ਆਪ” ਦੀਆਂ ਜਿੱਤਾਂ ਲਈ ਆਗੂਆਂ ਸਣੇ ਪੰਚ ਸਰਪੰਚ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਹੁਣ ਤੋਂ ਕਮਰਕੱਸੇ ਕਰਨ- ਸਾਬਕਾ ਮੰਤਰੀ ਧਾਲੀਵਾਲ 

 ਅਜਨਾਲਾ, (ਰਣਜੀਤ ਸਿੰਘ ਮਸੌਣ  )
ਹਾਈ ਕਮਾਨ ਦੇ ਨਿਰਦੇਸ਼ਾ ‘ਤੇ ਪੰਜਾਬ ਵਜ਼ਾਰਤ ਤੋਂ ਅਸਤੀਫ਼ਾ ਦੇਣ ਉਪਰੰਤ ਅੱਜ ਪਹਿਲੀ ਵਾਰ ਆਪਣੇ ਵਿਧਾਨ ਸਭਾ ਹਲਕਾ ਅਜਨਾਲਾ ‘ਚ ਆਪਣੇ ਸਥਾਨਕ ਮੁੱਖ ਦਫ਼ਤਰ ਵਿਖੇ ਪੁੱਜਣ ‘ਤੇ ਵਿਧਾਇਕ ਤੇ ਸੇਵਾਮੁਕਤ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੂੰ ਮਿਲਣ ਵਾਲੇ ਪਾਰਟੀ ਆਗੂਆਂ, ਵਲੰਟੀਅਰਾਂ ਤੇ ਦਰਪੇਸ਼ ਮੁਸ਼ਕਲਾਂ ਦਾ ਹੱਲ ਕਰਵਾਉਣ ਵਾਲੇ ਪ੍ਰਭਾਵਿਤ ਲੋਕਾਂ ਦਾ ਓਵੇਂ ਹੀ ਜਮਾਵੜਾ ਨਜ਼ਰ ਆਇਆ, ਜਿਵੇਂ ਅੱਜ ਤੋਂ ਤਿੰਨ ਦਿਨ ਪਹਿਲਾਂ ਉਹਨਾਂ ਦੇ ਬਤੌਰ ਕੈਬਨਿਟ ਵਜ਼ੀਰ ਵੱਜੋਂ ਪੁੱਜਣ ਤੇ ਉਤਸ਼ਾਹੀ ਦ੍ਰਿਸ਼ ਵੇਖਣ ਨੂੰ ਮਿਲਦਾ ਰਿਹਾ ਹੈ। ਸਾਬਕਾ ਮੰਤਰੀ ਧਾਲੀਵਾਲ ਦਾ ਚਿਹਰਾ ਪਹਿਲਾਂ ਦੀ ਤਰ੍ਹਾਂ ਤਰੋ ਤਾਜ਼ਾ ਸੀ ਅਤੇ ਉਹਨਾਂ ਦਾ ਲਹਿਜ਼ਾ ਮਿਲਣ ਵਾਲਿਆਂ ਨਾਲ ਵੀ ਚੜ੍ਹਦੀਕਲਾ ‘ਚ ਜ਼ਜ਼ਬਾਤੀ ਤੇ ਗਰਮਜੋਸ਼ੀ ਲਹਿਜ਼ੇ ਵਾਲਾ ਰਿਹਾ। ਮੰਤਰੀ ਪੱਦ ਤੋਂ ਅਸਤੀਫ਼ਾ ਲਏ ਜਾਣ ‘ਤੇ ਹਮਦਰਦੀ ਪ੍ਰਗਟ ਕਰਨ ਆਉਣ ਵਾਲੇ ਆਗੂਆਂ ਤੇ ਸਮਰਥਕਾਂ ਨੇ ਸ. ਧਾਲੀਵਾਲ ਨੂੰ ਚੜ੍ਹਦੀਕਲਾ ‘ਚ ਵੇਖਦਿਆਂ ਪਹਿਲਾਂ ਦੀ ਤਰ੍ਹਾਂ ਖਿੜ੍ਹੇ ਚਿਹਰਿਆਂ ‘ਚ ਮਿਲਣੀ ਕੀਤੀ।
ਇਸ ਮੌਕੇ ‘ਤੇ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਖੁੱਲ੍ਹੇ ਜਨਤਾ ਦਰਬਾਰ ‘ਚ ਪ੍ਰਭਾਵਿਤ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਪਹਿਲਾਂ ਵੱਡੀ ਗਿਣਤੀ ‘ਚ ਜੁੜੇ ਪੰਚਾਂ, ਸਰਪੰਚਾਂ, ਪਾਰਟੀ ਆਗੂਆਂ ਤੇ ਵਲੰਟੀਅਰਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਪਾਰਟੀ ਹਾਈ ਕਮਾਨ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਉਹਨਾਂ (ਸ. ਧਾਲੀਵਾਲ) ਨੂੰ ਤੁਹਾਡੇ ਪਿਆਰ ਤੇ ਸਤਿਕਾਰ ਸਦਕਾ ਚੋਣਾਂ ‘ਚ ਵਿਧਾਇਕ ਚੁਣੇ ਜਾਣ ਪਿੱਛੋਂ ਮੰਤਰੀ ਮੰਡਲ ਦੇ ਪਲੇਠੇ ਗਠਨ ਤੋਂ ਲੈ ਕੇ ਲਗਾਤਾਰ ਸਾਢੇ ਤਿੰਨ ਸਾਲ ਬਤੌਰ ਕੈਬਨਿਟ ਮੰਤਰੀ ਵੱਜੋਂ ਜ਼ਿੰਮੇਂਵਾਰੀ ਨਿਭਾਉਣ ਦੀ ਸੇਵਾ ਸੌਂਪੀ ਸੀ, ਜਿਸ ‘ਚ ਉਹ ਪੂਰੀ ਤਨਦੇਹੀ ਨਾਲ ਹਲਕੇ ਸਮੇਤ ਪੰਜਾਬ, ਪੰਜਾਬੀ, ਪੰਜਾਬੀਅਤ ਦੇ ਮੁੱਦੇ ਤੇ ਰੰਗਲੇ ਪੰਜਾਬ ਦੀ ਸਿਰਜਣਾ ਲਈ ਐਨ ਖਰੇ ਉਤਰੇ ਹਨ। ਇਹ ਵੀ ਹਲਕਾ ਵਾਸੀਆਂ ਨੂੰ ਸਿੱਧੇ ਤੌਰ ਤੇ ਮਾਣ ਪ੍ਰਾਪਤ ਹੋਇਆ ਹੈ ਕਿ ਉਹਨਾਂ (ਧਾਲੀਵਾਲ) ਨੂੰ ਕਿਸੇ ਨਾਕੁਸ਼ ਕਾਰਗੁਜ਼ਾਰੀ ਕਾਰਣ ਨਹੀਂ ਸਗੋਂ ਉਹਨਾਂ ਨੂੰ ਕੋਈ ਹੋਰ ਵੱਡੀ ਜ਼ਿੰਮੇਵਾਰੀ ਦੇਣ ਦੇ ਭਰੋਸੇ ਅਤੇ ਕਿਸੇ ਹੋਰ ਪਾਰਟੀ ਵਿਧਾਇਕ ਨੂੰ ਮੌਕਾ ਦੇਣ ਵਜੋਂ ਉਹਨਾਂ ਨੂੰ ਮੰਤਰੀ ਮੰਡਲ ਤੋਂ ਅਸਤੀਫ਼ਾ ਦੇਣ ਲਈ ਮੁੱਖ ਮੰਤਰੀ ਸ. ਮਾਨ ਵੱਲੋਂ ਖ਼ੁਦ ਗੁਜ਼ਾਰਿਸ਼ ਹੋਈ ਸੀ।
ਸਾਬਕਾ ਮੰਤਰੀ ਤੇ ਵਿਧਾਇਕ ਸ. ਧਾਲੀਵਾਲ ਨੇ ਵਲੰਟੀਅਰਜ਼, ਆਗੂਆਂ ਤੇ ਪੰਚਾਂ ਸਰਪੰਚਾਂ ਨੂੰ ਉਤਸ਼ਾਹ ਜਨਕ ਥਾਪੜਾ ਦਿੰਦਿਆ ਕਿਹਾ ਕਿ ਉਹ ਪਹਿਲਾਂ ਦੀ ਤਰ੍ਹਾਂ ਸਮਰਪਣ ਭਾਵਨਾ ਨਾਲ ਲੋਕ ਸੇਵਾ ‘ਚ ਸੁਹਿਰਦਤਾ ਨਾਲ ਸਮਰਪਿਤ ਰਹਿਣਗੇ ਅਤੇ ਪ੍ਰਭਾਵਿਤ ਲੋਕਾਂ ਨਿਆਂ ਮਿਲਣ ‘ਚ ਕੋਈ ਦੇਰੀ ਨਹੀਂ ਹੋਵੇਗੀ। ਬਹੁ-ਪੱਖੀ ਵਿਕਾਸ ਕਾਰਜਾਂ ਦੀ ਹਨੇਰੀ ਲਿਆਂਦੀ ਜਾਵੇਗੀ ਕਿਉਂਕਿ ਬਤੌਰ ਮੰਤਰੀ ਵੱਜੋਂ ਉਹਨਾਂ ਨੂੰ ਅਖ਼ਤਿਆਰੀ ਕੋਟੇ ਲਈ ਮਿਲਣ ਵਾਲੀ 5 ਕਰੋੜ ਰੁਪਏ ਦੀ ਰਾਸ਼ੀ ਨੂੰ ਅਜਨਾਲਾ ਹਲਕੇ ਤੋਂ ਇਲਾਵਾ ਪੰਜਾਬ ਦੇ ਹੋਰਨਾਂ ਹਲਕਿਆਂ ਦੇ ਦੌਰੇ ਤੇ ਸਮਾਗਮਾਂ ਦੌਰਾਨ ਉਹਨਾਂ ਨੂੰ ਇਸੇ ਰਾਸ਼ੀ ‘ਚੋਂ ਉੱਥੇ ਵੀ ਫੰਡ ਵੰਡਣੇ ਪੈਂਦੇ ਸਨ ਪਰ ਹੁਣ ਬਤੌਰ ਵਿਧਾਇਕ ਵੱਜੋਂ ਮਿਲਣ ਵਾਲੀ 5 ਕਰੋੜ ਰੁਪਏ ਦੀ ਰਾਸ਼ੀ ਸਿਰਫ਼ ਤੇ ਸਿਰਫ਼ ਅਜਨਾਲਾ ਹਲਕੇ ਦੇ ਵਿਕਾਸ ਕਾਰਜਾਂ ਲਈ ਹੀ ਵੰਡੀ ਜਾਵੇਗੀ।
ਉਹਨਾਂ ਨੇ ਹਾਜ਼ਰੀਨ ਨੂੰ ਪਾਰਟੀ ਦੇ ਹੱਥ ਮਜ਼ਬੂਤ ਕਰਨ ਅਤੇ ਭਵਿੱਖ ‘ਚ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀਆਂ ਦੀਆਂ ਚੋਣਾਂ ‘ਚ ਪਾਰਟੀ ਉਮੀਦਵਾਰਾਂ ਦੀਆਂ ਹੁੰਝਾਂ ਫੇਰ ਜਿੱਤਾਂ ਨੂੰ ਯਕੀਨੀ ਬਣਾਉਣ ਲਈ ਕਮਰਕੱਸੇ ਕਰਨ ਦਾ ਸੱਦਾ ਦਿੱਤਾ। ਜਨਤਾ ਦਰਬਾਰ ਦੌਰਾਨ ਉਹਨਾਂ ਨੇ ਦਰਜਨਾਂ ਪ੍ਰਭਾਵਿਤ ਲੋਕਾਂ ਦੀਆਂ ਦਿੱਕਤਾਂ ਹੱਲ ਕਰਕੇ ਰਾਹਤ ਪਹੁੰਚਾਈ। ਇਸ ਮੌਕੇ ਤੇ ਡੀ ਐਸ ਪੀ ਗੁਰਵਿੰਦਰ ਸਿੰਘ ਔਲਖ, ਖੁਸ਼ਪਾਲ ਸਿੰਘ ਧਾਲੀਵਾਲ, ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਪ੍ਰਧਾਨ ਭੱਟੀ ਜਸਪਾਲ ਸਿੰਘ ਢਿੱਲੋਂ, ਪ੍ਰਧਾਨ ਅਮਿਤ ਔਲ, ਕੁਮਾਰੀ ਗੀਤਾ ਗਿੱਲ, ਸਰਪੰਚ ਨਿਰਮਲ ਸਿੰਘ ਭਲਵਾਨ, ਸਰਪੰਚ ਜਸਵੰਤ ਸਿੰਘ ਭਲਵਾਨ ਗੱਗੋਮਾਹਲ, ਦਵਿੰਦਰ ਸਿੰਘ ਸੋਨੂੰ, ਹਰਪ੍ਰੀਤ ਸੋਹਲ, ਸ਼ਿਵ ਚਾਹਲ, ਕੌਂਸਲਰ ਬਲਜਿੰਦਰ ਸਿੰਘ ਮਾਹਲ, ਕੌਂਸਲਰ ਅਵਿਨਾਸ਼ ਮਸੀਹ, ਸੁਖਦਿਆਲ ਭੱਖਾ ਆਦਿ ਦਰਜ਼ਨਾਂ ਆਗੂਆਂ ਤੋਂ ਇਲਾਵਾ ਪ੍ਰਸ਼ਾਸ਼ਨਿਕ ਅਧਿਕਾਰੀ ਮੌਜ਼ੂਦ ਸਨ।

Leave a Reply

Your email address will not be published.


*