਨਾਤਮਕ ਅੰਦਾਜ਼ ਵਿੱਚ ਕਿਹਾ ਕਿ ਸਾਨੂੰ ਆਪਣੇ ਧਾਰਮਿਕ ਆਗੂਆਂ ਦੇ ਦਰਸਾਏ ਹੋਏ ਰਸਤੇ ’ਤੇ ਤੁਰਦਿਆਂ ਹਵਾ, ਪਾਣੀ ਅਤੇ ਕੁਦਰਤੀ ਸਰੋਤਾਂ ਦੀ ਰੱਖਿਆ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ “ਸਾਡਾ ਹਰ ਇੱਕ ਫੈਸਲਾ ਸਿਰਫ਼ ਅੱਜ ਦੀਆਂ ਜ਼ਿੰਦਗੀਆਂ ’ਤੇ ਨਹੀਂ, ਸਗੋਂ ਭਵਿੱਖ ਦੀਆਂ ਪੀੜ੍ਹੀਆਂ ’ਤੇ ਵੀ ਪ੍ਰਭਾਵ ਪਾਂਦਾ ਹੈ। ਇਸ ਲਈ ਪਰਾਲੀ ਸਾੜਨ ਵਰਗੀਆਂ ਆਦਤਾਂ ਛੱਡ ਕੇ ਸਾਫ਼ ਹਵਾ ਅਤੇ ਸਿਹਤਮੰਦ ਵਾਤਾਵਰਣ ਨੂੰ ਤੋਹਫ਼ੇ ਵਜੋਂ ਦੇਣਾ ਸਾਡੇ ਧਾਰਮਿਕ ਤੇ ਸਮਾਜਿਕ ਫਰਜ਼ਾਂ ਦਾ ਹਿੱਸਾ ਹੈ,” ।
ਉਨ੍ਹਾਂ ਕਿਸਾਨ ਯੂਨੀਅਨਾਂ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਕਿਸਾਨਾਂ ਨਾਲ ਮਿਲ ਕੇ ਹੱਲ ਲੱਭਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਕਿਸਾਨਾਂ ਨੂੰ ਜਰੂਰੀ ਮਸ਼ੀਨਰੀ ਤੇ ਸਹੂਲਤਾਂ ਸਮੇਂ ਸਿਰ ਉਪਲਬਧ ਕਰਵਾਈਆਂ ਜਾਣਗੀਆਂ। ਮੀਟਿੰਗ ਵਿੱਚ ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਵੀ ਆਪਣੇ ਪੂਰੇ ਸਹਿਯੋਗ ਦੀ ਭਰੋਸਾ ਦਿਵਾਇਆ ਅਤੇ ਪਰਾਲੀ ਪ੍ਰਬੰਧਨ ਬਾਰੇ ਜਾਗਰੂਕਤਾ ਫੈਲਾਉਣ ਲਈ ਆਪਣੇ ਪੱਧਰ ’ਤੇ ਉਪਰਾਲੇ ਕਰਨ ਦਾ ਵਾਅਦਾ ਕੀਤਾ।
Leave a Reply