ਮਾਲੇਰਕੋਟਲਾ (ਸਹਿਬਾਜ਼ ਚੌਧਰੀ)
ਲੋਕਤੰਤਰ ਦੀ ਮਜ਼ਬੂਤੀ ਅਤੇ ਵੋਟਰਾਂ ਨਾਲ ਸਿੱਧੇ ਰਾਬਤੇ ਲਈ ਮੁੱਖ ਚੋਣ ਅਫ਼ਸਰ, ਪੰਜਾਬ ਅਤੇ ਸਥਾਨਕ ਜ਼ਿਲ੍ਹਾ ਚੋਣ ਦਫ਼ਤਰ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲਜ਼ ਰਾਹੀਂ ਜਾਣਕਾਰੀ ਸਾਂਝੀ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਦੱਸਿਆ ਕਿ ਅੱਜ ਦੇ ਡਿਜ਼ੀਟਲ ਯੁੱਗ ਵਿੱਚ ਸੋਸ਼ਲ ਮੀਡੀਆ ਨਾਗਰਿਕਾਂ ਨਾਲ ਰਾਬਤਾ ਬਣਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਮਾਧਿਅਮ ਹੈ। ਉਨ੍ਹਾਂ ਕਿਹਾ ਕਿ ਵੋਟਰ ਹੁਣ ਸਿੱਧੇ ਮੁੱਖ ਚੋਣ ਅਫ਼ਸਰ, ਪੰਜਾਬ ਜਾਂ ਜ਼ਿਲ੍ਹਾ ਚੋਣ ਦਫ਼ਤਰ ਮਾਲੇਰਕੋਟਲਾ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟਸ ਨਾਲ ਜੁੜ ਕੇ ਚੋਣਾਂ ਸਬੰਧੀ ਜਾਣਕਾਰੀ, ਨਵੀਆਂ ਹਦਾਇਤਾਂ ਅਤੇ ਹੋਰ ਮਹੱਤਵਪੂਰਨ ਅੱਪਡੇਟ ਪ੍ਰਾਪਤ ਕਰ ਸਕਦੇ ਹਨ। ਇਸ ਦੇ ਨਾਲ ਹੀ, ਉਹ ਆਪਣੀਆਂ ਸ਼ਿਕਾਇਤਾਂ, ਸੁਝਾਅ ਜਾਂ ਸਵਾਲ ਵੀ ਦਰਜ ਕਰਵਾ ਸਕਣਗੇ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ ਦੇ ਸੋਸ਼ਲ ਮੀਡੀਆ ਅਕਾਊਂਟਸ ਵੀ ਕਾਰਜਸ਼ੀਲ ਹਨ, ਜਿਨ੍ਹਾਂ ਰਾਹੀਂ ਵੋਟਰ ਰਾਜ ਪੱਧਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਫੇਸਬੁੱਕ @TheCEOPunjab,ਇੰਸਟਾਗ੍ਰਾਮ @TheCEOPunjab,ਐਕਸ (Twitter) @TheCEOPunjab ਅਤੇ ਵਟਸਐਪ @TheCEOPunjab ਤੇ ਜੁੜ ਕੇ ਚੋਣਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਇਸੇ ਤਰ੍ਹਾਂ, ਮਾਲੇਰਕੋਟਲਾ ਵਾਸੀਆਂ ਲਈ ਜ਼ਿਲ੍ਹਾ ਚੋਣ ਦਫ਼ਤਰ ਦੇ ਹੇਠ ਲਿਖੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਫੇਸਬੁੱਕ: District Election Office Malerkotla,ਇੰਸਟਾਗ੍ਰਾਮ: thedeomalerkotla,ਐਕਸ (Twitter): @DEOmalerkotla ਅਤੇ ਵਟਸਐਪ ਚੈਨਲ: District Election Office Malerkotla ਕਾਰਜਸ਼ੀਲ ਹੈ। ਉਨ੍ਹਾਂ ਦੱਸਿਆ ਕਿ ਇਹਨਾਂ ਪਲੇਟਫਾਰਮਾਂ ਦੀ ਨਿਗਰਾਨੀ ਲਈ ਇੱਕ ਸਮਰਪਿਤ ਟੀਮ ਤਾਇਨਾਤ ਕੀਤੀ ਗਈ ਹੈ, ਜੋ ਪ੍ਰਾਪਤ ਸ਼ਿਕਾਇਤਾਂ ਤੇ ਸੁਝਾਵਾਂ ਨੂੰ ਜ਼ਿਲ੍ਹਾ ਚੋਣ ਅਧਿਕਾਰੀ ਤੱਕ ਪਹੁੰਚਾਵੇਗੀ। ਮਹੱਤਵਪੂਰਨ ਮਾਮਲਿਆਂ ਨੂੰ ਤੁਰੰਤ ਸਬੰਧਤ ਅਧਿਕਾਰੀਆਂ ਤੱਕ ਭੇਜ ਕੇ ਹੱਲ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਆਮ ਲੋਕਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਵਿਰਾਜ ਐਸ. ਤਿੜਕੇ ਨੇ ਜ਼ਿਲ੍ਹੇ ਦੇ ਵੋਟਰਾਂ, ਖ਼ਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਮੁੱਖ ਚੋਣ ਅਫਸਰ, ਪੰਜਾਬ ਅਤੇ ਜ਼ਿਲ੍ਹਾ ਚੋਣ ਦਫ਼ਤਰ, ਮਾਲੇਰਕੋਟਲਾ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲਜ਼ ਨੂੰ ਲਾਈਕ ਅਤੇ ਫਾਲੋ ਕਰਨ, ਤਾਂ ਜੋ ਉਹ ਚੋਣ ਪ੍ਰਕਿਰਿਆ ਸਬੰਧੀ ਸਾਰੀ ਜਾਣਕਾਰੀ ਸਮੇਂ-ਸਿਰ ਪ੍ਰਾਪਤ ਕਰ ਸਕਣ ਅਤੇ ਆਪਣੇ ਲੋਕਤਾਂਤਰਿਕ ਹੱਕ ਦੇ ਪ੍ਰਤੀ ਹੋਰ ਜਾਗਰੂਕ ਹੋ ਸਕਣ।
Leave a Reply