ਭਗਵੰਤ ਮਾਨ ਕੇਵਲ ਨਾਮ ਦਾ ਮੁੱਖ ਮੰਤਰੀ ਹੀ ਰਹਿ ਗਿਆ ਹੈ, ਕੇਜਰੀਵਾਲ ਨੇ ਉਸ ਦੇ ਹੱਥ ਬੰਨ ਰੱਖੇ ਹਨ : ਬਿਕਰਮਜੀਤ ਸਿੰਘ ਖਾਲਸਾ
ਲੁਧਿਆਣਾ ( ਪੱਤਰ ਪ੍ਰੇਰਕ )
: ਹਲਕਾ ਲੁਧਿਆਣਾ ਪੱਛਮੀ ਦੀ ਹੋ ਰਹੀ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਦੇ ਹੱਕ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਘੁਮਾਣ ਮੰਡੀ ਵਿਖੇ ਸਾਬਕਾ ਸੰਸਦੀ ਸਕੱਤਰ ਅਤੇ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਸਾਬਕਾ ਮੈਂਬਰ ਬਿਕਰਮਜੀਤ ਸਿੰਘ ਖਾਲਸਾ ਦੇ ਗ੍ਰਹਿ ਵਿਖੇ ਇੱਕ ਵਰਕਰ ਮਿਲਣੀ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸੇ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਲੋਕਾਂ ਨੂੰ ਇਕ ਵਾਰ ਫਿਰ ਅਕਾਲੀ ਦਲ ਨੂੰ ਸੱਤਾ ਵਿੱਚ ਲਿਆਉਣਾ ਚਾਹੀਦਾ ਹੈ। ਅਕਾਲੀ ਦਲ ਹੀ ਇਕੋ-ਇਕ ਅਜਿਹੀ ਪਾਰਟੀ ਹੈ, ਜੋ ਪਿੰਡਾਂ ਅਤੇ ਸ਼ਹਿਰਾਂ ਦੋਵਾਂ ਦਾ ਵਿਕਾਸ ਚਾਹੁੰਦੀ ਹੈ।
ਅਕਾਲੀ ਦਲ ਦੇ ਸਮੇਂ ਲੁਧਿਆਣਾ ਵਿੱਚ ਜਿੰਨੇ ਪੁਲ ਅਤੇ ਸੜਕਾਂ ਬਣੀਆਂ ਹਨ, ਉਹ ਪਹਿਲਾਂ ਕਦੇ ਨਹੀਂ ਬਣੀਆਂ। ਸ਼ਹਿਰਾਂ ਦੇ ਵਿਕਾਸ ਲਈ ਅਕਾਲੀ ਦਲ ਦਾ ਸੱਤਾ ਵਿੱਚ ਆਉਣਾ ਜ਼ਰੂਰੀ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦਾ ਅਸਲੀ ਵਾਰਿਸ ਹੈ। ਉਨ੍ਹਾਂ ਕਿਹਾ ਕਿ ਅੱਜ ਇਹ ਗੱਲ ਸਾਹਮਣੇ ਆਈ ਹੈ ਕਿ ਜਗਰਾਓਂ ਨੇੜੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਲਾਠੀਚਾਰਜ ਕੀਤਾ ਗਿਆ ਹੈ, ਜੋਕਿ ਨਿੰਦਣਯੋਗ ਹੈ। ਅਕਾਲੀ ਦਲ ਹਮੇਸ਼ਾ ਹੀ ਲੋਕ ਹਿੱਤ ਵਿੱਚ ਕੰਮ ਕਰਨ ਵਾਲੀ ਪਾਰਟੀ ਰਹੀ ਹੈ। ਇਸ ਮੌਕੇ ਪ੍ਰਧਾਨ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖ ਕੌਮ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਇੱਕੋ ਇੱਕ ਖੇਤਰੀ ਪਾਰਟੀ ਹੈ, ਇਸ ਲਈ ਹਲਕਾ ਲੁਧਿਆਣਾ ਦੀ ਹੋ ਰਹੀ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੂੰ ਆਪਣੇ ਕੀਮਤੀ ਵੋਟ ਪਾ ਕੇ ਜੇਤੂ ਬਣਾਓ। ਬਿਕਰਮਜੀਤ ਸਿੰਘ ਖਾਲਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਨੂੰ ਵਿਕਾਸ ਪੱਖੋਂ ਮੋਹਰੀ ਕਤਾਰ ਵਿੱਚ ਖੜ੍ਹਾ ਕੀਤਾ ਸੀ, ਪਰੰਤੂ ਆਪ ਦੀ ਮੌਜ਼ੂਦਾ ਸਰਕਾਰ ਨੇ ਰੰਗਲਾ ਪੰਜਾਬ ਬਣਾਉਣ ਦੀ ਥਾਂ ਤੇ ਗੰਧਲਾ ਪੰਜਾਬ ਬਣਾ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਯੁੱਧ ਨਸ਼ਿਆਂ ਵਿਰੁੱਧ ਤੇ ਸਿੱਖਿਆ ਕ੍ਰਾਂਤੀ ਵਰਗੀਆਂ ਮੁਹਿੰਮਾ ਸਿਰਫ ਇਸ਼ਤਿਹਾਰਾਂ ਦੇ ਬੋਰਡਾਂ ਤੱਕ ਹੀ ਸੀਮਿਤ ਰਹਿ ਗਈਆਂ ਹਨ। ਖਾਲਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਕੇਂਦਰੀ ਟੀਮ ਦਾ ਕੰਮ ਕੇਵਲ ਪੰਜਾਬ ਦੇ ਸਰਮਾਏ ਨੂੰ ਲੁੱਟ ਕੇ ਦਿੱਲੀ ਲੈ ਜਾਣ ਦਾ ਹੈ, ਇਹ ਪਾਰਟੀ ਆਪਣੇ ਨਿੱਜੀ ਵਿਕਾਸ਼ ਤੇ ਲੱਗੀ ਹੋਈ ਹੈ, ਪੰਜਾਬ ਦੇ ਵਿਕਾਸ ਨਾਲ ਇਸ ਦਾ ਕੋਈ ਸਾਰੋਕਾਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਕੇਵਲ ਨਾਮ ਦਾ ਮੁੱਖ ਮੰਤਰੀ ਹੀ ਰਹਿ ਗਿਆ ਹੈ, ਕੇਜਰੀਵਾਲ ਨੇ ਉਸ ਦੇ ਹੱਥ ਬੰਨ ਰੱਖੇ ਹਨ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਪੰਜਾਬ ਅਤੇ ਲੁਧਿਆਣਾ ਦਾ ਵਿਕਾਸ ਚਾਹੁੰਦੇ ਹੋ ਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੂੰ ਅੱਗੇ ਲੈ ਕੇ ਆਓ। ਅਖੀਰ ਵਿੱਚ ਬਿਕਰਮਜੀਤ ਸਿੰਘ ਖਾਲਸਾ ਵੱਲੋਂ ਮੀਟਿੰਗ ਵਿੱਚ ਸਮੁੱਚੀ ਲੀਡਰਸ਼ਿਪ ਅਤੇ ਪਾਰਟੀ ਵਰਕਰਾਂ ਦਾ ਧੰਨਵਾਦ ਕਰਨ ਉਪਰੰਤ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਦਾ ਸਿਰੋਪਾਓ ਅਤੇ ਸ੍ਰੀ ਸਾਹਿਬ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਝਰ, ਐਸਜੀਪੀਸੀ ਮੈਂਬਰ ਅਮਰਜੀਤ ਸਿੰਘ ਚਾਵਲਾ, ਐਸਜੀਪੀਸੀ ਮੈਂਬਰ ਜੱਥੇਦਾਰ ਜਗਜੀਤ ਸਿੰਘ ਤਲਵੰਡੀ, ਰਾਜਵਿੰਦਰ ਸਿੰਘ ਫਰੀਦਕੋਟ, ਯਾਦਵਿੰਦਰ ਸਿੰਘ ਯਾਦੂ, ਤੀਰਥ ਸਿੰਘ ਮਾਹਲਾ, ਸ਼ੇਰ ਸਿੰਘ ਮੰਡਵਾਲਾ, ਜਤਿੰਦਰ ਸਿੰਘ ਬਾਜਵਾ, ਆਰਪੀਐਸ ਧਾਲੀਵਾਲ, ਜਸਕਰਨ ਸਿੰਘ ਦਿਓਲ, ਸਤਨਾਮ ਸਿੰਘ ਰਾਹੀ, ਜਗਦੀਪ ਸਿੰਘ ਕਾਉਂਕੇ, ਕੰਵਲਜੀਤ ਸਿੰਘ, ਰਣਬੀਰ ਸਿੰਘ ਰਾਣਾ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਪਾਰਟੀ ਵਰਕਰ ਹਾਜ਼ਰ ਸਨ।
Leave a Reply